ਕੁੰਢੀਆਂ ਦੇ ਸਿੰਗ ਫੱਸਗੇ | kundiya de singh fasge

ਪਿੰਡ ਰਹਿੰਦੇ ਮੱਝਾਂ ਨੂੰ ਛੱਪੜ ਤੇ ਲ਼ੈਕੇ ਜਾਂਦੇ। ਓਥੇ ਉਹ ਪਾਣੀ ਵੀ ਪੀਂਦੀਆਂ ਤੇ ਕਾਫੀ ਦੇਰ ਤੱਕ ਨ੍ਹਾਉਂਦੀਆਂ ਵੀ। ਦਾਅ ਲਗਦਾ ਅਸੀਂ ਵੀ ਛੱਪੜ ਦੇ ਉਸ ਪਵਿੱਤਰ ਜਲ ਵਿੱਚ ਨਹਾਉਂਦੇ।ਤਾਰੀਆਂ ਲਾਉਂਦੇ। ਕਈ ਵਾਰ ਮੱਝਾਂ ਬਾਹਰ ਨਾ ਨਿਕਲਦੀਆਂ। ਫਿਰ ਮਿੱਟੀ ਦੇ ਡਲੇ ਮਾਰਦੇ। ਵੱਡਾ ਛੱਪੜ ਹੋਣਾ ਬਹੁਤ ਮੁਸਕਿਲ ਨਾਲ ਮੱਝਾਂ ਬਾਹਰ ਕੱਢਦੇ। ਕਈ ਵਾਰੀ ਮੱਝਾਂ ਆਪਿਸ ਵਿੱਚ ਭਿੜ ਜਾਂਦੀਆਂ। ਉਹਨਾਂ ਦੇ ਭੇੜ ਵਿੱਚ ਆਉਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਹੁੰਦਾ। ਸ਼ਾਇਦ ਇਸੇ ਲਈ ਕਹਿੰਦੇ ਹਨ ਸਾਨ੍ਹਾਂ ਦੇ ਭੇੜ ਵਿੱਚ ਆਉਣਾ। ਉਹ ਮੱਝਾਂ ਇੱਕ ਦੂਜੇ ਦੇ ਮੱਥੇ ਨਾਲ ਮੱਥਾ ਲਾਕੇ ਭਿੜਦੀਆਂ। ਤਾਂਹੀਓਂ ਕਹਿੰਦੇ ਹਨਂ ਮੱਥਾ ਲਾਉਣਾ। ਪਰ ਮੁਸੀਬਤ ਓਦੋਂ ਖੜੀ ਹੁੰਦੀ ਜਦੋਂ ਉਹਨਾਂ ਦੇ ਸਿੰਗ ਆਪਿਸ ਵਿੱਚ ਫੱਸ ਜਾਂਦੇ। ਬਹੁਤੀਆਂ ਮੱਝਾਂ ਦੇ ਸਿੰਗ ਮਾਮੂਲੀ ਗੋਲ ਹੀ ਹੁੰਦੇ ਹਨ। ਜੇ ਉਹ ਫੱਸ ਵੀ ਜਾਂਦੇ ਤਾਂ ਹਿੱਲ ਹਿਲਾ ਕਿ ਨਿੱਕਲ ਜਾਂਦੇ ਸਨ। ਪਰ ਕੁੰਡੇ ਸਿੰਗਾਂ ਨੂੰ ਮੱਝ ਦਾ ਸਾਹੁਪਣ ਮੰਨਿਆ ਗਿਆ ਹੈ। ਕੁੰਡੇ ਸਿੰਗਾਂ ਵਾਲੀ ਮੱਝ ਦੀ ਦਿੱਖ ਚੰਗੀ ਮੰਨੀ ਜਾਂਦੀ ਹੈ। ਜਦੋਂ ਕੁੰਡੀ ਮੱਝ ਦੇ ਸਿੰਗ ਕਿਸੇ ਦੂਸਰੀ ਕੁੰਡੀ ਮੱਝ ਦੇ ਨਾਲ ਫੱਸ ਜਾਂਦੇ ਹਨ ਤਾਂ ਫਿਰ ਛਡਾਉਣੇ ਮੁਸ਼ਕਿਲ ਹੋ ਜਾਂਦੇ। ਕਿਉਂਕਿ ਇੱਕ ਕੁੰਡੀ ਵਿੱਚ ਦੂਜੀ ਕੁੰਡੀ ਫੱਸ ਜਾਂਦੀ। ਮਤਲਬ ਕੁੰਡੀਆਂ ਦੇ ਸਿੰਗ ਫੱਸ ਗਏ। ਮਤਲਬ ਜਬਰਦਸਤ ਮੁਕਾਬਲਾ ਹੋ ਗਿਆ।
ਖੈਰ ਭਲਾ ਜ਼ਮਾਨਾ ਸੀ। ਅਨਾਜ ਸਸਤਾ ਸੀ। ਮੱਝਾਂ ਨੂੰ ਛੋਲੇ ਉਬਾਲਕੇ ਖੁਆਏ ਜਾਂਦੇ। ਵੜੇਵੇਂ ਵੀ ਉਬਾਲਕੇ ਖੁਆਏ ਜਾਂਦੇ। ਸਰੋਂ ਦੀ ਖਲ ਵੀ ਮੱਝਾਂ ਦੀ ਖੁਰਾਕ ਦਾ ਹਿੱਸਾ ਹੁੰਦੀ ਸੀ। ਪਰ ਅੱਜ ਕੱਲ੍ਹ ਮੱਝਾਂ ਨੂੰ ਕੋਈ ਇਹ ਖੁਰਾਕਾਂ ਨਹੀਂ ਖਵਾਉਂਦਾ। ਲੋਕ ਕੈਟਲ ਫੀਡ ਦੇ ਨਾਮ ਤੇ ਆਉਂਦੀਆਂ ਗੰਦ ਮੰਦ ਖਵਾਇਆ ਜਾਂਦਾ ਹੈ। ਅਖੇ ਕੋਈ ਨਿਤਰੂ ਵੜੇਵੇਂ ਖਾਣੀ। ਮਤਲਬ ਉਹ ਹੀ ਜੇਤੂ ਹੋਵੇਗਾ ਜਿਸ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ। ਅੱਜ ਕਲ੍ਹ ਪੀਜ਼ੇ ਬਰਗਰ ਖਾਣ ਵਾਲਿਆਂ ਨੇ ਕੀ ਜਿੱਤਣਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸ਼ੁਪਰਡੈਂਟ

Leave a Reply

Your email address will not be published. Required fields are marked *