ਸ਼ਾਇਦ 1973 74 ਦੇ ਲਾਗੇ ਤੇਗੇ ਦੀ ਗੱਲ ਹੈ। ਸਾਡੇ ਪਿੰਡ ਵਾਲਾ ਵਾਟਰ ਵਰਕਸ ਚਾਲੂ ਹੋਇਆ। ਪਿੰਡ ਵਿੱਚ ਕੋਈ ਵੀਹ ਦੇ ਕਰੀਬ ਪਬਲਿਕ ਪੋਸਟਾਂ ਲਾਉਣੀਆ ਸੀ। ਮਤਲਬ ਸਾਂਝੀਆਂ ਟੂਟੀਆਂ। ਹਰ ਕੋਈ ਆਪਣੇ ਘਰ ਮੂਹਰੇ ਟੂਟੀ ਲਗਵਾਉਣ ਦਾ ਚਾਹਵਾਨ ਸੀ। ਕੋਈ ਬਰਾੜ ਸਾਹਿਬ ਐਸ ਡੀ ਓੰ ਸੀ ਪਬਲਿਕ ਹੈਲਥ ਵਿਭਾਗ ਦਾ ਜਿਸ ਦਾ ਪਿੰਡ ਅਲੀਕਾ ਸੀ। ਪਾਪਾ ਜੀ ਦਾ ਜਾਣੂ ਸੀ। ਪਾਪਾ ਜੀ ਓਧਰ ਪਟਵਾਰੀ ਲੱਗੇ ਹੋਏ ਸਨ।
“ਮੈਂ ਕੱਲ੍ਹ ਨੂੰ ਤੁਹਾਡੇ ਪਿੰਡ ਆਵਾਂਗਾ। ਸੇਠੀ ਸਾਹਿਬ ਤੁਸੀਂ ਜਿੱਥੇ ਆਖੋਗੇ ਟੂਟੀ ਲਾ ਦੇਵੇਗੇ। ਬੱਸ ਲੱਸੀ ਦਾ ਜੱਗ ਤਿਆਰ ਰਖਿਓ।” ਅਗਲੇ ਦਿਨ ਪਾਪਾ ਜੀ ਨੇ ਸਭ ਨੂੰ ਲਾਰਾ ਲਗਾ ਦਿੱਤਾ। ਹਰ ਕੋਈ ਟੂਟੀ ਲਗਵਾਉਣ ਨੂੰ ਕਾਹਲਾ। ਐਸ ਡੀ ਓੰ ਦਿੱਤੇ ਸਮੇ ਤੇ ਮੋਟਰ ਸਾਈਕਲ ਤੇ ਜੇ ਈ ਨੂੰ ਨਾਲ ਲੈ ਕੇ ਸਾਡੇ ਘਰ ਆ ਗਏ। ਸਾਡੇ ਘਰੇ ਵਾਧੂ ਭੀੜ ਸੀ। ਲੱਸੀ ਦੇ ਦੋ ਗਿਲਾਸ ਪੀ ਕੇ ਬਰਾੜ ਸਾਹਿਬ ਕਹਿੰਦੇ “ਦੱਸੋ ਸੇਠੀ ਸਾਹਿਬ ਕਿੱਥੇ ਪੋਸਟ ਲਾਉਣੀ ਹੈ। ਪਰ ਤੁਹਾਡੇ ਘਰ ਮੂਹਰੇ ਨਹੀਂ ਲਾਉਣੀ।” ਇੰਨਾ ਸੁਣਕੇ ਮੇਰੀ ਮਾਂ ਨੂੰ ਗੁੱਸਾ ਆ ਗਿਆ। ਉਸਨੂੰ ਲੱਗਿਆ ਕਿ ਮੇਰੀ ਪਿਆਈ ਲੱਸੀ ਐਵੇਂ ਗਈ। ਜਿਥੇ ਵੀ ਮੇਰੇ ਪਾਪਾ ਜੀ ਯ ਮਾਤਾ ਜੀ ਨੇ ਕਿਹਾ ਉਥੇ ਹੀ ਪੋਸਟ ਮਨਜ਼ੂਰ ਕਰ ਦਿੱਤੀ। ਵਾਧੂ ਟੋਹਰ ਬਣ ਗਈ ਮੇਰੀ ਮਾਤਾ ਜੀ ਦੀ ਵੀ। ਉਸਨੇ ਸਾਰੀਆਂ ਸਹੇਲੀਆਂ ਖੁਸ਼ ਹੋ ਗਈਆਂ। ਪਰ ਸਾਡੇ ਘਰ ਮੂਹਰੇ ਪੋਸਟ ਨਾ ਲਗਣ ਦਾ ਦੁੱਖ ਜਰੂਰ ਸੀ।
“ਭੈਣ ਜੀ ਗੁੱਸਾ ਨਾ ਕਰਿਓ। ਪਬਲਿਕ ਪੋਸਟ ਲਾਉਣੀ ਸੌਖੀ ਹੈ ਪਰ ਪਟਵਾਉਣੀ ਬਹੁਤ ਮੁਸਕਿਲ ਹੈ। ਪਬਲਿਕ ਪੋਸਟ ਨਾਲ ਘਰ ਮੂਹਰੇ ਨਜ਼ਾਇਜ ਚਿੱਕੜ ਹੋ ਜਾਂਦਾ ਹੈ। ਲੜ੍ਹਾਈ ਝਗੜੇ ਹੁੰਦੇ ਹਨ। ਆਪਾਂ ਘਰੇ ਆਪਣੀ ਨਿੱਜੀ ਟੂਟੀ ਲਗਵਾਵਾਂਗੇ।” ਉਸਨੇ ਆਪਣੇ ਨਿੱਜੀ ਤਜੁਰਬੇ ਅਨੁਸਾਰ ਸਮਝਾਇਆ। ਪੰਦਰਾਂ ਕ਼ੁ ਦਿਨਾਂ ਬਾਅਦ ਸਾਡੇ ਘਰੇ ਪਾਣੀ ਦਾ ਕੁਨੈਕਸ਼ਨ ਮਿਲ ਗਿਆ। ਪਰ ਬਰਾੜ ਸਾਹਿਬ ਦੀ ਗੱਲ ਸੱਚੀ ਸਾਬਤ ਹੋਈ। ਪਬਲਿਕ ਪੋਸਟਾਂ ਲਈ ਝਗੜੇ ਸ਼ੁਰੂ ਹੋ ਗਏ। ਲੋਕ ਪੋਸਟ ਪਟਵਾਉਣ ਲਈ ਦਰਖ਼ਾਸਤਾਂ ਦੇਣ ਲੱਗੇ। ਪਰ ਕੋਈ ਅਫਸਰ ਪੋਸਟ ਹਟਾਉਣ ਦੀ ਪਰਮਿਸ਼ਨ ਨਹੀਂ ਸੀ ਦੇ ਰਿਹਾ। ਇਸ ਤਰਾਂ ਐਸ ਡੀ ਓੰ ਬਰਾੜ ਦੀ ਸਿਆਣਪ ਨਾਲ ਅਸੀਂ ਮੁਫ਼ਤ ਦੇ ਲੜਾਈ ਝਗੜੇ ਤੋਂ ਬਚ ਗਏ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ