ਸਾਸਰੀ ਕਾਲ ਸਾਹਿਬ ਜੀ। ਸਵੇਰੇ ਸਵੇਰੇ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ।
ਆਜੋ ਮਾਤਾ ਬੈਠੋ। ਕਿਵੇਂ ਦਰਸ਼ਨ ਦਿੱਤੇ। ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ ਥੋੜੀ ਹੈਰਾਨੀ ਹੋਈ। ਸ਼ਾਇਦ ਪੈਸੇ ਉਧਾਰੇ ਮੰਗਣ ਆਈ ਹੋਵੇਗੀ। ਮੈਂ ਕਿਆਸ ਲਗਾਇਆ। ਪਹਿਲਾਂ ਵੀ ਉਹ ਪੈਸੇ ਉਧਾਰੇ ਲੈ ਜਾਂਦੀ ਸੀ।
ਸਾਹਿਬ ਜੀ ਸੋਡਾ ਆਹ ਦੋ ਸੌ ਰੁਪਏ ਦੇਣੇ ਸੀ। ਉਹ ਦੇਣ ਆਈ ਸੀ। ਲੌਕ ਡਾਊਨ ਕਰਕੇ ਪਹਿਲਾ ਤਨਖਾਹ ਨਹੀਂ ਮਿਲੀ। ਕੱਲ੍ਹ ਮਿਲੀ ਸੀ ਸੋਚਿਆ ਸਾਹਿਬ ਜੀ ਦੀ ਉਧਾਰ ਉਤਾਰਾਂ ਪਹਿਲਾਂ।
ਕੋਈ ਨਾ ਮਾਤਾ। ਪੈਸਿਆਂ ਨੂੰ ਕੀ ਸੀ। ਲੋੜ ਹੋਊ ਤੈਨੂੰ। ਇਸ ਮਹਾਂਮਾਰੀ ਚ।
ਨਾ ਸਾਹਿਬ ਜੀ। ਤੁਸੀਂ ਸਾਡੇ ਗਰੀਬਾਂ ਤੇ ਬਹੁਤ ਅਹਿਸਾਨ ਕੀਤੇ ਹਨ। ਬਹੁਤਿਆਂ ਨੂੰ ਰੋਜ਼ਗਾਰ ਦਿੱਤਾ। ਸਮੇ ਸਮੇ ਤੇ ਪੈਸੇ ਟਕੇ ਦੀ ਮਦਦ ਵੀ ਕੀਤੀ ਹੈ। ਕਿਵੇਂ ਭੁੱਲ ਜਾਈਏ। ਹਾਂ ਮੈਂ ਸੁਣਿਆ ਹੈ ਕਿ ਸੋਡੀ ਰੀਟੈਰਮੇਂਟ ਤੋਂ ਬਾਦ ਬਹੁਤ ਲ਼ੋਕ ਤੁਹਾਡੇ ਪੈਸੇ ਮੁਕਰ ਗਏ। ਸੋਡੇ ਕੀਤੇ ਅਹਿਸਾਨਾਂ ਨੂੰ ਭੁੱਲ ਗਏ। ਬਾਹਲੇ ਅਹਿਸਾਨ ਫਰਾਮੋਸ਼ ਹਨ ਲ਼ੋਕ।
ਉਹ ਤਾਂ ਹੈ ਮਾਤਾ। ਜਿੱਥੇ ਹਜ਼ਾਰਾਂ ਲੱਖਾਂ ਗਏ। ਫਿਰ ਸੈਕੜਿਆਂ ਦਾ ਕੀ ਲੇਖਾ। ਤੇ ਮੇਰੇ ਮੂੰਹੋ ਸੁਭਾਉਕੀ ਨਿਕਲਿਆ।
ਨਾ ਸਾਹਿਬ ਜੀ। ਮੈਂ ਨਹੀਂ ਚਾਹੁੰਦੀ ਕਿ ਜਦੋਂ ਕਦੇ ਤੁਸੀਂ ਪੈਸੇ ਤੇ ਅਹਿਸਾਨ ਤੋਂ ਮੁਕਰਨ ਵਾਲਿਆਂ ਦਾ ਜ਼ਿਕਰ ਕਰੋ ਤਾਂ ਮੇਰਾ ਨਾਮ ਵੀ ਵਿੱਚ ਆਵੇ। ਹਾਂ ਤੁਹਾਡੇ ਅਹਿਸਾਨਾਂ ਦਾ ਕਰਜ਼ ਤਾਂ ਨਹੀਂ ਚੁਕਾਇਆ ਜ਼ਾ ਸਕਦਾ। ਪੈਸੇ ਤੋਂ ਮੁਕਰਨਾ ਇਨਸਾਨੀਅਤ ਨਹੀਂ। ਰੱਬ ਨੂੰ ਜਾਨ ਦੇਣੀ ਹੈ।
ਚੰਗੀ ਗੱਲ ਹੈ ਮਾਤਾ। ਬੰਦਾ ਵਿਹਾਰ ਦਾ ਸਾਫ ਹੋਣਾ ਚਾਹੀਦਾ ਹੈ। ਮੇਰੇ ਮੂਹੋਂ ਨਿਕਲਿਆ।
ਸਾਹਿਬ ਜੀ ਆਹ ਘਰੇ ਲੱਗੀਆਂ ਦੇਸੀ ਗੰਵਾਰੇ ਦੀਆਂ ਫਲੀਆਂ ਲਿਆਈ ਸੀ। ਗੁਰੂ ਦੀ ਸੋਂਹ ਮੈਂ ਹੱਥ ਵੀ ਨਹੀਂ ਲਾਇਆ। ਸਾਡੇ ਗੁਆਂਢਣ ਪੰਡਤਾਣੀ ਕੋਲੋ ਤੁੜਵਾਈਆਂ ਹਨ। ਜਵਾਂ ਸੁਚੀਆਂ ਹਨ। ਉਹ ਫਰਸ਼ ਤੇ ਰੱਖਕੇ ਮੁੜ ਗਈ ਮੈਂ ਉਸਨੂੰ ਚਾਹ ਦੀ ਸੁਲ੍ਹਾ ਵੀ ਨਾ ਮਾਰ ਸਕਿਆ। ਤੇ ਮੇਰੇ ਲਈ ਕਈ ਅਣ ਸੁਲਝੇ ਸਵਾਲ ਛੱਡ ਗਈ।
#ਰਮੇਸ਼ਸੇਠੀਬਾਦਲ