ਆਪਣਾ ਜੁਆਕ ਰੋਵੇ ਤਾਂ ਦਿਲ ਦੁੱਖਦਾ ਹੈ ਤੇ ਜੇ ਬੇਗਾਨਾ ਜੁਆਕ ਰੋਵੇ ਤਾਂ ਤਾਂ।
– ਰਮੇਸ਼ ਸੇਠੀ ਬਾਦਲ
ਅਕਸਰ ਹੀ ਕਿਹਾ ਜਾਂਦਾ ਹੈ ਜੇ ਆਪਣੇ ਘਰੇ ਅੱਗ ਲੱਗੇ ਤਾਂ ਅੱਗ ਤੇ ਦੂਜੇ ਘਰੇ ਅੱਗ ਲੱਗੀ ਹੋਵੇਤਾਂ ਬਸੰਤਰ। ਮਤਲਬ ਆਪਣਾ ਦੁੱਖ ਸਭ ਨੂੰ ਵੱਡਾ ਤੇ ਅਸਲੀ ਲੱਗਦਾ ਹੈ। ਦੂਸਰੇ ਦੇ ਦੁੱਖ ਨੂੰ ਕੋਈ ਦੁੱਖ ਹੀ ਨਹੀ ਸਮਝਦਾ। ਇਹ ਇਨਸਾਨੀ ਫਿਤਰਤ ਹੈ। ਇਹ ਹੀ ਸਮਾਜ ਦੇ ਇੱਕ ਪਾਸੇ ਵੇਖਣ ਦਾ ਨਜਰੀਆ ਹੈ। ਇਹ ਗੱਲ ਕੋਈ ਨਵੀ ਨਹੀ ਸਗੋ ਸਦੀਆਂ ਤੌ ਚਲੀ ਆ ਰਹੀ ਹੈ। ਆਪਣੇ ਦੁੱਖ, ਬੀਮਾਰੀ ਨੂੰ ਹਰ ਕੋਈ ਵਧਾ ਚੜ੍ਹਾਕੇ ਬਿਆਨ ਕਰਦਾ ਹੈ ਪਰ ਦੂਸਰੇ ਦੀ ਗੰਭੀਰ ਬਿਮਾਰੀ ਅਤੇ ਦੁੱਖ ਵੀ ਉਸ ਨੂੰ ਢਕੋਸਲਾ ਹੀ ਨਜਰ ਆਉਂਦਾ ਹੈ।
ਅਕਸਰ ਹੀ ਅਸੀ ਦੇਖਦੇ ਹਾਂ ਕਿ ਕੋਈ ਗਰੀਬੀ ਕਾਰਨ ਜਾ ਕਿਸੇ ਹੋਰ ਵਜ੍ਹਾ ਨਾਲ ਆਪਣੀ ਜਵਾਨ ਹੁੰਦੀ ਧੀ ਦਾ ਵਿਆਹ ਨਹੀ ਕਰ ਸਕਦਾ।ਓਹ ਉਸਦੀ ਮਜਬੂਰੀ ਹੁੰਦੀ ਹੈ। ਪਰ ਦੂਸਰੇ ਉਸ ਨੂੰ ਮੱਤੀ ਦਿੰਦੇ ਹਨ । ਮੂੰਹ ਜ਼ੋੜ ਜ਼ੋੜ ਕੇ ਗੱਲਾਂ ਕਰਦੇ ਹਨ। ਗਰੀਬੀ ਤੇ ਮਜਬੂਰੀ ਦਾ ਮਜਾਕ ਉਡਾਉਂਦੇ ਹਨ।ਤੇ ਜਦੌ ਇਹੀ ਸੱਮਸਿਆ ਆਪਣੇ ਸਿਰ ਪੈਂਦੀ ਹੈ ਤਾਂ ਉਸ ਸਮੇ ਜਤਾਈ ਗਈ ਹਮਦਰਦੀ ਵੀ ਇਹਨਾ ਲੋਕਾਂ ਨੂੰ ਚੁੱਭਦੀ ਹੈ। ਆਪਣੀ ਸੱਮਸਿਆ ਅਤੇ ਦੂਸਰੇ ਦੀ ਸਮੱਸਿਆ ਦਾ ਫਰਕ ਹੀ ਛੋਟੀ ਅਤੇ ਮਾੜੀ ਸੋਚ ਦਾ ਪ੍ਰਤੀਕ ਹੈ।
ਸਾਡਾ ਟੋਮੀ ਟੋਮੀ ਅਤੇ ਸੋਡਾ ਟੋਮੀ ਕੁੱਤਾ। ਕਈ ਲੋਕ ਇਸ ਵਾਕ ਨੂੰ ਵੀ ਵਰਤਦੇ ਹਨ। ਜਦੋ ਕੋਈ ਆਪਣੇ ਧੀ ਪੁੱਤ ਮਾਂ ਪਿੳ ਜਾ ਹੋਰ ਨਾਤੇ ਨੂੰ ਚੰਗਾ ਸਮਝਦਾ ਹੈ ਅਤੇ ਦੂਜੇ ਦੇ ਨਾਤੇ ਦੀ ਉਹ ਕਦਰ ਹੀ ਨਹੀ ਕਰਦਾ । ਆਪਣੇ ਕੁੱਤੇ ਨੂੰ ਅਗਲਾ ਵਧੀਆ ਨਾਮ ਦਿੰਦਾ ਹੈ ਅਤੇ ਟੋਮੀ ਵਿਸ਼ਕੀ ਜੈਕ ਵਰਗੇ ਨਾਵਾਂ ਨਾਲ ਬੁਲਾਉਂਦਾ ਹੈ ਪਰ ਦੂਸਰੇ ਦੇ ਕੁੱਤੇ ਨੂੰ ਉਹ ਕੁੱਤਾ ਹੀ ਸਮਝਦਾ ਹੈ ਤੇ ਕਤੀੜ ਆਖਦਾ ਹੈ। ਚਾਹੇ ਉਹ ਕਿੰਨੀ ਵੀ ਚੰਗੀ ਨਸਲ ਦਾ ਕਿਉ ਨਾ ਹੋਵੇ। ਗੱਲ ਫਿਰ ਉਹੀ ਘਟੀਆ ਸੋਚ ਅਤੇ ਮਾਨਸਿਕਤਾ ਤੇ ਆ ਜਾਂਦੀ ਹੈ।
ਆਪਣਾ ਜੁਆਕ ਰੋਂਦਾ ਹੋਵੇ ਤਾਂ ਹਰ ਮਾਂ ਪਿਉ ਦਾ ਦਿਲ ਦੁੱਖਦਾ ਹੈ ਕਈ ਮਾਂਵਾਂ ਤਾਂ ਆਪਣਾ ਬੱਚੇ ਨੂੰ ਰੋਦਾਂ ਦੇਖਕੇ ਉਸਦੇ ਬਰਾਬਰ ਹੀ ਰੋਣ ਹੀ ਲੱਗ ਜਾਂਦੀਆਂ ਹਨ। ਦਾਦੇ ਦਾਦੀਆਂ ਤੋ ਆਪਣੇ ਪੋਤੇ ਪੋਤੀਆਂ ਦਾ ਰੋਣਾਂ ਬਰਦਾਸਤ ਨਹੀ ਹੁੰਦਾ। ਕਈ ਵਾਰੀ ਉਹ ਇਸ ਲਈ ਪਰਵਾਰ ਦੇ ਬਾਕੀ ਜੀਆਂ ਤੇ ਅੋਖੇ ਹੁੰਦੇ ਹਨ ਕਿ ਬੱਚਾ ਕਿਉ ਰੋ ਰਿਹਾ ਹੈ। ਦਾਦੇ ਦਾਦੀਆਂ ਨੂੰ ਮੂਲ ਨਾਲੋ ਵਿਆਜ ਪਿਆਰਾ ਹੁੰਦਾ ਹੈ। ਪਰੰਤੂ ਜੇ ਕਿਸੇ ਹੋਰ ਦਾ ਬੱਚਾ ਰੋਦਾਂ ਹੋਵੇ ਤਾਂ ਆਦਮੀ ਦੀ ਸਥਿਤੀ ਬਦਲ ਜਾਂਦੀ ਹੈ ਤੇ ਕਹਿੰਦਾ ਹੈ ਕਿਉ ਰੋਈ ਜਾਂਦਾ ਹੈ। ਮੇਰਾ ਤਾਂ ਸਿਰ ਹੀ ਦੁਖਣ ਲੱਗ ਗਿਆ। ਇਸ ਲਈ ਹੀ ਕਹਿੰਦੇ ਹਨ ਆਪਣਾ ਬੱਚਾ ਰੋਦਾ ਹੋਵੇ ਤਾਂ ਦਿਲ ਦੁਖਦਾ ਹੈ ਪਰ ਜੇ ਦੂਸਰੇ ਦਾ ਰੋਦਾ ਹੋਵੇ ਤਾਂ ਸਿਰ ਦੁਖਦਾ ਹੈ।ਇਹੀ ਆਮ ਆਦਮੀ ਦਾ ਵਰਤਾਰਾ ਹੈ।ਜਦੋ ਕਿ ਜਦੋ ਕੋਈ ਰੋਂਦਾ ਹੈ ਤਾਂ ਕਿਸੇ ਤਕਲੀਫ ਕਾਰਣ ਹੀ ਰੋਦਾ ਹੈ। ਇਨਸਾਨੀਅਤ ਨਾਤੇ ਉਸ ਦੀ ਤਕਲੀਫ ਦਾ ਨਿਵਾਰਨ ਕਰਨਾ ਹਰ ਆਦਮੀ ਦਾ ਫਰਜ ਬਣਦਾ ਹੈ ਪਰ ਇਹ ਇਸ ਤਰਾਂ ਨਹੀ ਹੁੰਦਾ ਦੂਸਰੇ ਦੇ ਰੋਣ ਨਾਲ ਉਸਦੇ ਸਿਰ ਨੂੰ ਪੀੜ ਹੁੰਦੀ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27 233