ਜਵਾਨੀ ਅਮਰਵੇਲ ਵਾਂਙ ਆਈ..ਕਦ ਸਵਾ ਛੇ ਫੁੱਟ ਤੀਕਰ ਜਾ ਅੱਪੜਿਆ..ਰਜਿੰਦਰਾ ਕਾਲਜ ਪਟਿਆਲਾ ਮੈਡੀਕਲ ਲਾਈਨ ਦਾ ਕੋਰਸ..ਦਾਖਲਾ ਰੱਦ ਹੋ ਗਿਆ..ਫੇਰ ਅਲੀਗੜ ਮੁਸਲਿਮ ਯੂਨੀਵਰਸਿਟੀ..ਓਥੇ ਵੀ ਗੱਲ ਨਾ ਬਣੀ..ਅਖੀਰ ਢਹਿੰਦੀ ਕਲਾ..ਨਸ਼ਿਆਂ ਵਾਲੇ ਪਾਸੇ ਨੂੰ ਹੋ ਤੁਰਿਆ..ਘਰਦੇ ਘਬਰਾ ਗਏ..ਜਰਮਨੀ ਘਲ ਦਿੱਤਾ..ਇਥੇ ਵੀ ਲੇਖਾਂ ਵਿਚ ਠਹਿਰਾਅ ਨਹੀਂ ਸੀ ਲਿਖਿਆ..ਡਿਪੋਰਟ ਹੋ ਗਿਆ..!
ਜਵਾਨ ਜਹਾਨ ਉੱਚੀ ਲੰਮੀ ਕਾਠੀ..ਪਹੇਵੇ ਲਾਗੇ “ਗੜੀ ਲਾਂਘਰੀ” ਪਿੰਡ ਦਾ ਆਮ ਜਿਹਾ ਟੱਬਰ..ਭਾਰੀ ਸ਼ਸ਼ੋਪੰਝ ਵਿਚ..ਹੁਣ ਇਸਨੂੰ ਕਿਥੇ ਘਲੀਏ ਅਤੇ ਕਿਸਦੇ ਲੜ ਲੇਖੇ ਲਾਈਏ?
ਮਹਾਰਾਸ਼ਟਰ ਦੇ ਅਕੋਲਾ ਸ਼ਹਿਰ..ਕਿਸੇ ਰਿਸ਼ਤੇਦਾਰ ਦੇ ਹੋਟਲ ਘੱਲ ਦਿੱਤਾ..ਪਰ ਇਥੇ ਵੀ ਮਨ ਅੰਦਰ ਟਿਕਾਅ ਨਹੀਂ..ਸਾਰਾ ਦਿਨ ਬਾਹਰ ਸੜਕ ਕੰਢੇ ਬੈਠ ਲੰਘਦੀ ਦੁਨੀਆ ਵੇਖਦਾ ਰਹਿੰਦਾ..!
ਫੇਰ ਇੱਕ ਦਿਨ ਕੇਸਰੀ ਪੱਗਾਂ ਦਾਹੜੀਆਂ ਵਾਲਿਆਂ ਨਾਲ ਭਰਿਆ ਟਰੱਕ ਹੋਟਲ ਸਾਮਣੇ ਆਣ ਖਲੋਤਾ..ਇਹ ਪਾਣੀ ਪੀਂਦਿਆਂ ਨੂੰ ਪੁੱਛਣ ਲੱਗਾ..ਕਿਧਰੋਂ ਆਏ ਓ ਤੇ ਕਿੱਧਰ ਨੂੰ ਚੱਲੇ ਓ..?
ਆਖਣ ਲੱਗੇ ਪੰਜਾਬੋਂ ਆਏ ਹਾਂ ਤੇ ਹਜੂਰ ਸਾਬ ਚੱਲੇ ਦਰਸ਼ਨ ਕਰਨ..ਕਦੇ ਨਾਮ ਨਹੀਂ ਸੀ ਸੁਣਿਆ..ਪੁੱਛਣ ਲੱਗਾ ਕਿਹੜਾ ਹਜੂਰ ਸਾਬ?
ਕਈਆਂ ਨੂੰ ਦੁੱਖ ਤੇ ਕਈਆਂ ਨੂੰ ਇਸਤੇ ਕਹਿਰ ਚੜ ਆਇਆ..ਦੀਨ ਦੁਨੀਆ ਦਾ ਮਾਲਕ..ਸਰਬੰਸ ਦਾਨੀ ਦੀ ਧਰਤ..ਤੇ ਬਦਕਿਸਮਤ ਪੁੱਛ ਰਿਹਾ ਕਿਹੜਾ ਹੁਜ਼ੂਰ ਸਾਬ!
ਜਥਾ ਭਟਕਿਆ ਸਮਝ..ਬਗੈਰ ਜੁਆਬ ਦਿੱਤੇ ਹੀ ਓਥੋਂ ਤੁਰਨ ਲੱਗਾ ਤਾਂ ਇਸਦੇ ਅੰਦਰ ਕਾਹਲੀ ਜਿਹੀ ਪਈ..ਅਰਜੋਈ ਕਰਨ ਲੱਗਾ..ਮੈਨੂੰ ਵੀ ਨਾਲ ਲੈ ਚੱਲੋ..!
ਪਤਿਤ ਸਰੂਪ ਅਤੇ ਅਜੀਬ ਜਿਹੀ ਭ੍ਰਿਸ਼ਟੀ ਹੋਈ ਦਿੱਖ..ਕੋਈ ਹਾਂ ਨਾ ਕਰੇ..ਅਖੀਰ ਇੱਕ ਬਾਬੇ ਜੀ ਨੇ ਪਹਿਲ ਕੀਤੀ..ਆਖਣ ਲੱਗੇ ਆਜਾ ਗੁਰਮੁਖਾ ਸ਼ਾਇਦ ਤੇਰੇ ਤੇ ਵੀ ਮੇਹਰ ਹੋ ਜਾਵੇ..!
ਨੰਦੇੜ ਸਾਬ ਦੀ ਧਰਤੀ..ਇੱਕ ਦੋ ਦਿਨ ਫਿਰ ਤੁਰ ਕੇ ਸਾਰਾ ਇਲਾਕਾ ਤੱਕ ਵੇਖ ਲਿਆ..ਇੰਝ ਮਹਿਸੂਸ ਹੋਇਆ ਜਿੱਦਾਂ ਕਿਸੇ ਆਪਣੇ ਦੀ ਬੁੱਕਲ ਵਿਚ ਪਨਾਹ ਮਿਲ ਗਈ ਹੋਵੇ..!
ਇੱਕ ਦਿਨ ਕਾਰ ਸੇਵਾ ਵਾਲੇ ਸਿੰਘ ਕਮਾਨੀਆਂ ਸਿਧੀਆਂ ਕਰ ਰਹੇ ਸਨ..ਆਖਣ ਲੱਗਾ ਮੈਨੂੰ ਵੀ ਆਪਣੇ ਨਾਲ ਲਾ ਲਵੋ..!
ਪਤਿਤ ਸਰੂਪ..ਕਿਸੇ ਵੀ ਹੁੰਗਾਰਾ ਨਾ ਭਰਿਆ..ਪਰ ਖਹਿੜੇ ਪੈ ਗਿਆ..ਇੱਕ ਵੇਰ ਸੇਵਾ ਦਾ ਮੌਕਾ ਬਖਸ਼ੋ!
ਮਗਰੋਂ ਲਾਹੁਣ ਲਈ ਸ਼ਰਤ ਰੱਖ ਦਿੱਤੀ..ਅੰਮ੍ਰਿਤ ਛਕਣਾ ਪੈਣਾ..!
ਝੱਟ ਰਾਜੀ ਹੋ ਗਿਆ..ਕਿਸੇ ਕੀਮਤ ਤੇ ਵੀ ਦਸਮ ਪਿਤਾ ਦੀ ਛੋਹ ਪ੍ਰਾਪਤ ਤਲਿੱਸਮੀ ਭੋਏਂ ਨਹੀਂ ਸੀ ਛੱਡਣਾ ਚਾਹੁੰਦਾ..!
ਇਹ ਘਟਨਾ ਕਰਮ ਕਾਰ ਸੇਵਾ ਵਾਲੇ ਬਾਬਾ ਸ਼ੀਸ਼ਾ ਸਿੰਘ ਤੀਕਰ ਵੀ ਜਾ ਅੱਪੜਿਆ..ਓਹਨਾ ਗੁਰੂਦੁਆਰਾ ਸ਼ਿਕਾਰ ਘਾਟ ਘੱਲ ਦਿੱਤਾ..!
ਹੁਣ ਨਸ਼ੇ ਦੀ ਤੋਟ ਲੱਗਦੀ ਤਾਂ ਬਿਨ ਪਾਣੀਓਂ ਮੱਛੀ ਵਾਂਙ ਤੜਪ ਉੱਠਦਾ..ਨਾਲਦੇ ਹਸਪਤਾਲ ਲੈ ਗਏ..ਡਾਕਟਰ ਦੋ ਟੀਕੇ ਲਾਤੇ..ਤਾਂ ਵੀ ਨੀਂਦਰ ਨਾ ਆਈ..ਆਖਿਆ ਤੀਜਾ ਵੀ ਲਾ ਦਿਓ..ਥੋੜਾ ਚੈਨ ਕਰਾਰ ਆ ਜਾਵੇ..ਤੀਜਾ ਵੀ ਲਾ ਦਿੱਤਾ ਅਤੇ ਪੈਰਾਂ ਨਾਲ ਇੱਟਾਂ ਬੰਨ ਲੰਮੇ ਪਾ ਦਿੱਤਾ..ਦੁੱਖਦੀਆਂ ਮਾਸ ਪੇਸ਼ੀਆਂ ਨੂੰ ਸੁਕੂਨ ਆ ਗਿਆ!
ਇੱਕ ਦਿਨ ਉਭੜ ਵਾਹੇ ਉੱਠ ਕਮੀਜ ਪਜਾਮਾ ਲਾਹ ਦਿੱਤਾ..ਅਖ਼ੇ ਮੈਨੂੰ ਬੋਰੀਆਂ ਦਾ ਇੱਕ ਝੱਗਾ ਸਿਓਂ ਦਿਓ..ਮੈਂ ਅੱਗੋਂ ਤੋਂ ਓਹੀ ਪਾਉਣਾ ਕਰਨਾ..!
ਆਖਣ ਲੱਗੇ ਕਮਲਿਆ ਏਨੀ ਗਰਮੀ ਅਤੇ ਹੁੰਮਸ..ਤੂੰ ਸਣੇ ਬੋਰੀ ਪਿੱਘਲ ਜਾਣਾ..!
ਆਖਣ ਲੱਗਾ ਮੈਨੂੰ ਦਸਮ ਪਿਤਾ ਜੀ ਹੁਕਮ ਕਰ ਕੇ ਗਏ..ਮੈਂ ਭਾਣੇ ਅੰਦਰ ਰਹਿ ਕੇ ਸਭ ਕੁਝ ਸਹਿਣਾ..ਸਿੱਖਿਆ ਕਰਨਾ!
ਏਨੇ ਨੂੰ ਪੰਜਾਬੋਂ ਗਏ ਸੰਤਾਂ ਦੀ ਨਜਰ ਇਸਤੇ ਪੈ ਗਈ..ਕੋਲ ਬੁਲਾਇਆ..ਉਰਾਂ ਹੋ ਸਿੰਘਾਂ..ਸਰੀਰ ਤੇ ਏਡੇ ਉੱਚੇ ਲੰਮੇ ਕਮਾਏ..ਜੇ ਕਿਧਰੇ ਕੌਂਮ ਨੂੰ ਲੋੜ ਪੈ ਗਈ ਤਾਂ ਕਥਨੀ ਕਰਨੀ ਤੇ ਪੂਰੇ ਉੱਤਰ ਸਕੋਗੇ..?
ਸਵਾਲ ਸੰਖੇਪ ਸੀ ਪਰ ਚੇਹਰੇ ਤੇ ਆਇਆ ਸਵਾਲੀਆ ਨਿਸ਼ਾਨ ਕਾਫੀ ਵੱਡਾ..!
ਅੱਗਿਓਂ ਆਖਣ ਲੱਗਾ ਕੇਰਾਂ ਹੁਕਮ ਤਾਂ ਕਰਕੇ ਵੇਖਿਓ ਸੰਤ ਜੀ..ਅਖੀਰ ਤੀਕਰ ਬਚਨ ਪੁਗਾਵਾਂਗੇ..!
ਉਭਰ ਆਇਆ ਸਵਾਲੀਆ ਨਿਸ਼ਾਨ ਹੁਣ ਤਸੱਲੀ ਭਾਵ ਦੀ ਮੁਸਕੁਰਾਹਟ ਵਿਚ ਬਦਲ ਗਿਆ..ਬਾਹੋਂ ਫੜ ਖਿੱਚ ਹਿੱਕ ਨਾਲ ਲਾ ਲਿਆ ਤੇ ਪੂਰਾ ਅਬਚਲ ਨਗਰ ਜੈਕਾਰਿਆਂ ਨਾਲ ਗੂੰਝ ਉੱਠਿਆ!
ਫੇਰ ਦਿਸੰਬਰ ਤ੍ਰਿਆਸੀ ਨੂੰ ਵਾਕਿਆ ਹੀ ਹੁਕਮ ਹੋ ਗਿਆ..ਅੰਮ੍ਰਿਤਸਰੋਂ ਅਵਾਜ ਪੈ ਗਈ..ਪਰਾ ਵਿਚ ਬੈਠੇ ਨੂੰ ਸਾਰੇ ਪਾਸਿਓਂ ਮਖੌਲ ਹੋਣੇ ਸ਼ੁਰੂ ਹੋ ਗਏ..ਗੁਰਮੁਖਾ ਚੱਲ ਆ ਗਈ ਪਰਖ ਦੀ ਘੜੀ..ਹੁਣ ਵੇਖਦੇ ਹਾਂ ਕੀਤੇ ਕੌਲ ਕਰਾਰਾਂ ਤੇ ਕਿੰਨਾ ਕੂ ਪੂਰਾ ਉੱਤਰਦਾ..!
ਕਿਸੇ ਲਕੀਰ ਵਾਹ ਦਿੱਤੀ..ਘਰ ਬਾਹਰ ਸਗੇ ਸਬੰਦੀ ਧੀਆਂ ਪੁੱਤਰ ਜਾਇਦਾਤਾਂ ਅਤੇ ਸੁਖ ਸਹੂਲਤਾਂ ਛੱਡ ਸਕਣ ਵਾਲੇ ਹੀ ਲਕੀਰ ਤੋਂ ਦੂਜੇ ਪਾਰ ਹੋ ਜਾਵੋ..ਸਭ ਤੋਂ ਪਹਿਲੋਂ ਲਕੀਰ ਇਸੇ ਨੇ ਹੀ ਟੱਪੀ!
ਫੇਰ ਛੇ ਜੂਨ ਦੁਪਹਿਰ ਤੀਕਰ ਲੰਗਰ ਇਮਾਰਤ ਅਤੇ ਝੰਡੇ ਬੁੰਗਿਆਂ ਤੇ ਜੋ ਕੁਝ ਹੋਇਆ ਵਾਪਰਿਆ..ਕਿਸੇ ਤੋਂ ਲੁਕਿਆ ਨਹੀਂ..ਬਕੌਲ ਖਾਲੜਾ ਜੀ..ਸ਼ਹੀਦੀ ਦਾਤ ਹਰੇਕ ਦੀ ਝੋਲੀ ਨਹੀਂ ਪੈਂਦੀ..ਇਹ ਸਿੰਘ ਵੀ ਇਸ ਦਾਤ ਤੋਂ ਵਾਂਝਿਆ ਰਹਿ ਗਿਆ!
ਛੇ ਜੂਨ ਸ਼ਾਮੀਂ ਕਿੰਨੇ ਸਾਰੇ ਸਿੰਘ ਬਾਬੇ ਦੀਪ ਸਿੰਘ ਦੀ ਬਾਹੀ ਕੋਲ ਬਾਹਾਂ ਬੰਨ ਬਿਠਾਏ ਹੋਏ ਸਨ..ਰਾਤ ਇਸੇ ਤਰਾਂ ਲੰਘੀ..ਫੇਰ ਅਗਲੀ ਸੁਵੇਰ ਕੋਈ ਦਸ ਕੂ ਵਜੇ ਇੱਕ ਵੱਡਾ ਸ਼ਹਿਰੀ ਕਾਰੋਬਾਰੀ ਵਰਗ ਦਰਸ਼ਨੀ ਡਿਓੜੀ ਤੋਂ ਕੜਾਹ ਪੂੜੀਆਂ ਲੱਡੂਆਂ ਦਾ ਲੰਗਰ ਵਰਤਾਉਂਦਾ ਇਸ ਬਾਹੀ ਤੀਕਰ ਆਣ ਅੱਪੜਿਆ..!
ਇਹਨਾਂ ਸਿੰਘਾਂ ਦੇ ਪਹਿਰੇ ਤੇ ਖਲੋਤੇ ਕਮਾਂਡਰ ਨੂੰ ਉਚੇਚੀ ਸਿਗਰਟਾਂ ਦੀ ਡੱਬੀ ਫੜਾਈ..ਉਸਨੇ ਹੰਕਾਰੇ ਹੋਏ ਅੰਦਾਜ ਨਾਲ ਇੱਕ ਸੁਲਘਾਉਣੀ ਸ਼ੁਰੂ ਕਰ ਦਿੱਤੀ..ਜਿਸ ਵਾਤਾਵਰਨ ਵਿਚ ਕਦੇ ਪਵਿੱਤਰ ਗੁਰਬਾਣੀ ਦੀਆਂ ਧੁੰਨਾਂ ਵਾਸ ਕਰਿਆ ਕਰਦੀਆਂ ਸਨ ਅੱਜ ਓਥੇ ਸਿਗਟ ਦੇ ਧੂੰਏਂ ਦੇ ਕਸ਼ ਕਈਆਂ ਬੇਬਸ ਜਮੀਰਾਂ ਨੂੰ ਸ਼ਰੇਆਮ ਵੰਗਾਰ ਰਹੇ ਸਨ..!
ਭੁੱਖ ਪਿਆਸ ਉਨੀਂਦਰੇ ਗਰਮੀ ਤਸ਼ੱਦਤ ਦੇ ਭੰਨੇ ਹੋਏ ਇਸ ਸਿੰਘ ਦੇ ਅੰਦਰ ਰਣਜੀਤ ਨਗਾਰਾ ਵੱਜ ਉੱਠਿਆ..ਤਪੇ ਹੋਏ ਸੰਗਮਰਮਰ ਨਾਲ ਝੁਲਸਿਆ ਸਰੀਰ..ਤਾਂ ਵੀ ਕਿਸੇ ਤਰਾਂ ਉੱਠ ਖਲੋਤਾ..ਠੀਕ ਓਦਾਂ ਜਿੱਦਾਂ ਕਦੇ ਸਣ ਦੇ ਵਸਤਰ ਮੰਗਣ ਵੇਲੇ ਉੱਠਿਆ ਸੀ..!
ਕਮਾਂਡਰ ਨੂੰ ਹਿੰਦੀ ਹਰਿਆਣਵੀ ਲਹਿਜੇ ਵਿਚ ਵੰਗਾਰਿਆ..”ਤੁੰਮ ਯਹਾਂ ਪਰ ਸਿਗਰਟ ਨਹੀਂ ਝੁਲਸਾ ਸਕਤੇ..ਯੇ ਗੁਰੂ ਕਾ ਅਸਥਾਨ ਹੈ”
ਕਮਾਂਡਰ ਨੇ ਉੱਪਰੋਂ ਥੱਲੇ ਤੀਕਰ ਗਹੁ ਨਾਲ ਵੇਖਿਆ..ਫੇਰ ਕਾਹਲੀ ਨਾਲ ਇੱਕ ਦੋ ਕਸ਼ ਅੰਦਰ ਸਿੱਟੇ ਤੇ ਬਾਕੀ ਦੀ ਰਹਿੰਦੀ ਬੂਟ ਹੇਠ ਮਸਲਦਾ ਹੋਇਆ ਆਖਣ ਲੱਗਾ..”ਰੱਸੀ ਜਲ ਗਈ ਪਰ ਬਲ ਨਹੀਂ ਗਿਆ..”
ਫੇਰ ਅਗਲੇ ਹੀ ਪਲ ਵਕਤੀ ਤੌਰ ਤੇ ਸ਼ਾਂਤ ਹੋ ਗਏ ਮਾਹੌਲ ਅੰਦਰ ਕਿੰਨੀਆਂ ਸਾਰੀਆਂ ਗੋਲੀਆਂ ਇੱਕੋ ਵੇਰ ਚੱਲੀਆਂ ਅਤੇ ਕਦੇ ਦੀ ਤਤਪਰ ਇਕ ਭਟਕਦੀ ਹੋਈ ਰੂਹ ਧੁਰ ਅਸਮਾਨੇ ਜਾ ਲੱਗੀ ਅਤੇ ਰੱਤ ਭਿੱਜਿਆ ਨਿਰਜਿੰਦ ਕਲਬੂਤ ਭੋਏਂ ਕਾਲ ਤੇ ਆਣ ਡਿੱਗਾ..!
ਦਲਬੀਰ ਸਿੰਘ ਭਲਵਾਨ ਕਰਕੇ ਜਾਣਿਆਂ ਜਾਂਦਾ ਇਹ ਨਿੱਤਨੇਮੀ..ਜਿਸ ਨੂੰ ਨਸ਼ੇ ਦੀ ਗ੍ਰਿਫਤ ਵਿੱਚ ਆਏ ਨੂੰ ਵੇਖ ਘਰਦੇ ਕੁਰਲਾ ਉੱਠਿਆ ਕਰਦੇ ਕੇ ਇਸਨੂੰ ਕਿਸ ਦੇ ਲੜ ਲੇਖੇ ਲਾਈਏ..ਅੱਜ ਹਕੀਕੀ ਤੌਰ ਤੇ ਲੇਖੇ ਲੱਗ ਗਿਆ ਸੀ!
(ਧੰਨਵਾਦ ਸਾਹਿਤ: ਭਾਈ ਭਗਵਾਨ ਸਿੰਘ ਕਾਰ ਸੇਵਾ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ)
ਹਰਪ੍ਰੀਤ ਸਿੰਘ ਜਵੰਦਾ