ਕੁਝ ਜੰਗਾਂ ਸਿਰਫ ਹੋਂਦ ਦਰਸਾਉਂਣ ਲਈ ਹੀ ਲੜੀਆਂ ਜਾਂਦੀਆਂ!
ਭਾਈ ਰਛਪਾਲ ਸਿੰਘ ਛੰਦੜਾ ਨੂੰ ਗਿੱਲ ਰੋਡ ਤੇ ਜਾਂਦਿਆਂ ਫੜ ਲਿਆ..ਕੇ ਪੀ ਗਿੱਲ ਉਚੇਚਾ ਚੰਡੀਗੜੋਂ ਆਇਆ..ਸਾਮਣੇ ਬੈਠ ਅੰਨਾ ਤਸ਼ੱਦਤ ਕਰਵਾਇਆ..ਲੱਤਾਂ ਬਾਹਾਂ ਹੱਡ ਪੈਰ ਗਿੱਟੇ ਗੋਡੇ ਤੋੜ ਦਿੱਤੇ ਪਰ ਇੱਟ ਵਰਗੇ ਮਜਬੂਤ ਹੋਂਸਲੇ ਨੂੰ ਨਾ ਤੋੜ ਸਕਿਆ..ਇਸ ਨਾਸ਼ਵਾਨ ਸਰੀਰ ਨੇ ਤਾਂ ਦੇਰ ਸੁਵੇਰ ਖਤਮ ਹੋਣਾ ਹੀ ਹੁੰਦਾ..ਓਦੋਂ ਸਿਸਟਮ ਮੂਹਰੇ ਕੌਡ਼ੇ ਹੋ ਗਏ ਕਿੰਨੇ ਸਾਰੇ ਅੱਜ ਕੁਦਰਤੀ ਮੌਤ ਮਰ ਗਏ..ਪਰ ਸ਼ਹੀਦ ਸਦੀਵੀਂ ਜਿਉਂਦਾ ਰਹਿੰਦਾ..ਗੱਦਾਰ ਤਾਂ ਜਿਉਂਦੇ ਜੀ ਵੀ ਇੱਕ ਦਿਨ ਵਿਚ ਕਿੰਨੀ ਵੇਰ ਮਰਦਾ!
ਬਾਪੂ ਸਿਮਰਨਜੀਤ ਸਿੰਘ ਮਾਨ..ਸ਼ੁਰੂ ਤੋਂ ਹੀ ਬਾਗੀ ਸੋਚ ਦਾ ਹਾਣੀ..ਸਿੱਖ ਜਾਂ ਤੇ ਬਾਗੀ ਹੁੰਦਾ ਤੇ ਜਾਂ ਫੇਰ ਬਾਦਸ਼ਾਹ..ਸਿਸਟਮ ਦੀ ਟੀਸੀ ਤੀਕਰ ਜਾਂਦੀ ਪੌੜੀ ਅਸੂਲਾਂ ਖਾਤਿਰ ਪਰਾਂ ਵਗਾਹ ਮਾਰੀ..ਆਪਣੇ ਰਾਹ ਤੁਰੀ ਗਿਆ..ਰਾਹ ਵਿਚ ਅਨੇਕਾਂ ਤੋਹਮਤਾਂ ਦੋਸ਼ ਟਿੱਪਣੀਆਂ ਮਖੌਲ ਟਿੱਚਰਾਂ..ਪਰ ਵੱਖਰੀ ਸੋਚ ਸੰਕਲਪ ਦਾ ਪੱਲਾ ਨਹੀਂ ਛੱਡਿਆ..ਆਪਣੇ ਸਿਧਾਂਤ ਨਾਲ ਸਦੀਵੀਂ ਖਲੋਤੀ ਵੰਨ ਮੈਨ ਆਰਮੀ..ਕਈ ਸਮਕਾਲੀਨ ਪਰਿਵਾਰ ਵਾਦ ਵਿਚ ਗਰਕ ਹੋ ਗਏ..ਪਰ ਬਾਪੂ ਦਾ ਅੱਜ ਵੀ ਦਿਲਾਂ ਤੇ ਰਾਜ ਏ..ਭਵਿੱਖ ਅਤੇ ਇਤਿਹਾਸ ਵਿਚ ਪੱਕੀ ਥਾਂ ਵੀ ਬਣਾ ਲਈ..ਜਨਾਜੇ ਮਗਰ ਤੁਰੀ ਜਾਂਦੀ ਖਲਕਤ ਇਹ ਤਹਿ ਕਰਿਆ ਕਰਦੀ ਕੇ ਬੰਦੇ ਦੀ ਸਾਰੀ ਉਮਰ ਦੀ ਕਮਾਈ ਕਿੰਨੀ ਏ..!
ਸ਼ਹੀਦ ਭਾਈ ਬੇਅੰਤ ਸਿੰਘ..ਕੱਤੀ ਅਕਤੂਬਰ ਸੁਵੇਰੇ ਘਰੋਂ ਤੁਰਨ ਵੇਲੇ ਸੱਤ ਵਰ੍ਹਿਆਂ ਦਾ ਸਰਬਜੀਤ ਸਿੰਘ..ਕੋਲ ਹੀ ਸੁੱਤਾ ਪਿਆ..ਮੂੰਹ ਚੁੰਮਿਆ..ਫੇਰ ਪਰਿਵਾਰਿਕ ਮੋਹ ਮਾਇਆ ਪਿਆਰ ਮੁਹੱਬਤ ਸਰੀਰਕ ਆਰਥਿਕ ਸੁਖ ਸਹੂਲਤਾਂ ਪੈਸੇ ਧੇਲੇ ਪਦਵੀਆਂ ਇੱਜਤ ਸੁਨਿਹਰੀ ਭਵਿੱਖ ਮਾਪੇ ਨਾਲਦੀ ਬੱਚੇ ਧੀਆਂ ਪੁੱਤ..ਸਭ ਕੁਝ ਕੌਮੀ ਅਣਖ ਆਬਰੂ ਵਾਲੀ ਤੱਕੜੀ ਵਿਚ ਤੋਲ ਦਿੱਤਾ..ਮਿਥ ਕੇ ਸ਼ਹੀਦੀ ਦੇਣੀ ਨਾ ਤੇ ਸ਼ਾਇਦ ਹਰੇਕ ਦੇ ਵੱਸ ਵਿਚ ਹੀ ਹੈ ਤੇ ਨਾ ਕਿਸਮਤ ਵਿਚ..!
ਸਵਾ ਛੇ ਫੁੱਟ..ਓਹਨਾ ਮੁਲਖਾਂ ਵੱਲੋ ਆਇਆ ਜਿਹਨਾਂ ਵੱਲੋਂ ਕਦੇ ਨਾਦਰ ਬਾਬਰ ਤੈਮੂਰ ਅਤੇ ਅਬਦਾਲੀ ਆਇਆ ਕਰਦੇ ਸਨ..
ਉਹ ਦੱਰਾ-ਏ-ਖੈਬਰ ਵੱਲੋਂ ਲੁੱਟਣ ਆਉਂਦੇ ਪਰ ਇਹ ਦਿੱਲੀ ਵੱਲੋਂ ਹੁੰਦੀ ਸ਼ਰੇਆਮ ਲੁੱਟ ਖਿਲਾਫ ਲਾਮਬੰਦੀ ਅਤੇ ਸਫਬੰਦੀ ਲਈ ਡਟ ਗਿਆ..ਨਸ਼ਿਆਂ ਖਿਲਾਫ ਝੰਡਾ ਬੁਲੰਦ ਕਰ ਲਿਆ..
ਜਵਾਨੀ ਦੀਆਂ ਮੁਹਾਰਾਂ ਵੀ ਅੰਮ੍ਰਿਤ ਨਾਮ ਬਾਣੀ ਸਿੱਖੀ ਸਿਖਿਆ ਗੁਰਵੀਚਾਰ ਵੱਲ ਮੋੜਨੀਆਂ ਆਰੰਭ ਦਿੱਤੀਆਂ..
ਬਾਕੀ ਦੀ ਦਾਸਤਾਨ ਬੱਚੇ ਬੱਚੇ ਦੀ ਜੁਬਾਨ ਤੇ..ਹਜਾਰਾਂ ਕਿਲੋਮੀਟਰ ਦੂਰ ਅਜੋਕੇ ਕਾਲੇ ਪਾਣੀ ਸੁੱਟ ਦਿੱਤਾ!
ਅੱਜ ਪੂਰੀ ਦੁਨੀਆਂ ਦੀਆਂ ਨਜਰਾਂ ਤਿੰਨ ਦਰਿਆਵਾਂ ਦੀ ਧਰਤ ਤੇ..
ਹੁਣ ਫੈਸਲਾ ਸਾਡੇ ਹੱਥ..ਬਾਹਰਲੀਆਂ ਸਫ਼ਾਂ ਨੂੰ ਕੀ ਸੁਨੇਹਾ ਦੇਣਾ..
ਦਸਮ ਪਿਤਾ ਦੀ ਸਾਜੀ ਨਿਵਾਜੀ ਕੌਂਮ ਅੱਜ ਵੀ ਚੰਦ ਮਰਲਿਆਂ ਵਾਅਦਿਆਂ ਪਕੌੜਿਆਂ ਅਤੇ ਸ਼ਰਾਬ ਦੀਆਂ ਕੁਝ ਕੂ ਬੋਤਲਾਂ ਖਾਤਿਰ ਹੱਥ ਵੱਢ ਕੇ ਦੇਣ ਨੂੰ ਤਿਆਰ ਹੋ ਜਾਂਦੀ ਕੇ ਅੱਗੇ ਨਾਲੋਂ ਕੁਝ ਕੂ ਅਕਲਮੰਦ ਹੋ ਗਈ..!
ਇੱਕ ਪਾਸੇ ਓਹੀ ਪੁਰਾਣੀ ਜੋੜ ਤੋੜ ਦੀ ਰਾਜਨੀਤੀ..ਤੂੰ ਚੱਲ ਮੈਂ ਆਇਆ ਵਾਲੇ ਫਰੈਂਡਲੀ ਮੈਚ ਅਤੇ ਇਸ ਪਾਸੇ ਛਾਤੀਆਂ ਤੇ ਸਵਾਲੀਆ ਨਿਸ਼ਾਨ ਚਿਪਕਾਈ ਖਲੋਤੇ ਚਾਰ ਪੰਜ ਚੇਹਰੇ..!
ਹੁਣ ਇਹ ਸਾਡੇ ਤੇ ਮੁਨੱਸਰ..ਸਵਾਲਾਂ ਦੇ ਜੁਆਬ ਕਿੱਦਾਂ ਦੇਣੇ..ਕਿਓੰਕੇ ਖੁੱਲ ਕੇ ਓਹੀ ਖੇਡ ਸਕਦਾ ਜਿਸਦੇ ਕੋਲ ਗਵਾਉਣ ਲਈ ਕੁਝ ਨਾ ਹੋਵੇ..ਮੌਕਾ ਏ ਮਸਤ ਹਾਥੀ ਤੇ ਚੜੀ ਆਉਂਦੀ ਰਾਜਨੀਤੀ ਨੂੰ ਇਹ ਦੱਸਣ ਦਾ ਕੇ ਜੰਝ ਭਾਵੇਂ ਕਿੱਡੀ ਵੱਡੀ ਵੀ ਕਿਓਂ ਨਾ ਹੋਵੇ..ਪਿੰਡ ਨਾਲੋਂ ਵੱਡੀ ਨਹੀਂ ਹੋ ਸਕਦੀ!
ਹਰਪ੍ਰੀਤ ਸਿੰਘ ਜਵੰਦਾ