ਮਿਲਿਟਰੀ ਅਫਸਰ ਅਤੇ ਬੈੰਕ ਅਫਸਰ..ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ..ਬਾਗਬਾਨੀ ਦਾ ਸ਼ੌਕ..ਪਰ ਰੱਖ ਰਖਾਓ ਦੀਆਂ ਵਿਧੀਆਂ ਵੱਖੋ ਵੱਖ..!
ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ..ਸਿਧੇ ਰੱਖਣ ਲਈ ਸਿਰਿਆਂ ਤੇ ਰੱਸੀ ਬੰਨ ਨਾਲ ਕੰਧ ਦੇ ਸਿਰੇ ਨਾਲ ਬੰਨ ਦਿਆ ਕਰੇ!
ਇੱਕ ਰਾਤ ਭਾਰੀ ਮੀਂਹ ਹਨੇਰੀ ਤੇ ਝੱਖੜ ਝੁੱਲਿਆ..!
ਸੁਵੇਰੇ ਮਿਲਿਟਰੀ ਵਾਲੇ ਅੰਕਲ ਦੇ ਲਾਏ ਬੂਟੇ ਓਦਾਂ ਦੇ ਓਦਾਂ ਹੀ ਖੜੇ ਸਨ ਤੇ ਬੈੰਕ ਵਾਲੇ ਅੰਕਲ ਜੀ ਦੇ ਜੜੋਂ ਉਖੜ ਦੂਰ ਜਾ ਚੁਕੇ ਸਨ!
ਹੈਰਾਨ ਪ੍ਰੇਸ਼ਾਨ..ਮੇਜਰ ਸਾਬ ਨੂੰ ਆਖਣ ਲੱਗਾ..ਮੇਰੀ ਖਾਦ..ਪਾਣੀ ਅਤੇ ਰੱਖ ਰਖਾਵ ਤੁਹਾਡੇ ਨਾਲੋਂ ਕਿਤੇ ਵਧੀਆ ਪਰ ਬੂਟੇ ਮੇਰੇ ਉਖੜ ਗਏ..ਇਹ ਕਿਓਂ ਹੋ ਗਿਆ?
ਮਿਲਿਟਰੀ ਵਾਲੇ ਆਖਣ ਲੱਗੇ ਕੇ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਕੇ ਮੁਢਲੀ ਲੋੜ ਲਈ ਕਾਫੀ ਸੀ..ਬਾਕੀ ਦੀਆਂ ਲੋੜਾਂ ਲਈ ਓਹਨਾ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪੈਂਦਾ ਤੇ ਪਕੜ ਧਰਤੀ ਤੇ ਹੋਰ ਮਜਬੂਤ ਹੁੰਦੀ ਗਈ..ਤੁਹਾਡੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤਿਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਹੀ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਧਰਤੀ ਤੇ ਵਿੱਛ ਗਏ..!
ਇਹ ਬਿਰਤਾਂਤ ਓਦੋਂ ਜ਼ਿਹਨ ਵਿਚ ਆਇਆ ਜਦੋ ਇੱਕ ਐਸੇ ਇਨਸਾਨ ਨਾਲ ਮੁਲਾਕਾਤ ਹੋਈ..ਜਿਸਦੀ ਪਿਛਲੀ ਜਿੰਦਗੀ ਔਕੜਾਂ ਭਰਪੂਰ ਸੀ ਤੇ ਏਧਰ ਵੀ ਕਿੰਨੇ ਵਰ੍ਹਿਆਂ ਤੋਂ ਸਖਤ ਮਿਹਨਤ ਦਾ ਲੜ ਫੜਿਆ!
ਪਰ ਦਾਤ ਦੇਣੀ ਬਣਦੀ ਏ..ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਚੁੱਕਦਾ ਹੋਇਆ ਦੋ ਦੋ ਨੌਕਰੀਆਂ ਕਰਦਾ ਵੀ ਚੜ੍ਹਦੀ ਕਲਾ ਵਿਚ ਦਿਸਦਾ..ਅੱਜ ਗੱਡੀ ਲਾਈਨ ਤੇ ਹੈ ਤੇ ਜਵਾਕ ਪੂਰੀ ਤਰਾਂ ਸੈੱਟ..!
ਮੁੱਕਦੀ ਗੱਲ..ਬੂਟਿਆਂ ਨੂੰ ਸਿਰਫ ਏਨਾ ਕੂ ਪਾਣੀ ਹੀ ਦਿਓ ਕੇ ਸੰਘਰਸ਼ ਵਾਲਾ ਜਜਬਾ ਜਿਉਂਦਾ ਰਹਿ ਸਕੇ..ਬਾਕੀ ਦੀਆਂ ਲੋੜਾਂ ਜੜਾਂ ਡੂੰਘੀਆਂ ਕਰਕੇ ਖੁਦ-ਬ-ਖੁਦ ਪੂਰੀਆਂ ਕਰ ਲੈਣੀਆਂ!
ਜਾਣਕਾਰ ਦੱਸਿਆ ਕਰਦੇ ਸਨ ਕੇ ਜਵਾਕਾਂ ਨੂੰ ਇਹ ਨਾ ਵਿਖਾਓ ਕੇ ਬਟੂਏ ਅਤੇ ਬੈੰਕ ਅਕਾਊਂਟ ਵਿਚ ਕਿੰਨੇ ਨੋਟ ਹਨ..ਸਗੋਂ ਇਹ ਵਿਖਾਓ ਕੇ ਸੰਘਰਸ਼ ਕਰਦਿਆਂ ਨਹੁੰਆਂ ਵਿਚ ਫਸ ਗਈ ਕਾਲੀ ਗ੍ਰੀਸ ਲਾਹੁਣ ਲਈ ਸਾਬਣ ਕਿੰਨੀ ਵੇਰ ਲਉਣਾ ਪੈਂਦਾ!
ਹਰਪ੍ਰੀਤ ਸਿੰਘ ਜਵੰਦਾ