ਛੁੱਟੀ ਵਾਲੇ ਦਿਨ ਕਮਰੇ ਚੋਂ ਬਾਹਰ ਹੀ ਨਾ ਨਿੱਕਲਦਾ..ਸਿਵਾਏ ਖਾਣ ਪੀਣ ਵੇਲੇ ਦੇ..ਓਦੋਂ ਵੀ ਬਿਨਾ ਗੱਲ ਕੀਤਿਆਂ..ਬੱਸ ਮਾੜਾ ਮੋਟਾ ਹਾਂ ਹੰਘੂਰਾ ਜਿਹਾ ਭਰ ਅੰਦਰ ਜਾ ਵੜਦਾ..ਕੋਈ ਗੱਲ ਪੁੱਛਦੀ ਤਾਂ ਬਿਨਾ ਸੋਚੇ ਸਮਝੇ ਸਿਰ ਜਿਹਾ ਮਾਰ ਕਾਹਲੀ ਨਾਲ ਅੰਦਰ ਤੇ ਫੇਰ ਬੂਹਾ ਬੰਦ..!
ਅਕਸਰ ਬਿੜਕ ਲੈਂਦੀ ਰਹਿੰਦੀ..ਮੰਜੇ ਤੇ ਸੁੱਤਾ ਪਿਆ ਹੁੰਦਾ..ਸੁੱਤਾ ਕਾਹਦਾ ਬੱਸ ਨੀਂਦ ਨੇ ਧੱਕੇ ਨਾਲ ਦੱਬ ਲਿਆ ਹੁੰਦਾ..ਇੱਕ ਹੱਥ ਫੋਨ..ਹਰ ਪਾਸੇ ਉੱਥਲ ਪੁੱਥਲ..ਫੇਰ ਦੱਬੇ ਪੈਰੀ ਅੰਦਰ ਜਾਂਦੀ..ਖਿੱਲਰੀਆਂ ਚੀਜਾਂ ਥਾਂ ਸਿਰ ਰੱਖਦੀ..ਉਸਨੂੰ ਨਿਹਾਰਦੀ ਰਹਿੰਦੀ..ਅਚਾਨਕ ਇੱਕ ਨੋਟੀਫਿਕੇਸ਼ਨ ਟੋਂਨ ਆਉਂਦੀ..ਉਹ ਜਾਗ ਜਾਂਦਾ..ਪਹਿਲੋਂ ਫੋਨ ਵੱਲ ਤੇ ਮਗਰੋਂ ਮੇਰੇ ਵਲ ਵੇਖਦਾ..ਫੇਰ ਕੱਚੀ ਨੀਂਦਰ ਉੱਠ ਟੁੱਟੀ ਜਿਹੀ ਅਵਾਜ ਵਿਚ ਸਵਾਲ ਕਰਦਾ..ਮੇਰੇ ਕਮਰੇ ਵਿਚ ਕੀ ਕਰ ਰਹੇ ਓ?
ਮੈਂ ਆਖਦੀ ਕੀ ਗੱਲ ਮੈਂ ਆਪਣੇ ਪੁੱਤਰ ਕੋਲ ਨਹੀਂ ਆ ਸਕਦੀ..ਫੇਰ ਕੋਲ ਜਾਂਦੀ..ਸਿਰਹਾਣੇ ਬੈਠ ਜਾਂਦੀ..ਲਾਡ ਪਿਆਰ ਕਰਨ ਹੀ ਲੱਗਦੀ ਕੇ ਆਖ਼ ਦਿੰਦਾ..ਮੇਰੇ ਕਮਰੇ ਦਾ ਡੋਰ ਖੜਕਾ ਕੇ ਆਇਆ ਕਰੋ..ਮੈਂ ਹੁਣ ਛੋਟਾ ਨਹੀਂ ਰਿਹਾ..ਮੇਰੀ ਵੀ ਪ੍ਰਾਈਵੇਸੀ ਏ..!
ਮੇਰੇ ਜ਼ਿਹਨ ਅੰਦਰ ਉਭਰੇ ਕਿੰਨੇ ਜਜਬਾਤ ਦਮ ਤੋੜ ਜਾਂਦੇ..ਤੁਰਨ ਲੱਗਿਆਂ ਦੱਬੀ ਅਵਾਜ ਵਿਚ ਮੂਹੋਂ ਨਿੱਕਲ ਜਾਂਦਾ..ਸਾਡੇ ਵੇਲੇ ਤੇ ਬੂਹਾ ਬੰਦ ਕਰਨਾ ਵੀ ਅਪਸ਼ਗਨ ਮੰਨਿਆ ਜਾਂਦਾ ਸੀ..!
ਉਹ ਆਖਦਾ ਤੁਹਾਡੇ ਵੇਲੇ ਹੋਰ ਸਨ..!
ਏਨੀ ਗੱਲ ਸੁਣ ਤੁਰੀ ਜਾਂਦੀ ਖਲੋ ਜਾਂਦੀ ਤੇ ਆਖ ਦਿੰਦੀ..ਹਾਂ ਪੁੱਤਰਾ ਸਾਡੇ ਵੇਲੇ ਵਾਕਿਆ ਹੀ ਹੋਰ ਸਨ..ਅਸੀਂ ਟੋਇਆਂ ਟਿੱਬਿਆਂ ਵਿਚ ਦਿਨ ਵਿਚ ਪਤਾ ਨੀ ਕਿੰਨੀ ਵੇਰ ਡਿੱਗਦੇ ਹੋਵਾਂਗੇ..ਮੁੜ ਹੱਸਦੇ ਹੋਏ ਫੇਰ ਉੱਠ ਖਲੋਂਦੇ..ਪਰ ਤੁਸੀਂ ਤੇ ਐਸੇ ਅੰਨ੍ਹੇ ਖੂਹ ਵਿਚ ਡਿੱਗੀ ਜਾ ਰਹੇ ਓ ਜਿਸਦਾ ਤਲਾ ਹੀ ਹੈਨੀ..ਹੱਸੋਗੇ ਰੋਵੋਗੇ ਤੇ ਤਾਂ ਜੇ ਤੁਹਾਡੇ ਪੈਰ ਲੱਗਣਗੇ..ਅਜੇ ਤੇ ਬੱਸ ਡਿੱਗੀ ਤੁਰੀ ਜਾ ਰਹੇ ਹੋ..ਲਗਾਤਾਰ..ਬਿਨਾ ਰੁਕਿਆਂ..ਬਿਨਾ ਤਲੇ ਦੀ ਅੰਨੀ ਖੱਡ ਵਿੱਚ!
ਸੱਚ ਜਾਣਿਓ ਇਹ ਗੱਲਾਂ ਆਖੀਆਂ ਨਹੀਂ ਸਿਰਫ ਮਨ ਵਿਚ ਸੋਚੀਆਂ ਹੀ ਸਨ..ਆਖੀਆਂ ਹੁੰਦੀਆਂ ਤਾਂ ਪਤਾ ਨੀ ਕਿਹੜਾ ਜਵਾਲਾਮੁਖੀ ਫੁੱਟ ਪਿਆ ਹੁੰਦਾ..!
ਕੋਈ ਵੀ ਤਕਨੀਕ ਮਾੜੀ ਨਹੀਂ ਹੁੰਦੀ..ਮਾੜੀ ਸਿਰਫ ਓਦੋਂ ਜਦੋਂ ਇਹ ਰੂਹਾਂ ਨੂੰ ਜੰਗਾਲ ਵਾਂਙ ਖਾਣ ਲੱਗ ਪਵੇ..ਕਿਸੇ ਸਹੀ ਆਖਿਆ ਜੰਗਾਲ ਲੱਗ ਕੇ ਮਰਨ ਨਾਲੋਂ ਘਿਸਰ ਘਿਸਰ ਕੇ ਮੁੱਕ ਜਾਣਾ ਸੌ ਦਰਜੇ ਬੇਹਤਰ ਹੈ!
ਹਰਪ੍ਰੀਤ ਸਿੰਘ ਜਵੰਦਾ