ਲਹਿੰਦਾ ਪੰਜਾਬ..ਗੁਜਰਾਂਵਾਲਾ ਜਿਲੇ ਦਾ ਪਿੰਡ ਮਹਾਰ..ਨੱਬਿਆਂ ਵਰ੍ਹਿਆਂ ਦਾ ਅੱਲਾ ਦਿੱਤਾ..ਵੰਡ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਦੱਸੀ ਜਾਵੇ..ਸਿੱਖ ਬਰਾਦਰੀ ਦੇ ਬਹੁਤੇ ਘਰ..ਵਿਆਹਾਂ ਵਿਚ ਬਰਾਤ ਕਿੰਨੀਆਂ ਰਾਤਾਂ ਰਿਹਾ ਕਰਦੀ..ਮਿਠਿਆਈਆਂ ਅਤੇ ਹੋਰ ਵੰਨਗੀਆਂ ਬਣਦੀਆਂ..ਡੋਲੀ ਕਹਾਰ ਚੁੱਕਦੇ..ਮੁਕਲਾਵਾ ਘੋੜੀ ਤੇ ਆਉਂਦਾ..ਸਿੱਖਾਂ ਦਾ ਵਿਹਾਰ ਬੜਾ ਚੰਗਾ ਸੀ..!
ਧਾਕੜ ਇਨਸਾਨ ਗੁਲਾਬ ਸਿੰਘ..ਉਸਦੇ ਸੱਤ ਪੁੱਤਰ..ਸਾਰੇ ਬੜੇ ਜੁਝਾਰੂ..ਪਿੰਡ ਵਿਚ ਖੱਤਰੀ ਹਰਨਾਮ ਦਾਸ..ਇਸਦੇ ਵੀ ਤਿੰਨ ਪੁੱਤਰ..ਗੁਲਾਬ ਸਿੰਘ ਨਾਲ ਬੜੀ ਲੱਗਦੀ ਸੀ..!
ਫੇਰ ਰੌਲੇ ਪੈ ਗਏ..ਸਭ ਨੂੰ ਚੜ੍ਹਦੇ ਪਾਸੇ ਜਾਣਾ ਪਿਆ..ਮਗਰੋਂ ਬਾਹਰੋਂ ਆਏ ਧਾੜਵੀਆਂ ਸਿੱਖਾਂ ਦੇ ਛੱਡੇ ਮਾਲ ਅਸਬਾਬ ਨੂੰ ਲੁੱਟ ਲਿਆ..!
“ਅੱਲਾ ਦਿੱਤਾ” ਓਦੋਂ ਤੇਰਾਂ ਚੌਦਾਂ ਵਰ੍ਹਿਆਂ ਦਾ..ਵੇਖੋ ਵੇਖੀ ਇੱਕ ਘਰ ਜਾ ਪਿਆ..ਡੰਗਰਾਂ ਦੇ ਗਲ਼ ਵਿਚ ਪਾਇਆ ਘੁੰਗਰੂਆਂ ਦਾ ਹਾਰ ਲੱਭਿਆ..ਓਹੀ ਹਾਰ ਲੈ ਕੇ ਤੁਰਿਆ ਆਵੇ..ਅੱਗਿਓਂ ਅੱਬਾ ਮਿਲ ਗਿਆ..ਅਸਲ ਗੱਲ ਪਤਾ ਲੱਗਣ ਤੇ ਜੁੱਤੀ ਲਾਹ ਲਈ..ਅਖ਼ੇ ਜੇ ਲੁੱਟ ਖੋਹ ਕਰਨੀ ਹੁੰਦੀ ਤਾਂ ਮੈਂ ਨਾ ਕਰ ਲੈਂਦਾ..ਜਾ ਜਿਥੋਂ ਲਿਆਂਦਾ ਓਥੇ ਛੱਡ ਕੇ ਆ..ਹਮਸਾਇਆਂ ਨੂੰ ਲੁੱਟ ਮੱਥੇ ਕਲੰਕ ਥੋੜਾ ਲਵਾਉਣਾ..!
ਇੱਕ ਵੇਲਾ ਸੀ ਜਦੋਂ ਆਮ ਖਲਕਤ ਮੱਥੇ ਕਲੰਕ ਲੱਗਣ ਤੋਂ ਕਿੰਨਾ ਡਰਿਆ ਕਰਦੀ ਸੀ!
ਹਰਪ੍ਰੀਤ ਸਿੰਘ ਜਵੰਦਾ
ਪਰ ਅੱਜਕਲ ਦੁਕਾਨਦਾਰ ਤਾਂ ਕਹਿੰਦੇ ਹਨ ਕਿ ਆਪਣਿਆਂ ਨੂੰ ਹੀ ਲੁੱਟਿਆ ਜਾਂਦਾ ਹੈ। ਬੇਗਾਨੇ ਲੁੱਟ ਦਾ ਸ਼ਿਕਾਰ ਨਹੀਂ ਬਣਦੇ।