ਮਾਂ ਦੇ ਹੱਥਾਂ ਦੀ ਰੋਟੀ
ਦੱਖਣ ਭਾਰਤ ਵਿੱਚੋਂ ਨਵੀ ਨਵੀ ਨੌਕਰੀ ਤੇ ਲੱਗਿਆ ਮੁੰਡਾ ਤਿੰਨ ਮਹੀਨਿਆਂ ਬਾਅਦ ਘਰ ਆਇਆ। ਮਾਂ ਦੀਆਂ ਅੱਖਾਂ ਤਰਸ ਗਈਆਂ ਸਨ ਪੁੱਤ ਨੂੰ ਦੇਖੇ ਨੂੰ। ਪੁੱਤ ਦੀ ਅਲਮਾਰੀ ਬਾਇਕ ਨੂੰ ਵੇਖ ਵੇਖ ਕੇ ਰੋਂਦੀ। ਅੱਖਾਂ ਵਿਚਲੇ ਪਾਣੀ ਨੂੰ ਵਹਿਣੋ ਰੋਕ ਨਾ ਸਕਦੀ। ਪੁੱਤ ਬਿਨਾਂ ਮਾਂ ਨੂੰ ਰੋਟੀ ਪਾਣੀ ਚੰਗਾ ਨਾ ਲਗਦਾ। ਖਾਣ ਵੇਲੇ ਹੰਝੂ ਮੱਲੋ ਜੋਰੀ ਆ ਜਾਂਦੇ। ਹਾਲਤ ਬਾਪ ਦੀ ਵੀ ਇਹੀ ਸੀ। ਪਰ ਓਹ ਰੋ ਨਹੀਂ ਸੀ ਸਕਦਾ। ਆਪਣੀ ਪਤਨੀ ਨੂੰ ਹੌਸਲਾ ਦਿੰਦਾ। ਇੱਕਲਾ ਲੁਕ ਲੁਕ ਕੇ ਰੋਂਦਾ। ਉਸਦੇ ਹੰਝੂ ਅੱਖਾਂ ਚੋੰ ਬਾਹਰ ਨਹੀਂ ਸੀ ਆਉਂਦੇ ਸਗੋਂ ਸਿਧੇ ਦਿਲ ਤੇ ਡਿਗਦੇ ਸਨ। ਪੁੱਤ ਦੇ ਆਉਣ ਦਾ ਦੋਨਾਂ ਨੂੰ ਚਾਅ ਸੀ।ਬਾਪ ਨੇ ਆਪਣੇ ਮਨ ਵਿੱਚ ਪੁੱਤ ਲਈ ਮੀਨੂ ਬਣਾ ਰਖਿਆ ਸੀ। ਪਹਿਲੇ ਦਿਨ ਛੋਲੇ ਪਨੀਰ, ਸ਼ਾਹੀ ਪਨੀਰ, ਮਲਾਈ ਕੋਫਤਾ ਕਦੇ ਰਾਜ ਮਾਹ ਚਾਵਲ ਤੇ ਹੋਰ ਕੁਝ। ਮਾਂ ਨੇ ਪੁੱਤ ਲਈ ਵਧੀਆ ਵਧੀਆ ਮੀਨੂ ਬਣਾ ਰਖਿਆ ਸੀ। ਦੋਵੇ ਜਣੇ ਬਜ਼ਾਰ ਜਾ ਕੇ ਫਲ ਫਰੂਟ ਡ੍ਰਾਈ ਫਰੂਟ ਵਗੈਰਾ ਲੈ ਆਏ।
ਬੇਟਾ ਅੱਜ ਸ਼ਾਹੀ ਪਨੀਰ ਤੇ ਰਾਜ ਮਾਹ ਚਾਵਲ ਬਣਾ ਲੈਂਦੇ ਹਾਂ। ਜੋ ਆਖੇ ਗਾ ਓਹੀ ਬਣਾਵਾਂ ਗੀ। ਮਾਂ ਨੇ ਰੀਝ ਨਾਲ ਪੁੱਛਿਆ।
ਨਹੀਂ ਮਾਂ ਏਹ੍ਹ ਸਮਾਨ ਤਾਂ ਮੈਂ ਰੋਜ਼ ਹੀ ਖਾਂਦਾ ਹਾਂ। ਮੇਰੇ ਲਈ ਤਾਂ ਦੁੱਧ ਪਾ ਕੇ ਤੋਰੀਆਂ ਬਣਾ ਦਿਓ। ਕੱਲ ਨੂੰ ਮਲਾਈ ਪਾ ਕੇ ਕੁੱਦੂ ਬਣਾਇਓ। ਕਦੇ ਕਰੇਲੇ ਤੜਕ ਦਿਓ। ਸ਼ਾਮੀ ਮੂੰਗੀ ਦੀ ਦਾਲ ਨਿੰਬੂ ਨਿਚੋੜ ਕੇ। ਹਾਂ ਮੰਮੀ ਇੱਕ ਦਿਨ ਰਾਤ ਵਾਲੀ ਰੋਟੀ ਤੇ ਚਿੱਬੜਾਂ ਦੀ ਚੱਟਣੀ ਰੱਖ ਕੇ ਜਰੂਰ ਖਵਾਓ। ਤਰਸ ਗਿਆ ਹਾਂ ਮਾਂ ਤੇਰੇ ਹੱਥਾਂ ਦੀ ਪੱਕੀ ਰੋਟੀ ਖਾਣ ਨੂੰ। ਇੰਨਾ ਕਹਿੰਦੇ ਹੀ ਉਸਦੀ ਅੱਖ ਚੋ ਇੱਕ ਬੂੰਦ ਟਪਕ ਪਈ।ਤੇ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ।
ਥ੍ਰੀ ਸਟਾਰ ਫਾਈਵ ਸਟਾਰ ਸੇਵਨ ਸਟਾਰ ਹੋਟਲ ਮਾਂ ਦੇ ਹੱਥਾਂ ਦੀ ਬਣੀ ਰੋਟੀ ਦੀ ਰੀਸ ਨਹੀਂ ਕਰ ਸਕਦੇ।
#ਰਮੇਸ਼ਸੇਠੀਬਾਦਲ