ਓਦੋਂ ਟੈਲੀਵਿਯਨ ਨਹੀਂ ਸੀ ਆਏ ਅਜੇ। ਬਸ ਅਖਬਾਰਾਂ ਵਿਚ ਹੀ ਖਬਰਾਂ ਤੇ ਫੋਟੋਆਂ ਛਪਦੀਆਂ ।ਉਹ ਵੀ ਬਲੈਕ ਐਂਡ ਵਾਈਟ। ਸਾਡੇ ਘਰੇ ਉਰਦੂ ਦਾ ਹਿੰਦ ਸਮਾਚਾਰ ਅਖਬਾਰ ਆਉਂਦਾ ਹੁੰਦਾ ਸੀ। ਪੰਜਾਬ ਕੇਸਰੀ ਪੜ੍ਹਨ ਦੀ ਆਗਿਆ ਨਹੀਂ ਸੀ। ਅਖੇ ਅਖਬਾਰਾਂ ਚ ਗੰਦੀਆਂ ਖਬਰਾਂ ਤੇ ਫੋਟੋਆਂ ਹੁੰਦੀਆਂ ਹਨ। ਉੱਨੀ ਦਿਨੀ ਜਦੋ ਕੋਈ ਬਾਹਰਲੇ ਮੁਲਕ ਦਾ ਲੀਡਰ ਇੰਡੀਆ ਆਉਂਦਾ ਤਾਂ ਉਹ ਇੰਦਰਾ ਗਾਂਧੀ ਨਾਲ ਹਵਾਈ ਅੱਡੇ ਤੇ ਹੱਥ ਮਿਲਾਉਂਦਾ ਤੇ ਓਹੀ ਫੋਟੋ ਅਗਲੇ ਦਿਨ ਅਖਬਾਰ ਦੀ ਮੁੱਖ ਫੋਟੋ ਹੁੰਦੀ। ਅਸੀਂ ਚੋਰੀਓ ਜਿਹੇ ਫੋਟੋ ਨੂੰ ਗੂਹ ਨਾਲ ਦੇਖਦੇ। ਬਾਹਰਲੇ ਮੁਲਕ ਦੇ ਕੱਚੀਆਂ ਜਿਹੀਆਂ ਅੱਖਾਂ ਵਾਲੇ ਲੀਡਰ ਤੇ ਸਾੜਾ ਕਰਦੇ। ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੀ ਬਾਹਲਾ ਗੰਦਾ ਸੋਚਦੇ। ਈਰਖਾ ਜਿਹੀ ਕਰਦੇ। ਪਰ ਸਕੂਲ ਵਿੱਚ ਭੈਣ ਜੀਆਂ ਮਾਸਟਰਾਂ ਨੂੰ ਵੀਰ ਜੀ ਵੀਰ ਜੀ ਕਰਦੀਆਂ। ਸਰ ਮੈਡਮ ਆਖਣ ਦਾ ਯੁੱਗ ਨਹੀਂ ਸੀ ਆਇਆ ਅਜੇ। ਪਰ ਕਿੱਸੇ ਮਾਸਟਰਾਂ ਭੈਣ ਜੀਆਂ ਦੇ ਵਾਧੂ ਸੁਣਦੇ। ਬਹੁਤੇ ਅਸੀਂ ਆਪਣੀ ਸੋਚ ਮੁਤਾਬਿਕ ਖੁਦ ਹੀ ਘੜ ਲੈਂਦੇ। ਵੀਰਜੀ ਭੈਣ ਜੀ ਸ਼ਬਦ ਸਾਨੂ ਖੋਖਲੇ ਲਗਦੇ। ਸੁਣਿਆ ਸੀ ਹਸਪਤਾਲਾਂ ਵਿੱਚ ਨਰਸਾਂ ਨੂੰ ਸਿਸਟਰ ਆਖਦੇ। ਪਰ ਸਕੀ ਭੈਣ ਵਾਲੀ ਕੋਈ ਗੱਲ ਨਜ਼ਰ ਨਾ ਆਉਂਦੀ। ਹੁਣ ਜ਼ਮਾਨਾ ਬਦਲ ਗਿਆ ਹੈ ਹੱਥ ਮਿਲਾਉਣ ਦੀ ਪਰੰਪਰਾ ਹੀ ਬਦਲ ਗਈ। ਕੋਈ ਸੰਕੋਚ ਨਹੀਂ ਕਰਦਾ। ਤੇ ਹੀ ਦਿਲ ਵਿੱਚ ਮੈਲ ਵੀ ਨਹੀਂ ਆਉਂਦੀ ਤੇ ਬੁਰਾ ਸੋਚਦਾ ਵੀ ਕੋਈ ਨਹੀਂ। ਬਹੁਤੇ ਥਾਂ ਤੇ ਭੈਣ ਜੀ ਵੀਰ ਜੀ ਵਰਗੇ ਪਵਿਤਰ ਸ਼ਬਦ ਆਪਣੀ ਪਵਿੱਤਰਤਾ ਗੰਵਾ ਚੁਕੇ ਹਨ। ਸ਼ਹਿਰੀ ਸਕੂਲਾਂ ਵਿੱਚ ਕੰਮ ਵਾਲੀ ਆਇਆ ਪੀਅਨ ਨੂੰ ਮਾਸੀ ਆਖਿਆ ਜਾਂਦਾ ਹੈ। ਪਰ ਉਹ ਸਕੀ ਮਾਸੀ ਦੇ ਮੋਹ ਤੋਂ ਕੋਸੋ ਦੂਰ ਹੁੰਦੀ ਹੈ।
ਆਹੀ ਹਾਲ ਫੇਸ ਬੁੱਕ ਤੇ ਹੈ। ਲੋਕ ਅਣਜਾਣ ਲੜਕੀਆਂ ਨੂੰ ਭੈਣ ਭੈਣ ਤੇ ਲੜਕਿਆਂ ਨੂੰ ਵੀਰਜੀ ਵੀਰ ਜੀ ਲਿਖ ਰਹੇ ਹਨ। ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਪਰ ਬਹੁਤੇ ਇਹਨਾਂ ਪਵਿੱਤਰ ਰਿਸ਼ਤਿਆਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਜਦੋਂ ਅਸੀਂ ਸ਼ਬਦ ਫੇਸ ਬੁੱਕ ਫ੍ਰੈਂਡ ਬੋਲਦੇ ਹਾਂ ਤਾਂ ਇੱਕ ਵਧੀਆ ਦੋਸਤ ਦੇ ਫਰਜ਼ ਨਿਭਾਉਂਦੇ ਹੋਏ ਉਸਤੇ ਖਰੇ ਉਤਰੀਏ। ਦੋਸਤ ਸ਼ਬਦ ਆਪਣੇ ਆਪ ਵਿਚ ਬਹੁਤ ਪਵਿੱਤਰ ਸ਼ਬਦ ਹੈ। ਇਸ ਤੇ ਪੂਰਾ ਉਤਰਨਾ ਹੀ ਬਹੁਤ ਵੱਡੀ ਗੱਲ ਹੈ। ਫਿਰ ਰਿਸ਼ਤਿਆਂ ਨੂੰ ਕਿਉਂ ਬਦਨਾਮ ਕਰਦੇ ਹੋ।
ਊਂ ਗੱਲ ਹੈ ਇੱਕ।
#ਰਮੇਸ਼ਸੇਠੀਬਾਦਲ