ਸਾਡੇ ਜੱਦੀ ਘਰ ਵਿੱਚ ਚੁਬਾਰਾ ਪਿਛਲੀ ਛੱਤ ਤੇ ਬਣਿਆ ਹੋਇਆ ਸੀ। ਥੱਲਿਓਂ ਮਾਰੀ ਗਈ ਆਵਾਜ਼ ਉਪਰ ਨਹੀਂ ਸੀ ਸੁਣਦੀ। ਇਸ ਲਈ ਅਸੀਂ ਓਥੇ ਤੋਤੇ ਦੀ ਆਵਾਜ਼ ਵਾਲੀ ਬੈੱਲ ਲਗਵਾਈ ਸੀ। ਬੈੱਲ ਦੇ ਉਪਰ ਇੱਕ ਪਿੰਜਰਾ ਜਿਹਾ ਬਣਿਆ ਸੀ। ਜਦੋ ਚੁਬਾਰੇ ਤੋਂ ਕਿਸੀ ਨੂੰ ਬੁਲਾਉਣਾ ਹੁੰਦਾ ਅਸੀਂ ਉਹ ਬੈੱਲ ਵਜਾ ਦਿੰਦੇ। ਓਨੀ ਦਿਨੀ ਡੱਬਵਾਲੀ ਪਿੰਡ ਦਾ ਇੱਕ ਬਜ਼ੁਰਗ ਮਾਸਟਰ ਮੇਰੀ ਦੀਦੀ ਤੇ ਮੇਨੂ ਅੰਗਰੇਜ਼ੀ ਦੀ ਟਿਊਸ਼ਨ ਪੜਾਉਣ ਆਉਂਦਾ ਸੀ। ਉਹ ਸਾਨੂ ਉਸ ਚੁਬਾਰੇ ਚ ਹੀ ਪੜ੍ਹਾਉਂਦਾ ਸੀ। ਜਦੋ ਉਸ ਲਾਇ ਚਾਹ ਬਣ ਜਾਂਦੀ ਤਾਂ ਅਸੀਂ ਮਾਸਟਰ ਜੀ ਲਈ ਚਾਹ ਲੈ ਆਉਂਦੇ। ਇੱਕ ਦਿਨ ਕੁਦਰਤੀ ਅਸੀਂ ਦੋਨੋ ਹੀ ਘਰ ਨਹੀਂ ਸੀ। ਚਾਹ ਬਣਾ ਕੇ ਮੇਰੇ ਮਾਤਾ ਜੀ ਸਾਨੂ ਬਲਾਉਣ ਲਈ ਤੋਤੇ ਵਾਲੀ ਘੰਟੀ ਵਜਾਉਂਦੇ ਰਹੇ। ਮਾਸਟਰ ਜੀ ਨੂੰ ਸਮਝ ਨਾ ਆਵੇ ਕਿ ਇਹ ਤੋਤਾ ਕਿਥੇ ਬੋਲਦਾ ਹੈ। ਤੋਤੇ ਦੀ ਆਵਾਜ਼ ਤਾਂ ਸੁਣਾਈ ਦਿੰਦੀ ਸੀ ਪਰ ਤੋਤਾ ਨਜ਼ਰ ਨਹੀਂ ਸੀ ਆਉਂਦਾ। ਅਖੀਰ ਜਦੋ ਹਾਰ ਕੇ ਮੇਰੇ ਮਾਤਾ ਜੀ ਚਾਹ ਲੈ ਕੇ ਖੁਦ ਗਏ ਤੇ ਸਾਨੂ ਓਥੇ ਨਾ ਵੇਖ ਕੇ ਹੈਰਾਨ ਹੋ ਗਏ। ਓਹਨਾ ਜਦੋ ਮਾਸਟਰ ਜੀ ਨੂੰ ਘੰਟੀ ਬਾਬਤ ਦਸਿਆ ਤਾਂ ਮਾਸਟਰ ਜੀ ਤਾਂ ਤੋਤੇ ਦੀ ਆਵਾਜ਼ ਸੁਨ ਕੇ ਪਹਿਲਾ ਹੀ ਪ੍ਰੇਸ਼ਾਨ ਬੈਠੇ ਸੀ। ਉਹ ਕਹਿੰਦੇ ਘੰਟੀ ਤਾਂ ਵੱਜੀ ਹੀ ਨਹੀਂ। ਮੈਂ ਤਾਂ ਤੋਤੇ ਦੀ ਟੈਂ ਟੈਂ ਸੁਣ ਕੇ ਪਾਗਲ ਹੋ ਗਿਆ। ਫਿਰ ਮਾਤਾ ਜੀ ਨੇ ਦਸਿਆ ਕੀ ਇਹ ਤੋਤੇ ਦੀ ਆਵਾਜ਼ ਹੀ ਘੰਟੀ ਹੈ ਤਾਂ ਉਸ ਨੂੰ ਬਹੁਤ ਅਚੰਭਾ ਹੋਇਆ। ਤੇ ਉਹ ਸ਼ਰਮਿੰਦਾ ਜਿਹਾ ਵੀ ਹੋਇਆ।
#ਰਮੇਸ਼ਸੇਠੀਬਾਦਲ