ਕੱਲੇ ਰਹਿਣਾ..ਘੱਟ ਬੋਲਣਾ..ਖਾਣ ਪੀਣ ਵੀ ਲੋੜ ਮੁਤਾਬਿਕ..ਹਰ ਵੇਲੇ ਬੱਸ ਆਪਣੇ ਆਪ ਵਿਚ ਹੀ ਮਸਤ..ਕਦੇ ਘੰਟਿਆਂ ਬੱਧੀ ਗੋਦਾਵਰੀ ਕੰਢੇ ਬਲਦੇ ਹੋਏ ਸਰੀਰਾਂ ਵੱਲ ਹੀ ਵੇਖੀ ਜਾਣਾ..ਕਦੇ ਮੌਜ ਵਿੱਚ ਆਇਆ ਬਾਬੇ ਨਿਧਾਨ ਸਿੰਘ ਦੇ ਲੰਗਰਾਂ ਵੱਲ ਚਲੇ ਜਾਣਾ..ਲੋਹ ਤੇ ਪੱਕਦੀਆਂ ਹੀ ਥੁਲੀ ਜਾਣੀਆਂ..ਪੇੜੇ ਕਰਦੀਆਂ ਮਾਈਆਂ ਭੈਣਾਂ ਠਿੱਠ ਕਰਨੇ..ਵੇ ਸ਼ਿੰਦਿਆ ਮਝੈਲ ਤੇ ਬੋਲਣੋਂ ਨੀ ਹਟਦੇ..ਤੂੰ ਚੁੱਪ ਹੀ ਵੱਟੀ ਰੱਖਦਾ..
ਪਰ ਗੁਰੂ ਕੇ ਬਾਗ ਲਾਗੇ ਪਿੰਡ ਲਸ਼ਕਰੀ ਨੰਗਲ ਦੇ ਜੰਮਪਲ ਭਾਈ ਸੁਖਵਿੰਦਰ ਸਿੰਘ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ..!
ਫੇਰ ਦਿਸੰਬਰ ਤ੍ਰਿਆਸੀ ਸ੍ਰੀ ਅਕਾਲ ਤਖ਼ਤ ਸਾਬ ਵੱਲੋਂ ਹਾਕ ਪਈ..ਵਾਹੀ ਲਕੀਰ ਟੱਪਣ ਵਾਲੇ ਪਹਿਲੇ ਪੂਰ ਵਿਚੋਂ ਇਹ ਵੀ..ਨੰਦੇੜ ਤੋਂ ਮਨਮਾੜ..ਫੇਰ ਗੱਡੀ ਸ੍ਰੀ ਅੰਮ੍ਰਿਤਸਰ..ਦੋ ਦਿਨ ਨਾਨਕ ਨਿਵਾਸ ਪੜਾਅ ਫੇਰ ਦਿਲ ਵਿੱਚ ਪਤਾ ਨੀ ਕੀ ਆਈ..ਚੁੱਪ-ਚੁਪੀਤੇ ਗੱਡੀ ਫੜ ਫੇਰ ਨੰਦੇੜ ਵੱਲ ਨੂੰ..ਕਿਸੇ ਨੂੰ ਕੋਈ ਖਬਰ ਨਹੀਂ..!
ਲੋਹ ਤੇ ਪ੍ਰਸ਼ਾਦੇ ਲਾਹੁੰਦੀਆਂ ਬੀਬੀਆਂ ਵੇਖਿਆ ਤਾਂ ਹੈਰਾਨ ਰਹਿ ਗਈਆਂ..ਵੇ ਸ਼ਿੰਦੇ..ਤੈਂ ਤਾਂ ਲਕੀਰ ਟੱਪੀ ਸੀ..ਸਹੁੰ ਵੀ ਖਾਦੀ..ਦਸਮ ਪਿਤਾ ਦੇ ਸਥਾਨ ਤੇ ਖੜੋ ਕੇ..ਹੁਣ ਥਿੜਕ ਗਿਆਂ..ਚੱਲ ਕੋਈ ਨਾ..
ਇੱਕ ਬੀਬੀ ਨੇ ਤਾਂ ਆਪਣੀ ਬਾਂਹ ਵਿਚੋਂ ਗੋਖੜੂ ਵੀ ਲਾਹ ਦਿੱਤੇ..ਲੈ ਮੇਰਾ ਪੁੱਤ ਪਾ ਲੈ..ਡਰ ਆਉਣੋਂ ਹਟ ਜੂ..ਆਹ ਸਰਬ ਲੋਹ ਦਾ ਹੁਣ ਮੈਨੂੰ ਫੜਾ ਦੇ!
ਇਸ ਵੇਰ ਗੱਲ ਸਿੱਧੀ ਦਿੱਲ ਤੇ ਜਾ ਵੱਜੀ..ਅੱਖੀਆਂ ਨਹੀਂ ਦਿਲ ਰੋ ਪਿਆ..ਆਹ ਮੈਥੋਂ ਕੀ ਹੋ ਗਿਆ..ਬੇਦਾਵਾ..ਕਲੰਕ..ਗੁਰੂ ਸੰਗਤ ਦਾ ਮੇਹਣਾ..ਮਰਨ ਪਿੱਛੋਂ ਵੀ ਖਹਿੜਾ ਨਹੀਂ ਛੱਡਦਾ..ਓਸੇ ਵੇਲੇ ਗੱਡੀ ਫੜ ਤੀਜੇ ਦਿਨ ਮੁੜ ਦਰਬਾਰ ਸਾਬ..!
ਨਾਲਦੇ ਪੁੱਛਦੇ ਸ਼ਿੰਦਿਆਂ ਕਿਥੇ ਗਾਇਬ ਹੋ ਗਿਆ ਸੈਂ..?
ਅੱਗਿਓਂ ਕੋਈ ਜੁਆਬ ਨਹੀਂ!
ਫੇਰ ਛੇ ਜੂਨ ਤੜਕੇ ਚਾਰ ਕੂ ਵਜੇ..ਲੰਗਰ ਸਾਬ..ਬਗੈਰ ਕਿਸੇ ਨੂੰ ਦੱਸਿਆ ਉੱਪਰ ਛੱਤ ਤੇ ਜਾ ਚੜਿਆ..ਇਹ ਵੇਖਣ ਲਈ ਕੇ ਚੜ ਕੇ ਆਏ ਕਿਥੋਂ ਤੀਕਰ ਅੱਪੜੇ..ਪਰ ਸ਼ਿਸ਼ਤ ਪਹਿਲੋਂ ਹੀ ਲੱਗੀ ਹੋਈ ਸੀ..ਫੇਰ ਮਿਥ ਕੇ ਆਈ ਨੇ ਵਕਤੀ ਚੁੱਪ ਨੂੰ ਸਦੀਵੀ ਕਰ ਦਿੱਤਾ..ਪੂਰਾ ਨਹੀਂ ਹੋਇਆ ਲੇਖੇ ਲੱਗ ਗਿਆ ਸੀ..ਪਰ ਦੱਸਦੇ ਅਜੇ ਵੀ ਬੋਲਦਾ..ਲੰਗਰ ਸਾਬ ਦੀ ਉੱਪਰਲੀ ਛੱਤ ਤੇ..ਜੂਨ ਮਹੀਨੇ ਤੜਕੇ ਸੂਰਜ ਦੀ ਟਿੱਕੀ ਦੇ ਨਾਲ ਹੀ..ਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ..!
ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ..!
ਹਰਪ੍ਰੀਤ ਸਿੰਘ ਜਵੰਦਾ