ਸੂਰਜ ਤਾਂ ਰੋਜ ਅਸਤ ਹੁੰਦਾ..ਪਰ ਜਿਹੜਾ ਇੱਕ ਸੌ ਚੁਹੱਤਰ ਸਾਲ ਪਹਿਲਾ ਉਨੱਤੀ ਮਾਰਚ ਅਠਾਰਾਂ ਸੌ ਉਂਣੀਨਜਾ ਨੂੰ ਅਸਤ ਹੋਇਆ ਉਹ ਫੇਰ ਕਦੇ ਨਾ ਚੜ ਸਕਿਆ..!
ਲਾਹੌਰ ਸ਼ਾਹੀ ਕਿਲੇ ਦੇ ਸਾਮਣੇ ਖੁੱਲੀ ਥਾਂ ਕੀਤਾ ਇੱਕ ਉਚੇਚਾ ਸਮਾਰੋਹ..ਸਾਦਾ ਵੀ ਕੀਤਾ ਜਾ ਸਕਦਾ ਸੀ..ਪਰ ਲਾਰਡ ਡਲਹੌਜੀ ਅਤੇ ਉਸਦਾ ਸਹਾਇਕ ਇਲੀਅਟ..ਸਮਰਪਣ ਕਰਨ ਵਾਲਿਆਂ ਦੇ ਚੇਹਰਿਆਂ ਦੇ ਹਾਵ ਭਾਵ ਵੇਖਣਾ ਚਾਹੁੰਦੇ ਸਨ..ਪਛਤਾਵਾ..ਦੁੱਖ..ਖੁੱਸ ਜਾਣ ਦਾ ਝੋਰਾ..ਨੰਗ ਹੋ ਗਿਆ ਦਰਬਾਰ-ਏ-ਖਾਲਸਾ..ਸ਼ਾਨੋਂ-ਸ਼ੋਕਤ..ਰੌਣਕ..ਲਾਮੋਂ-ਲਸ਼ਕਰ..ਹਾਥੀ ਘੋੜੇ ਬੰਦੂਕਾਂ ਸ਼ਸ਼ਤਰ ਤੀਰ ਕਮਾਨ..ਸਭ ਕੁਝ ਅੱਜ ਯੂਨੀਅਨ ਜੈਕ ਹੇਠ ਆ ਜਾਣਾ ਸੀ..!
ਸਭ ਚੁੱਪ ਸਨ..ਬਜ਼ੁਰਗ ਜਮਾਦਾਰ ਫੌਜੀ ਲੰਮੇ ਦਾਹੜੇ ਚੋਲੇ ਜਾਹੋ ਜਲਾਲ..ਜੈਕਾਰੇ ਛੱਡਣ ਦੀ ਵੀ ਸਖਤ ਮਨਾਹੀ ਸੀ..ਸਭ ਕੁਝ ਚੁੱਪ ਚੁਪੀਤੇ ਖਾਮੋਸ਼ ਰਹਿ ਕੇ ਹੀ ਕਰਨਾ ਸੀ..ਸਿਰਫ ਹੰਝੂ ਵਹਾਅ ਸਕਦੇ ਸਨ..ਉਹ ਵੀ ਖਾਮੋਸ਼ੀ ਦੀ ਚਾਦਰ ਹੇਠ ਲੁਕੋ..ਕਬਰਾਂ ਵਰਗੀ ਚੁੱਪ..ਮੜੀ ਨੂੰ ਦਾਗਣ ਵੇਲੇ ਡੁਸਕਦੇ ਹੋਏ ਮਜਬੂਰ..!
ਦਸਾਂ ਸਾਲਾਂ ਦਾ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ..ਸੁਵੇਰੇ ਦਸ ਕੂ ਵਜੇ ਤਖ਼ਤ ਤੋਂ ਉਠਾਇਆ..ਅੰਗਰੇਜ਼ਾਂ ਵੱਲੋਂ ਤਿਆਰ ਐਲਾਨਨਾਮਾ ਪੜਿਆ..ਫੇਰ ਉਸ ਤੇ ਦਸਤਖਤ ਕੀਤੇ..ਕੋਹੇਨੂਰ ਓਹਨਾ ਹਵਾਲੇ ਕੀਤਾ..ਤੇ ਫੇਰ ਲਾਂਭੇ ਕਰ ਦਿੱਤਾ ਗਿਆ ਬੇਜੁਬਾਨ..ਕੋਲ ਹੀ ਇੱਕ ਪਾਸੇ ਸਰਕਾਰ-ਏ-ਖਾਲਸਾ ਦੀ ਮੜੀ ਤੇ ਅਜੀਬ ਖਾਮੋਸ਼ੀ ਵਾਲੀ ਕੈਫ਼ੀਅਤ..ਰਾਵੀ ਦੀਆਂ ਲਹਿਰਾਂ ਦੀ ਮਟਕ ਗਵਾਚ ਗਈ ਸੀ..ਅੱਟਕ ਦਰਿਆ ਟੱਪਦੇ ਜੁਸੇਦਾਰ ਘੋੜੇ ਫੁੰਕਾਰੇ ਮਾਰ ਰਹੇ ਸਨ ਪਰ ਅੱਜ ਲਗਾਮਾਂ ਕਿਸੇ ਹੋਰ ਦੇ ਹੱਥ ਸਨ..!
ਜਦੋਂ ਖਾਲਸਾ ਫੌਜ ਦਾ ਸਿਪਾਹੀ ਆਪਣਾ ਘੋੜਾ ਅੰਗਰੇਜ ਫੌਜ ਹਵਾਲੇ ਕਰਦਾ ਤਾਂ ਦੋਵੇਂ ਕਿੰਨੀ ਦੇਰ ਮੁੜ ਮੁੜ ਇੱਕ ਦੂਸਰੇ ਨੂੰ ਵੇਖਦੇ..ਫੇਰ ਘੋੜਾ ਉੱਚੀ ਸਾਰੀ ਹਿਣਕਦਾ..ਅੱਜ ਸਦਾ ਲਈ ਵਿਛੋੜੇ ਜੂ ਪੈ ਜਾਣੇ ਸਨ..ਅਜੀਬ ਵਰਤਾਰਾ..ਜਾਨਵਰ ਵੀ ਹੈਰਾਨ ਸਨ..ਅੱਜ ਖਾਲਸਾ ਫੌਜ ਨਾਲ ਕੀ ਭਾਣਾ ਵਾਪਰ ਗਿਆ..ਨਾ ਕਿਸੇ ਅੱਡੀ ਲਾਈ..ਨਾ ਲਗਾਮ ਹੀ ਖਿੱਚੀ..ਨਾ ਜੈਕਾਰਾ ਛੱਡਿਆ..ਕਬਰਾਂ ਵਰਗੀ ਚੁੱਪ..ਰਾਣੀ ਜਿੰਦਾ ਅਣਜਾਣ ਕਿਲੇ ਦੀ ਕੰਧ ਨਾਲ ਮੱਥਾ ਮਾਰ ਰੋ ਰਹੀ ਸੀ..ਮਹਾਰਾਜੇ ਨੂੰ ਯਾਦ ਕਰ..ਮੇਰਾ ਸਭ ਕੁਝ ਉੱਜੜ ਗਿਆ..ਆਪਣੇ ਪਿੱਠ ਵਿਚ ਛੁਰੀਆਂ ਮਾਰ ਗਏ..ਵਾਵਰੋਲੇ ਮਗਰੋਂ ਤਹਿਸ ਨਹਿਸ ਹੋ ਗਿਆ ਚਿੜੀ ਦਾ ਆਲ੍ਹਣਾ..ਹੁਣ ਕਿਸ ਨੂੰ ਅਵਾਜ ਮਾਰੇ..ਸਾਰਾ ਲਾਹੌਰ ਚੁੱਪ ਸੀ..ਹੈਰਾਨ ਸੀ..ਸਦਮੇਂ ਵਿੱਚ ਸੀ..ਦੀਵਾਨ-ਏ.ਆਮ..ਦੀਵਾਨ-ਏ-ਖਾਸ ਦੇ ਥੜਿਆਂ ਵੀ ਨੀਵੀਂ ਪਾਈ ਹੋਈ ਸੀ..ਕੋਲ ਬਾਗਾਂ ਦੀ ਹਰਿਆਵਲ..ਚਿੜੀਆਂ ਦੀ ਚੂੰ-ਚੂੰ ਅਵਾਕ ਸੀ..ਖਾਮੋਸ਼ੀ..ਉਦਾਸ ਹਵਾ..!
ਫੇਰ ਰੋਂਦੀ ਕੁਰਲਾਉਂਦੀ ਜਿੰਦਾ ਚੁਨਾਰ ਦੇ ਕਿਲੇ ਅੱਪੜ ਗਈ..ਪਹਿਲੋਂ ਅਲਫ਼ ਨਿਰਵਸਤਰ ਕਰ ਤਲਾਸ਼ੀ ਲਈਂ..ਨਿੱਕਾ ਮਹਾਰਾਜ ਫਤਹਿਗੜ ਘੱਲ ਦਿੱਤਾ ਗਿਆ..ਇੰਗਲੈਂਡ ਦੀ ਮਹਾਰਾਣੀ ਦਾ ਖਾਸ ਏਲਚੀ..ਲੋਗਨ..ਉਸਨੂੰ ਖਾਸ ਹਿਦਾਇਤ ਸੀ..ਮਹਾਰਾਜੇ ਨੂੰ ਅੰਗਰੇਜੀ ਸਿਖਾਈ ਜਾਵੇ..ਪੱਛਮੀਂ ਮਾਹੌਲ..ਰਹਿਣ ਸਹਿਣ..ਪੋਸ਼ਾਕਾਂ..ਚਕਾਚੌਂਦ..ਹੁਸਨ ਸ਼ਬਾਬ ਰੰਗੀਨੀਆਂ ਝਲਕਾਰੇ..ਸ਼ਰਾਬ ਮਦਿਰਾਵਾਂ ਅਤੇ ਥਿਰਕਦੀ ਜਵਾਨੀ..ਅਤੇ ਹੋਰ ਵੀ ਕਿੰਨੇ ਕੁਝ ਨੇ ਬਾਲ ਮਨ ਤੇ ਅਸਰ ਕੀਤਾ..ਉਹ ਸਭ ਕੁਝ ਭੁੱਲ ਗਿਆ..ਲਾਹੌਰ ਮੁਲਤਾਨ ਗੁਜਰਾਂਵਾਲਾ ਅੱਟਕ ਜਮਰੌਦ ਕਾਬੁਲ ਕੰਧਾਰ ਦੱਰਾ-ਖੈਬਰ ਕਸ਼ਮੀਰ ਲਦਾਖ਼ ਦਰਬਾਰ ਸਾਹਿਬ ਅਮ੍ਰਿਤਸਰ..ਕਿਸੇ ਦਾ ਵੀ ਚੇਤਾ ਨਾ ਆਉਣ ਦਿੱਤਾ ਜਾਂਦਾ..ਜੇ ਆਉਂਦਾ ਵੀ ਤਾਂ ਓਸੇ ਵੇਲੇ ਧਿਆਨ ਭਟਕਾ ਦਿੱਤਾ ਜਾਂਦਾ..ਇਥੋਂ ਤੱਕ ਕੇ ਖੁਦ ਦੇ ਬਾਪ ਰਣਜੀਤ ਸਿੰਘ ਖਿਲਾਫ ਭੰਡੀ ਪ੍ਰਚਾਰ ਕੀਤਾ..ਅੱਤ ਦਰਜੇ ਦਾ ਸ਼ਰਾਬੀ..ਚਰਿੱਤਰਹੀਣ..ਧਰਮ ਤੋਂ ਦੂਰ..ਪਰਜਾ ਦੇ ਦੁੱਖਾਂ ਤੋਂ ਬੇਖਬਰ..ਕਮਜ਼ੋਰ ਸ਼ਾਸ਼ਕ..ਕੱਟੜ ਅਤੇ ਅਨਪੜ..ਪਰ ਰਣਜੀਤ ਸਿੰਘ ਦੀ ਮੜੀ ਅਜੇ ਵੀ ਖਾਮੋਸ਼ ਸੀ..ਪਰ ਅੱਧੀ ਰਾਤ ਦੱਸਦੇ ਓਥੋਂ ਅਵਾਜ਼ਾਂ ਆਉਂਦੀਆਂ..!
ਮਹਾਰਾਣੀ ਲੰਡਣੋਂ ਦਲੀਪ ਨੂੰ ਚਿੱਠੀਆਂ ਘੱਲਦੀ..ਖੇਖਣ ਕਰਦੀ..ਤੂੰ ਮੇਰਾ ਪੁੱਤਰ ਏ..ਤੈਨੂੰ ਮਿਲਣਾ ਚਾਹੁੰਦੀ ਹਾਂ..ਤੂੰ ਛੇਤੀ ਇਥੇ ਆ ਜਾ..ਦਲੀਪ ਜਿੰਦਾ ਨੂੰ ਵੀ ਭੁੱਲ ਗਿਆ..ਉਹ ਚੁਨਾਰ ਦੇ ਕਿਲੇ ਵਿਚ ਕੈਦ ਬਿਨ ਪਾਣੀਓਂ ਮੱਛੀ ਵਾਂਙ ਤੜਪਦੀ..ਨੌਕਰਾਣੀ ਨੂੰ ਪੁੱਛਦੀ ਪੰਜਾਬ ਕਿਸ ਪਾਸੇ ਵੱਲ ਨੂੰ ਪੈਂਦਾ..ਫੇਰ ਓਧਰ ਇੱਕਟਕ ਵੇਖਦੀ ਰਹਿੰਦੀ..ਹਮੇਸ਼ਾਂ ਫੁੱਲਾਂ ਵਾਂਙ ਰੱਖਣ ਵਾਲਾ ਸਿਰ ਦਾ ਸਾਈਂ ਵੀ ਕਦੇ ਦਾ ਮੁੱਕ ਗਿਆ ਸੀ..ਉਸਦੀ ਨਿਸ਼ਾਨੀ ਅੱਖੋਂ ਓਹਲੇ ਕਰ ਦਿੱਤੀ ਗਈ..ਨੀਂਦਰ ਕਿਥੇ ਪੈਂਦੀ..ਸਾਰੀ ਸਾਰੀ ਰਾਤ ਰੋਂਦੀ ਰਹਿੰਦੀ..ਏਨੀ ਗੱਲ ਲਿਖਣੀ ਸੌਖੀ ਪਰ ਪਿੰਡੇ ਤੇ ਹੰਢਾਉਣੀ ਬੜੀ ਔਖੀ..ਕਿਸੇ ਵੈਰੀ ਤੇ ਵੀ ਨਾ ਪਵੇ ਇੰਝ ਦੀ ਬਿਪਤਾ..!
ਫੇਰ ਇੱਕ ਦਿਨ ਨੇਪਾਲ ਭੱਜ ਗਈ..ਓਥੋਂ ਦੇ ਰਾਜੇ ਨੂੰ ਰਣਜੀਤ ਦਾ ਵਾਸਤਾ ਪਾਇਆ..ਉਸ ਪੈਨਸ਼ਨ ਲਾ ਦਿੱਤੀ..ਫੇਰ ਕਲਕੱਤੇ ਸਪੇਂਸ ਹੋਟਲ ਪੁੱਤਰ ਨਾਲ ਮਿਲਾਪ ਹੋਇਆ..ਧਰਤੀ ਪਾਟ ਗਈ..ਅੰਬਰ ਲੀਰੋ ਲੀਰ ਹੋ ਗਿਆ..ਰੋ ਰੋ ਅੰਨੀ ਤੇ ਪਹਿਲੋਂ ਹੀ ਹੋ ਗਈ ਸੀ..ਜੂੜੇ ਨੂੰ ਟੋਹਿਆ..ਧਾਹ ਨਿੱਕਲ ਗਈ..ਦੁਹੱਥੜ ਮਾਰੀ..ਮੇਰੇ ਦਲੀਪ ਦਾ ਜੂੜਾ ਤੇ ਊੜਾ..ਹਾਏ-ਮੇਰਿਆਂ ਰੱਬਾ..ਮੇਰਾ ਰਣਜੀਤ ਸਿੰਘ ਅੱਜ ਮੋਇਆ..!
ਦਲੀਪ ਨੂੰ ਨਾਲ ਰਹਿਣ ਦੀ ਇਜਾਜਤ ਨਾ ਦਿੱਤੀ..ਹਫਤੇ ਵਿਚ ਦੋ ਦਿਨ ਮਿਲਣ ਦਿੱਤਾ ਜਾਂਦਾ..ਉਹ ਉਸ ਨੂੰ ਟੋਹਂਦੀ..ਟੁੰਬਦੀ..ਵਿਰਾਸਤ ਚੇਤੇ ਕਰਵਾਉਂਦੀ..ਕੋਹੇਨੂਰ ਦੀਆਂ ਗੱਲਾਂ ਕਰਦੀ..ਲੋਗਨ ਤਿੱਖੀ ਨਜਰ ਰੱਖਦਾ..ਦਿਲੋਂ ਸੋਚਦਾ ਇਹ ਬੁੱਢੀ ਮਰ ਹੀ ਕਿਓਂ ਨਹੀਂ ਜਾਂਦੀ..ਫੇਰ ਉਹ ਇੱਕ ਦਿਨ ਵਾਕਿਆ ਈ ਮਰ ਗਈ..ਸਹਿਕਦੀ..ਕਿੰਨਾ ਕੁਝ ਯਾਦ ਕਰਦੀ ਹੋਈ..ਦਲੀਪ ਨੇ ਆਖਿਆ ਇਸਨੂੰ ਪੰਜਾਬ ਜਾ ਲਾਂਬੂ ਲਾਉਣਾ..ਪਰ ਉਹ ਨਾ ਮੰਨੇ..ਬੁਝ ਗਈ ਚੰਗਿਆੜੀ ਫੇਰ ਭੜਕ ਉਠੇਗੀ..ਫੇਰ ਨਰਮਦਾ ਕੰਢੇ ਸਵਾਹ ਬਣ ਗਈ..ਫੁਲ ਓਥੇ ਹੀ ਦੱਬ ਦਿੱਤੇ..!
ਦਲੀਪ ਮੁੱਕਿਆ ਤਾਂ ਦੋ ਧੀਆਂ ਵਿਚੋਂ ਇੱਕ ਧੀ ਬੰਬਾਂ ਲਾਹੌਰ ਆ ਗਈ..ਬੰਗਲਾ ਖਰੀਦ ਲਿਆ..ਸਾਰਾ ਦਿਨ ਸੜਕਾਂ ਤੇ ਘੁੰਮਦੀ ਰਹਿੰਦੀ..ਦਾਦੇ ਦੀਆਂ ਨਿਸ਼ਾਨੀਆਂ ਟੋਹਂਦੀ..ਮਹਿਸੂਸ ਕਰਦੀ..ਲਾਹੌਰ ਦੀਆਂ ਹਵਾਵਾਂ ਵਿਚੋਂ ਗਵਾਚਿਆ ਅਤੀਤ ਲੱਭਦੀ..ਰਾਵੀ ਕੰਢੇ ਘੰਟਿਆਂ ਬੱਧੀ ਬੈਠੀ ਰਹਿੰਦੀ..ਫੇਰ ਗੋਰੇ ਸੰਤਾਲੀ ਵੇਲੇ ਚਲੇ ਗਏ..ਰਣਜੀਤ ਦੀ ਵਿਰਾਸਤ ਦੀ ਹਿੱਕ ਤੇ ਲਕੀਰ ਫੇਰ ਗਏ..ਖੋਹਿਆ ਕਿਸੇ ਤੋਂ ਸੀ ਤੇ ਫੜਾ ਕਿਸੇ ਹੋਰ ਨੂੰ ਗਏ..ਮਹਾਰਾਣੀ ਬੰਬਾ ਨੂੰ ਸੁਫ਼ਨੇ ਵਿਚ ਦਾਦਾ ਰਣਜੀਤ ਸਿੰਘ ਮਿਲਿਆ..ਭਰੇ ਹੋਏ ਗੱਚ ਨਾਲ ਆਖਣ ਲੱਗਾ ਮੇਰੇ ਕੋਲ ਹੀ ਰਹੀਂ..ਇੱਕਲਾ ਨਹੀਂ ਰਿਹਾ ਜਾਂਦਾ..ਫੇਰ ਵਾਕਿਆ ਹੀ ਲਾਹੌਰ ਹੀ ਰਹੀ..ਸੰਨ ਅਠਵੰਜਾ ਤੀਕਰ..ਫੇਰ ਇੱਕ ਦਿਨ ਸਰਕਾਰ-ਏ-ਖਾਲਸਾ ਦਾ ਇਹ ਆਖਰੀ ਸੂਰਜ ਵੀ ਅਸਤ ਹੋ ਗਿਆ..ਸਦਾ ਲਈਂ..ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਟੋਲਦਾ ਰਹੀਂ..!
ਅੱਜ ਵੀ ਲਾਹੌਰ ਰਣਜੀਤ ਸਿੰਘ ਦੀ ਮੜੀ ਕੋਲ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਇੱਕ ਫਕੀਰ ਫਿਜ਼ਾ ਵਿੱਚ ਪੱਸਰੇ ਹੋਏ ਧੂੰਏਂ ਵਿੱਚੋਂ ਦੀ ਗਾਉਂਦਾ ਹੋਇਆ ਸ਼ੂਕਦਾ ਤੁਰਿਆ ਜਾਂਦਾ ਕਈਆਂ ਵੇਖਿਆ..ਕਈ ਮਗਰ ਜਾਂਦੇ ਤਾਂ ਰਾਵੀ ਦੇ ਢਾਹਿਆਂ ਕੋਲ ਜਾ ਅਲੋਪ ਹੋ ਜਾਂਦਾ..ਪਰ ਅਵਾਜ ਆਉਂਦੀ ਰਹਿੰਦੀ..ਅਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ..ਸ਼ੇਰ-ਏ-ਪੰਜਾਬ ਦੀ ਮੜੀ ਪਈ ਏ ਆਖਦੀ..ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ!
ਹਰਪ੍ਰੀਤ ਸਿੰਘ ਜਵੰਦਾ