ਹਿਜ਼ਰਤ | hizrat

ਗੱਲ ਉਹਨਾਂ ਦਿਨਾਂ ਦੀ ਹੈ ਜਦੋ ਕੁਝ ਸ਼ਰਾਰਤੀ ਲੋਕ ਹਿੰਦੂ ਸਿੱਖ ਵਿੱਚ ਪਾੜਾ ਪਾਉਣ ਨੂੰ ਉਤਾਰੂ ਸਨ। ਅਪਰਾਧੀ ਕਿਸਮ ਦੇ ਲੋਕ ਫਿਰੌਤੀ ਮੰਗਣ ਲਈ ਕਿਸੇ ਦੇ ਜੁਆਕ ਚੁੱਕ ਲੈਂਦੇ ਸਨ। ਕਈ ਵਾਰੀ ਨਿਰਦੋਸ਼ ਲੋਕਾਂ ਨੂੰ ਮਾਰ ਵੀ ਦਿੰਦੇ ਸਨ।ਆਪਣੇ ਬਚਾ ਲਈ ਹਿੰਦੂ ਹੀ ਨਹੀਂ ਕਈ ਸਿੱਖ ਪਰਿਵਾਰ ਵੀ ਸੁਰਖਿਅਤ ਥਾਵਾਂ ਤੇ ਚੱਲੇ ਗਏ। ਪੰਜਾਬੀ ਸਾਂਝ ਕਰਕੇ ਕਿਸੇ ਦੇ ਪਿੰਡ ਛੱਡਣ ਤੇ ਬਾਕੀ ਦੇ ਲੋਕ ਆਪਣੇ ਆਪ ਨੂੰ ਦੋਸ਼ੀ ਮੰਨਦੇ। ਕਈ ਵਾਰੀ ਹਿਜਰਤ ਕਰਕੇ ਜਾਣ ਵਾਲਿਆਂ ਨੂੰ ਰੋਕ ਵੀ ਲਿਆ ਜਾਂਦਾ। ਪਿੰਡ ਵਾਲੇ ਇਸ ਗੱਲ ਦੀ ਗਰੰਟੀ ਦਿੰਦੇ ਕਿ ਉਹਨਾ ਨੂੰ ਮਾਰ ਕੇ ਹੀ ਕੋਈ ਉਹਨਾਂ ਨੂੰ ਹਾਨੀ ਪਹੁੰਚਾਇ ਗਾ। ਸਾਲਾਂ ਦਾ ਭਾਈਚਾਰਾ ਤੋੜਨਾ ਸੁਖਾਲਾ ਨਹੀਂ ਸੀ। ਨਾਲ ਲਗਦੇ ਪੰਜਾਬ ਦੇ ਕਿਸੇ ਪਿੰਡ ਵੱਸਦੇ ਹਿੰਦੂ ਪਰਿਵਾਰ ਨੇ ਪਿੰਡ ਵਾਲਿਆਂ ਤੋਂ ਚੋਰਿਓਂ ਸਵੇਰੇ ਤਿੰਨ ਵਜੇ ਹੀ ਹਿਜਰਤ ਕਰਨ ਦਾ ਫੈਸਲਾ ਕਰ ਲਿਆ। ਘਰ ਦਾ ਸਾਰਾ ਸਮਾਨ ਫਟਾਫਟ ਟਰਾਲੀ ਵਿੱਚ ਸੁੱਟ ਲਿਆ। ਅਜੇ ਚਲਣ ਵਾਲੇ ਸੀ ਸਨ ਕਿ ਗੁਆਂਢੀਆਂ ਨੂੰ ਭਿਣਕ ਪੈ ਗਈ। ਪੂਰਾ ਮਹੱਲਾ ਜਾਗ ਪਿਆ। ਪਿੰਡ ਵਾਲਿਆਂ ਨੂੰ ਬਹੁਤ ਮਹਿਸੂਸ ਹੋਇਆ।ਪਰ ਚੋਰੀਓ ਜਾਣ ਤੇ ਉਹ ਨਰਾਜ ਵੀ ਹੋਏ।
ਸੇਠਾਂ ਜੇ ਤੈਨੂੰ ਸਾਡੇ ਤੇ ਯਕੀਨ ਨਹੀਂ। ਬੁਈ ਸ਼ੱਕ ਤੁਸੀਂ ਚਲੇ ਜਾਓ। ਪਰ ਸਾਡੇ ਜਿੰਦੇ ਜੀ ਕੋਈ ਤੁਹਾਡੇ ਵੱਲ ਅੱਖ ਪੁੱਟ ਕੇ ਨਹੀ ਦੇਖ ਸਕਦਾ। ਪਿੰਡ ਦਾ ਸਰਪੰਚ ਰੋ ਰੋ ਕੇ ਸੇਠ ਦੀਆਂ ਮਿਨਤਾ ਕਰ ਰਿਹਾ ਸੀ। ਸੇਠ ਚੁਪ ਸੀ। ਪਰ ਗੁਆਂਢੀ ਪਿੰਡ ਚ ਵਾਪਰੀਆਂ ਵਾਰਦਾਤਾਂ ਉਸਨੂੰ ਬੇਚੈਨ ਕਰ ਰਹੀਆਂ ਸਨ।
ਸੇਠਾਂ ਤੂੰ ਮੈਨੂੰ ਚਾਚਾ ਆਖਦਾ ਹੈ। ਫਿਰ ਮੈਂ ਤੇਰੇ ਪਿਓ ਸਮਾਨ ਹਾਂ । ਮੇਰੀ ਮੰਨ ਸਾਨੂ ਛੱਡ ਕੇ ਨਾ ਜਾ। ਗੁਆਂਢੀ ਬੋਲਿਆ।
ਚੱਲ ਚਾਚਾ ਤੂੰ ਮੂੰਹ ਹਨੇਰੇ ਚ ਨਾ ਜਾ।
ਦਿਨ ਚੜ੍ਹੇ ਅਸੀਂ ਤੈਨੂੰ ਦਿਨ ਦੇ ਚਾਨਣ ਚ ਖੁਦ ਛੱਡ ਆਵਾਂਗੇ। ਹਨੇਰੇ ਚ ਜਾ ਕੇ ਸਾਨੂੰ ਸ਼ਰਮਿੰਦਾ ਨਾ ਕਰ। ਕਿਹ ਕੇ ਓਹ ਨੌਜਵਾਨ ਸੇਠ ਦੇ ਪੈਰੀਂ ਪੈ ਗਿਆ। ਤੇ ਪਰਲ ਪਰਲ ਹੰਝੂ ਵਹਾਉਣ ਲੱਗਾ।
ਚੁਲੋ ਛੱਡੋ ਜੀ ਨਹੀਂ ਜਾਂਦੇ ਜਿਥੇ ਆਪਣੇ ਇੰਨੇ ਆਪਣੇ ਹਨ ਉਥੇ ਜੇ ਮੌਤ ਵੀ ਆ ਜਾਵੇ ਤਾਂ ਦੁਖ ਨਹੀਂ। ਸ਼ਹਿਰ ਵਿੱਚ ਤਾਂ ਨਿਰਮੋਹੇ ਲੋਕ ਵੱਸਦੇ ਹਨ। ਇੰਨਾ ਪਿਆਰ ਕਿਤੋਂ ਹੋਰ ਨਹੀਂ ਮਿਲਣਾ। ਹੁਣ ਸੇਠਾਣੀ ਤੋਂ ਬੋਲੇ ਬਿਨ ਰਿਹਾ ਨਹੀਂ ਗਿਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *