ਰੋਟੀ ਵਾਲਾ ਡਿੱਬਾ | roti wala dabba

ਡੈਲੀ ਹਮਦਰਦ 30 ਮਈ 2016 ਨੂੰ ਛਪੀ ਮੇਰੀ ਮੇਰੀ ਸਰਵੋਤਮ ਪੰਜਾਬੀ ਕਹਾਣੀ
ਰੋਂ ਦੀ ਤਰਾਂ ਉਹ ਕਲੋਨੀ ਰੋਡ ਆਲੇ ਫਾਟਕ ਤੇ ਬਣੇ ਲੇਬਰ ਚੌਕ ਕੋਲੇ ਖੜਾ ਸੀ। ਉਸ ਨੇ ਸਾਈਕਲ ਰੇਲਵੇ ਦੀ ਕੰਧ ਨਾਲ ਇਹ ਸੋਚ ਕੇ ਛਾਂਵੇ ਹੀ ਲਗਾ ਦਿੱਤਾ ਕਿਤੇ ਧੁੱਪ ਨਾਲ ਪੈੱਚਰ ਨਾ ਹੋ ਜਾਵੇ ਤੇ ਆਪ ਇੱਧਰ ਧੁੱਪ ਆਲੇ ਪਾਸੇ ਨਾਲ ਦੇ ਮਜਦੂਰਾਂ ਕੋਲ ਖੜ੍ਹ ਗਿਆ।ਇੱਧਰਲੇ ਪਾਸੇ ਮਜਦੂਰ ਲੈਣ ਆਲੇ ਲੋਕ ਕੁਝ ਜਿਆਦਾ ਆਉਂਦੇ ਹਨ।ਜੇ ਪਹਿਲਾ ਦੀ ਤਰਾਂ ਦੱਸ ਪੰਦਰਾਂ ਦਿਨਾਂ ਦਾ ਕੰਮ ਮਿਲ ਜਾਵੇ ਤਾਂ ਉਹ ਮੁੰਡੇ ਦਾ ਦਾਖਲਾ ਉਸ ਸਕੂਲ ਵਿੱਚ ਕਰਵਾ ਸਕੇਗਾ ਜਿਥੇ ਪੜ੍ਹਦੇ ਬੱਚਿਆਂ ਨੂੰ ਵੇਖਕੇ ਉਸਨੂੰ ਬਾਹਲਾ ਚਾਅ ਜਿਹਾ ਚੜ੍ਹ ਜਾਂਦਾ ਹੈ । ਨੀਲੀ ਨਿੱਕਰ ਅਤੇ ਅਸਮਾਨੀ ਰੰਗ ਦੀ ਕਮੀਜ ਤੇ ਟਾਈ ਲੱਗੀ ਟਾਈ ਵਿੱਚ ਉਸ ਦਾ ਗੋਲੂ ਕਿੰਨਾ ਸੋਹਣਾ ਲੱਗੂਗਾ। ਕੀ ਹੋ ਗਿਆ ਜੇ ਗੋਲੂ ਦਾ ਰੰਗ ਥੋੜਾ ਕਾਲਾ ਹੈ ਬੱਚਾ ਤਾਂ ਕਪੜਿਆਂ ਨਾਲ ਹੀ ਫੱਬਦਾ ਹੈ। ਫਿਰ ਜਦੋ ਉਹ ਰਿਕਸ਼ੇ ਤੇ ਸੇਠਾਂ ਦੇ ਮੰਡਿਆਂ ਨਾਲ ਬੈਠੂ ਤਾਂ ਸੇਠ ਹੀ ਲੱਗੂ।
ਸਾਢੇ ਅੱਠ ਵੱਜਣ ਨੂੰ ਆਏ ਸਨ ਪਰ ਕੋਈ ਵੀ ਮਿਸਤਰੀ ਜਾ ਸੇਠ ਮਜਦੂਰ ਲੈਣ ਨਹੀ ਆਇਆ। ਬਹੁਤੇ ਮਜਦੂਰ ਤੇ ਮਿਸਤਰੀ ਤਾਂ ਬਹੁਤ ਪਹਿਲਾ ਹੀ ਕੰਮ ਤੇ ਚਲੇ ਗਏ ਸਨ। ਉਸਨੂੰ ਉਮੀਦ ਸੀ ਕਿ ਕੋਈ ਨਾ ਕੋਈ ਭਈਆਂ ਠੇਕੇਦਾਰ ਉਹਨਾ ਨੂੰ ਜਰੂਰ ਲੈ ਜਾਵੇਗਾ। ਪਰ ਅੱਜ ਕੱਲ ਤਾਂ ਆਪਣੇ ਪੰਜਾਬੀ ਮਿਸਤਰੀ ਵੀ ਭਈਆਂ ਨੂੰ ਪਹਿਲ ਦਿੰਦੇ ਹਨ ਕਿਉਕਿ ਪੰਜਾਬੀ ਗਾਲ੍ਹ ਦਿੱਤੇ ਬਿਨਾ ਰਹਿ ਨਹੀ ਸਕਦਾ ਤੇ ਪੰਜਾਬੀ ਮਜਦੂਰ ਗਾਲ੍ਹ ਕਿਸੇ ਦੀ ਸਹਿੰਦਾ ਨਹੀ।ਇਸੇ ਕਰਕੇ ਲੋਕਲ ਪੰਜਾਬੀ ਮਜਦੂਰਾਂ ਨੂੰ ਬਹੁਤ ਘੱਟ ਦਿਹਾੜੀਆਂ ਮਿਲਦੀਆਂ ਹਨ। ਕਈ ਤਾਂ ਅੱਧਾ ਦਿਨ ਉਡੀਕ ਕੇ ਆਪਣੇ ਆਪਣੇ ਪਿੰਡ ਵਾਪਿਸ ਚਲੇ ਜਾਂਦੇ ਹਨ।
ਪਿਛਲੇ ਮਹੀਨੇ ਉਸ ਦੀਆਂ ਕਾਫੀ ਦਿਹਾੜੀਆਂ ਲੱਗ ਗਈਆਂ ਸਨ। ਜਦੋ ਉਹ ਸੁਨਿਆਰਾਂ ਦੀ ਕੋਠੀ ਪੈੱਦੀ ਸੀ। ਠੇਕੇਦਾਰ ਉਸਨੂੰ ਆਪ ਲੈ ਗਿਆ ਸੀ। ਫਿਰ ਉਸਨੇ ਵੀ ਲਗਾਤਾਰ ਦਿਹਾੜੀ ਦੇ ਲਾਲਚ ਵਿੱਚ ਕੰਮ ਸੰਭਾਲ ਲਿਆ। ਉਹ ਦੂਜੇ ਮਜਦੂਰਾਂ ਤੇ ਮਿਸਤਰੀਆਂ ਦੇ ਆਉਣ ਤੋ ਅੱਧਾ ਘੰਟਾ ਪਹਿਲਾ ਹੀ ਕੰਮ ਤੇ ਪਹੰਚ ਜਾਂਦਾ ਤੇ ਕੰਮ ਦੀ ਚਾਲ ਬਣਾ ਦਿੰਦਾ। ਉਹ ਪਹਿਲਾ ਹੋਏ ਕੰਮ ਤੇ ਪਾਣੀ ਦੀ ਪਾਈਪ ਲਾਕੇ ਤਰਾਈ ਕਰਦਾ। ਬਰੇਤੀ ਛਾਣਕੇ ਲੋੜ ਅਨੁਸਾਰ ਮਸਾਲਾ ਤਿਆਰ ਕਰਦਾ।ਜਿੱਥੇ ਲੋੜ ਹੁੰਦੀ ਬੱਲੀਆਂ ਗੱਡਕੇ ਬੱਤੇ ਬੰਨ ਦਿੰਦਾ ਤੇ ਉੱਪਰ ਚਾਲੀਆਂ ਪਾਕੇ ਪੈੜਾਂ ਤਿਆਰ ਕਰ ਦਿੰਦਾ। ਇਹ ਸਾਰੇ ਕੰਮ ਉਹ ਮਿਸਤਰੀਆਂ ਦੇ ਆਉਣ ਤੌ ਪਹਿਲਾਂ ਟਿੱਚ ਕਰਕੇ ਰੱਖਦਾ। ਇਹ ਵੇਖਕੇ ਠੇਕੇਦਾਰ ਬਹੁਤ ਖੁਸ਼ ਹੁੰਦਾ ਤੇ ਉਸ ਨੂੰ ਫੋਰਮੈਨ ਸਾਬ ਆਖਦਾ। ਫੋਰਮੈਨਾਂ ਆਹ ਕਰਦੇ ਉਹ ਕਰਦੇ ਓਏ। ਫੋਰਮੈਨੀ ਦੇ ਚਾਅ ਚ ਉਹ ਦੁਪਿਹਰੇ ਰੋਟੀ ਤੌ ਬਾਅਦ ਆਰਾਮ ਵੀ ਘੱਟ ਹੀ ਕਰਦਾ।ਸਾਰਾ ਦਿਨ ਉਸਦੀ ਨਿਗ੍ਹਾਂ ਪਾਣੀ ਵਾਲੇ ਟੈੰਕ ਤੇ ਰਹਿੰਦੀ । ਜਦੋ ਉਸਨੂੰ ਪਾਣੀ ਆਲਾ ਟੈਕ ਅੱਧਾ ਕੁ ਹੋਇਆ ਲੱਗਦਾ ਤਾਂ ਉਹ ਝੱਟ ਮੋਟਰ ਚਲਾ ਦਿੰਦਾ।
ਦੂਜੇ ਮਜਦੂਰ ਉਸ ਤੇ ਖਿਝਦੇ ਸਨ। ਕਿਉਂਕਿ ਕਈ ਵਾਰੀ ਉਹਨਾਂ ਨੂੰ ਵੀ ਉਸਦੇ ਬਰਾਬਰ ਹੀ ਕੰਮ ਕਰਨਾ ਪੈਂਦਾ। ਉਹ ਬੀੜੀ ਪੀਣ ਤੇ ਵੀ ਟਾਇਮ ਖਰਾਬ ਕਰਦੇ ਸਨ । ਪਰ ਇਹ ਤਾਂ ਬੀੜੀ ਵੀ ਨਹੀ ਸੀ ਪੀਂਦਾ। ਇਸ ਨੂੰ ਤਾਂ ਬੱਸ ਇਕੋ ਹੀ ਨਸ਼ਾ ਸੀ ਕਿ ਕਦੋ ਦਾਖਲੇ ਜੋਗੇ ਪੈਸੇ ਇਕੱਠੇ ਹੋਣ ਤੇ ਕਦੋ ਉਹ ਆਪਣੇ ਭੋਲੂ ਨੂੰ ਨਿੱਕਰ ਸੂਟ ਵਿੱਚ ਵੇਖੇ।ਲਗਾਤਾਰ ਦਿਹਾੜੀ ਨਾਲ ਉਸ ਨੂੰ ਕੁਝ ਉਮੀਦ ਜਿਹੀ ਜਾਗੀ।ਤੇ ਉਸ ਨੂੰ ਆਪਣੇ ਸੁਫਨੇ ਸਾਕਾਰ ਹੁੰਦੇ ਲੱਗੇ।ਪਰ ਕੁਦਰਤ ਨੂੰ ਇਹ ਮੰਜੂਰ ਨਹੀ। ਦਿਹਾੜੀਆਂ ਦਾ ਸਿਲਸਿਲਾ ਵਿਚਾਲੇ ਹੀ ਟੁੱਟ ਗਿਆ।
ਹਾਂ ਵੀ ਚਲਣਾ ਹੈ ਕੰਮ ਤੇ। ਸਾਈਕਲ ਤੇ ਆਏ ਇੱਕ ਅਧਖੜ ਜਿਹੇ ਬੰਦੇ ਨੇ ਪੁੱਛਿਆ।ਕਿੰਨੇ ਪੈਸੇ ਲਵੇਗਾ?ਉਦੋਂ ਉਸਨੇ ਦਿਹਾੜੀ ਦੱਸੀ ਤਾਂ ਉਹ ਬੰਦਾ ਅੱਗੇ ਚਲਾ ਗਿਆ ।ਅਖੇ ਅੱਧਾ ਦਿਨ ਤੇ ਟੱਪ ਗਿਆ। ਇਸ ਤੌ ਅੱਗੇ ਉਹ ਕੁਝ ਬੋਲਦਾ ਜਾ ਪੈਸੇ ਘੱਟ ਕਰਦਾ ਉਹ ਕਿਸੇ ਭਈਏ ਨੂੰ ਲੈਕੇ ਚਲਦਾ ਬਣਿਆ। ਹੁਣ ਅੱਜ ਦੀ ਵੀ ਉਸ ਦੀ ਰਹਿੰਦੀ ਖੂੰਦੀ ਉਮੀਦ ਵੀ ਖਤਮ ਹੋ ਗਈ।ਉਸ ਦਾ ਦਿਲ ਕੀਤਾ ਤੇ ਉਹ ਸਾਈਕਲ ਚੁੱਕੇ ਤੇ ਘਰੇ ਚਲਾ ਜਾਵੇ। ਤੇ ਘਰੇ ਕੋਈ ਨਾ ਕੋਈ ਕੰਮ ਕਰ ਲਵੇਗਾ ਤੇ ਚਾਰ ਛਿੱਲੜ ਕਮਾ ਲਵੇਗਾ। ਪਰ ਭੋਲੂ ਦੇ ਦਾਖਲੇ ਆਲੀ ਮੰਸ਼ਾ ਨੇ ਉਸਨੂੰ ਉਥੋ ਹਿੱਲਣ ਨਾ ਦਿੱਤਾ।
ਭੌਲੂ ਦੇ ਦਾਖਲੇ ਦੀ ਤਰ੍ਹਾਂ ਹੀ ਉਸਦੇ ਬਾਪੂ ਨੂੰ ਹੀ ਆਹੋ ਜੱਦੋ ਜਹਿਦ ਕਰਨੀ ਪਈ ਸੀ ਉਸਦੇ ਕਾਲਜ ਦਾਖਲੇ ਲਈ । ਜਦੋ ਉਸਨੇ ਫਸਟ ਡਿਵੀਜਨ ਵਿੱਚ ਦੱਸਵੀ ਪਾਸ ਕੀਤੀ ਸੀ ਤੇ ਕਾਲਜ ਵਿੱਚ ਦਾਖਿਲਾ ਲੈਣ ਦਾ ਸੋਚਿਆ ਸੀ। ਦਾਖਲੇ ਦੀ ਫੀਸ ਭਰਨ ਦਾ ਬਾਪੂ ਕਈ ਦਿਨ ਲਾਰਾ ਲਾਉੱਦਾ ਰਿਹਾ। ਅੱਜ ਕੱਲ ਕਰਦੇ ਤੌ ਪੈਸੇ ਪੂਰੇ ਨਾ ਹੋਏ ਤੇ ਆਖਿਰ ਬਾਪੂ ਟੁੱਟ ਗਿਆ ਤੇ ਕਹਿੰਦਾ ਬੇਟਾ ਪੜਾਈ ਆਪਣੇ ਗਰੀਬਾਂ ਦੇ ਵੱਸ ਦਾ ਰੋਗ ਨਹੀ। ਛੱਡ ਪੜਾਈ ਦੇ ਸੁਫਨੇ ਤੇ ਕੋਈ ਛੋਟਾ ਮੋਟਾ ਕੰਮ ਲੈ। ਤੇ ਉਹ ਗਰੀਬੀ ਦੀ ਚੱਕੀ ਵਿੱਚ ਪਿਸਦਾ ਹੋਇਆ ਕਾਲਜ ਦੇ ਸੁਫਨੇ ਲੈੱਦਾ ਲੈਂਦਾ ਪਿਉ ਨਾਲ ਮਜਦੂਰੀ ਕਰਨ ਲੱਗ ਪਿਆ । ਤੇ ਇੱਕ ਮਜਦੂਰ ਬਣਕੇ ਰਹਿ ਗਿਆ।ਪਰ ਉਸਨੇ ਸੋਚਿਆ ਕਿ ਉਹ ਹੁਣ ਆਪਣੇ ਭੋਲੂ ਨਾਲ ਇਹ ਨਹੀ ਹੋਣ ਦੇਵੇਗਾ।ਜੇ ਉਹ ਚੰਗਾ ਪੜ੍ਹ ਲਿਖ ਗਿਆ ਤਾਂ ਉਹ ਕੋਈ ਵੱਡਾ ਅਫਸਰ ਬਣ ਜਾਵੇਗਾ ਫਿਰ ਉਸ ਨੂੰ ਦਿਹਾੜੀ ਕਰਨ ਦੀ ਲੌੜ ਨਹੀ ਰਹੇਗੀ।
ਉਸ ਦਿਨ ਨਵੇ ਸਕੂਲ ਚ ਦਾਖਲੇ ਤੋ ਬਾਦ ਰਿਕਸ਼ੇ ਤੇ ਵਰਦੀ ਪਾਈ ਬੈਠੇ ਭੋਲੂ ਦੇ ਸੁਫਨੇ ਚ ਗੁਆਚੇ ਤੌ ਨਵੀਆਂ ਟਾਈਲਾ ਵਾਲਾ ਡਿੱਬਾ ਥੱਲੇ ਡਿੱਗ ਪਿਆ ਤੇ ਕਈ ਟਾਇਲਾ ਚਕਣਾਚੂਰ ਹੋ ਗਈਆਂ।ਬੱਸ ਫਿਰ ਕੀ ਸੀ ਵੱਡੇ ਸੁਨਿਆਰੇ ਦਾ ਗੁੱਸਾ ਸਿਖਰਾਂ ਤੇ ਸੀ ਤੇ ਸਾਹਮਣੇ ਇੱਕ ਗਰੀਬ ਮਜਦੂਰ ਸੀ । ਉਹਨਾ ਨੇ ਉਸਦੀ ਧੀ ਭੈਣ ਇੱਕ ਕਰ ਦਿੱਤੀ ਤੇ ਗੁੱਸੇ ਚ ਆਏ ਠੇਕੇਦਾਰ ਨੇ ਵੀ ਉਸਦੀ ਦੱਸ ਦਿਨਾਂ ਦੀ ਦਿਹਾੜੀ ਕੱਟ ਲਈ। ਦਿਲ ਲਾਕੇ ਕੀਤੇ ਵਾਧੂ ਕੰਮ ਨੂੰ ਵੀ ਠੇਕੇਦਾਰ ਭੁੱਲ ਗਿਆ । ਫੋਰਮੈਨੀ ਵਾਲਾ ਤਗਮਾ ਵੀ ਉਸਨੇ ਝੱਟ ਲਾਹ ਲਿਆ ਤੇ ਕੰਮ ਤੋਂ ਛੁੱਟੀ ਕਰ ਦਿੱਤੀ। ਇਸ ਲਈ ਤੇ ਉਹ ਹੁਣ ਭਟਕਦਾ ਫਿਰਦਾ ਸੀ।ਉਸਨੇ ਉਸ ਦਿਨ ਰੋਟੀ ਵੀ ਨਾ ਖਾਧੀ। ਉਸਨੂੰ ਭੁੱਖ ਤਾਂ ਲੱਗੀ ਸੀ ਪਰ ਦਿਹਾੜੀ ਛੁੱਟਣ ਅਤੇ ਮਿਲੀਆਂ ਝਿੜਕਾਂ ਨੇ ਉਸਦੀ ਭੁੱਖ ਹੀ ਮਾਰ ਦਿੱਤੀ ਸੀ । ਕਾਫੀ ਦੇਰ ਉਹ ਸ਼ਹਿਰ ਵਿੱਚ ਹੀ ਘੁਮੰਦਾ ਰਿਹਾ। ਸ਼ਾਮੀ ਘਰੇ ਪਹੁੰਚਣ ਤੇ ਜਦੌ ਉਸ ਦੀ ਘਰਵਾਲੀ ਨੇ ਸਾਈਕਲ ਨਾਲੋ ਰੋਟੀ ਵਾਲਾ ਡਿੱਬਾ ਲਾਹਿਆ ਤੇ ਭਰਿਆ ਡਿੱਬਾ ਵੇਖ ਕੇ ਹੀ ਉਸ ਦਾ ਮੱਥਾ ਠਣਕ ਗਿਆ, ਇਹ ਕਿਸੇ ਅਣਹੋਣੀ ਦਾ ਪ੍ਰਤੀਕ ਸੀ।ਉਹ ਕੁਝ ਕੁਝ ਸਮਝ ਗਈ ਸੀ ਤੇ ਹੁਣ ਉਹ ਕਦੇ ਰੋਟੀ ਆਲੇ ਡਿੱਬੇ ਵੱਲ ਵੇਖਦੀ ਸੀ ਤੇ ਕਦੇ ਭੋਲੂ ਵੱਲ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *