ਅੱਜ ਦੇ ਦਿਨ 2019 ਨੂੰ ਮੇਰਾ ਸਕੂਲ ਵਿੱਚ ਆਖਰੀ ਵਰਕਿੰਗ ਡੇ ਸੀ। ਮੈਨੂੰ ਪਤਾ ਸੀ ਕਿ ਮੈਂ ਹੋਰ ਐਕਟਨਸ਼ਨ ਨਹੀਂ ਲੈਣੀ। ਕਿਉਂਕਿ ਮੇਰੀ ਪੋਤੀ ਮੇਰੇ ਕੋਲੋ ਟਾਈਮ ਮੰਗਦੀ ਸੀ ਉਹ ਵੀ ਨੋਇਡਾ ਵਿੱਚ। ਖੈਰ ਆਮ ਦਿਨਾਂ ਵਾਂਗੂ ਹੀ ਮੈਂ ਸ਼ਾਮੀ ਘਰੇ ਆ ਗਿਆ। ਜੂਨ ਵਿੱਚ ਛੁੱਟੀਆਂ ਸਨ। ਫਿਰ ਵੀ ਮੈਂ ਕਈ ਦਿਨ ਲਗਾਤਾਰ ਸਕੂਲ ਜਾਂਦਾ ਰਿਹਾ ਤੇ ਉਸ ਸਮੇ ਦੀ ਪ੍ਰਿੰਸੀਪਲ ਦੇ ਕਹਿਣ ਤੇ ਮੈਂ ਪੈਂਡਿੰਗ ਤੇ ਹੋਰ ਰੂਟੀਨ ਦੇ ਕੰਮ ਕਰਦਾ ਰਿਹਾ। ਬਾਕੀ ਮੈਂ ਅਜੇ ਮੇਰੀ ਸੇਵਾ ਮੁਕਤੀ ਦੇ ਬੇਨਿਫਿਟਸ ਵੀ ਲੈਣੇ ਸਨ। ਚੇਅਰਮੈਨ ਸਾਹਿਬ ਜੀ ਨੇ ਮੈਨੂੰ ਛੇ ਜੂਨ ਨੂੰ ਫਾਰਿਗ ਹੀ ਕਰ ਦਿੱਤਾ ਤੇ ਪ੍ਰਿੰਸੀਪਲ ਸਾਹਿਬਾਂ ਨੇ ਮੈਨੂੰ ਅਠਾਰਾਂ ਜੂਨ ਤੱਕ ਲਮਕਾਇਆ। ਉਹ ਇੱਕ ਚੰਗੀ ਪ੍ਰਬੰਧਕ ਨਹੀਂ ਸੀ ਨਾ ਉਸ ਕੋਲ ਤਜ਼ੁਰਬਾ ਸੀ। ਪਰ ਉਸ ਵਿੱਚ ਆਮ ਔਰਤਾਂ ਵਾਲੇ ਸਾਰੇ ਗੁਣ ਮੌਜੂਦ ਸਨ। ਮਤਲਬ ਦਿਲ ਚ ਰੰਜ, ਸ਼ਰੀਕਾ, ਹਊਮੇ, ਲਾਲਚ, ਫਤੂਰ ਤੋਂ ਇਲਾਵਾ ਨਵੀ ਨਵੀ ਮਿਲੀ ਕੁਰਸੀ ਦਾ ਵਾਧੂ ਨਸ਼ਾ ਵੀ ਸੀ। ਉਹ ਕੋਈ ਚਾਰ ਕੁ ਸਾਲ ਉਸ ਕੁਰਸੀ ਤੇ ਬਿਰਾਜਮਾਨ ਰਹੀ। ਉਸ ਦੀ ਕਾਰਜ ਪ੍ਰਣਾਲੀ ਬਹੁਤੀ ਚੰਗੀ ਨਹੀਂ ਸੀ। ਭਾਵੇਂ ਫਿਰ ਮੈਂ ਕਦੇ ਸਕੂਲ ਨਹੀਂ ਸੀ ਗਿਆ ਪਰ ਰਿਪੋਰਟਾਂ ਚੰਗੀਆਂ ਨਹੀਂ ਸਨ ਆਉਂਦੀਆਂ। ਉਸਦੇ ਕਾਰਜਕਾਲ ਦੌਰਾਨ ਸਕੂਲ ਦਾ ਗ੍ਰਾਫ ਜਰੂਰ ਡਿੱਗਿਆ। ਇਥੇ ਮੈਂ ਗੱਲ ਆਪਣੀ ਹੀ ਕਰਨੀ ਹੈ। ਇਸੇ ਸਾਲ ਸਕੂਲ ਵਿਚ ਸੱਤਾ ਪਰਿਵਰਤਨ ਹੋਇਆ। ਸਕੂਲ ਦੀ ਵਾਗਡੋਰ ਕਾਬਿਲ ਹੱਥਾਂ ਵਿੱਚ ਪਹੁੰਚ ਗਈ। ਸਕੂਲ ਦੇ ਆਏ ਚੰਗੇ ਦਿਨ ਵੇਖਕੇ ਮੈਂ ਵੀ ਦੋ ਗੇੜੇ ਸੰਸਥਾ ਦੇ ਮਾਰ ਆਇਆ। ਇਸ ਸੇਵਾ ਮੁਕਤੀ ਦੇ ਤੀਸਰੇ ਸਾਲ ਵਿੱਚ ਮੇਰੇ ਪਾਠਕਾਂ ਤੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਵਧੀ। ਮੇਰੇ ਬਹੁਤ ਸਾਰੇ ਸਮਾਜ ਸੇਵੀਆਂ ਨਾਲ ਦੋਸਤਾਨਾ ਤਾਲੋਂਕਾਤ ਬਣੇ। ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਤੇ ਰਾਜਨੈਤਿਕ ਸਖਸ਼ੀਅਤਾਂ ਨਾਲ ਮੇਰਾ ਮੇਲ ਮਿਲਾਪ ਹੋਇਆ। ਹੁਣ ਸਕੂਲ ਵੱਲੋਂ ਵੀ ਠੰਡੀ ਹਵਾ ਦੇ ਬੁੱਲੇ ਆਉਂਦੇ ਹਨ। ਮੇਰਾ ਬਹੁਤਾ ਸਮਾਂ ਸ਼ੋਸ਼ਲ ਮੀਡੀਆ ਤੇ ਹੀ ਬੀਤਦਾ ਹੈ। ਫਬ ਨੂੰ ਮੈਂ ਸਮਾਜ ਨਾਲ ਜੁੜਨ ਤੇ ਆਪਣੀ ਗੱਲ ਕਹਿਣ ਦਾ ਜਰੀਆ ਬਣਾਇਆ ਹੋਇਆ ਹੈ। ਤੋਰਾ ਫੇਰਾ ਘਟਣ ਤੇ ਜਿਆਦਾਤਰ ਘਰੇ ਬੈਠਣ ਨਾਲ ਮੇਰਾ ਸਰੀਰ ਬੋਝਲ ਜਰੂਰ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਜਲਦੀ ਸੀਨੀਅਰ ਸਿਟੀਜਨ ਸਮਝਣ ਲੱਗ ਪਿਆ ਹਾਂ। ਘਰੇਲੂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਹਨ। ਉਹ ਜੁਆਕਾਂ ਨੂੰ ਸੌਂਪ ਦਿੱਤੀਆਂ ਹਨ। ਚਾਹੇ ਖਾਣਪੀਣ ਦੇ ਸ਼ੌਂਕ ਬਰਕਰਾਰ ਹਨ ਪਰ ਹੁਣ ਬਹੁਤਾ ਖਾਧਾ ਪੀਤਾ ਨਹੀਂ ਜਾਂਦਾ। ਸੇਵਾਮੁਕਤੀ ਤੋਂ ਬਾਅਦ ਹਰ ਇੱਕ ਦਾ ਆਪਣਾ ਆਪਣਾ ਰੂਟੀਨ ਹੁੰਦਾ ਹੈ। ਕੁਝ ਕੁ ਲੋਕ ਆਪਣਾ ਸਮਾਂ ਸਮਾਜ ਨੂੰ ਦਿੰਦੇ ਹਨ ਤੇ ਕੁਝ ਧਾਰਮਿਕ ਹੋ ਜਾਂਦੇ ਹਨ। ਕਈਆਂ ਨੂੰ ਇਸ ਉਮਰ ਵਿੱਚ ਵੀ ਰੋਜ਼ੀ ਰੋਟੀ ਕਮਾਉਣ ਦਾ ਫਿਕਰ ਹੁੰਦਾ ਹੈ। ਮੁਲਾਜ਼ਮ ਹੀ ਸੇਵਾਮੁਕਤ ਹੁੰਦੇ ਹਨ। ਮਜਦੂਰ, ਬਿਜਨਿਸਮੈਨ ਤੇ ਸਿਆਸਤੀ ਲੋਕ ਕਦੇ ਸੇਵਾ ਮੁਕਤ ਨਹੀਂ ਹੁੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ