ਕੋਇਟੇ ਕੈਂਟ ਇਲਾਕੇ ਵਿਚ ਇੱਕ ਚਾਹ ਦੀ ਦੁਕਾਨ ਹੋਇਆ ਕਰਦੀ ਸੀ..ਦੂਰੋਂ-ਦੂਰੋਂ ਲੋਕ ਚਾਹ ਪੀਣ ਆਇਆ ਕਰਦੇ..ਉਹ ਪਠਾਣ ਖਾਲਿਸ ਮੱਝ ਦਾ ਦੁੱਧ ਹੀ ਵਰਤਿਆ ਕਰਦਾ..
ਮੈਂ ਓਹਨੀਂ ਦਿਨੀ ਕੋਇਟੇ ਹੀ ਕਸਟਮ ਅਫਸਰ ਲੱਗਿਆ ਹੁੰਦਾ ਸਾਂ..ਅਸੀਂ ਸਾਰੇ ਅਫਸਰ ਇਕੱਠੇ ਹੋ ਕੇ ਅਕਸਰ ਹੀ ਓਥੇ ਚਾਹ ਪੀਣ ਜਾਂਦੇ..!
ਇੱਕ ਦਿਨ ਪਾਕਿਸਤਾਨ ਵਿਚ ਰਾਜ ਪਲਟਾ ਹੋ ਗਿਆ..ਜਰਨਲ ਮੁਸ਼ਰੱਫ ਵਾਲਾ ਮਾਰਸ਼ਲ ਲਾਅ ਲੱਗ ਗਿਆ..ਫੌਜ ਅਤੇ ਫੌਜੀ ਅਫਸਰ ਰੱਬ ਹੋ ਗਏ..!
ਇੱਕ ਦਿਨ ਫੇਰ ਚਾਹ ਪੀਣ ਗਏ ਤਾਂ ਪੁਲਸ ਨੇ ਖੋਖਾ ਸੀਜ ਕੀਤਾ ਹੋਇਆ..ਲਾਗੇ ਇੱਕ ਨੋਟਿਸ ਵੀ ਲੱਗਾ ਹੋਇਆ..”ਇਥੋਂ ਚਾਹ ਪੀਣੀ ਗੈਰਕਨੂੰਨੀ ਏ”..ਖੋਖੇ ਵਾਲਾ ਕੋਲ ਹੀ ਨਿਮੋਝੂਣਾ ਹੋਇਆ ਭੁੰਝੇ ਜਮੀਨ ਤੇ ਬੈਠਾ ਹੋਇਆ ਸੀ..!
ਵਜਾ ਪੁੱਛੀ ਤਾਂ ਆਖਣ ਲੱਗਾ ਜੀ ਕੋਈ ਫੌਜ ਦਾ ਕਰਨਲ ਸੀ..ਉਸਦਾ ਇਥੋਂ ਲਾਗੇ ਹੀ ਮੱਝਾਂ ਗਾਵਾਂ ਦਾ ਵੱਡਾ ਫਾਰਮ ਹੈ..ਬੜੀ ਦੇਰ ਦਾ ਮਗਰ ਪਿਆ ਸੀ ਕੇ ਦੁੱਧ ਮੇਰੀ ਡੇਅਰੀ ਤੋਂ ਲਿਆ ਕਰ..ਵਰਤ ਕੇ ਵੇਖਿਆ ਵੀ ਪਰ ਮਿਆਰੀ ਨਹੀਂ ਸੀ..ਮੈਂ ਨਾਂਹ ਕਰ ਦਿੱਤੀ..ਹੁਣ ਫੌਜੀ ਰਾਜ ਆ ਗਿਆ ਤੇ ਮੇਰੀ ਦੁਕਾਨ ਬੈਨ ਕਰਵਾ ਦਿੱਤੀ..ਅਦਾਲਤ ਤੋਂ ਨੋਟਿਸ ਕਢਵਾ ਦਿੱਤਾ..!
ਅਸੀਂ ਸਾਰੇ ਬੜੇ ਹੈਰਾਨ ਕੇ ਇਲਾਕਾ ਮੈਸਟ੍ਰੇਟ..ਏ.ਡੀ.ਸੀ..ਐੱਸ ਡੀ ਐੱਮ..ਤਹਿਸੀਲਦਾਰ..ਸਾਰੇ ਹੁਕਮ ਦੀ ਤਾਮੀਲ ਲਈ ਓਥੇ ਕੋਲ ਹੀ ਡੇਰੇ ਲਾਈ ਬੈਠੇ ਸਨ..!
ਅਸ਼ੀਰ ਅਸੀਮ ਨਾਮ ਦੇ ਪਾਕਿਸਤਾਨੀ ਵੀਰ ਨੇ ਆਪਣੀ ਕਸਟਮ ਅਫ਼ਸਰੀ ਦੌਰਾਨ ਵਾਪਰੀ ਇਸ ਸੱਚੀ ਘਟਨਾ ਦਾ ਜਿਕਰ ਕੀਤਾ ਤਾਂ ਅੱਜ ਦੇ ਹਿੰਦੁਸਤਾਨ ਨਾਮ ਦੇ ਮੁਲਖ ਦੀ ਹੁਕਮਰਾਨ ਪਾਰਟੀ ਦੇ ਕਿੰਨੇ ਸਾਰੇ ਕਰਨਲ ਜਰਨਲ ਜ਼ਿਹਨ ਵਿਚ ਆ ਗਏ..ਜਿਹੜੇ ਸ਼ਰੇਆਮ ਧਮਕੀਆਂ ਦੇ ਰਹੇ ਕੇ ਚਾਰ ਜੂਨ ਆ ਲੈਣ ਦਿਓ..ਵੇਖਿਓਂ ਕਿੰਨਿਆਂ ਦੀਆਂ ਦੁਕਾਨਾਂ ਤੇ ਤਾਲੇ ਲੱਗਦੇ..!
ਹਰਪ੍ਰੀਤ ਸਿੰਘ ਜਵੰਦਾ