ਮਾਂ ਨੂੰ ਸਾਡੇ ਤੋਂ ਵਿਛੜਿਆਂ ਅੱਜ ਪੂਰੇ ਪੰਦਰਾਂ ਦਿਨ ਹੋਗੇ ਸਨ। ਮੇਰਾ ਦਰਦ ਓਥੇ ਦਾ ਓਥੇ ਖੜ੍ਹਾ ਸੀ। ਮੈਂ ਕਿਸੇ ਵੀ ਸਾਹ ਨਾਲ ਮਾਂ ਨੂੰ ਭੁੱਲੀ ਨਹੀਂ ਸੀ ।ਮੈਨੂੰ ਦਰਦ ਵਿੱਚ ਦੇਖ ਕੇ ਮੇਰੇ ਬੱਚੇ ਮੇਰੇ ਕੁਮਲਾਏ ਮੂੰਹ ਵੱਲ ਦੇਖਦੇ । ਨੇੜੇ ਹੋਕੇ ਮੈਨੂੰ ਗਲਵੱਕੜੀ ਵਿੱਚ ਲੈ ਕੇ ਪੁੱਛਦੇ”ਮੰਮਾ ਠੀਕ ਓ ਤੁਸੀਂ”ਤੇ ਮੈਂ ਭਰੇ ਗੱਚ ਨਾਲ ਹਾਂ ਕਹਿ ਕੇ ਉੱਚੀ ਉੱਚੀ ਰੋਣ ਲੱਗਦੀ ।
ਮੈਨੂੰ ਰੋਂਦੀ ਨੂੰ ਦੇਖ ਸਰਦਾਰ ਸਾਬ੍ਹ ਵੀ ਕੋਲੇ ਆ ਜਾਂਦੇ ਤੇ ਮੇਰਾ ਹੱਥ ਫੜ੍ਹ ਕੇ ਕਹਿੰਦੇ ਆਪਣੇ ਆਪ ਨੂੰ ਕੰਟਰੋਲ ਕਰੋ। ਇਹ ਤਾਂ ਰੱਬ ਦਾ ਭਾਣਾ ਐ ਮੰਨਣਾ ਈ ਪੈਣਾ ਐ। ਇਸ ਤਰ੍ਹਾਂ ਦਿਲਾਸਾ ਦਿੰਦੇ ਦੋਵੇਂ ਬੱਚੇ ਤੇ ਸਰਦਾਰ ਸਾਬ੍ਹ ਮੇਰੇ ਕੋਲ ਕਿੰਨਾ ਚਿਰ ਬੈਠੇ ਮੈਨੂੰ ਸਮਝਾਉਂਦੇ ਰਹਿੰਦੇ ।
ਮੈਂ ਸੱਖਣੀਆਂ ਅੱਖਾਂ ਨਾਲ ਬਿਨਾਂ ਕੁਝ ਬੋਲੇ ਉਦਾਸੇ ਮੂੰਹ ਨਾਲ ਓਹਨਾਂ ਦੇ ਚਿਹਰਿਆਂ ਵੱਲ ਵੇਖਦੀ ਰਹਿੰਦੀ।
ਤੇ ਉਹਨਾ ਦੀਆਂ ਗੱਲਾਂ ਸੁਣਦੀ ਰਹਿੰਦੀ ।ਜਿਵੇਂ ਮੈਨੂੰ ਓਹਨਾਂ ਦੀਆਂ ਗੱਲਾਂ ਪਸੰਦ ਨਾ ਹੋਣ ।
ਮਾਂ ਦੇ ਜਾਣ ਦਾ ਵਿਛੋੜਾ ਅਸਹਿਣੀਆ ਸੀ। ਇਸ ਕਰਕੇ ਮੇਰੇ ਦਿਮਾਗ ਤੇ ਜਿਆਦਾ ਅਸਰ ਸੀ ਤਾਂ ਹੀ ਓਸੇ ਅਸਰ ਕਾਰਨ ਮੈਨੂੰ ਉਦਰੇਵੇਂ ਨਾਲ ਬੁਖਾਰ ਹੋ ਗਿਆ। ਸਾਰੇ ਪਰਿਵਾਰ ਨੂੰ ਮੇਰੀ ਚਿੰਤਾ ਸਤਾਉਣ ਲੱਗੀ ।ਬੱਚੇ ਕਦੇ ਫਰੂਟ ਕਦੇ ਸਲਾਦ ਤੇ ਕਦੇ ਦਲੀਆ, ਖਿਚੜੀ ਲੈ ਕੇ ਮੇਰੇ ਨੇੜੇ ਹੁੰਦੇ ਮੰਮਾ ਥੋੜਾ ਜਿਹਾ ਕੁਝ ਖਾ ਲਵੋ ।
ਮੈਂ ਓਹਨਾਂ ਤੋਂ ਲੈਕੇ ਕੁੱਝ ਖਾਣ ਦੀ ਕੋਸ਼ਿਸ਼ ਕਰਦੀ ਤਾਂ ਇੱਕ ਅੱਧੀ ਬੁਰਕੀ ਈ ਮੇਰੇ ਮੂੰਹ ਵਿੱਚ ਜਾਂਦੀ ਤੇ ਮੇਰੇ ਮੂੰਹ ਵਿੱਚ ਫੁੱਲ ਜਾਂਦੀ। ਗੱਚ ਭਰ ਜਾਂਦਾ ਤੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ। ਮੈਂ ਓਹਨਾਂ ਨੂੰ ਵਾਪਸ ਫੜਾ ਕੇ ਮੂੰਹ ਤੇ ਖੇਸ ਲੈ ਕੇ ਪੈ ਜਾਂਦੀ ।ਮੈਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਰਿਹਾ ਸੀ ਤੇ ਨਾ ਹੀ ਮੇਰੀ ਚਿੰਤਾ ਵਿੱਚ ਬੱਚਿਆਂ ਦੇ ਉਦਾਸੇ ਚਿਹਰੇ ਮੈਥੋਂ ਦੇਖੇ ਜਾਂਦੇ ।ਬੱਸ ਗੱਲ ਕੀ ਮੈਂ ਮੇਰੀ ਮਾਂ ਦੇ ਵਿਛੋੜੇ ਨੂੰ ਸਹਿਣ ਨਹੀਂ ਕਰ ਪਾ ਰਹੀ ਸੀ ਤੇ ਮੇਰੇ ਬੱਚਿਆਂ ਨੂੰ ਆਪਣੀ ਮਾਂ ਦੀ ਚਿੰਤਾ ਸੀ ।
ਇਸੇ ਤਰ੍ਹਾਂ ਇੱਕ ਰਾਤ ਮੈਂ ਦਸ ਵਜੇ ਜਦ ਸੌਂਣ ਲੱਗੀ ਤਾਂ ਮੈਂ ਮਨ ਵਿੱਚ ਸੋਚਿਆ ਕਿ ਮਾਂ ਮੈਨੂੰ ਇਕੱਲੀ ਨੂੰ ਛੱਡ ਕੇ। ਕਿਵੇਂ ਚਲੀ ਗਈ। ਤੂੰ ਮੈਨੂੰ ਵੀ ਨਾਲੇ ਲੈ ਜਾਂਦੀ ।ਹੁਣ ਸੁਪਨੇ ਦਿਖਾਈ ਵੀ ਨਹੀਂ ਦਿੰਦੀ ।ਇੱਕ ਦਮ ਨਾਤਾ ਤੋੜ ਕੇ ਏਦਾਂ ਮਾਪੇ ਲੁਕਦੇ ਨੀ ਵੇਖੇ।
ਸੁਪਨੇ ਵਿੱਚ ਮੈਂ ਕੀ ਦੇਖਦੀ ਆਂ ਕਿ ਮੇਰੇ ਹੱਥ ਵਿੱਚ ਛੋਟੇ ਜਿਹੇ ਬੈਗ ਵਿੱਚ ਮੇਰਾ ਪਾ ਇੱਕ ਸੂਟ ਪਾ ਕੇ ਚੁਕਿਆ ਹੋਇਆ ਐ ਤੇ ਮੈਂ ਕਿਸੇ ਰੇਲਵੇ ਸਟੇਸ਼ਨ ਤੇ ਮਾਂ ਦੇ ਨਾਲ ਗੱਲਾਂ ਕਰਦੀ ਤੁਰੀ ਜਾ ਰਹੀ ਆਂ। ਮਾਂ ਮੈਨੂੰ ਕਹਿੰਦੀ “ਮੈਂ ਗਈ ਆਂ ਤਾਂ ਪੁੱਤ ਮੈਂ ਆਪਣੇ ਫਰਜ ਪੂਰੇ ਕਰ ਕੇ ਗਈ ਆਂ। ਸਾਰਿਆਂ ਨੂੰ ਵਿਆਹ ਕੇ ਤੁਹਾਨੂੰ ਤੁਹਾਡੇ ਘਰਾਂ ਬਾਰਾਂ ਵਾਲੇ ਕਰ ਕੇ ਗਈ ਆਂ।” “ਤੂੰ ਮੇਰੇ ਨਾਲ ਜਾਣ ਦੀ ਗੱਲ ਕਰਦੀ ਐ ਤੇ ਤੇਰੇ ਨਿਆਣੇ ਤਾਂ ਛੋਟੇ ਐ। ਕੀਹਦੇ ਕੋਲੇ ਛੱਡ ਕੇ ਜਾਵੇਂਗੀ ।ਤੇਰਾ ਕੋਈ ਫਰਜ਼ ਨਹੀਂ ਇਹਨਾਂ ਪ੍ਰਤੀ” ??
ਏਨੇ ਈ ਤੁਰਦਿਆਂ ਤੁਰਦਿਆਂ ਰੇਲ ਗੱਡੀ ਆ ਜਾਂਦੀ ਐ। ਪੂਰਾ ਸਟੇਸ਼ਨ ਖਚਾਖਚ ਭਰਿਆ ਹੋਇਆ ਐਂ ।ਮੈਂ ਮਾਂ ਦੇ ਥੋੜਾ ਅੱਗੇ ਆਂ ਤੇ ਮਾਂ ਮੇਰੇ ਤੋਂ ਤਿੰਨ ਚਾਰ ਕਦਮ ਪਿੱਛੇ ਐ। ਮੈਂ ਭੀੜ ਦੇਖ ਕੇ ਮਨ ਵਿੱਚ ਸੋਚਦੀ ਆਂ ਕਿ ਮਾਂ ਨੂੰ ਕਹਿ ਦਿਆਂ ਮਾਂ ਆਪਾਂ ਥੋੜੀ ਦੇਰ ਰੁਕ ਕੇ ਚੜ੍ਹਾਂਗੇ। ਭੀੜ ਨੂੰ ਚੜ੍ਹ ਲੈਣ ਦਿਓ।
ਪਰ ਮੈ ਐਨਾ ਕਹਿਣ ਲਈ ਪਿਛੇ ਮਾਂ ਵੱਲ ਮੂੰਹ ਕਰਦੀ ਆਂ ਤਾਂ ਮਾਂ ਓਥੇ ਹੈ ਈ ਨਹੀਂ ਭੀੜ ਵਿੱਚ ਗੁਆਚ ਚੁੱਕੀ ਸੀ ।
ਮੈਂ ਮਾਂ…… ਮਾਂ …… ਮਾਂ ….. ਕਰਕੇ ਆਵਾਜ਼ਾਂ ਦਿੰਦੀ ਆਂ ਪਰ ਮਾਂ ਦੀ ਆਵਾਜ਼ ਨਹੀਂ ਆਉਂਦੀ ਤੇ ਨਾ ਹੀ ਮਾਂ ਭੀੜ ਵਿੱਚੋਂ ਲੱਭਦੀ ਐ।
ਮੈਂ ਦੁਬਾਰਾ ਗੱਡੀ ਵੱਲ ਨੂੰ ਮੂੰਹ ਕਰਦੀ ਆਂ ਤਾਂ ਓਥੋਂ ਭੀੜ ਤੇ ਗੱਡੀ ਦੋਵੇਂ ਗਾਇਬ ਸੀ ਤੇ ਮੈਂ ਬੇਬਸੀ ਮਹਿਸੂਸ ਕਰਦੇ ਹੋਏ ਮੈਂ ਕਮਲਿਆਂ ਦੀ ਤਰ੍ਹਾਂ ਆਸੇ ਪਾਸੇ ਦੇਖਣ ਲੱਗਦੀ ਆਂ ।
ਏਨੇ ਵਿੱਚ ਮੈਨੂੰ ਜਾਗ ਆ ਜਾਂਦੀ ਐ ਮੈਂ ਉੱਠ ਕੇ ਬੈਠਦੀ ਆਂ ਤੇ ਮੁਬਾਇਲ ਤੇ ਟਾਈਮ ਦੇਖਦੀ ਆਂ ਸੁਭਾ ਦੇ ਚਾਰ ਵੱਜ ਗਏ ਹਨ
ਮੈਂ ਉੱਠ ਕੇ ਪਾਣੀਂ ਪੀਦੀ ਆਂ ਤੇ ਸੋਚਦੀ ਆਂ ।ਕਿ ਸੁਪਨੇ ਵਿੱਚ ਮਾਂ ਨਾਲ ਮਿਲਾਪ ਸੀ ਜਾਂ ਵਿਛੋੜੇ ਦੀ ਹਕੀਕਤ ਸੀ ਤੇ ਓਸ ਤੋਂ ਬਾਅਦ ਮੈਂ ਮਾਂ ਨੂੰ ਯਾਦ ਤਾਂ ਕਰਦੀ ਆਂ। ਪਰ ਆਪਣੇ ਬੱਚਿਆਂ ਦੀ ਮੇਰੇ ਮੂੰਹ ਵੱਲ ਤੱਕਦੀ ਉਦਾਸੀ ਨੂੰ ਦੂਰ ਰੱਖਕੇ।
k.k.k.k.✍️✍️