ਅੱਜ ਇੱਕ ਪੋਸਟ ਪੜੀ ਜਿਸ ਵਿੱਚ ਬਾਰਾਂਤਾਲੀ ਤੇ ਤੇਰਾਂਤਾਲੀ ਦਾ ਜਿਕਰ ਸੀ। ਕਿੱਸਾ ਮੇਰੇ ਵੀ ਯਾਦ ਆ ਗਿਆ। ਪਾਪਾ ਜੀ ਓਦੋਂ ਪਟਵਾਰੀ ਸਨ। ਉਹਨਾਂ ਦੀ ਬਦਲੀ ਸਰਦੂਲਗੜ੍ਹ ਦੇ ਨੇੜੇ ਲਗਦੇ ਹਰਿਆਣਾ ਦੇ ਪਿੰਡ ਬੀਰਾਂਬੱਧੀ ਤੇ ਹਾਂਸਪੁਰ ਦੀ ਹੋ ਗਈ। ਪਾਪਾ ਜੀ ਓਦੋਂ ਪਿਆਕੜ ਵੀ ਸਨ। ਅਜੇ ਉਹਨਾਂ ਨੇ ਪਹਿਲੇ ਦਿਨ ਹੀ ਬੀਰਾਂਬੱਧੀ ਜਾਣਾ ਸੀ ਤੇ ਲੰਬੜਦਾਰ ਸੁਰਮੁੱਖ ਸਿੰਘ ਗਿੱਲ ਘਰੇ ਰਾਤ ਰੁਕਣਾ ਸੀ। ਫਤੇਹਾਬਾਦ ਤੋਂ ਸਾਡਾ ਇੱਕ ਰਿਸ਼ਤੇਦਾਰ ਵੀ ਮੋਟਰ ਸਾਈਕਲ ਅਤੇ ਦਾਰੂ ਦੇ ਲਾਲਚ ਵਿੱਚ ਨਾਲ ਜਾਣ ਨੂੰ ਤਿਆਰ ਹੋ ਗਿਆ। ਪਾਪਾ ਜੀ ਨੇ ਉਸਨੂੰ ਸਮਝਾਇਆ ਕਿ ਭਾਈ ਬਿਗਾਨਾ ਪਿੰਡ ਹੈ ਥੋੜ੍ਹਾ ਸੰਭਲਕੇ ਚੱਲੀ। ਉਸ ਪਿੰਡ ਵਿੱਚ ਰੂੜੀ ਮਾਰਕਾ ਦਾ ਚਲਣ ਸੀ। ਸ਼ਾਮ ਨੂੰ ਜਦੋਂ ਗਿੱਲ ਪਰਿਵਾਰ ਨੇ ਪਟਵਾਰੀ ਸਾਹਿਬ ਦੀ ਸੇਵਾ ਲਈ ਮੰਜੇ ਦੇ ਨੇੜੇ ਬਲੈਡਰ ਰੱਖ ਦਿੱਤਾ ਤੇ ਮੇਜ਼ ਤੇ ਕੁਝ ਗਿਲਾਸ ਤਾਂ ਪਾਪਾ ਜੀ ਦੇ ਨਾਲ ਗਿਆ ਸੱਜਣ ਬਾਗੋਬਾਗ ਹੋ ਗਿਆ। ਵੱਡੇ ਗਿੱਲ ਸਾਹਿਬ ਇੱਕ ਹਾੜਾ ਲੈਕੇ ਪਾਸੇ ਹੋਕੇ ਬੈਠ ਗਏ। ਉਹਨਾਂ ਦਾ ਵੱਡਾ ਲੜਕਾ ਸ਼ਾਇਦ ਜੀਤ ਸੀ ਉਸਦਾ ਨਾਮ ਤੇ ਇੱਕ ਦੋ ਹੋਰ ਸੱਜਣ ਕੰਪਨੀ ਕਰਨ ਲੱਗੇ। ਨਾਲ ਗਿਆ ਅਲੜ੍ਹ ਉਮਰ ਦਾ ਸਾਥੀ ਲਗਾਤਾਰ ਪੀਣ ਲੱਗਿਆ। ਪਾਪਾ ਜੀ ਨੇ ਬਹੁਤ ਵਰਜਿਆ ਪਰ ਕੋਲ੍ਹ ਪਿਆ ਸਟਾਕ ਉਸਨੂੰ ਸਬਰ ਨਾ ਕਰਨ ਦੇਵੇ। ਫਿਰ ਉਹ ਅਰਲੀਆ ਸਰਲੀਆਂ ਮਾਰਨ ਲੱਗਿਆ। ਪਰ ਕਿੱਥੇ ਜੀ ਕਹਿੰਦੇ ਸ਼ਰਾਬੀ ਦਾ ਇਲਾਜ ਤਾਂ ਸਭ ਦੇ ਪੈਰਾਂ ਵਿੱਚ ਪਾਇਆ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਮੇਜ਼ਬਾਨ ਗਿੱਲ ਪਰਿਵਾਰ ਦਾ ਸਬਰ ਜਵਾਬ ਦਿੰਦਾ ਪਾਪਾ ਜੀ ਨੇ ਇੱਕ ਹੱਥ ਵਿੱਚ ਉਸਦੀ ਬਾਂਹ ਤੇ ਦੂਜੇ ਹੱਥ ਵਿੱਚ ਆਪਣੇ ਪੈਰੀਂ ਪਾਇਆ ਬੂਟ ਫੜ੍ਹ ਲਿਆ।
“ਮੰਨੇ ਛੋੜ ਦੇ ਜੀਜਾ ਮੈਂ ਠਾਰੀ ਕਾਲੀ ਗਊ।” ਪਰ ਹੁਣ ਪਾਪਾ ਜੀ ਦੇ ਮੂੰਹ ਨੂੰ ਲੱਗਿਆ ਕੈਮੀਕਲ ਆਪਣਾ ਅਸਰ ਵਿਖਾ ਰਿਹਾ ਸੀ। ਉਸ ਦੀ ਚੰਗੀ ਸੇਵਾ ਕੀਤੀ। ਇਸ ਨਾਲ ਉਸਦੀ ਪੀਤੀ ਦਾਰੂ ਵੀ ਉਤਰ ਗਈ ਤੇ ਦਿਮਾਗ ਵੀ ਠੰਡਾ ਹੋ ਗਿਆ। ਫਿਰ ਉਹ ਦੋ ਰੋਟੀਆਂ ਨਿਗਲਕੇ ਸੁਸਰੀ ਵਾਂਗ ਸੋਂ ਗਿਆ। ਇਸ ਨਾਲ ਪਾਪਾ ਜੀ ਦੀ ਦਿੱਖ ਇੱਕ ਦਬੰਗ ਪਟਵਾਰੀ ਵਜੋਂ ਬਣ ਗਈ। ਫਿਰ ਪਾਪਾ ਜੀ ਗਿੱਲ ਪਰਿਵਾਰ ਦੇ ਘਰ ਪੰਜ ਸਾਲ ਉਹਨਾਂ ਦਾ ਵੱਡਾ ਪੁੱਤ ਬਣਕੇ ਰਹੇ। ਪਿੰਡ ਵਿਚਲਾ ਕੋਈਂ ਬਦਮਾਸ਼ ਸਖਸ਼ ਵੀ ਉਹਨਾਂ ਮੂਹਰੇ ਕਦੇ ਨਹੀਂ ਕੁਸਕਿਆ। ਉਹ ਅਲ੍ਹੜ ਉਮਰ ਦਾ ਰਿਸ਼ਤੇਦਾਰ ਜੇ ਹੁਣ ਤੱਕ ਜਿਉਂਦਾ ਹੋਇਆ ਤਾਂ ਉਸ ਰਾਤ ਨੂੰ ਭੁੱਲਿਆ ਨਹੀਂ ਹੋਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
(ਚੇਤਾਵਨੀ- ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।)