ਕੱਲ੍ਹ ਮੈਂ ਆਪਣੇ ਖਰਾਬ ਮਾਇਕਰੋਵੇਵ ਨੂੰ ਠੀਕ ਕਰਾਉਣ ਵਾਲੀ ਪੋਸਟ ਪਾਈ ਸੀ। ਉਸਦਾ ਦੂਸਰਾ ਪਹਿਲੂ ਅੱਜ ਲਿਖ਼ ਰਿਹਾ ਹਾਂ। 1988 89 ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਓਦੋਂ ਛੋਟੇ ਚੋਦਾਂ ਇੰਚੀ ਕਾਲੇ ਚਿੱਟੇ ਟੀਵੀ ਦਾ ਜਿਆਦਾ ਚੱਲਣ ਸੀ। ਇੱਕੀ ਇੰਚੀ ਰੰਗੀਨ ਟੀਵੀ ਤਾਂ ਕੋਈ ਕੋਈ ਲੈਂਦਾ ਸੀ। ਸਾਡੀ ਦੁਕਾਨ ਦੇ ਗੁਆਂਢੀ ਜੋ ਕਪੜੇ ਦਾ ਕੰਮ ਕਰਦੇ ਸੀ ਘਰੇ ਰੰਗੀਨ ਟੀਵੀ ਲਿਆਏ। ਇੱਕ ਦਿਨ ਓਹਨਾ ਦਾ ਟੀਵੀ ਚਲਦਾ ਚੱਲਦਾ ਬੰਦ ਹੋ ਗਿਆ। ਓਹਨਾ ਦੇ ਕਹਿਣ ਤੇ ਅਸੀਂ ਆਪਣਾ ਮਕੈਨਿਕ ਆਪਣਾ ਹੀ ਮੋਟਰ ਸਾਈਕਲ ਦੇ ਕੇ ਭੇਜ ਦਿੱਤਾ। ਮਕੈਨਿਕ ਨੇ ਮੌਕੇ ਤੇ ਹੀ ਟੀਵੀ ਠੀਕ ਕਰ ਦਿੱਤਾ ਕਿਉਂਕਿ ਥੋੜਾ ਜਿਹਾ ਹੀ ਨੁਕਸ ਸੀ। ਤੇ ਲੇਬਰ ਦੇ ਪੰਜਾਹ ਰੁਪਏ ਮੰਗ ਲਏ। ਜੋ ਓਹਨਾ ਨੇ ਇਹ ਕਹਿਕੇ ਨਹੀਂ ਦਿੱਤੇ ਕਿ ਕੋਈ ਪੁਰਜਾ ਤਾਂ ਬਦਲਿਆ ਹੀ ਨਹੀਂ। ਆਉਣ ਜਾਣ ਹੀ ਕੀਤਾ ਹੈ। ਫਿਰ ਪੈਸੇ ਕਾਹਦੇ? ਓਹਨਾ ਨੂੰ ਬਥੇਰਾ ਸਮਝਾਇਆ ਕਿ ਮਕੈਨਿਕ ਆਪਣਾ ਤੇਲ ਵੀ ਫੂਕਕੇ ਗਿਆ ਸੀ । ਤੇ ਸਮਾਂ ਵੀ ਲਗਾਇਆ ਹੈ। ਬਾਕੀ ਜੇ ਤੁਸੀਂ ਟੀਵੀ ਰਿਕਸ਼ੇ ਤੇ ਰੱਖਕੇ ਦੁਕਾਨ ਤੇ ਲਿਆਉਂਦੇ ਤਾਂ ਵੀ ਤੁਹਾਡੇ ਵੀਹ ਪੰਝੀ ਰੁਪਏ ਲੱਗ ਜਾਣੇ ਸਨ। ਖੈਂਰ ਗੁਆਂਢ ਦਾ ਮਸਲਾ ਹੋਣ ਕਰਕੇ ਗੱਲ ਛੱਡ ਦਿੱਤੀ ਗਈ। ਮਹੀਨੇ ਕ਼ੁ ਬਾਅਦ ਓਹਨਾ ਦਾ ਟੀਵੀ ਫ਼ਿਰ ਖਰਾਬ ਹੋ ਗਿਆ। ਓਹਨਾ ਨੂੰ ਟੀਵੀ ਦੁਕਾਨ ਤੇ ਲਿਆਉਣ ਨੂੰ ਆਖਿਆ ਗਿਆ। ਸ਼ਾਮ ਨੂੰ ਮਕੈਨਿਕ ਨੂੰ ਦਿਖਾਕੇ ਖਰਚਾ ਦੱਸ ਦੇਣ ਦਾ ਕਿਹਾ। “ਆਹ ਪੁਰਜਾ ਖਰਾਬ ਹੈ ਜੋ ਸਾਢੇ ਚਾਰ ਸੌ ਦਾ ਹੈ ਤੇ ਪੰਜਾਹ ਰੁਪਏ ਲੇਬਰ ਦੇ। ਕੁਲ ਖਰਚਾ ਪੰਜ ਸੌ।” ਅਸੀਂ ਸ਼ਾਮੀ ਓਹਨਾ ਨੂੰ ਦੱਸਿਆ। ਕਰ ਕਰਾਕੇ ਗੱਲ ਚਾਰ ਸੌ ਵਿੱਚ ਨਿਪਟ ਗਈ। ਅਗਲੇ ਦਿਨ ਟੀਵੀ ਠੀਕ ਹੋ ਗਿਆ। ਉਸਨੇ ਹੱਸਕੇ ਚਾਰ ਸੌ ਰੁਪਏ ਦੇ ਦਿੱਤੇ। ਜਦੋ ਉਹ ਟੀਵੀ ਲ਼ੈ ਕੇ ਜਾਣ ਲੱਗਿਆ ਤਾਂ ਅਸੀਂ ਉਸਨੂੰ ਤਿੰਨ ਸੌ ਰੁਪਏ ਮੋੜ ਦਿੱਤੇ। ਉਹ ਹੈਰਾਨ ਹੋ ਗਿਆ।
ਉਸਦੇ ਪੁੱਛਣ ਤੇ ਅਸੀਂ ਦੱਸਿਆ ਕਿ ਅੱਜ ਵੀ ਟੀਵੀ ਠੀਕ ਕਰਨ ਦੇ ਪੰਜਾਹ ਰੁਪਏ ਹੀ ਹਨ। ਤੇ ਪੰਜਾਹ ਉਸ ਦਿਨ ਵਾਲੇ। ਅਸੀਂ ਆਪਣੀ ਲੇਬਰ ਦਾ ਸੋ ਰੁਪਈਆ ਕੱਟ ਲਿਆ ਹੈ। ਸਾਢੇ ਚਾਰ ਸੌ ਦਾ ਪੁਰਜਾ ਖਰਾਬ ਹੋਣ ਵਾਲੀ ਗੱਲ ਸਿਰਫ ਤੈਨੂੰ ਸਬਕ ਦੇਣ ਲਈ ਹੀ ਕਹੀ ਸੀ ਕਿ ਕਿਸੇ ਮਜਦੂਰ ਦੀ ਮਿਹਨਤ ਨਹੀਂ ਰੱਖਣੀ ਚਾਹੀਦੀ। ਉਹ ਖੁਸ਼ ਹੋ ਕੇ ਟੀਂ ਵੀ ਲ਼ੈ ਕੇ ਘਰ ਚਲਾ ਗਿਆ।
ਅੱਗੇ ਤੋਂ ਉਹ ਸਮਝਿਆ ਨਾ ਸਮਝਿਆ ਇਹ ਉਸਦੀ ਮਰਜ਼ੀ। ਪਰ ਆਪਾਂ ਉਸਨੂੰ ਸਬਕ ਦੇ ਦਿੱਤਾ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ