ਪਹਿਲਾਂ ਪਹਿਲਾਂ ਮੈਂ ਮੋਟਰ ਸਾਈਕਲ ਸਕੂਟਰ ਵਿੱਚ ਹਵਾ ਭਰਾਈ ਯ ਚੈੱਕ ਕਰਵਾਈ ਦੇ ਪੈਸੇ ਦੇਣ ਵਿੱਚ ਆਪਣੀ ਤੋਹੀਨ ਸਮਝਦਾ ਸੀ। ਖੈਂਰ ਲ਼ੋਕ ਮੰਗਦੇ ਵੀ ਘੱਟ ਹੀ ਸਨ। ਸ਼ੁਰੂ ਤੋਂ ਹੀ ਅਸੀਂ ਜੀ ਟੀਂ ਰੋਡ ਵਾਲੇ ਚਮਨ ਟਾਇਰਾਂ ਵਾਲੇ ਕੋਲ ਜਾਂਦੇ ਸੀ ਤੇ ਉਹ ਪੈਸੇ ਨਹੀਂ ਸੀ ਲੈਂਦਾ। ਇੱਕ ਤਾਂ ਉਹ ਪਾਪਾ ਜੀ ਦਾ ਹਮਜਮਾਤੀ ਸੀ ਦੂਸਰਾ ਅਸੀਂ ਉਸਦੇ ਪੱਕੇ ਗ੍ਰਾਹਕ ਸੀ। ਬਾਕੀ ਜੇ ਕੋਈ ਨਵਾਂ ਦੁਕਾਨਦਾਰ ਪੈਸੇ ਮੰਗ ਵੀ ਲੈਂਦਾ ਤਾਂ ਮੈਨੂੰ ਇਓ ਲਗਦਾ ਕਿ ਇਸ ਨੇ ਪੈਸੇ ਮੰਗ ਕੇ ਮੇਰੀ ਬੇਜਿੱਤੀ ਕੀਤੀ ਹੈ । ਕਿਓੰ ਮੰਗੇ ਪੈਸੇ। ਤੇ ਮੈਂ ਨਾ ਦਿੰਦਾ। ਸਾਂਵਤਖੇੜਾ ਦੇ ਕਿਸੇ ਗਰੀਬ ਪਰਿਵਾਰ ਨੂੰ ਮੇਰੇ ਪਾਪਾ ਜੀ ਨੇ ਰਾਸ਼ਟਰੀ ਰਾਜ ਮਾਰਗ 09 ਤੇ ਕੁਝ ਜਮੀਨ ਅਲਾਟ ਕੀਤੀ। ਓਥੇ ਓਹਨਾ ਨੇ ਆਟਾਚੱਕੀ, ਪੇਂਜਾ, ਖਰਾਦ, ਵੇਲਡਿੰਗ ਤੇ ਪੈਂਚਰਾਂ ਦਾ ਕੰਮ ਸ਼ੁਰੂ ਕੀਤਾ। ਅਸੀਂ ਆਉਂਦੇ ਜਾਂਦੇ ਓਥੋਂ ਹੀ ਹਵਾ ਚੈਕ ਕਰਵਾਉਂਦੇ। ਉਹ ਸਾਡੇ ਤੋਂ ਪੈਸੇ ਲੈਣ ਤੋਂ ਇਨਕਾਰੀ ਕਰਦੇ ਪਰ ਅਸੀਂ ਉਹਨਾਂ ਨੂੰ ਜਬਰੀ ਪੈਸੇ ਦੇ ਦਿੰਦੇ। ਉਹ ਪੈਸੇ ਲੈਣ ਵੇਲੇ ਬਹੁਤ ਸ਼ਰਮ ਮਹਿਸੂਸ ਕਰਦੇ। ਪਰ ਅਸੀਂ ਪੈਸੇ ਜਰੂਰ ਦਿੰਦੇ। ਇਕ ਵਾਰ ਬਠਿੰਡੇ ਜਾਂਦੇ ਹੋਏ ਨੇ ਮੈਂ ਰਸਤੇ ਵਿਚ ਪੈਂਦੇ ਪਿੰਡ ਪਥਰਾਲੇ ਤੋਂ ਹਵਾ ਚੈਕ ਕਰਵਾਈ। ਉਸਨੇ ਮੈਥੋਂ ਪੈਸੇ ਨਾ ਮੰਗੇ ਤੇ ਨਾ ਹੀ ਮੈਂ ਦਿੱਤੇ। ਕੇਰਾਂ ਮੈਨੂੰ ਉਹ ਆਦਮੀ ਵਧੀਆ ਲੱਗਿਆ। ਪਰ ਥੋੜੀ ਦੂਰ ਜ਼ਾ ਕੇ ਮੈਨੂੰ ਕਾਰ ਦੇ ਚੱਕਿਆਂ ਵਿੱਚ ਕੁਝ ਗੜਬੜ ਲੱਗੀ। ਸੰਗਤ ਮੰਡੀ ਕੋਲ ਜਾਕੇ ਮੈਂ ਹਵਾ ਫਿਰ ਚੈੱਕ ਕਰਵਾਈ। ਇੱਕ ਟਾਇਰ ਵਿਚ ਪੰਜਾਹ ਪੌਂਡ ਸੀ ਤੇ ਦੂਜੇ ਵਿਚ ਵੀਹ ਪੌਂਡ। ਚਾਰੇ ਟਾਇਰਾਂ ਵਿੱਚ ਗੜਬੜ ਸੀ। ਮੈਨੂੰ ਬਹੁਤ ਗੁੱਸਾ ਆਇਆ। ਫਿਰ ਮਨ ਨੇ ਕਿਹਾ ਕਿ ਯਾਰ ਤੂੰ ਕਿਹੜਾ ਉਸਨੂੰ ਭਾਨ ਦਿੱਤੀ ਹੈ। ਅਗਲੇ ਨੇ ਮੁਫ਼ਤ ਵਿਚ ਮੁਫ਼ਤ ਵਰਗਾ ਕੰਮ ਕਰ ਦਿੱਤਾ। ਉਲਾਂਭਾ ਕਾਹਦਾ ਤੇ ਕਿਓੰ। ਸੰਗਤ ਵਾਲੇ ਦੁਕਾਨਦਾਰ ਨੂੰ ਮੈਂ ਦੱਸ ਰੁਪਏ ਦਿੱਤੇ ਤੇ ਅੱਗੇ ਤੋਂ ਪੱਕਾ ਫੈਸਲਾ ਕਰ ਲਿਆ ਕਿ ਹੁਣ ਕਦੇ ਮੁਫ਼ਤ ਵਿਚ ਹਵਾ ਚੈੱਕ ਨਹੀਂ ਕਰਵਾਂਗਾ। ਮੈਨੂੰ ਅਕਲ ਆ ਗਈ। ਬਿਨਾਂ ਠੋਕਰ ਲੱਗੇ ਸਾਲੀ ਅਕਲ ਵੀ ਨਹੀਂ ਆਉਂਦੀ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ