1975 ਵਿੱਚ ਜਦੋ ਅਸੀਂ ਪਿੰਡ ਘੁਮਿਆਰਾ ਛੱਡ ਕੇ ਮੰਡੀ ਡੱਬਵਾਲੀ ਦੇ ਬਸ਼ਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮੋਹੱਲਾ ਸਾਨੂੰ ਵਿਦਾ ਕਰਨ ਆਇਆ। ਚਾਚੀ ਜਸਕੁਰ ਚਾਚੀ ਨਿੱਕੋ ਤਾਈ ਸੁਰਜੀਤ ਕੁਰ ਤਾਈ ਕੌੜੀ ਤਾਈ ਧੰਨੋ ਅੰਬੋ ਬੌਣੀ ਸਾਰੀਆਂ ਅੱਖਾਂ ਭਰ ਆਈਆਂ। ਮੇਰੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਉਸ ਦਿਨ ਮੇਰੀ ਮਾਂ ਤੇ ਉਸਦੇ ਪਿੰਡ ਵਾਲੀਆਂ ਸਹੇਲੀਆਂ ਦੇ ਰੋਟੀ ਨਹੀਂ ਲੰਘੀ। ਕਈ ਦਿਨਾਂ ਤੱਕ ਉਹ ਸਾਨੂੰ ਮਿਲਣ ਆਉਂਦੀਆਂ ਰਹੀਆਂ। ਉਹ ਤਾਂ ਪੈਂਡੂ ਸਨ ਬਾਹਲਾ ਮੋਹ ਕਰਦੀਆਂ ਸਨ। ਦਿਲ ਦੀਆਂ ਸਾਫ ਸਨ। ਉਦੋਂ ਮੋਹ ਪਿਆਰ ਦਾ ਯੁੱਗ ਸੀ।
ਸਾਡੇ ਘਰੇ ਲੰਬੇ ਸਮੇਂ ਤੱਕ ਰਹੇ ਕਿਰਾਏਦਾਰ ਪਰਿਵਾਰ ਨੇ ਜਿਸ ਦਿਨ ਮਕਾਨ ਬਦਲਿਆ ਤਾਂ ਅਸੀਂ ਵੀ ਉਸ ਦਿਨ ਰੋਟੀ ਨਹੀਂ ਸੀ ਖਾਧੀ ਤੇ ਨਾ ਹੀ ਉਸ ਪਰਿਵਾਰ ਦੇ ਬੱਚਿਆਂ ਨੇ ਨਵੇਂ ਘਰੇ ਜ਼ਾ ਜਾਕੇ ਖਾਧੀ। ਇਹ ਲੋਕ ਭਾਵੇ ਸਹਿਰੀਏ ਸਨ ਮੋਹ ਇਹ੍ਹਨਾਂ ਵਿੱਚ ਵੀ ਹੈਗਾ ਸੀ। ਅਪਣੱਤ ਜਿਹੀ ਹੋ ਜਾਂਦੀ ਹੈ ਜਿੱਥੇ ਰਹੀਏ। ਪਰ ਸ਼ਾਇਦ ਪਿੰਡਾਂ ਵਾਲੇ ਬਾਹਲੇ ਮਿਲਾਪੜੇ ਹੁੰਦੇ ਹਨ ਤੇ ਸਹਿਰੀਏ ਥੋੜੇ ਕੌੜੇ।
ਨੌਕਰੀ ਦੌਰਾਨ ਕਿਸੇ ਮੁਲਾਜ਼ਮ ਦੀ ਬਦਲੀ ਹੋਣ ਸਮੇਂ ਯ ਸੇਵਾ ਮੁਕਤੀ ਸਮੇ ਅਜਿਹਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਜਦੋਂ ਬਾਕੀ ਸਟਾਫ ਮੈਂਬਰ ਵਿਛੜਣ ਦੇ ਦੁੱਖ ਵਿੱਚ ਹੰਝੂ ਕੇਰ ਰਹੇ ਹੁੰਦੇ ਹਨ ਤਾਂ ਜਾਣ ਵਾਲੇ ਦੀ ਸੀਟ ਸੰਭਾਲਣ ਵਾਲਾ ਮੁਲਾਜਮ ਅੰਦਰੋਂ ਖੁਸ਼ ਨਜ਼ਰ ਆਉਂਦਾ ਹੈ। “ਸ਼ਰੀਕ ਉਜੜੇ ਵੇਹੜਾ ਮੋਕਲਾ” ਵਾਲੀ ਗੱਲ ਹੁੰਦੀ ਹੈ। ਪਰ ਓਹ ਇਹ ਭੁੱਲ ਜਾਂਦਾ ਹੈ ਕਿ ਪਟਾ ਤੇਰਾ ਵੀ ਨਹੀਂ ਲਿਖਿਆ। ਇੱਕ ਦਿਨ ਤੈਨੂੰ ਵੀ ਜਾਣਾ ਪਵੇਗਾ। ਪਰ ਇਨਸਾਨ ਸਮਝਦਾ ਨਹੀਂ।
ਕਹਿੰਦੇ ਕਿਸੇਨੇ ਆਪਣਾ ਮਕਾਨ ਕਿਸੇ ਦੂਸਰੀ ਜਗ੍ਹਾ ਖੁੱਲ੍ਹਾ ਮਕਾਨ ਬਣਾਉਣ ਦਾ ਸੋਚਕੇ ਵੇਚ ਦਿੱਤਾ। ਆਂਢ ਗੁਆਂਢ ਨੂੰ ਜਦੋਂ ਪਤਾ ਲਗਿਆ ਤਾਂ ਅਫਸੋਸ ਹੋਇਆ। ਇਹ ਅਫਸੋਸ ਨਹੀਂ ਕਿ ਇਹ ਜ਼ਾ ਰਹੇ ਹਨ। ਸਗੋਂ ਇਹ ਅਫਸੋਸ ਹੋਇਆ ਕਿ ਇਹ ਮਕਾਨ ਉਹ ਹੀ ਲੈ ਲੈਂਦੇ। “ਲੈ ਤੁਸੀਂ ਦੱਸਿਆ ਹੀ ਨਹੀਂ। ਤੁਹਾਡਾ ਮਕਾਨ ਅਸੀਂ ਲੈ ਲੈਂਦੇ।” ਸੱਚ ਮੂੰਹੋਂ ਨਿਕਲ ਹੀ ਗਿਆ।
ਬਹੁਤ ਪਹਿਲਾਂ ਇੱਕ ਕਹਾਣੀ ਸੁਣੀ ਸੀ। ਕੋਈ ਆਦਮੀ ਜਦੋਂ ਕਿਸੇ ਨਦੀ ਵਿੱਚ ਡੁੱਬ ਰਿਹਾ ਸੀ। ਤਾਂ ਬਚਾਉਣ ਗਏ ਨੇ ਡੁੱਬ ਰਹੇ ਆਦਮੀ ਨੂੰ ਪੁੱਛਿਆ ਕਿ ਤੂੰ ਕਿਸ ਦਫਤਰ ਵਿਚ ਕੰਮ ਕਰਦਾ ਸੀ। ਤਾਂ ਉਸਨੇ ਦੱਸਿਆ ਕਿ ਮੈਂ ਫਲਾਣੇ ਦਫਤਰ ਵਿਚ ਸਕਿਉਰਿਟੀ ਗਾਰਡ ਸੀ। ਤਾਂ ਬਚਾਉਣ ਵਾਲਾ ਉਸ ਨੂੰ ਵਿਚਾਲੇ ਹੀ ਛੱਡਕੇ ਆਪ ਉਸ ਦਫਤਰ ਨੌਕਰੀ ਲੈਣ ਪਹੁੰਚ ਗਿਆ। ਅੱਗੋ ਉਹ ਦਫਤਰ ਵਾਲੇ ਕਹਿੰਦੇ ਜੀ ਉਹ ਨੌਕਰੀ ਤਾਂ ਅਸੀਂ ਉਸ ਆਦਮੀ ਨੂੰ ਦੇ ਦਿੱਤੀ ਜੋ ਉਸਨੂੰ ਨਹਿਰ ਵਿੱਚ ਧੱਕਾ ਦੇਕੇ ਆਇਆ ਸੀ। ਉਦੋਂ ਇਹ ਕਹਾਣੀ ਸਿਰਫ ਕਹਾਣੀ ਲਗਦੀ ਸੀ ਹੁਣ ਸੱਚ ਨਜ਼ਰ ਆਉਂਦੀ ਹੈ।
ਭਾਵੇ ਇਸ ਇਕੀਵੀ ਸਦੀ ਦੇ ਦੌਰ ਵਿਚ ਉਹ ਪੁਰਾਣੇ ਮੋਹ ਮੋਹੱਬਤ ਵਾਲੇ ਦਿਨ ਨਹੀਂ ਰਹੇ। ਬਹੁਤੇ ਲ਼ੋਕ ਖ਼ੁਦਗਰਜ਼ ਹੋ ਗਏ ਹਨ। ਪਰ ਫਿਰ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਅਜੇ ਵੀ ਰੂਹਾਂ ਨੂੰ ਪਿਆਰ ਕਰਨ ਵਾਲੇ ਬਹੁਤ ਲ਼ੋਕ ਹਨ। ਅੱਜ ਹੀ ਵੇਖਿਆ ਪ੍ਰੋ Atma Ram Arora ਲੰਬੀ ਬਿਮਾਰੀ ਅਤੇ ਤਾਲਾਬੰਦੀ ਤੋਂ ਬਾਦ ਡੱਬਵਾਲੀ ਆਏ ਤਾਂ ਮਿਲਣ ਵਾਲਿਆ ਦਾ ਤਾਂਤਾ ਲਗ ਗਿਆ। ਚਾਹੇ ਸਭ ਪੜ੍ਹੇ ਲਿਖੇ ਲ਼ੋਕ ਸਨ ਮੂੰਹ ਤੇ ਮਾਸਕ ਲੱਗੇ ਹੋਏ ਸਨ। ਫਿਰ ਵੀ ਅਜਿਹੇ ਹਾਲਾਤਾਂ ਵਿੱਚ ਲੱਛਮਨ ਰੇਖਾ ਪਾਰ ਕਰਨ ਵਾਲ਼ੇ ਰੂਹ ਨੂੰ ਪਿਆਰ ਕਰਨ ਵਾਲੇ ਸਨ। ਇਹ੍ਹਨਾਂ ਲੋਕਾਂ ਦੀ ਬਦੌਲਤ ਹੀ ਦੁਨੀਆਂ ਚੱਲ ਰਹੀ ਹੈ। ਪਰ ਚਰਚਾ ਕਰੇ ਬਿਨ ਰਹਿ ਨਹੀ ਹੁੰਦਾ।
#ਰਮੇਸ਼ਸੇਠੀਬਾਦਲ