ਇੱਕ ਵਾਰ ਇੱਕ ਬੱਚਾ ਆਪਣੇ ਘਰ ਦੇ ਖੁੱਲੇ ਵਿਹੜੇ ਵਿੱਚ ਸਾਈਕਲ ਚਲਾ ਰਿਹਾ ਸੀ।ਉਸਦਾ ਪਿਤਾ ਉਸਨੂੰ ਰੁੱਖ ਹੇਠਾਂ ਕੁਰਸੀ ਤੇ ਬੈਠਾ ਦੇਖ ਰਿਹਾ ਸੀ।ਬੱਚੇ ਨੇ ਪਿਤਾ ਨੂੰ ਕਿਹਾ ਕਿ ਤੁਸੀ ਮੇਰੇ ਨਾਲ ਬਾਹਰ ਆਓ ਤੇ ਮੈਂ ਦੂਰ ਤੱਕ ਸਾਈਕਲ ਚਲਾਉਣਾ ਚਾਹੁੰਦਾ ਹਾਂ। ਪਰ ਪਿਤਾ ਨੇ ਉਸਨੂੰ ਕਿਹਾ ਕਿ ਮੇਰੇ ਵਿੱਚ ਤੁਰਨ ਦੀ ਸ਼ਕਤੀ ਨਹੀਂ ਹੈ। ਮੈਂ ਥੱਕ ਗਿਆ ਹਾਂ । ਤੂੰ ਵਿਹੜੇ ਵਿੱਚ ਹੀ ਸਾਈਕਲ ਚਲਾ ਲੈ।ਪਿਤਾ ਜੀ ਹਰ ਰੋਜ਼ ਹੀ ਕਦੇ ਲੱਤਾਂ ਦੁਖਦੀਆਂ ਤੇ ਕਦੇ ਪੈਰ ਦੁਖਦੇ ਹਨ ਕਹਿ ਕੇ ਉਸਨੂੰ ਬਾਹਰ ਨਾ ਲੈ ਕੇ ਜਾਂਦੇ।ਫਿਰ ਬੱਚੇ ਨੂੰ ਸਾਈਕਲ ਚਲਾਉਂਦਿਆਂ ਅਚਾਨਕ ਹੀ ਆਪਣੇ ਮੈਡਮ ਦੀ ਸਮਝਾਈ ਗੱਲ ਚੇਤੇ ਆਈ ਕਿ ਜੋ ਸੈਰ ਨਹੀਂ ਕਰਦੇ ਉਹਨਾਂ ਦੀ ਸਰੀਰਕ ਸ਼ਕਤੀ ਲਗਾਤਾਰ ਘਟਦੀ ਜਾਂਦੀ ਹੈ ਤੇ ਜਲਦੀ ਹੀ ਬਿਮਾਰੀਆਂ ਘੇਰ ਲੈਂਦੀਆਂ ਹਨ।ਬੱਚੇ ਨੇ ਮਹਿਸੂਸ ਕੀਤਾ ਕਿ ਪਿਤਾ ਜੀ ਵੀ ਸੈਰ ਨਹੀਂ ਕਰਦੇ।ਇਹ ਸੋਚਦਾ – ਸੋਚਦਾ ਬੱਚਾ ਸਾਈਕਲ ਚਲਾਉਂਦਾ ਹੋਇਆ ਘਰ ਦੇ ਗੇਟ ਤੋਂ ਬਾਹਰ ਚਲਾ ਗਿਆ ਤੇ ਪਿਤਾ ਵੀ ਉਸਨੂੰ ਦੇਖਣ ਦੂਰ ਤੱਕ ਉਸਦੇ ਮਗਰ – ਮਗਰ ਜਾਂਦਾ ਰਿਹਾ। ਫਿਰ ਬੱਚੇ ਨੇ ਕੁਝ ਦੂਰੀ ਤੇ ਜਾ ਕੇ ਸਾਈਕਲ ਮੋੜ ਕੇ ਘਰ ਵੱਲ ਨੂੰ ਪਾ ਲਿਆ।ਪਿਤਾ ਵੀ ਉਸਦੇ ਮਗਰ- ਮਗਰ ਹੀ ਆਉਂਦੇ ਰਹੇ ਤੇ ਫਿਰ ਘਰ ਆ ਕੇ ਕੁਰਸੀ ਤੇ ਬੈਠ ਗਏ।ਪਿਤਾ ਨੇ ਪੁੱਤਰ ਨੂੰ ਕਿਹਾ ਕਿ ਤੂੰ ਇੰਝ ਕਿਉਂ ਕੀਤਾ?ਪੁੱਤਰ ਨੇ ਜਵਾਬ ਦਿੱਤਾ,ਪਿਤਾ ਜੀ ਸਾਡੇ ਮੈਡਮ ਕਹਿੰਦੇ ਹਨ ਕਿ ਜੋ ਸੈਰ ਨਹੀਂ ਕਰਦੇ, ਉਹ ਜਲਦੀ ਬਿਮਾਰ ਹੋ ਜਾਂਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਬਿਮਾਰ ਹੋਵੋ।ਇਸ ਲਈ ਮੈਂ ਹਰ ਰੋਜ਼ ਇੰਝ ਹੀ ਬਾਹਰ ਸਾਈਕਲ ਚਲਾਵਾਂਗਾ ਤੇ ਤੁਸੀ ਸੈਰ ਕਰ ਲਿਆ ਕਰਨਾ।ਇਸ ਤਰ੍ਹਾਂ ਮੈਂ ਵੀ ਖੁਸ਼ ਤੇ ਤੁਸੀਂ ਵੀ ਬਿਮਾਰ ਨਹੀਂ ਹੋਵੋਗੇ।
ਪਿਤਾ ਨੇ ਮੁਸਕਰਾ ਕੇ ਕਿਹਾ, “ਚੰਗਾ ਠੀਕ ਹੈ,ਤੇਰੇ ਨਾਲ ਪੱਕਾ ਵਾਅਦਾ।”