ਸੁੰਢ ਤੇ ਹਲਦੀ | sund te haldi

ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ‘ਸੁੰਢ ਤੇ ‘ਹਲਦੀ’ ਦੋ ਸਕੀਆਂ ਭੈਣਾਂ ਸਨ ਉਹਨਾਂ ਦੀ ਮਾਂ ਦਾ ਨਾਂ ਕਾਲੀ ਮਿਰਚ ਸੀ। ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ, “ਮਾਂ! ਮੈਂ ਆਪਣੇ ਨਾਨਕੇ ਘਰ ਜਾਣੈ।” ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ।

“ਨਾਨਕੇ ਘਰ ਜਾਵਾਂਗੇ,
ਲੱਡੂ –ਪੇੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ।”

ਉਸ ਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਾਉਂਦਿਆਂ ਆਖਿਆ, “ਧੀਏ ! ਰਾਹ ਵਿੱਚ ਬੜੀਆਂ ਔਕੜਾਂ ਨੇ, ਜਦੋਂ ਕਦੇ ਤੇਰਾ ਮਾਮਾ ਆਵੇਗਾ ਤਾਂ ਤੂੰ ਉਸ ਦੇ ਨਾਲ ਚਲੀ ਜਾਵੀਂ। ਤੂੰ ਜੇ ਰਾਹ ਭੁੱਲ ਗਈ ਤਾਂ ਫੇਰ ਕੀ ਕਰੇਂਗੀ?” ਪਰ ਹਲਦੀ ਨੇ ਤਾਂ ਨਾਨਕ-ਘਰ ਜਾਣ ਦੀ ਜਿਵੇਂ ਜ਼ਿਦ ਹੀ ਫੜ ਲਈ। ਸੋਚ-ਸੋਚ ਕੇ ਮਾਂ ਨੇ ਸੁੰਢ ਨੂੰ ਕਿਹਾ, “ਸੁੰਢ ਧੀਏ ! ਇਉਂ ਕਰ ਤੂੰ ਵੀ ਇਹਦੇ ਨਾਲ ਚਲੀ ਜਾਹ। ਇੱਕ, ਇੱਕ ਤੇ ਦੋ ਗਿਆਰਾਂ ਹੁੰਦੇ ਨੇ। ਰਾਹ ਵਿੱਚ ਸਾਥ ਰਹੇਗਾ | ਲੰਮਾ ਪੈਂਡਾ ਏ | ਰਾਹ ਵਿੱਚ ਦਰਿਆ ਵੀ ਪੈਂਦਾ ਏ। ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ‘ਕੱਲੀ ਨੂੰ ਵੀ ਡਰ ਲੱਗਦਾ ਏ। ਇਹ ਤਾਂ ਉਂਞ ਵੀ ਅਜੇ ਨਿਆਣੀ ਏ।”

ਪਰ ਸੁੰਢ ਦੀ ਹਲਦੀ ਨਾਲ ਐਵੇਂ ਈ ਅੰਞਾਣਿਆਂ ਵਾਂਗ ਨਿੱਕੀ-ਨਿੱਕੀ ਗੱਲ ਉੱਤੇ ਵੀ ਨੋਕ-ਝੋਕ ਹੁੰਦੀ ਰਹਿੰਦੀ ਸੀ। ਸੁੰਢ ਰਤਾ ਕੌੜੇ ਸੁਭਾਅ ਦੀ ਸੀ, ਹਮੇਸ਼ਾਂ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ। ਸੋ, ਉਹ ਕਹਿਣ ਲੱਗੀ, “ਮਾਂ। ਮੈਂ ਨਹੀਂ ਜਾਣਾ। ਜਦੋਂ ਮੇਰਾ ਜੀਅ ਕੀਤਾ, ਮੈਂ ਚਲੀ ਜਾਵਾਂਗੀ।”

ਅਖ਼ੀਰ ਹਲਦੀ ਜ਼ਿਦ ਕਰ ਕੇ ਇਕੱਲੀ ਹੀ ਘਰੋਂ ਤੁਰ ਪਈ। ਰਾਹ ਵਿੱਚ ਦਰਿਆ ਆਇਆ। ਠਾਠਾਂ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ। ਫਿਰ ਉਹਨੇ ਹੌਸਲਾ ਕਰ ਕੇ ਦਰਿਆ ਨੂੰ ਕਿਹਾ:

“ਦਰਿਆ ਬਾਬਾ । ਰਾਹ ਦੇਹ, ਮੈਨੂੰ ਪਾਰ ਲੰਘਾ ਦੇ।”

ਦਰਿਆ ਨੇ ਹਲਦੀ ਨੂੰ ਕਿਹਾ, “ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ ਪਰ ਤੂੰ ਪਹਿਲੋਂ ਅਹੁ ਸਾਮ੍ਹਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫ਼ਰਾਂ ਲਈ ਵੀ ਇੱਕ ਪੁਲ ਬਣ ਜਾਵੇ। ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋ ਕੇ ਲਿਆਉਣ ਲੱਗੀ। ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫ਼ਰ ਵੀ ਉਹਦੀ ਮਦਦ ਕਰਨ ਲੱਗੇ। ਇੰਞ ਹੌਲ਼ੀ-ਹੌਲ਼ੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੋਂ ਪਾਰ ਲੰਘ ਗਈ।

ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਚਿਰ ਅਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ ਲੇਟ ਗਈ ਤੇ ਸੌਂ ਗਈ। ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਥਕੇਵਾਂ ਤਾਂ ਲੱਥ ਚੁੱਕਾ ਸੀ ਪਰ ਉਸ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਆਸੇ-ਪਾਸੇ ਦੇਖਦਿਆਂ ਉਹਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ, ਜਿਸ ਉੱਤੇ ਸੂਹੇ-ਸੂਹੇ ਬੇਰ ਲੱਗੇ ਹੋਏ ਸਨ। ਹਲਦੀ ਨੇ ਬੇਰੀ ਅੱਗੇ ਤਰਲਾ ਕੀਤਾ:

“ਬੇਰੀ ਮਾਸੀ! ਬੇਰ ਦੇਹ।
ਮੈਂ ਹਾਂ ਤੇਰੀ ਧੀ-ਧਿਆਣੀ, ਪਰ ਇਸ ਵੇਲੇ ਭੁੱਖੀ-ਭਾਣੀ।”

ਬੇਰੀ ਨੇ ਹਲਦੀ ਨੂੰ ਕਿਹਾ, “ਧੀਏ! ਪਹਿਲਾਂ ਮੇਰੇ ਹੇਠੋਂ ਸਾਰੇ ਕੰਡੇ ਹੂੰਝ ਦੇ ਫੇਰ ਮੈਂ ਤੈਨੂੰ ਖਾਣ ਲਈ ਲਾਲ- ਸੂਹੇ ਬੇਰ ਦੇਵਾਂਗੀ ਕਿਉਂ ਜੋ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ ਬੇਰ ਖਾਣ ਆਣੈ, ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਖਿੱਲਰੇ ਕੰਡੇ ਪੁੜ ਜਾਣਗੇ।”

ਹਲਦੀ ਨੇ ਇੱਕ ਟਾਹਣੀ ਲੈ ਕੇ ਬੇਰੀ ਹੇਠਾਂ ਬੁਹਾਰੀ ਫੇਰ ਕੇ ਸਾਰੇ ਕੰਡੇ ਹੂੰਝ ਕੇ ਇੱਕ ਪਾਸੇ ਢੇਰੀ ਲਾ ਦਿੱਤੀ। ਫਿਰ ਬੇਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੂਹੇ ਬੇਰ ਖਾਣ ਵਾਸਤੇ ਦਿੱਤੇ। ਹਲਦੀ ਨੇ ਬੇਰ ਖਾਧੇ ਤੇ ਉੱਥੋਂ ਅੱਗੇ ਚੱਲ ਪਈ। ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰਵਾਰ ਦਾਣੇ ਭੁੰਨਣ ਵਾਲੀ ਭੱਠੀ ਕੋਲੋਂ ਦੀ ਲੰਘੀ। ਇੱਕ ਮਾਈ ਭੱਠੀ ਵਿੱਚ ਦਾਣੇ ਭੁੰਨ ਰਹੀ ਸੀ। ਹਲਦੀ ਨੇ ਮਾਈ ਕੋਲੋਂ ਦਾਣੇ ਮੰਗੋ। ਕਹਿਣ ਲੱਗੀ;

“ਮਾਸੀ-ਮਾਸੀ ! ਮੈਨੂੰ ਦਾਣੇ ਦੇਹ,
ਤੇਰੀ ਭਣੇਵੀਂ ਨੂੰ ਬਹੁਤ ਭੁੱਖ ਲੱਗੀ ਏ।”

ਭੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, “ਪਹਿਲਾਂ ਮੇਰੀ ਭੱਠੀ ਦੇ ਆਲ-ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਭੱਠੀ ਵਿੱਚ ਹੋਰ ਝੋਕਾ ਲਾ ਦੇ। ਹਲਦੀ ਨੇ ਭੱਠੀ ਦਾ ਆਲਾ-ਦੁਆਲਾ ਸਾਫ਼ ਕੀਤਾ ਤੇ ਕੱਖ-ਕਾਣ ਦੀ ਇੱਕ ਪਾਸੇ ਢੇਰੀ ਲਾ, ਉਸੇ ਕੱਖ-ਕਾਣ ਵਿੱਚੋਂ ਇੱਕ ਝੋਕਾ ਭੱਠੀ ਵਿੱਚ ਲਾਇਆ।

ਭੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ। ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ। ਅਖ਼ੀਰ ਹਲਦੀ ਆਪਣੇ ਨਾਨਕੇ ਪਿੰਡ ‘ਲੂਣਪੂਰ’ ਜਾ ਪਹੁੰਚੀ। ਉੱਥੇ ਉਹ ਸਭਨਾਂ ਰਿਸ਼ਤੇਦਾਰਾਂ ਨੂੰ ਪਿਆਰ-ਮੁਹੱਬਤ ਨਾਲ ਮਿਲੀ। ਉਸ ਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ। ਨਾਨਕੇ ਪਿੰਡ ਉਹ ਕਈ ਦਿਨ ਰਹੀ।

ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ। ਵਿਹਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾਹ ਕੇ ਉਸ ਉੱਤੇ ਸੂਤ ਕੱਤਦੀ। ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮ-ਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ। ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖ਼ਿਆਲ ਆਇਆ। ਉਸ ਦੇ ਨਾਨਾ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ ਪਰ ਹਲਦੀ ਨੂੰ ਮਾਂ-ਪਿਓ ਦੀ ਯਾਦ ਆਉਣ ਲੱਗੀ।

ਅਖ਼ੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ। ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ, ਉਸ ਦੀ ਨਾਨੀ ਨੇ ਉਸ ਨੂੰ ਜੁਲਾਹੇ ਪਾਸੋਂ ਉਣ-ਬਣਵਾ ਕੇ ਆਪਣੀ ਦੋਹਤੀ ਹਲਦੀ ਲਈ ਕੱਪੜੇ ਸਵਾ ਦਿੱਤੇ। ਮਾਮੀਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲੜ ਬੰਨ੍ਹ ਦਿੱਤੀ। ਨਾਨੇ ਨੇ ਫਲਾਂ ਦੀ ਨਿੱਕੀ ਜਿਹੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸ ਦੇ ਝੋਲੇ ਵਿੱਚ ਪਾ ਦਿੱਤੀਆਂ | ਹਲਦੀ ਵਾਪਸ ਘਰ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਭੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ,

“ਮਾਸੀ ! ਨੀ ਮਾਸੀ। ਤੇਰੀ ਧੀ – ਧਿਆਣੀ ਘਰ ਚੱਲੀ।”

“ਰਤਾ ਕੁ ਠਹਿਰ, ਭਣੇਵੀਏ ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾਹ।” ਮਾਈ ਨੇ ਉਸ ਨੂੰ ਭੁੱਜੇ ਹੋਏ ਛੋਲੇ ਦਿੱਤੇ। ਹਲਦੀ ਭੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹਨੂੰ ਉਹੋ ਬੇਰੀ ਮਿਲੀ। ਹਲਦੀ ਬੇਰੀ ਨੂੰ ਕਹਿਣ ਲੱਗੀ,

“ਮਾਸੀ! ਨੀ ਮਾਸੀ! ਤੇਰੀ ਧੀ ਧਿਆਣੀ ਨਾਨਕਿਓਂ ਹੋ ਆਈ।”

ਬੇਰੀ ਨੇ ਹਲਦੀ ਦਾ ਸਿਰ ਪਲੋਸਦਿਆਂ ਕਿਹਾ, “ ਰਤਾ ਠਹਿਰ ਧੀਏ 1 ਅਹਿ ਮੇਰੇ ਕੋਲੋਂ ਥੋੜ੍ਹੇ ਜਿਹੇ ਬੇਰ ਲੈਂਦੀ ਜਾਈਂ, ਮੈਂ ਸੂਹੇ ਲਾਲ ਬੇਰ ਤੇਰੇ ਲਈ ਹੀ ਸਾਂਭ ਰੱਖੇ ਨੇ।” ਬੇਰੀ ਤੋਂ ਬੇਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ੍ਹ ਲਏ ਤੇ ਨੱਚਦੀ-ਟੱਪਦੀ ਅੱਗੇ ਤੁਰ ਪਈ। ਅੱਗੇ ਦਰਿਆ ਆ ਗਿਆ। ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ,

“ਦਰਿਆ ਬਾਬਾ ! ਮੈਂ ਨਾਨਕਿਓਂ ਹੋ ਆਈ ਆਂ।

ਦਰਿਆ ਨੇ ਹਲਦੀ ਦਾ ਸਿਰ ਪਲੋਸਿਆ ਤੇ ਢੇਰ ਸਾਰੀਆਂ ਸਿੱਪੀਆਂ ਤੇ ਘੋਗੇ ਦੇ ਕੇ ਕਹਿਣ ਲੱਗਾ, “ਧੀਏ-ਧਿਆਣੀਏ ! ਮੈਨੂੰ ਤੇਰਾ ਬਹੁਤ ਮੋਹ ਆਉਂਦਾ ਹੈ। ਕਦੇ-ਕਦੇ ਮੇਰੇ ਵੱਲ ਫੇਰਾ ਮਾਰਦੀ ਰਿਹਾ ਕਰੀਂ। ਹਲਦੀ ਨੇ ਉਹ ਘੋਗੇ ਤੇ ਸਿੱਪੀਆਂ ਵੀ ਚੁੰਨੀ ਦੇ ਲੜ ਨਾਲ ਬੰਨ੍ਹ ਲਏ, ਫਿਰ ਉਹ ਘਰ ਵੱਲ ਤੁਰ ਪਈ। ਹਲਦੀ ਖਾਣ-ਪਹਿਨਣ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ।
ਹਲਦੀ ਨੂੰ ਬਹੁਤ ਖ਼ੁਸ਼ ਵੇਖ ਕੇ ਸੂੰਢ ਕਹਿਣ ਲੱਗੀ,

“ ਮਾਂ ਤੇ ਮਾਂ । ਮੈਂ ਵੀ ਨਾਨਕੇ ਜਾਣੈ।

” ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ, “ਧੀਏ ! ਇੱਕ ਤਾਂ ਰਸਤਾ ਬਿਖੜਾ ਏ, ਦੂਜਾ ਤੇਰਾ ਤੇ ਸੁਭਾਅ ਵੀ ਰਤਾ ਰੁੱਖਾ ਏ। ਤੂੰ ਇਕੱਲੀ ਕਿਧਰੇ ਨਾ ਜਾ। ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੀਂ।” ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੀ। ਸੁੰਢ ਘਰੋਂ ਤੁਰ ਪਈ। ਨਾ ਮਾਂ ਤੋਂ ਅਸੀਸ ਲਈ ਤੇ ਨਾ ਪਿਓ ਦੀ ਆਗਿਆ ਲਈ। ਜਾਣ ਵੇਲੇ ਜਦੋਂ ਹਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਸਗੋਂ ਉਹਦੇ ਨਾਲ ਝਗੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੀ, “ ਤੂੰ ਕੌਣ ਹੁੰਦੀ ਏਂ, ਮੈਨੂੰ ਸਮਝਾਉਣ ਵਾਲੀ ? ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ।

ਹਲਦੀ ਨੇ ਛੋਟੀ ਭੈਣ ਸੁੰਢ ਨੂੰ ਸਮਝਾਉਂਦਿਆਂ ਕਿਹਾ, “ਸੁੰਢ ਭੈਣੇ ! ਮਾਂ ਠੀਕ ਕਹਿੰਦੀ ਏ ਉਂਝ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆਂ ਜੇ ਕੋਲ ਹੋਰ ਕੋਈ ਨਾ ਵੀ ਹੋਵੇ ਤਾਂ ਕੰਧਾਂ ਨਾਲ ਹੀ ਸਲਾਹ ਕਰ ਲਈਦੀ ਹੈ। ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੀਂ।”

“ਮੈਨੂੰ ਤੇਰੇ ਤੋਂ ਵੱਧ ਸਮਝ ਏ, ਵੱਡੀ ਆਈ ਏ ਮੈਨੂੰ ਸਮਝਾਉਣ ਵਾਲੀ। ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ,” ਇਹ ਕਹਿ ਕੇ ਉਹ ਘਰੋਂ ਤੁਰ ਪਈ। ਰਾਹ ਵਿੱਚ ਪਹਿਲਾਂ ਦਰਿਆ ਆਇਆ। ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ, “ਧੀਏ। ਚਾਰ ਪੱਥਰ ਪੁਲ ਲਈ ਰੱਖਦੀ ਜਾ। ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਹੋਰ ਮੁਸਾਫ਼ਰਾਂ ਨੂੰ ਵਧੇਰੇ ਸੌਖ ਰਹੇਗੀ।

“ਮੈਂ ਕੋਈ ਤੇਰੀ ਨੌਕਰ ਆਂ ?”
ਸੁੰਢ ਨੇ ਦਰਿਆ ਨੂੰ ਖਿਝਦੇ ਹੋਏ ਕਿਹਾ।

ਦਰਿਆ ਪਾਰ ਕਰਕੇ ਸੁੰਢ ਕਾਹਲੇ-ਕਾਹਲੇ ਕਦਮ ਪੁੱਟਦੀ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹੋ ਬੇਰੀ ਆਈ। ਸੁੰਢ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਬੇਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ। ਸੁੰਢ ਨੂੰ ਇਹ ਕਰਦਿਆਂ ਵੇਖ, ਬੇਰੀ ਨੇ ਕਿਹਾ, “ਧੀਏ! ਜੇ ਤੂੰ ਤਾਜ਼ੇ ਤੇ ਮਿੱਠੇ ਬੇਰ ਖਾਣਾ ਚਾਹੁੰਦੀ ਏਂ ਤਾਂ ਪਹਿਲੋਂ ਮੇਰੇ ਹੇਠ ਬੁਹਾਰੀ ਦੇ ਕੰਡੇ ਹੂੰਝਦੀ ਜਾ ਹੁਣੇ ਪਿੰਡੋਂ ਬੱਚੇ ਮੇਰੇ ਬੇਰ ਖਾਣ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁਭਣਗੇ।” ਪਰ ਸੁੰਢ ਨੇ ਬੇਰੀ ਦੀ ਇੱਕ ਨਾ ਸੁਣੀ। ਉਹ ਬੇਰੀ ਦੇ ਟਾਹਣਿਆਂ ਨੂੰ ਹਲੂਣਦੀ ਰਹੀ ਪਰ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੇਠਾਂ ਨਾ ਡਿਗਿਆ।

ਤੁਰਦੀ-ਤੁਰਦੀ ਸੁੰਢ ਭੱਠੀ ਕੋਲ ਪਹੁੰਚੀ | ਭੱਠੀ ਵਿੱਚ ਕੁਝ ਦਾਣੇ ਪਏ ਵੇਖੇ ਤੇ ਬਿਨਾਂ ਪੁੱਛੇ ਇੱਕ ਲੱਪ ਦਾਣਿਆਂ ਦੀ ਭਰ ਲਈ। ਉਸ ਨੇ ਭੱਠੀ ਵਾਲੀ ਦੀ ਇੱਕ ਨਾ ਸੁਣੀ। ਜਾਣ ਵੇਲੇ ਸੁੰਢ ਨੂੰ ਭੱਠੀ ਵਾਲੀ ਨੇ ਕਿਹਾ,

“ਤੂੰ ਮੁਫ਼ਤ ਦਾ ਖਾਣ ਹਿਲੀ ਹੋਈ ਏਂ, ਪਛਤਾਏਂਗੀ।”
“ਤੈਨੂੰ ਕੀ, ਤੂੰ ਸੜਦੀ ਰਹਿ, ਭੱਜਦੀ ਰਹਿ।” ਇਹ ਕਹਿ ਕੇ ਸੁੰਢ ਅੱਗੇ ਲੰਘ ਗਈ।

ਅਖ਼ੀਰ ਸੁੰਢ ਨਾਨਕੇ ਪਹੁੰਚੀ। ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ, ਨਾ ਸੁੱਖ-ਦੁੱਖ ਪੁੱਛਿਆ। ਉਹ ਓਪਰੀ ਜਿਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ-ਪਰੇ ਰਹਿੰਦੀ। ਉਸ ਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ। ਚਰਖਾ ਕੱਤਣਾ ਤਾਂ ਇੱਕ ਪਾਸੇ ਰਿਹਾ, ਉਸ ਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ। ਕੁਝ ਦਿਨਾਂ ਮਗਰੋਂ ਜਦੋਂ ਸੁੰਢ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ ਸਗੋਂ ਉਸ ਦੇ ਜਾਣ ‘ਤੇ ਅੰਦਰੋਂ-ਅੰਦਰ ਸਭ ਖ਼ੁਸ਼ ਸਨ ਤੇ ਕਹਿਣ ਲੱਗੇ,

“ਇਸ ਭੈੜੀ ਤੋਂ ਸਾਡੀ ਜਿੰਦ ਛੁੱਟੇਗੀ।”

ਨਾਨਕਿਆਂ ਨੇ ਸੁੰਢ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ ਨਾ ਫਲ, ਨਾ ਮਿਠਿਆਈ। ਸੁੰਢ ਖਿਝ ਕੇ ਲੜ ਪਈ ਅਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਪਈ। ਵਾਪਸ ਮੁੜਦਿਆਂ ਰਾਹ ਵਿੱਚ ਭੱਠੀ ਆਈ। ਜਦੋਂ ਸੁੰਢ ਉਹਦੇ ਕੋਲੋ ਦੀ ਲੰਘਣ ਲੱਗੀ ਤਾਂ ਭੱਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਾ ਖਿਝਦੀ-ਖੱਪਦੀ ਸੁੰਢ ਅੱਗੇ ਤੁਰ ਪਈ | ਜਦੋਂ ਉਹ ਬੇਰੀ ਕੋਲ ਪੁੱਜੀ ਤਾਂ ਜਿਸ ਬੇਰੀ ਨੇ ਹਲਦੀ ਨੂੰ ਸੂਹੇ-ਸੂਹੇ ਬੇਰ ਦਿੱਤੇ ਸਨ, ਉਸ ਨੇ ਇਸ ਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਢ ਦੇ ਪੈਰਾਂ ਵਿੱਚ ਕੰਡੇ ਚੁਭ ਗਏ।

ਫਿਰ ਸੁੰਢ ਦਰਿਆ ਦੇ ਕੋਲ ਪਹੁੰਚੀ। ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ੍ਹ ਗਿਆ। ਪਾਣੀ ਦੀਆਂ ਛੱਲਾਂ ਪੁਲ ਨੂੰ ਵੀ ਛੂਹ ਰਹੀਆਂ ਸਨ। ਸੁੰਢ ਮਸਾਂ–ਮਸਾਂ ਬਚੀ। ਜਦੋਂ ਸੁੰਢ ਖ਼ਾਲੀ ਹੱਥ ਘਰ ਪਹੁੰਚੀ ਤਾਂ ਉਹ ਡੁਸਕਣ ਲੱਗੀ। ਉਹ ਸੋਚਦੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ, “ਹਲਦੀ ਕੋਲ ਅਜਿਹਾ ਕੀ ਏ ਕਿ ਉਹਨੂੰ ਸਾਰਿਆਂ ਕੋਲੋਂ ਏਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ ?”

ਮਾਂ ਨੇ ਕਿਹਾ, “ਹਲਦੀ ਕੋਲ ਪਿਆਰ ਏ। ਉਹ ਹਰ ਕਿਸੇ ਦੇ ਕੰਮ ਆਉਂਦੀ ਏ, ਸਭ ਦਾ ਹੱਥ ਵਟਾਉਂਦੀ ਏ।

” ਇਹ ਸੁਣ ਕੇ ਸੁੰਢ ਨੂੰ ਆਪਣੀ ਗ਼ਲਤੀ ਪਤਾ ਲੱਗ ਗਈ। ਉਹ ਆਪਣੇ ਕੀਤੇ ‘ਤੇ ਬਹੁਤ ਪਛਤਾਈ ਤੇ ਅੱਗੇ ਤੋਂ ਉਸ ਨੇ ਚੰਗੇ ਬਣਨ ਦਾ ਪ੍ਰਣ ਕਰ ਲਿਆ।

ਬਹੁਤ ਹੀ ਮੁਸ਼ਕਲ ਨਾਲ ਏ ਕਹਾਣੀ ਲੱਭੀ ਏ ਅਸੀ, ਸੋ ਸਾਰੇ ਹੀ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਕਹਾਣੀ ਨੂੰ ਨੀਚੇ ਸੋਸ਼ਲ ਬਟਨ ਤੇ ਜਾਕੇ ਸ਼ੇਅਰ ਜਰੂਰ ਕਰਿੳ ਤਾਂ ਜੋ ਹਰ ਕੋਈ ਏ ਕਹਾਣੀ ਪੜ੍ਹ ਕੇ ਆਪਣਾ ਬਚਪਨ ਚੇਤੇ ਕਰ ਸਕੇ।

One comment

  1. Thank You So Much Story Lye . Boht Vdia Lga 🥹bachpan Yad A Gya Jdo Prde Hunde C 😄eh School Ch

Leave a Reply

Your email address will not be published. Required fields are marked *