“ਨੀ ਚੰਦੋ! ਲੈ ਤੂੰ ਵੀ ਵੰਗਾਂ ਚੜਾ ਲੈ। ਦੇਖ ਕਿੰਨੀਆਂ ਸੋਹਣੀਆਂ ਵੰਗਾਂ ਨੇ। ਰੰਗ ਦੇਖ ਜਿਵੇਂ ਸੱਤ ਰੰਗੀ ਪੀਂਘ ਅਸਮਾਨੀ ਪਈ ਹੋਵੇ।” ਵੰਗਾਂ ਚੜਾ ਰਹੀਆਂ ਔਰਤਾਂ ਵਿਚੋਂ ਇਕ ਔਰਤ ਵੰਗਾਂ ਚੰਦੋ ਵੱਲ ਕਰ ਦਿਖਾਉਂਦੀ ਹੋਈ ਬੋਲਦੀ ਹੈ। ਚੰਦੋ ਥੋੜੀ ਦੂਰੀ ਤੇ ਖੜ੍ਹੀ ਸਰਦਾਰਾਂ ਦੇ ਮੁੰਡੇ ਤਾਰੀ ਨੂੰ ਇਕ ਟੱਕ ਨਿਹਾਲ ਰਹੀ ਸੀ। ਕਿਸੇ ਔਰਤ ਦੀ ਆਈ ਇਸ ਆਵਾਜ਼ ਨੇ ਮਾਨੋਂ ਉਸਦੇ ਅਲੇ ਜ਼ਖ਼ਮ ਤੇ ਲੂਣ ਛਿੜਕਿਆ ਹੋਵੇ। ਉਹ ਇਕ ਦਮ ਆਪਣੀ ਸੁਰਤ ਸੰਭਾਲਣ ਤੇ ਬੋਲਦੀ ਐ,” ਨਹੀਂ ਸਰਦਾਰਨੀ ਜੀ ,ਇਹ ਵੰਗਾਂ ਚੰਦੋ ਲਈ ਨਹੀਂ ਹਨ, ਮੈਨੂੰ ਤਾਂ ਕਰਮਾਂ ਸ਼ਹਿਰੋਂ ਮਹਿੰਗੀਆਂ ਵੰਗਾਂ ਲਿਆ ਕੇ ਦਿੰਦਾ ਹੈ।”
ਚੰਦੋ ਆਪਣੇ ਹੱਥ ਪਾਈਆ ਵੰਗਾਂ ਵੱਲ ਇਸ਼ਾਰਾ ਕਰਦੀ ਬੋਲੀ। ਅਸਲ ਵਿੱਚ ਚੰਦੋ ਅਧਖੜ ਉਮਰ ਦੀ ਔਰਤ ਹੈ।ਜੋ ਪੇਸ਼ੇ ਵਜੋਂ ਸਰਦਾਰਾਂ ਦੇ ਘਰ ਸਫ਼ਾਈ ਦਾ ਕੰਮ ਕਰਦੀ ਹੈ। ਰੂਪ ਵਿੱਚ ਚੰਦੋਂ ਰੱਜ ਕੇ ਸੋਹਣੀ ਤੇ ਸੁਨੱਖੀ ਔਰਤ ਹੈ। ਜਿੱਧਰੋਂ ਦੀ ਉਹ ਲੰਘ ਜਾਏ ਗੱਭਰੂ ਖੜ ਖੜ ਗੱਲਾਂ ਕਰਦੇ ਹਨ। ਬੋਲਣ ਵਿੱਚ ਬੜੀ ਹਸਮੁੱਖ ਸੁਭਾਅ ਦੀ ਔਰਤ ਹੈ। ਸਭ ਔਰਤਾਂ ਨੂੰ ਉਸਦੀ ਬੇਸਬਰੀ ਨਾਲ ਉਡੀਕ ਰਹਿੰਦੀ ਐ। ਅਸਲ ਵਿੱਚ ਉਹ ਚਲਦੇ ਫਿਰਦੇ ਰੇਡੀਓ ਵਾਂਗ ਹੈ। ਜਿਸ ਕੋਲ ਖਲੋ ਜਾਏ ਫੇਰ ਜੀਅ ਲਵਾ ਦਿੰਦੀ ਐ।
ਆਸ ਪਾਸ ਦੇ ਸਭ ਪਿੰਡਾਂ ਦੀ ਖ਼ਬਰ ਉਸਨੂੰ ਰਹਿੰਦੀ ਐ। ਬੇਸ਼ਕ ਉਸ ਦੇ ਹਸਮੁੱਖ ਸੁਭਾਅ ਕਰਕੇ ਸਭ ਉਸਦੀ ਤਾਰੀਫ਼ ਕਰਦੀ ਐ। ਪਰ ਚੰਦੋਂ ਦੁਆਰਾ ਇਸ ਉਮਰ ਵਿੱਚ ਵੀ ਲਾਲ ਫੁਲਕਾਰੀ ਲੈ ਕੇ ਸੱਜ ਵਿਆਹੀ ਬਣ ਕੇ ਰਹਿਣਾ ਔਰਤਾਂ ਨੂੰ ਪਸੰਦ ਵੀ ਨਹੀਂ। ਇਸ ਕਰਕੇ ਉਸਨੂੰ ਔਰਤਾਂ ਦੀ ਨੁਕਤਾਚੀਨੀ ਵੀ ਸਹਿਣ ਕਰਨੀ ਪੈਂਦੀ ਐ। ਪਰ ਉਹ ਕਦੇ ਕਿਸੇ ਗੱਲ ਨੂੰ ਮਨ ਤੇ ਨਹੀਂ ਲਾਉਂਦੀ, ਸਗੋਂ ਹਰਲ ਹਰਲ ਹਸੂੰ-ਹਸੂੰ ਕਰਦੀ ਸਭ ਪਿੰਡ ਵਿੱਚ ਫਿਰਦੀ ਰਹਿੰਦੀ ਐ।
ਅੱਜ ਕੱਲ ਉਸਦਾ ਸਰਦਾਰਾਂ ਦੇ ਘਰ ਤਾਰੀ ਕਰਕੇ ਆਉਣਾ ਜਾਣਾ ਜ਼ਿਆਦਾ ਹੀ ਵੱਧ ਗਿਆ ਸੀ। ਤਾਰੀ ਜਦੋਂ ਦਾ ਵਿਦੇਸ਼ ਵਿਚੋਂ ਪੜਾਈ ਕਰਕੇ ਪਿੰਡ ਆਇਆ ਸੀ। ਮਾਨੋ ਚੰਦੋ ਉੱਤੇ ਜਵਾਨੀ ਮੁੜ ਸਵਾਰ ਹੋ ਗੲੀ ਸੀ। ਤਾਰੀ ਦਾ ਚੰਦੋ ਨੂੰ ਹੱਸ ਕੇ ਤੱਕਣਾ, ਚੰਦੋ ਦੇ ਸਰੀਰ ਵਿੱਚ ਖ਼ੂਨ ਦੀ ਲਹਿਰ ਬਣ ਦੌੜ ਜਾਂਦਾ। ਔਰਤਾਂ ਵੱਲੋਂ ਚੰਦੋਂ ਦੀ ਤਾਰੀ ਤੇ ਇਹ ਨਜ਼ਰ ਲੁਕੀ ਹੋਈ ਨਹੀਂ ਸੀ। ਉਹ ਹਮੇਸ਼ਾ ਚੰਦੋ ਨੂੰ ਪਿੱਠ ਪਿੱਛੇ ਚਰਿੱਤਰਹੀਣ ਔਰਤ ਕਹਿੰਦੀਆਂ ਹਨ। ਇਕ ਦਿਨ ਉਹਨਾਂ ਨੇ ਚੰਦੋ ਨੂੰ ਤਾਰੀ ਨਾਲ ਪਿੰਡ ਵਿੱਚ ਘੁੰਮਦੇ ਦੇਖਿਆ ਤਾਂ ਉਹਨਾਂ ਤੋਂ ਰਿਹਾ ਨਾ ਗਿਆ ਉਹਨਾਂ ਘਰ ਆ ਕੇ ਸਰਦਾਰਨੀ ਨੂੰ ਚੰਦੋ ਦੀ ਤਾਰੀ ਲੲੀ ਗ਼ਲਤ ਨਜ਼ਰ ਬਾਰੇ ਦੱਸ ਕੇ ਸਰਦਾਰਨੀ ਦੇ ਕੰਨ ਭਰ ਦਿੱਤੇ।
ਦੂਜੇ ਦਿਨ ਹੀ ਸਰਦਾਰਨੀ ਨੇ ਚੰਦੋ ਨੂੰ ਕੰਮ ਤੋਂ ਕੱਢ ਦਿੱਤਾ। ਅਸਲ ਵਿੱਚ ਇਸੇ ਤਰ੍ਹਾਂ ਪਹਿਲਾਂ ਵੀ ਚੰਦੋ ਕੲੀ ਸਰਦਾਰਾਂ ਦੇ ਘਰੋਂ ਕੰਮ ਤੋਂ ਕੱਢੀ ਜਾ ਚੁੱਕੀ ਸੀ। ਪਰ ਇਸ ਵਾਰ ਕੰਮ ਤੋਂ ਕੱਢੇ ਜਾਣ ਤੇ ਵੀ ਉਸਨੇ ਤਾਰੀ ਦਾ ਪਿੱਛਾ ਨਹੀਂ ਛੱਡਿਆ।ਇਕ ਦਿਨ ਚੰਦੋ ਸਿਰ ਲਾਲ ਫੁਲਕਾਰੀ ਲੲੀ ਤੇ ਮੌਕਾ ਤਾੜ ਕੇ ਤਾਰੀ ਦੇ ਖੇਤ ਚਲੀ ਜਾਂਦੀ ਐ। ਤਾਰੀ ਖੇਤ ਵਿਚ ਮੋਟਰ ਤੇ ਇਕੱਲਾ ਹੀ ਬੈਠਾ ਸੀ। ਚੰਦੋ ਤਾਰੀ ਨੂੰ ਦੇਖਦੇ ਹੀ ਆਪਣੇ ਕਲਾਵੇ ਵਿੱਚ ਭਰ ਲੈਂਦੀ ਹੈ ਤੇ ਹਾਬੜਿਆਂ ਵਾਂਗ ਉਸਨੂੰ ਚੁੰਮਣ ਲਗਦੀ ਐ। ਤੇ ਵਾਰ ਵਾਰ ਪਾਗਲਾਂ ਵਾਂਗ ਇਕੋਂ ਲੈਅ ਵਿਚ ਬੋਲੀ ਜਾ ਰਹੀ ਸੀ “ਮੇਰਾ ‘ਜੀਤਾ” ਆ ਗਿਆ ਹੁਣ ਤੂੰ ਮੈਨੂੰ ਛੱਡ ਕੇ ਨਾ ਜਾਵੀਂ।
ਹੁਣ ਤੂੰ ਮੈਨੂੰ ਅਤ੍ਰਿਪਤ ਆਤਮਾ ਨੂੰ ਆਪਣੇ ਪਿਆਰ ਨਾਲ ਤ੍ਰਿਪਤੀ ਕਰ ਦੇ। ਮੇਰੀ ਪਿਆਸ ਬੁੱਝਾ ਦੇ।” ਤਾਰੀ ਚੰਦੋ ਨੂੰ ਧੱਕਾ ਦੇ ਕੇ ਪਰਾਂ ਸੁੱਟ ਦਿੰਦਾ ਐ ਤੇ ਉਸਨੂੰ ਗੁੱਸੇ ਵਿਚ ਬੋਲਣ ਲਗਦਾ ਐ “ਮੈਂ ਤੁਹਾਨੂੰ ਆਪਣੇ ਵੱਡੇ ਸਮਝ ਕੇ ਸਤਿਕਾਰ ਕਰਦਾ ਹਾਂ, ਪਰ ਤੁਸੀਂ ਮੇਰੇ ਲਈ ਐਨੀ ਗੰਦੀ ਸੋਚ ਰੱਖਦੇ ਹੋ।ਇਕ ਪਲ ਤੁਸੀਂ ਮੇਰੀ ਤੇ ਆਪਣੀ ਉਮਰ ਦਾ ਖਿਆਲ ਤੇ ਰਖਦੇ। ਤੁਸੀ ਵੀ ਜਵਾਈ ਵਾਲੇ ਹੋ। ਇਹ ਹਰਕਤਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਚੰਦੋ ਚੁੱਪ ਚਾਪ ਤਾਰੀ ਦੀ ਫਟਕਾਰ ਸੁਣ ਰਹੀ ਸੀ। ਫੇਰ ਉਹ ਤਾਰੀ ਨੂੰ ਬੋਲਦੀ ਐ ਕਿ ਜੇਕਰ ਮੇਰੀ ਧੀ ਵਿਆਹੀ ਗਈ ਐ ਇਸ ਵਿਚ ਮੇਰਾ ਕੀ ਕਸੂਰ? ਜੇਕਰ ਮੇਰਾ ਵਿਆਹ ਮੇਰੇ ਤੋਂ ਵੀਹ ਸਾਲ ਵੱਡੀ ਉਮਰ ਦੇ ਬੰਦੇ ਨਾਲ ਹੋਇਆ ਤਾਂ ਇਸ ਵਿੱਚ ਮੇਰੇ ਸੱਜਰੇ ਚਾਵਾਂ ਦਾ ਕੀ ਕਸੂਰ?
ਤਾਰੀ ਚੰਦੋ ਦੀਆਂ ਗੱਲਾਂ ਸੁਣ ਕੇ ਨਰਮ ਪੈ ਜਾਂਦਾ ਐ। ਉਹ ਚੰਦੋ ਨੂੰ ਪੁੱਛਦਾ ਵੀ ਉਹ ਇਹ ਪਾਗਲਪਨ ਕਿਉਂ ਕਰਦੀ ਏ? ਚੰਦੋ ਉਸਨੂੰ ਆਪਣੀ ਅਤੀਤ ਵਿੱਚ ਲੈ ਜਾਂਦੀ ਐ। ਉਹ ਦੱਸਦੀ ਹੈ ਕਿ ਅਸੀਂ ਦੋ ਭੈਣਾਂ ਤੇ ਇਕ ਭਰਾ ਗਰੀਬ ਕਿਸਾਨ ਪਰਿਵਾਰ ਵਿਚ ਜਨਮੇ। ਮੇਰਾ ਭਰਾ ਵੱਡਾ ਹੋਣ ਕਰਕੇ ਵਿਆਹਿਆ ਗਿਆ ਸੀ, ਘਰ ਵਿਚ ਭਾਬੀ ਦੀ ਮਾਲਕੀਅਤ ਸੀ। ਭਾਬੀ ਨਿੰਮ ਦੇ ਪੱਤਿਆਂ ਤੋਂ ਵੀ ਵੱਧ ਕੌੜੇ ਸੁਭਾਅ ਵਾਲੀ ਸੀ। ਮੈਂ ਤੇ ਮੇਰੀ ਭੈਣ ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਦੀਆਂ ਸਾ। ਜੋ ਮਿਹਨਤ ਮਜ਼ਦੂਰੀ ਕਰਦੀਆਂ ਲਿਆ ਕੇ ਘਰ ਭਾਬੀ ਦੇ ਹੱਥ ਧਰ ਦਿੰਦੀਆਂ।
ਇਕ ਦਿਨ ਮੈਂ ਇਕੱਲੀ ਖੇਤ ਗੲੀ ਹੋਈ ਸੀ ਤੇ ਜੀਤਾ (ਸਰਦਾਰਾਂ ਦਾ ਇਕਲੌਤਾ ਪੁੱਤਰ) ਵੀ ਖੇਤ ਆਇਆ ਹੋਇਆ ਸੀ। ਜਿਸ ਦਾ ਸੋਡੋਲ ਸਰੀਰ, ਮੋਟੀਆਂ ਅੱਖਾਂ, ਚੋੜੀ ਛਾਤੀ, ਸ਼ੈਲ ਜਵਾਨੀ ਵਿੱਚ ਪੱਬ ਸੰਭਲ ਸੰਭਲ ਕੇ ਕਦਮ ਚੁੱਕਣਾ ਮੇਰੇ ਮਨ ਨੂੰ ਮੋਹ ਗਿਆ। ਮੇਰੇ ਧੂਰ ਅੰਦਰ ਧਸ ਗਿਆ। ਬਸ ਅੱਖਾਂ ਵਿਚ ਇਸ ਤਰ੍ਹਾਂ ਵੱਸ ਗਿਆ ਕੇ ਕੁਝ ਹੋਰ ਨਜ਼ਰ ਹੀ ਨਾ ਆਵੇ ਹੁਣ ਤਾਂ। ਦਿਨ ਇਸੇ ਹਾਲਤ ਵਿੱਚ ਲੰਘਦੇ ਗਏ। ਮੇਰੀ ਬੇਸੁਰਤ ਹਾਲਤ ਦਾ ਮੇਰੀ ਭੈਣ ਨੂੰ ਫ਼ਿਕਰ ਹੋਇਆ ਉਸਨੂੰ ਮੈਂ ਸਭ ਸੱਚ ਦੱਸ ਦਿੱਤਾ। ਉਸਨੇ ਬੜਾ ਸਮਝਾਇਆ ਵੀ ਸੀਰੀ ਦੀ ਧੀ ਕਦੇ ਸਰਦਾਰਾ ਦੇ ਘਰ ਦੀ ਸ਼ੋਭਾ ਨਹੀਂ ਬਣ ਸਕਦੀ।
ਪਰ ਇਹ ਇਸ਼ਕ ਤੇ ਆਸ਼ਿਕ ਕਦੇ ਕਿਸੇ ਸਮਝਾਏ ਮੁੜਦੇ ਐ। ਅੰਤ ਮੇਰੇ ਘਰ ਭਾਬੀ ਨੂੰ ਸਭ ਪਤਾ ਲੱਗ ਗਿਆ। ਉਸਨੇ ਪਹਿਲਾਂ ਹੀ ਮੇਰਾ ਤੇ ਮੇਰੇ ਭੈਣ ਦਾ ਰਿਸ਼ਤਾ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਪੈਸੇ ਲੈਣ ਬਦਲੇ ਪੱਕਾ ਕਰ ਦਿੱਤਾ ਸੀ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੈਨੂੰ ਕੁਟਿਆ, ਘਰ ਵਿੱਚ ਬੰਦ ਕਰ ਦਿੱਤਾ। ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਜਦੋਂ ਤੱਕ ਮੈਂ ਭਾਬੀ ਦੀ ਗੱਲ ਨਹੀਂ ਮੰਨ ਲੈਂਦੀ। ਪਰ ਮੈਂ ਠਾਣ ਲਈ ਸੀ ਵੀ ਮੈਂ ਜੱਗ ਦੀ ਇਹ ਭੇੜੀ ਰੀਤ ਤੋੜ ਕੇ ਰਹਾਂਗੀ। ਉਧਰ ਮੇਰੀ ਭੈਣ ਦਾ ਵਿਆਹ ਹੋ ਗਿਆ। ਮੈਂ ਮੌਕਾ ਪਾ ਕੇ ਘਰੋਂ ਭੱਜ ਕੇ ਇਕ ਵਾਰ ਜੀਤੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ।
ਪਰ ਜਦੋਂ ਖੇਤ ਪਹੁੰਚੀ ਤਾਂ ਪਤਾ ਲੱਗਾ ਉਸਦਾ ਕਿਸੇ ਵਲੈਤਣ ਨਾਲ ਵਿਆਹ ਹੋ ਗਿਆ ਤੇ ਉਹ ਉਸਨੂੰ ਆਪਣੇ ਨਾਲ ਵਿਦੇਸ਼ ਲੈ ਗੲੀ। ਇਸ ਸਭ ਸੁਣ ਕੇ ਮੇਰੇ ਮਾਨੋਂ ਪ੍ਰਾਣ ਨਿਕਲ ਗਏ। ਮੈਨੂੰ ਜਦੋਂ ਹੋਸ਼ ਆਈ ਮੇਰੇ ਘਰ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗੲੀਆਂ ਸਨ। ਮੈਂ ਸਭ ਚਾਅ ਸਧਰਾਂ ਸੀਨੇ ਵਿਚ ਦਫ਼ਨਾ ਕੇ ਡੋਲੀ ਬੈਠ ਗੲੀ। ਜਿਥੇ ਰੋਜ਼ ਰਾਤ ਮੇਰਾ ਘਰਵਾਲਾ ਸ਼ਰਾਬ ਵਿੱਚ ਢੱਕ ਕੇ ਆਪਣੀ ਮਰਦਾਨਗੀ ਮੇਰੇ ਉਪਰ ਝਾੜਦਾ। ਐਨੇ ਦਿਨ ਬੀਤੇ ਮੈਂ ਇਕ ਕੁੜੀ ਨੂੰ ਜਨਮ ਦਿੱਤਾ। ਕੁੜੀ ਕੀ ਹੋਈ ਮਾਨੋ ਮੈਂ ਇਕ ਵਾਰ ਫਿਰ ਉਜੜ ਗੲੀ।ਮੇਰੇ ਸਹੁਰੇ ਮੈਨੂੰ ਮੁੜ ਕਦੇ ਲੈਣ ਨਹੀਂ ਆਏ ਤੇ ਮੈਂ ਫਿਰ ਤੋਂ ਭਾਬੀ ਦੇ ਜ਼ੁਲਮ ਦੀ ਸ਼ਿਕਾਰ ਹੋਣ ਲੱਗੀ।
ਫੇਰ ਮੈਂ ਆਪਣੀ ਧੀ ਲਈ ਮੁੜ ਤੋਂ ਆਪਣਾ ਹੌਸਲਾ ਇਕੱਠਾ ਕੀਤਾ ਤੇ ਫੇਰ ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗੀ। ਪਰ ਮੇਰੀ ਕਿਸਮਤ ਨੂੰ ਇਹ ਵੀ ਸਵੀਕਾਰ ਨਾ ਹੋਇਆ। ਇਕ ਵਾਰ ਫਿਰ ਮੇਰੇ ਘਰ ਮੇਰੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਕਿਉਂਕਿ ਭਾਬੀ ਦਾ ਸਾਫ਼ ਕਹਿਣਾ ਸੀ ਕਿ ਉਹ ਮੈਨੂੰ ਤੇ ਮੇਰੀ ਧੀ ਨੂੰ ਹੁਣ ਹੋਰ ਪੇਕੇ ਨਹੀ ਝੱਲ ਸਕਦੀ। ਫੇਰ ਮੇਰੇ ਉਪਰ ਵਿਆਹ ਲਈ ਜ਼ੋਰ ਪਾਇਆ। ਮਾਂ ਇਸੇ ਸਦਮੇਂ ਵਿਚ ਦੁਨੀਆਂ ਤੋਂ ਚੱਲ ਵਸੀ। ਭਾਬੀ ਨੇ ਹੁਣ ਡੈਣ ਹੋਣ ਦਾ ਤਾਹਨਾ ਵੀ ਮੇਰੇ ਸਿਰ ਮੜ ਦਿੱਤਾ। ਫੇਰ ਬਾਪ ਨੇ ਵੀ ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ।
ਆਖ਼ਰ ਸਭ ਸਾਥ ਛੱਡਣ ਲੱਗੇ। ਮੈਨੂੰ ਇਕ ਵਾਰ ਫੇਰ ਕਿਸਮਤ ਅੱਗੇ ਝੁਕਣਾ ਪਿਆ। ਭਾਬੀ ਨੇ ਕਰਮੇਂ ਡਰਾਈਵਰ ਨਾਲ ਮੇਰਾ ਵਿਆਹ ਪੱਕਾ ਕਰ ਦਿੱਤਾ। ਇਕ ਵਾਰ ਫੇਰ ਮੈਂ ਕਰਮੇਂ ਅੰਦਰੋ ਸੋਡੋਲ ਸਰੀਰ ਜੀਤੇ ਨੂੰ ਤਲਾਸ਼ਦੀ ਸੁਹਾਗ ਸੇਜ ਤੇ ਬੈਠੀ ਆਪਣੇ ਜੀਤੇ ਦਾ ਇੰਤਜ਼ਾਰ ਕਰਨ ਲੱਗੀ। ਕਰਮਾ ਮੇਰੇ ਕੋਲ ਆਇਆ ਜ਼ਰੂਰ, ਪਰ ਸਿਰਫ਼ ਇਹ ਦੱਸਣ ਕਿ ਉਸਨੇ ਇਹ ਵਿਆਹ ਆਪਣੇ ਬੁਢਾਪੇ ਵਿਚ ਸਹਾਰਾ ਲੈਣ ਲਈ ਕੀਤਾ।ਇਸ ਬਦਲੇ ਉਸਨੇ ਮੇਰੇ ਘਰ ਵਾਲਿਆਂ ਨੂੰ ਚਾਲੀ ਹਜ਼ਾਰ ਰੁਪਏ ਦਿੱਤੇ ਹਨ। ਪਰ ਉਹ ਮੈਨੂੰ ਕਦੇ ਪਤੀ ਜਾ ਬੱਚੇ ਦਾ ਸੁੱਖ ਨਹੀਂ ਦੇ ਸਕਦਾ। ਇਸ ਕਰਕੇ ਮੈਂ ਆਪਣੀ ਧੀ ਨੂੰ ਆਪਣੇ ਨਾਲ ਰੱਖ ਸਕਦੀ ਆ।
ਕਰਮੇਂ ਦੇ ਇਹ ਬੋਲ ਮੈਨੂੰ ਅੰਦਰੋ ਆਰੀ ਲੈ ਚੀਰ ਗਏ। ਮੈਂ ਸੁਹਾਗਣ ਹੋ ਕੇ ਵੀ ਪਤੀ ਪਿਆਰ ਤੋਂ ਅਭਿੱਜ ਰਹੀ। ਮੈਂ ਆਪਣੇ ਆਪ ਨੂੰ ਹਲਾਤਾਂ ਨਾਲ ਨਿਪਟਣ ਲਈ ਤਕੜਾ ਕਰ ਲਿਆ, ਧੀ ਵੱਡੀ ਹੋਈ ਤਾਂ ਉਸਨੂੰ ਸਰਦਾਰਾਂ ਦੇ ਮੁੰਡੇ ਨਾਲ ਪਿਆਰ ਹੋ ਗਿਆ। ਉਸਦਾ ਵਿਆਹ ਵੀ ਕਰਮੇ ਨੇ ਧੂਮਧਾਮ ਨਾਲ ਕੀਤਾ। ਪਰ ਜਦੋਂ ਤਾਰੀ ਮੈਂ ਤੈਨੂੰ ਦੇਖਿਆ ਤਾਂ ਮੈਨੂੰ ਲੱਗਾ ਮੈ ਵੀਹ ਸਾਲ ਪਿੱਛੇ ਚਲੀ ਗਈ। ਮੈਂ ਜਦੋਂ ਤੈਨੂੰ ਤੱਕਦੀ ਮੈਨੂੰ ਜੀਤਾ ਆਪਣੇ ਵੱਲ ਬੁਲਾਉਂਦਾ ਨਜ਼ਰ ਆਉਂਦਾ।
ਇਸ ਕਰਕੇ ਮੈਂ ਤੇਰੇ ਵੱਲ ਖਿੱਚੀ ਜਾਂਦੀ। ਜਦੋਂ ਤੂੰ ਹੱਸ ਮੈਨੂੰ ਬੁਲਾ ਲੈਂਦਾੁ ਤਾਂ ਲੱਗਦਾ ਜਿਵੇਂ ਜੀਤੇ ਨੇ ਮੇਰੇ ਅੱਲੇ ਜ਼ਖਮਾਂ ਉੱਤੇ ਪਿਆਰ ਦੀ ਮੱਲਮ ਲਗਾ ਦਿੱਤੀ ਹੋਵੇ। ਮੈਂ ਚਾਹੁੰਦੀ ਸੀ ਕਿ ਜੀਤਾ ਮੈਨੂੰ ਆਪਣੇ ਹੱਥੀਂ ਲਾਲ ਫੁਲਕਾਰੀ ਪਹਿਨਾਏ। ਐਨਾ ਕਹਿੰਦੀ ਚੰਦੋਂ ਆਪਣੇ ਘਰ ਵਿੱਚ ਆਪਸ ਮੁੜ ਪੈਂਦੀ ਐ। ਅਗਲੇ ਦਿਨ ਉਹ ਦੇਖਦੀ ਹੈ ਕਿ ਤਾਰੀ ਚੰਦੋ ਘਰ ਆਉਂਦਾ ਐ ਤੇ ਇਕ ਝੋਲਾ ਦੇ ਕੇ ਕੱਲ ਵਾਲੀ ਜਗ੍ਹਾ ਆਉਣ ਦਾ ਕਹਿ ਚਲਾ ਜਾਂਦਾ ਹੈ। ਜਦੋਂ ਚੰਦੋ ਝੋਲਾ ਖੋਲ ਦੇਖਦੀ ਹੈ ਤਾਂ ਉਸ ਵਿੱਚ ਲਾਲ ਫੁਲਕਾਰੀ ਦੇਖ ਕੇ ਉਹ ਜ਼ਮੀਨ ਤੇ ਢਹਿ ਕੇ ਰੋਣ ਲੱਗਦੀ ਐ।
ਪ੍ਰੀਤ ਪ੍ਰਿਤਪਾਲ (ਸੰਗਰੂਰ)