ਬੂਹਾ ਖੜਕਿਆ””” ਕਿਹੜਾ ਬਾਈ”?
( ਗੁਰਜੰਟ ਕੱਚੀ ਕੰਧ ਉਪਰੋਂ ਬੂਹੇ ਵੱਲ ਝਾਤ ਮਾਰਦਾ ਬੋਲਿਆ,, ਪਰ ਕੀ ਦੇਖਦਾ ਹੈ ਕਿ ਉਸਦਾ ਛੋਟਾ ਭਰਾ ਮਿੰਦੀ ਬਾਹਰ ਖੜ੍ਹਾ ਸੀ।
ਮਿੰਦੀ ਗੁਰਜੰਟ ਵੱਲ ਦੇਖ ਕੇ ਬੋਲਿਆ ਬਾਈ ਬਾਣੀਆ ਛੋਤੀ ਆਇਆ ”
(ਦੋਵੇਂ ਇਕ ਦੂਜੇ ਵੱਲ ਦੇਖਣ ਲਗਦੇ ਹਨ) ਏਹ ਕਿਉਂ ਆਇਆ ਹੁਣ ਸਵੇਰੇ ਸਵੇਰੇ, ਲਗਦਾ ਬਾਪੂ ਨੇ ਇਸ ਤੋਂ ਕਰਜ਼ਾ ਲਿਆ ਲਿਆ ਹਊ।
ਗੁਰਜੰਟ,”” ਓਏ ! ਏਸ ਬੁਢੇ ਨੇ ਤਾਂ ਆਪਣਾ ਜਿਉਂਦੇ ਨਹੀਂ ਕੁੱਝ ਸਵਾਰਿਆ ਤੇ ਹੁਣ ਮਰਿਆ ਵੀ ਕਰਜ਼ਾਈ ਕਰ ਗਿਆ।””
( ਬੂਹਾ ਖੁਲਿਆ ਤੇ ਛੋਤੀ ਬਾਣੀਆ ਅੰਦਰ ਆ ਗਿਆ , ਉਸਦੇ ਹੱਥ ਇਕ ਛੋਟਾ ਜਿਹਾ ਲੱਕੜ ਦਾ ਬਕਸਾ ਸੀ)
“”ਲੈ ਫੜੋ ਤੇ ਜਲਦੀ ਖੋਲ ਕੇ ਫੈਸਲਾ ਕਰੋ,, ਦੋਵੇਂ ਇਕੋ ਸਾਰ ਕੰਬਦੀ ਆਵਾਜ਼ ਵਿੱਚ ਬੋਲੇ ਇਹਹਹ ਇਹਹਹਹ… ਹੈ ਕੀ,””
ਉਏ ਭਲਿਉ ਮਾਣਸੋਂ ਇਸਨੂੰ ਖੋਲੋ ਤਾਂ ਸਹੀ,,,
ਬਕਸਾ ਖੋਲਿਆ ਅਤੇ ਕਾਗਜ਼ ਨੂੰ ਪੜ੍ਹ ਕੇ ਇਕ ਦੂਜੇ ਵੱਲ ਦੇਖ ਉੱਚੀ ਉੱਚੀ ਰੋਣ ਲਗ ਪਏ।
“”ਛੋਤੀ ਤਾਇਆਂ ਇਹ ਸਭ “”?
(ਛੋਤੀ ਬਾਣੀਆ ਲੰਮਾ ਸਾਹ ਭਰਦਿਆਂ ਅਤੀਤ ਦੀ ਗੱਲ ਕਰਦਾ ਬੋਲਿਆ”” – ਅੱਜ ਤੋਂ 20 ਵਰ੍ਹੇ ਪਹਿਲਾਂ ਤੇਰੇ ਬਾਪੂ (ਸਰੂਪ ਸਿਉਂ ) ਦੇ ਘਰ ਬੜੀਆਂ ਮੰਨਤਾਂ ਮਨੌਤਾਂ ਤੋਂ ਬਾਅਦ ਦੋ ਬੱਚਿਆਂ ਨੇ ਜਨਮ ਲਿਆ। ਗੁਰਜੰਟਿਆ ਤੇਰੇ ਜਨਮ ਦੇ ਪੂਰੇ ਇਕ ਘੰਟੇ ਬਾਅਦ ਮਿੰਦੀ ਨੇ ਜਨਮ ਲਿਆ। ਸਰੂਪ ਸਿਉਂ ਦਾ ਧਰਤੀ ਤੇ ਪੈਰ ਨਾ ਲੱਗੇ। ਪਰ ਹੋਣੀ ਨੇ ਉਸਦੀਆਂ ਖੁਸ਼ੀਆਂ ਨੂੰ ਨਜ਼ਰ ਲਗਾ ਦਿੱਤਾ ਤੇ ਨਿਹਾਲ ਕੁਰ ਤੁਹਾਡੀ ਮਾਂ ਤੁਹਾਨੂੰ ਜਨਮ ਦੇ ਕੁਝ ਸਮੇਂ ਬਾਅਦ ਹੀ ਰੱਬ ਨੂੰ ਪਿਆਰੀ ਹੋ ਗਈ।
ਤੇਰੇ ਬਾਪੂ ਨੇ ਤੁਹਾਨੂੰ ਮਾਂ ਬਣ ਕੇ ਪਾਲਿਆ। ਲੋਕਾਂ ਉਸਨੂੰ ਬਹੁਤ ਸਮਝਾਇਆ ਵੀ ਦੂਜਾ ਵਿਆਹ ਕਰਵਾ ਲਵੇ । ਪਰ ਉਹ ਸੋਚਦਾ ਜੇ ਬੇਗਾਨੀ ਆ ਗਈ ਤਾਂ ਮੇਰੇ ਬੱਚਿਆਂ ਨਾਲ ਸੌਤੇਲਾਪਨ ਕਰੇਗੀ ਮੇਰੇ ਬੱਚੇ ਰੁਲ ਜਾਣਗੇ। ਉਸਨੇ ਤੁਹਾਨੂੰ ਪਾਲਣ ਲਈ ਰਾਤ ਦਿਨ ਇਕ ਕਰ ਦਿੱਤਾ। ਦਿਨ ਸਮੇਂ ਤੁਹਾਨੂੰ ਤਾਈਂ ਪ੍ਰਸੰਨੀ ਕੋਲ ਛੱਡ ਕੇ ਆਪ ਭੱਠੇ ਤੇ ਇੱਟਾਂ ਥਪਦਾ ਰਾਤ ਨੂੰ ਤੁਹਾਡੇ ਲਈ ਚੁੱਲ੍ਹੇ ਉੱਤੇ ਹੱਥ ਫੂਕਦਾ। ਫੇਰ ਤੁਸੀਂ ਵੱਡੇ ਹੋਏ ਤਾਂ ਤੁਹਾਨੂੰ। ਵਧੀਆ ਸਕੂਲ ਵਿੱਚ ਪੜ੍ਹਾਉਣ ਲਈ ਉਸਨੇ ਦੁੱਗਣੀ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ।
ਕਿਹਾ ਕਰੇ ਮੇਰੇ ਬੱਚਿਆਂ ਨੂੰ ਮੈਂ ਵਧੀਆ ਸਕੂਲ ਵਿੱਚ ਪੜਾਉਣਾ, ਵੱਡੇ ਅਫਸਰ ਲਗਾਉ। ਉਸ ਦੇ ਜਦੋਂ ਪਾੜੇ ਕੱਪੜੇ ਪਾਏ ਤੇ ਟੁੱਟੇ ਜੁੱਤੇ ਪਾਏ ਦੇਖਦਾ ਤਾਂ ਮੈਂ ਕਹਿ ਦੇਣਾ ਯਾਰ ਅੱਗੇ ਸਿਆਲ ਆ ਰਿਹਾ ਆਪਣੇ ਲਈ ਨਵੇਂ ਕੱਪੜੇ ਹੀ ਲੈ ਆ, ਤਾਂ ਉਸ ਕਹਿਣਾ ਨਾ ਨਾ ਲਾਲੇ ਯਾਰ ਬੱਚਿਆਂ ਦੀ ਫੀਸ ਦੇਣੀ, ਕਿਤਾਬਾਂ ਲੈਣੀਆਂ, ਬੱਚਿਆਂ ਦੇ ਕੱਪੜੇ ਲੈਣੇ ਮੇਰਾ ਤਾਂ ਸਰਦਾ ਅਜੇ।
ਫੇਰ ਤੁਹਾਨੂੰ ਹਾਈ ਸਕੂਲ ਵਿੱਚ ਪੜ੍ਹਾਉਣ ਲਈ ਉਹ ਚੌਕੀਦਾਰ ਲੱਗ ਗਿਆ, ਦਿਨ ਸਮੇਂ ਭੱਠੇ ‘ਤੇ ਅਤੇ ਰਾਤ ਨੂੰ ਚੌਕੀਦਾਰੀ ਕਰਨੀ ਤਾਂ ਜੋ ਆਪਣੇ ਬੱਚਿਆਂ ਨੂੰ ਕੋਈ ਕਮੀ ਨਾ ਰਹੇ। ਅੰਤ ਉਹ ਤਦ ਹਾਰ ਗਿਆ ਜਦੋਂ ਗੁਰਜੰਟੇ ਤੈਨੂੰ ਉਸਨੇ ਨਸ਼ੇੜੀਆਂ ਦੀ ਢਾਣੀ ਵਿੱਚ ਬੈਠੇ ਦੇਖਿਆ। ਫੇਰ ਤੁਹਾਡੀਆਂ ਉਮੀਦਾਂ ਤੋਂ ਵੱਧ ਮੰਗਾਂ ਨਿੱਤ ਦੇ ਕਲੇਸ਼ ਉਸਨੂੰ ਜੜੋਂ ਖੋਖਲਾ ਕਰ ਗਏ। ਉਹ ਆਪਣੇ ਬੱਚਿਆਂ ਸਾਹਮਣੇ ਲਾਚਾਰ ਹੋ ਗਿਆ।
ਉਹ ਦਿਨ ਅੱਜ ਵੀ ਮੈਨੂੰ ਯਾਦ ਹੈ ਜਦੋਂ ਮੈਂ ਉਸਨੂੰ ਕਿਹਾ ਸੀ ਵੀ ਇਹ ਬਕਸੇ ਵਿਚਲਾ ਰਾਜ ਉਹ ਆਪਣੇ ਬੱਚਿਆਂ ਨੂੰ ਦੱਸ ਦੇਵੇ ਪਰ ਉਹ ਬਹੁਤ ਰੋਇਆਂ ਤੇ ਕਹਿਣ ਲੱਗਾ ਕਿ ਮੈਂ ਆਪਣੇ ਬੱਚਿਆਂ ਲਈ ਆਪਣੀ ਪੂਰੀ ਜ਼ਿੰਦਗੀ ਵਾਰ ਦਿੱਤੀ ਤੇ ਉਹ ਕਹਿੰਦੇ ਹਨ ਮੈਂ ਉਨ੍ਹਾਂ ਲਈ ਕੀਤਾ ਹੀ ਕੀ ਹੈ। ਫੇਰ ਜਦੋਂ ਉਹ ਹਸਪਤਾਲ ਵਿਚ ਮੌਤ ਤੇ ਜ਼ਿੰਦਗੀ ਨਾਲ ਲੜ ਰਿਹਾ ਸੀ ਤੇ ਡਾਕਟਰ ਨੇ ਜਲਦ ਅਪਰੇਸ਼ਨ ਲਈ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਤੁਸੀਂ ਦੋਵੇਂ ਪੁੱਤਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ।
ਅਸਲ ਵਿੱਚ ਤੁਹਾਡੀ ਲਾਚਾਰ ਨੇ ਤੁਹਾਡਾ ਬਾਪ ਖੋਹ ਲਿਆ।
ਇਸ ਬਕਸੇ ਨੂੰ ਦੇਖ ਹੁਣ ਰੋਣ ਦਾ ਕੋਈ ਫਾਇਦਾ ਨਹੀਂ। ਇਸ ਬਕਸੇ ਵਿੱਚ ਤੇਰੇ ਬਾਪੂ ਨੇ ਆਪਣੀ ਜ਼ਿੰਦਗੀ ਦੇ ਸਾਹ ਵੇਚ ਕੇ ਕਮਾਈ ਪੂੰਜੀ ਆਪਣੇ ਬੱਚਿਆਂ ਲਈ ਸਾਂਭ ਕੇ ਰੱਖੀ ਹੈ। ਅਗਰ ਉਹ ਚਾਹੁੰਦਾ ਤਾਂ ਆਪਣਾ ਅਪਰੇਸ਼ਨ ਕਰਵਾ ਸਕਦਾ ਸੀ।ਪਰ ਉਸਨੂੰ ਤਦ ਵੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸੀ।
ਦੋਵੇਂ ਪੱਤਰ ਮੁੜ ਆ ਜਾ ਬਾਪੂ ਕਹਿੰਦੇ ਉੱਚੀ ਉੱਚੀ ਰੋਣ ਲੱਗੇ।
ਪ੍ਰੀਤ ਪ੍ਰਿਤਪਾਲ ਸੰਗਰੂਰ