ਜੀਤੀ ਪੰਦਰਾਂ ਕ ਸਾਲ ਦੀ ਕੁੜੀ ਸੀ। ਜਦ ਉਸ ਦੀ ਮਾਂ ਦੀ ਮੌਤ ਹੋ ਗਈ ਸੀ ।ਪਿਓ ਸ਼ਰਾਬੀ ਸੀ ।ਰੋਟੀ ਲਈ ਜੀਤੀ ਨੇ ਕੁਝ ਘਰਾਂ ਦਾ ਕੰਮ ਕਰਨਾ ਸ਼ੁਰੂ ਕੀਤਾ ।ਸਵੇਰੇ ਜਲਦੀ ਉਠ ਲੋਕਾਂ ਦੇ ਘਰਾਂ ਦਾ ਕੰਮ ਸਕੂਲ ਪੜ੍ਹਨ ਜਾਂਦੀ ।ਜੀਤੀ ਕੰਮ ਕਰਦੀ ਕਰਦੀ ਨੂੰ ਕਈ ਵਾਰ ਬਹੁਤ ਗੁੱਸਾ ਆਉਦਾ ਤਾਂ ਮਾਂ ਨੂੰ ਯਾਦ ਕਰ ਰੋ ਪੈਦੀ ।
ਪਿਓ ਤਾਂ ਭੁੱਲ ਹੀ ਗਿਆ ਸੀ ਕਿ ਘਰ ਜਵਾਨ ਧੀ ਵੀ ਆ ।ਰਾਤ ਨੂੰ ਸ਼ਰਾਬ ਨਾਲ ਰੱਜ ਕੇ ਪੰਜ ਸੱਤ ਹੋਰ ਸ਼ਰਾਬੀ ਨਾਲ ਲੈ ਘਰ ਵੜਦਾ ।ਜੀਤੀ ਨੂੰ ਕਦੀ ਸਬਜੀ ਅਤੇ ਕਦੇ ਰੋਟੀ ਲਈ ਅਵਾਜ਼ ਮਾਰਦਾ ।ਜਦ ਦੇਣ ਜਾਂਦੀ ਤਾਂ ਪਿਓ ਨਾਲ ਆਏ ਬੰਦੇ ਕਦੇ ਜੀਤੀ ਦੇ ਹੱਥ ਨਾਲ ਹੱਥ ਲਗਾਉਦੇ ਤੇ ਬਹਾਨੇ ਨਾਲ ਹੋਰ ਅੰਗਾਂ ਨੂੰ ਹੱਥ ਲਗਾਉਦੇ ।ਜੀਤੀ ਦਾ ਦਿਲ ਖਿਝਦਾ ਇਹ ਸਭ ਹਰਕਤਾਂ ਦੇਖ । ਜਦ ਅਗਲੇ ਦਿਨ ਪਿਓ ਨੂੰ ਕਹਿੰਦੀ ਕਿ ਕਿਸੇ ਨੂੰ ਘਰ ਨਾ ਲੈ ਕੇ ਆਇਆ ਕਰੋ ,ਤਾਂ ਉਹ ਗੱਲ ਸੁਣੇ ਬਿਨਾਂ ਕੁੱਟਦਾ ਮਾਰਦਾ ਕਹਿੰਦਾ ਕਿ ਮੇਰਾ ਘਰ ਆ , ਹੁਣ ਤੇਰੀ ਸਲਾਹ ਲਵਾ ਕਿਸੇ ਨੂੰ ਘਰ ਬੁਲਾਉਣ ਲਈ।
ਜੀਤੀ ਰੋਦੀ ਰਹਿੰਦੀ ,ਕੋਈ ਨਹੀਂ ਸੀ ਉਸ ਦਾ ਦਰਦ ਸਮਝਣ ਵਾਲਾ । ਰਿਸ਼ਤੇਦਾਰੀ ਵਿੱਚ ਸਿਰਫ ਨਾਨਕੇ ਹੀ ਸੀ ਜਿਨ੍ਹਾਂ ਨੂੰ ਕੁਝ ਦੱਸ ਸਕਦੀ ਸੀ ,ਮਾਂ ਮਰਨ ਮਗਰੋਂ ਉਨ੍ਹਾਂ ਵੀ ਕਦੀ ਸਾਰ ਨਹੀਂ ਲਈ ਸੀ ਜੀਤੀ ਦੀ ।ਜਿਆਦਾ ਸ਼ਰਾਬ ਪੀਣ ਕਰਕੇ ਪਿਓ ਵੀ ਇਕ ਦਿਨ ਸਦਾ ਲਈ ਛੱਡ ਜਾਂਦਾ । ਮਾਮੇ ਜੀਤੀ ਨੂੰ ਆਪਣੇ ਨਾਲ ਲੈ ਜਾਂਦੇ ।ਕੁਝ ਕ ਮਹੀਨਿਆਂ ਬਾਅਦ ਮਾਮੀਆ ਨੱਕ ਬੁੱਲ ਕੱਢਦੀਆਂ ਕਿ ਆਪ ਮਰ ਗਈ ਇਹਨੂੰ ਜੰਮ ਸੁੱਟ ਗਈ ਸਾਡੇ ਜੋਗਾ ।
ਜੀਤੀ ਦੇ ਮਾਮੇ ਦਾ ਮੁੰਡਾ ਜੀਤੀ ਨੂੰ ਘੂਰ ਘੂਰ ਦੇਖਦਾ ।ਜੀਤੀ ਇਸ ਨੂੰ ਨਜ਼ਰਅੰਦਾਜ ਕਰ ਦਿੰਦੀ। ਇੱਕ ਦਿਨ ਘਰ ਕੋਈ ਨਹੀਂ ਸੀ ।ਜੀਤੀ ਦੇ ਮਾਮੇ ਦੇ ਮੁੰਡੇ ਨੇ ਜੀਤੀ ਨਾਲ ਗਲਤ ਹਰਕਤ ।ਜੀਤੀ ਨੂੰ ਕੀ ਪਤਾ ਸੀ ਕਿ ਉਸ ਦੇ ਮਾਮੇ ਦੇ ਮੁੰਡੇ ਦੇ ਮਨ ਵਿੱਚ ਵੀ ਮੈਲ ਆ ਗਈ ਆ ।ਜਦ ਜੀਤੀ ਮਾਮੀ ਨੂੰ ਇਹ ਗੱਲ ਦੱਸਦੀ ਤਾਂ ਮਾਮੀ ਕਹਿੰਦੀ ਮੇਰੇ ਪੁੱਤ ਤੇ ਤੋਹਮਤਾਂ ਲਗਾਉਦੀ ਆ ।ਕੁੱਟਮਾਰ ਕਰ ਮਾਮੀ ਵੀ ਜੀਤੀ ਨੂੰ ਘਰੋਂ ਕੱਢ ਦਿੰਦੀ ।
ਜੀਤੀ ਆਪਣੇ ਘਰ ਵਾਪਸ ਆ ਰਹਿਣ ਲੱਗਦੀ ।ਜਿਸ ਘਰ ਵਿੱਚ ਹਰ ਸਮੇਂ ਚਹਿਲ ਪਹਿਲ ਹੁੰਦੀ ਸੀ ।ਉਥੇ ਦੀ ਖੰਡਰਾਂ ਵਰਗੀ ਖਾਮੋਸ਼ੀ ਜੀਤੀ ਨੂੰ ਡਰਾਉਦੀ ।ਹੁਣ ਜੀਤੀ ਇਕ ਚੰਗੇ ਰਸੂਖਦਾਰ ਪਰਿਵਾਰ ਵਿੱਚ ਕੰਮ ਕਰਨ ਲੱਗ ਜਾਂਦੀ।ਉਥੇ ਵੀ ਉਸ ਪਰਿਵਾਰ ਦਾ ਛੋਟਾ ਮੁੰਡਾ(ਹਰਪ੍ਰੀਤ) ਜੀਤੀ ਨੂੰ ਬਹਾਨੇ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ।ਜੀਤੀ ਗੁੱਸੇ ਵਿੱਚ ਉਸ ਦੇ ਚਪੇੜ ਮਾਰ ਦਿੰਦੀ ਅਤੇ ਕੰਮ ਛੱਡ ਆਉਦੀ ।
ਘਰ ਆ ਜੀਤੀ ਆਪਣੇ ਆਪ ਤੋਂ ਘਿ੍ਣਾ ਕਰਦੀ ਤੇ ਆਪਣੇ।ਸਰੀਰ ਨੂੰ ਪਾਣੀ ਨਾਲ ਸਾਫ ਕਰਦੀ। ਜੀਤੀ ਨੂੰ ਆਪਣਾ ਜਿਸਮ ਅਪਵਿੱਤਰ ਹੋ ਗਿਆ ਜਾਪਦਾ । ਕੁਝ ਦਿਨ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਰੋਦੀਂ ਰਹਿੰਦੀ ।
ਕੋਈ ਨਹੀਂ ਸੀ ਜਿਸ ਨੂੰ ਇਹ ਗੱਲਾਂ ਦੱਸ ਸਕਦੀ ।ਸੜਕ ਉੱਤੇ ਚਲਦੇ ਵਾਹਨਾਂ ਦੁਆਰਾ ਕੀਤਾ ਥੋੜਾ ਜਿਹਾ ਖੜਾਕ ਵੀ ਜੀਤੀ ਨੂੰ ਅੰਦਰ ਤੱਕ ਡਰਾ ਜਾਂਦਾ ਸੀ ।ਇਸ ਹਾਦਸੇ ਮਗਰੋਂ ਜੀਤੀ ਦੀ ਭੁੱਖ ਪਿਆਸ ਮਰ ਗਈ ।ਜੀਤੀ ਹਰ ਸਮੇਂ ਸਹਿਮੀ ਰਹਿੰਦੀ ।ਕੁਝ ਕ ਦਿਨਾਂ ਬਾਅਦ ਜੀਤੀ ਹਿੰਮਤ ਕਰ ਫਿਰ ਕੰਮ ਕਰਨ ਲੱਗਦੀ। ਕਿਉਂ ਕਿ ਪਾਪੀ ਪੇਟ ਦੀ ਭੁੱਖ ਦਾ ਸਵਾਲ ਸੀ ।ਉਹ ਗਰੀਬੀ ਅਤੇ ਮਜਬੂਰੀ ਥੋੜੀ ਦੇਖਦਾ । ਪਾਪੀ ਪੇਟ ਕਿੰਨਾ ਕ ਸਮਾਂ ਭੁੱਖਾ ਰਹਿ ਸਕਦਾ ਸੀ ਆਖਰ ਨੂੰ ਰੋਜ਼ੀ ਰੋਟੀ ਲਈ ਕੰਮ ਕਰਨਾ ਸ਼ੁਰੂ ਕਰਦੀ ।
ਜੀਤੀ ਹਰ ਰੋਜ਼ ਕੰਮ ਉੱਤੇ ਜਾਂਦੀ । ਇਕ ਦਿਨ ਹਰਪ੍ਰੀਤ ਦੀ ਨਿਗ੍ਹਾ ਜੀਤੀ ਉੱਤੇ ਪੈ ਗਈ ।ਉਹ ਜੀਤੀ ਦੇ ਕੰਮ ਉੱਤੇ ਜਾਂਦੀ ਦਾ ਪਿੱਛਾ ਕਰਦਾ ਅਤੇ ਕਦੇ ਦੋਸਤ ਨਾਲ ਲੈ ਗਲਤ ਸ਼ਬਦਾਵਲੀ ਬੋਲਦਾ।
ਹਰਪ੍ਰੀਤ ਦੁਆਰਾ ਜੀਤੀ ਦੇ ਪਿੱਛਾ ਕਰਨ ਤੇ ਲੋਕ ਜੀਤੀ ਨੂੰ ਹੀ ਚਰਿੱਤਰਹੀਣ ਸਮਝਦੇ ।ਕਹਿੰਦੇ ਕਿ ਗਰੀਬੀ ਮਿਟਾਉਣ ਲਈ ਸਰਦਾਰਾਂ ਦੇ ਮੁੰਡੇ ਨੂੰ ਪਿੱਛੇ ਲਾਈ ਫਿਰਦੀ ਆ ।ਜੀਤੀ ਲੋਕਾਂ ਦੀਆਂ ਗੱਲਾਂ ਸੁਣ ਕੇ ਘਰ ਆ ਬਹੁਤ ਰੋਦੀ ਕਿ ਮੈ ਐਵੇ ਦੀ ਕੁੜੀ ਨਹੀਂ ਆ । ਜੀਤੀ ਨੂੰ ਲੱਗਦਾ ਕਿ ਆਪਣੇ ਤੋਂ ਮਾੜੇ ਤੇ ਹਰ ਕੋਈ ਜੋਰ ਦਿਖਾਉਦਾ ਪਰ ਅਮੀਰ ਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਚਾਹੇ ਕਿੰਨਾ ਵੀ ਗਲਤ ਕਿਉਂ ਨੲ ਹੋਵੇ ।
ਹਰਪ੍ਰੀਤ ਜੀਤੀ ਦੁਆਰਾ ਮਾਰੀ ਚਪੇੜ ਦਾ ਬਦਲਾ ਲੈਣ ਲਈ ਮੌਕੇ ਦੀ ਤਾਂਕ ਵਿੱਚ ਸੀ ।ਇਕ ਦਿਨ ਹਰਪ੍ਰੀਤ ਆਪਣੇ ਦੋ ਤਿੰਨ ਦੋਸਤਾਂ ਨਾਲ ਜੀਤੀ ਨੂੰ ਜਬਰਦਸਤੀ ਚੁੱਕ ਕੇ ਸੁੰਨਸਾਨ ਥਾਂ ਤੇ ਲੈ ਜਾਂਦਾ ।ਹਰਪ੍ਰੀਤ ਅਤੇ ਉਸ ਦੇ ਦੋਸਤ ਨਸ਼ੇ ਨਾਲ ਰੱਜੇ ਤਿੰਨ ਚਾਰ ਦਿਨ ਵਾਰੋ ਵਾਰੀ ਜੀਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ । ਅੰਤ ਮਰੀ ਹੋਈ ਸਮਝ ਉਜਾੜ ਜਗ੍ਹਾ ਸੁੱਟ ਆਏ।
ਜੀਤੀ ਅੱਧਮਰੀ ਹਾਲਤ ਵਿੱਚ ਪਈ ਇਕ ਔਰਤ ਨੂੰ ਮਿਲੀ ।।ਜੀਤੀ ਨੂੰ ਕੋਈ ਹੋਸ਼ ਨਹੀਂ ਸੀ ।ਪਰ ਜਦ ਹੋਸ਼ ਆਈ ਤਾਂ ਜੀਤੀ ਹਸਪਤਾਲ ਵਿੱਚ ਸੀ ।ਉਸ ਨੂੰ ਉਹ ਔਰਤ ਹੀ ਹਸਪਤਾਲ ਲੈ ਕੇ ਆਈ ਸੀ ।ਔਰਤ ਜੀਤੀ ਦੇ ਸਰਾਣੇ ਬੈਠੀ ਜੀਤੀ ਦਾ ਸਿਰ ਪਲੋਸ ਰਹੀ ਸੀ । ਜੀਤੀ ਨੂੰ ਲੱਗਦਾ ਕਿ ਜ ਮਾਂ ਉਸ ਕੋਲ ਬੈਠੀ ਆ, ਜੀਤੀ ਜਾਰੋ ਜਾਰ ਰੋਦੀਂ ।
ਫਿਰ ਪੁਲਿਸ ਆਉਦੀ ਤੇ ਜੀਤੀ ਤੋਂ ਬਿਆਨ ਲੈਦੀ ।ਮੀਡੀਆ ਵਾਲੇ ਖਬਰ ਨੂੰ ਵਧਾ ਚੜ੍ਹਾ ਬਿਆਨ ਕਰਦੇ ਰਹੇ ।ਪੁਲਿਸ ਵਾਲੇ ਕਾਰਵਾਈ ਕਰਨ ਜਾਂਦੇ ਤਾਂ ਰਸੂਖਦਾਰ ਪਰਿਵਾਰ ਹੋਣ ਕਰਕੇ ਸਿਫਾਰਸ਼ ਲਈ ਫੋਨ ਕਰਵਾ ਦਿੰਦੇ ।ਪੁਲਿਸ ਵਾਪਸ ਮੁੜ ਆਉਦੀ ।ਫਿਰ ਜਿਹੜੀ ਔਰਤ ਜੀਤੀ ਨੂੰ ਹਸਪਤਾਲ ਲੈ ਕੇ ਗਈ ਸੀ ।
ਜੀਤੀ ਨੂੰ ਇਕ ਐਨ .ਜੀ.ਓ ਦੇ ਸਪੁਰਦ ਕਰਦੀ ।ਜਿਹੜੀ ਔਰਤਾਂ ਦੀ ਭਲਾਈ ਲਈ ਕੰਮ ਕਰਦੀ ਤੇ ਬੇਸਹਾਰਾ ਔਰਤਾਂ ਨੂੰ ਰਹਿਣ ਲਈ ਛੱਤ ਦਿੰਦੀ ।ਜੀਤੀ ਦਾ ਕੇਸ ਐਨ.ਜੀ.ਓ ਨੇ ਆਪਣੇ ਖਰਚੇ ਤੇ ਲੜਨ ਦਾ ਫੈਸਲਾ ਕੀਤਾ । ਜੀਤੀ ਦੇ ਕੇਸ ਲਈ ਵਧੀਆ ਵਕੀਲ ਕੀਤਾ।ਜੀਤੀ ਨੂੰ ਇਥੇ ਸਭ ਪਿਆਰ ਕਰਦੇ ਅਤੇ ਹੌਸਲਾ ਰੱਖਣ ਲਈ ਕਹਿੰਦੇ ।
ਹਰਪ੍ਰੀਤ ਦਾ ਪਰਿਵਾਰ ਪੁਲਿਸ ਨੂੰ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰਨ ਨੂੰ ਕਹਿੰਦਾ ।ਐਨ .ਜੀ.ਓ ਦੀ ਸਪੋਰਟ ਕਰਕੇ ਪੁਲਿਸ ਨੂੰ ਹਰਪੀਤ ਅਤੇ ਉਸ ਦੇ ਸਾਥੀਆਂ ਸਮੇਤ ਹਿਰਾਸਤ ਵਿੱਚ ਲੈਣਾ ਪਿਆ ।ਕੇਸ ਸ਼ੁਰੂ ਹੋਇਆ ਤੇ ਪਹਿਲੀ ਪੇਸ਼ੀ ਵਿੱਚ ਦੋਸ਼ੀਆਂ ਦਾ ਰਿਮਾਂਡ ਲਿਆ ਗਿਆ । ਜੀਤੀ ਨੂੰ ਕੁਝ ਹਿੰਮਤ ਹੋਈ ।ਦੂਜੀ ਪੇਸ਼ੀ ਵਿੱਚ ਜਦ ਦੋਸ਼ੀਆਂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ।ਜੀਤੀ ਫਿਰ ਡਰੀ ਸਹਿਮੀ ਰਹਿਣ ਲੱਗੀ ।ਕੋਈ ਵੀ ਅਵਾਜ਼ ਸੁਣ ਜੀਤੀ ਕੰਬ ਉੱਠਦੀ ।
ਕੇਸ ਲੰਮਾ ਚੱਲਣਾ ਸੀ ਸਭ ਜੀਤੀ ਨੂੰ ਹੌਸਲਾ ਰੱਖਣ ਲਈ ਕਹਿੰਦੇ ।ਐਨ.ਜੀਓ.ਵਾਲੇ ਜੀਤੀ ਨੂੰ ਪਰਿਵਾਰ ਦੀ ਤਰ੍ਹਾਂ ਪਿਆਰ ਕਰਦੇ ।ਕੇਸ ਦੀਆਂ ਤਰੀਕਾ ਪੈਦੀਆ ਤਾਂ ਜਦ ਜੀਤੀ ਕੋਰਟ ਜਾਂਦੀ ਤਾਂ ਹਰਪ੍ਰੀਤ ਦੇ ਵਕੀਲਾਂ ਦੁਆਰਾ ਕੀਤੇ ਸਵਾਲ ਜੀਤੀ ਨੂੰ ਬਹੁਤ ਪਰੇਸ਼ਾਨ ਕਰਦੇ । ਵਕੀਰ ਜੀਤੀ ਕੋਲੋ ਅਜਿਹੇ ਗੰਦੇ ਗੰਦੇ ਸਵਾਲ ਕਰਦੇ ।ਜੀਤੀ ਭਰੀ ਅਦਾਲਤ ਵਿੱਚ ਅਜਿਹੇ ਸਵਾਲ ਸੁਣ ਮਾਯੂਸ ਹੋ ਜਾਂਦੀ ।
ਇਦਾਂ ਹੀ ਛੇ ਸਾਲ ਦਾ ਸਮਾਂ ਬੀਤ ਜਾਂਦਾ ਪਰ ਜੀਤੀ ਨੂੰ ਕੋਈ ਇਨਸਾਫ ਨਹੀਂ ਮਿਲਦਾ । ਹਰਪ੍ਰੀਤ ਹੁਣ ਜੀਤੀ ਨੂੰ ਕੇਸ ਵਾਪਸ ਲੈਣ ਲਈ ਧਮਕੀਆਂ ਦਿੰਦਾ,ਕਈ ਵਾਰ ਐਨ.ਜੀ .ਓ ਵਿੱਚ ਜਾ ਕੇ ਤੋੜ ਭੰਨ ਕਰਦਾ । ਪਰ ਜੀਤੀ ਨੂੰ ਇਨਸਾਫ ਦਵਾਉਣ ਲਈ ਐਨ .ਜੀ.ਓ ਦੇ ਇਰਾਦੇ ਹੋਰ ਪੱਕੇ ਹੋ ਜਾਂਦੇ ।
ਹਰ ਵਾਰ ਅਗਲੀ ਤਰੀਕ ਮਿਲ ਜਾਂਦੀ ।ਫਿਰ ਪੁਰਾਣੇ ਜੱਜ ਦੀ ਬਦਲੀ ਹੋ ਜਾਂਦੀ ਤੇ ਨਵਾਂ ਆਇਆ ਜੱਜ ਜੀਤੀ ਲਈ ਮਸੀਹਾ ਬਣ ਆਉਦਾ ।ਇਸ ਜੱਜ ਨੇ ਆਉਂਦੇ ਹੀ ਦੋਸ਼ੀਆਂ ਲਈ ਪਰਤ ਦਰ ਪਰਤ ਨਿਰਣੇ ਲੈਣੇ ਸ਼ੁਰੂ ਕੀਤੇ । ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੂੰ ਜਲਦੀ ਕਾਰਵਾਈ ਕਰਨ ਦੀ ਤਾੜਨਾ ਦਿੱਤੀ ।
ਜੀਤੀ ਵਿੱਚ ਹਿੰਮਤ ਆ ਗਈ ਸੀ ਹੁਣ ਜੀਤੀ ਹਰ ਹਾਲਤ ਵਿੱਚ ਦੋਸ਼ੀਆਂ ਨੂੰ ਸਜ਼ਾ ਦੁਵਾਉਣਾ ਚਾਹੁੰਦੀ ਸੀ।
ਸਾਲ ਕ ਬਾਅਦ ਜਦ ਫੈਸਲੇ ਦੀ ਆਖਰੀ ਘੜੀ ਆਈ ਤਾਂ ਜੀਤੀ ਬਹੁਤ ਡਰੀ ਹੋਈ ਸੀ । ਜੀਤੀ ਦਾ ਦਿਲ ਫੈਸਲਾ ਸੁਣਨ ਲਈ ਉਤਾਵਲਾ ਹੋਇਆ ਤੇਜ਼ ਤੇਜ਼ ਧੜਕ ਰਿਹਾ ਸੀ ।
ਆਖੀਰ ਦੀ ਸਾਰੀ ਕਾਰਵਾਈ ਹੋਣ ਬਾਅਦ ਜਦ ਫੈਸਲਾ ਆਉਣਾ ਸੀ ।ਜੀਤੀ ਉਸ ਸਮੇਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਸੀ । ਜੀਤੀ ਕੁਰਸੀ ਤੇ ਬੈਠੀ ਚੁੰਨੀ ਨੂੰ ਉਗਲਾਂ ਵਿੱਚ ਲੈ ਘੁਮਾਈ ਜਾ ਰਹੀ ਸੀ ।ਜੀਤੀ ਦਾ ਸਾਹ ਸੁੱਕ ਰਿਹਾ ਸੀ ।
ਜਦ ਜੱਜ ਨੇ ਫੈਸਲਾ ਸੁਣਾਉਣ ਲਈ ਆਪਣਾ ਪੈਨ ਚੁੱਕਿਆ ਤਾਂ ਜੀਤੀ ਅੱਖਾਂ ਬੰਦ ਕਰ ਬੈਠ ਗਈ। ਜੱਜ ਨੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ।ਕਿ ਹਰਪ੍ਰੀਤ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਆ ।
ਜੀਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਜੀਤੀ ਨੂੰ ਇਨਸਾਫ ਮਿਲ ਗਿਆ ਸੀ । ਜੀਤੀ ਨੂੰ ਪਹਿਲਾਂ ਲੱਗਦਾ ਸੀ ਇਨਸਾਨੀਅਤ ਮਰ ਚੁੱਕੀ ਆ । ਜਿਸ ਕਰਕੇ ਕਿਸੇ ਨੇ ਉਸ ਦਾ ਦਰਦ ਨਹੀਂ ਸਮਝਿਆ ਸੀ ਤੇ ਕੁੜੀ ਹੋਣ ਕਰਕੇ ਸਾਰੇ ਦੋਸ਼ ਉਸ ਸਿਰ ਹੀ ਲਗਾ ਦਿੱਤੇ ਸੀ ।ਪਰ ਹੁਣ ਜੀਤੀ ਚੀਕ ਚੀਕ ਕਹਿਣਾ ਚਾਹ ਰਹੀ ਸੀ ਕਿ ਇਹ ਨਵਾਂ ਜੱਜ ਦੁਨੀਆਂ ਦਾ ਆਖਰੀ ਇਨਸਾਨ ਆ ਜਿਸ ਨੇ ਇਨਸਾਨੀਅਤ ਦੀ ਜਿੰਦਾਦਿਲੀ ਦਾ ਪਰਮਾਣ ਦੇ ਦਿੱਤਾ ਆ ।।ਜੱਜ ਜੀਤੀ ਨੂੰ ਪਰਮਾਤਮਾ ਦਾ ਦੂਜਾ ਰੂਪ ਪ੍ਰਤੀਤ ਹੋ ਰਿਹਾ ਸੀ ।
ਐਨ.ਜੀ .ਓ ਸਾਥੀ ਜੀਤੀ ਨੂੰ ਇਨਸਾਫ ਮਿਲਣ ਤੇ ਖੁਸ਼ ਹੁੰਦੇ ।ਜੀਤੀ ਸਭ ਦਾ ਧੰਨਵਾਦ ਕਰਦੀ ਕਹਿੰਦੀ ਕਿ ਤੁਹਾਡਾ ਸਾਥ ਨਾ ਮਿਲਦਾ ਤਾਂ ਮੈਨੂੰ ਇਨਸਾਫ ਨਹੀਂ ਮਿਲਣਾ ਸੀ। ਇਹਨਾਂ ਦਰਿੰਦਿਆਂ ਨੇ ਅਜ਼ਾਦ ਘੁੰਮਦੇ ਹੋਰ ਪਤਾ ਨਹੀਂ ਕਿੰਨੀਆਂ ਭੈਣਾਂ ਨਾਲ ਅਜਿਹਾ ਸਲੂਕ ਕਰਨਾ ਸੀ ।