ਸੁਰਿੰਦਰ ਬੰਗਾਲੀ | surinder bengali

ਸੱਤਰ ਦੇ ਦਹਾਕੇ ਵਿੱਚ ਡੱਬਵਾਲੀ ਵਿੱਚ ਇੱਕ ਸੁਰਿੰਦਰ ਕੁਮਾਰ ਨਾਮ ਦਾ ਯੁਵਕ ਆਇਆ ਜਿਸਨੇ ਰਾਮ ਲੀਲਾ ਮੈਦਾਨ ਵਿੱਚ ਸੱਤ ਦਿਨ ਲਗਾਤਾਰ ਸਾਈਕਲ ਚਲਾਉਣਾ ਸੀ। ਉਹ ਸ਼ਾਇਦ ਬੰਗਾਲ ਤੋਂ ਆਇਆ ਸੀ ਇਸ ਲਈ ਉਸਨੂੰ ਸੁਰਿੰਦਰ ਬੰਗਾਲੀ ਕਹਿੰਦੇ ਸਨ। ਉਹ ਸਾਈਕਲ ਤੇ ਹੀ ਸ਼ੇਵ ਕਰਦਾ ਸੀ ਨਹਾਉਂਦਾ ਸੀ ਕਪੜੇ ਬਦਲਦਾ ਸੀ ਤੇ ਸਾਈਕਲ ਤੇ ਹੀ ਸੌਂਦਾ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਰਤਵ ਕਰਦਾ ਸੀ। ਹਰ ਰੋਜ ਕਿਸੇ ਮੌਜੂਜ ਹਸਤੀ ਨੂੰ ਬੁਲਾਕੇ ਇਕ ਦਿਨ ਪੂਰਾ ਹੋਣ ਦਾ ਕਰਾਸ ਲਗਵਾਇਆ ਜਾਂਦਾ। ਆਇਆ ਮੁੱਖ ਮਹਿਮਾਨ ਆਪਣੀ ਹੈਸੀਅਤ ਮੁਤਾਬਿਕ ਨਕਦ ਇਨਾਮ ਵੀ ਦਿੰਦਾ। ਵੇਖਣ ਵਾਲੇ ਵੀ ਇੱਕ ਦੋ ਪੰਜ ਰੁਪਏ ਇਨਾਮ ਦਿੰਦੇ। ਇਹੀ ਉਸਦੀ ਕਮਾਈ ਸੀ। ਇੱਕ ਦਿਨ ਮੈਂ ਵੀ ਸ਼ਾਮ ਨੂੰ ਬੰਗਾਲੀ ਨੂੰ ਵੇਖਣ ਪਿੰਡ ਘੁਮਿਆਰੇ ਤੋਂ ਡੱਬਵਾਲੀ ਆਇਆ। ਸ਼ਾਮ ਨੂੰ ਉਸਦੇ ਕਰਤਵ ਵੇਖੇ ਅਤੇ ਰਾਤ ਭੂਆ ਜੀ ਘਰੇ ਰੁਕਿਆ। ਇਸੇ ਕਾਰਨ ਅਗਲੇ ਦਿਨ ਸਕੂਲੋਂ ਛੁੱਟੀ ਵੱਜ ਗਈ। ਜਦੋਂ ਅੰਗਰੇਜ਼ੀ ਵਾਲੇ ਮਾਸਟਰ ਨੇ ਪੁੱਛਿਆ ਕਿ ਕੱਲ੍ਹ ਸਕੂਲ ਨਹੀਂ ਆਇਆ ਤਾਂ ਨਾਲਦਿਆਂ ਨੇ ਦੱਸਿਆ ਕਿ ਇਹ ਮੰਡੀ ਸਾਈਕਲ ਚਲਾਉਣ ਵਾਲਾ ਵੇਖਣ ਗਿਆ ਸੀ। ਗੁੱਸੇ ਵਿਚ ਆਏ ਮਾਸਟਰ ਰਾਜ ਕੁਮਾਰ ਬਾਗਲਾ ਨੇ ਕੁੱਟ ਕੁੱਟ ਕੇ ਮੇਰਾ ਬੰਗਾਲੀ ਬਣਾ ਦਿੱਤਾ। ਜਦੋ ਉਹ ਬੰਗਾਲੀ ਸਾਈਕਲ ਚਲਾ ਰਿਹਾ ਸੀ ਤਾਂ ਸ਼ਹਿਰ ਦੇ ਇੱਕ ਦੋ ਵੇਹਵਤੀ ਉਸਦੇ ਬਰਾਬਰ ਰੀਸ ਨਾਲ ਸਾਈਕਲ ਚਲਾਉਣ ਲੱਗੇ। ਪਰ ਉਹਨਾਂ ਦੇ ਘਰ ਵਾਲਿਆਂ ਨੇ ਰੋਕ ਦਿੱਤਾ ਕਿ ਕਿਤੇ ਇਹ ਕੋਈ ਖੜਮਸਤੀ ਨਾ ਕਰ ਦੇਣ। ਓਦੋਂ ਇਹ ਵੀ ਸੁਣਿਆ ਸੀ ਕਿ ਸ਼ਹਿਰ ਦੀ ਇੱਕ ਮਸ਼ਹੂਰ ਫਰਮ ਨੇ ਬੰਗਾਲੀ ਨੂੰ ਇੱਕ ਮਿੰਨੀ ਰਾਜਦੂਤ ਮੋਟਰ ਸਾਈਕਲ ਇਨਾਮ ਵਿੱਚ ਦਿੱਤਾ ਸੀ। ਬੰਗਾਲੀ ਦੇ ਇਨਾਮ ਦਾ ਤਾਂ ਪੱਕਾ ਪਤਾ ਨਹੀਂ ਮੈਨੂੰ ਬਾਗਲਾ ਸਾਹਿਬ ਵੱਲੋਂ ਮਿਲਿਆ ਇਨਾਮ ਚੰਗੀ ਤਰਾਂ ਯਾਦ ਹੈ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *