ਇਸੇ ਚਾਰ ਜੂਨ ਨੂੰ ਮੈਨੂੰ #bansidadhaba ਮਲੋਟ ਲੰਚ ਕਰਨ ਦਾ ਮੌਕਾ ਮਿਲਿਆ। ਖਾਣਾ ਤੇ ਸਰਵਿਸ ਵਧੀਆ ਹੋਣ ਕਰਕੇ ਅਕਸਰ ਓਥੇ ਹੀ ਰੁਕੀਦਾ ਹੈ। ਪਰ ਇਸ ਵਾਰ ਵੇਟਰ ਨਵਾਂ ਸੀ। ਤੇ ਉਸਨੂੰ ਬਹੁਤਾ ਤਜ਼ੁਰਬਾ ਵੀ ਨਹੀਂ ਸੀ। ਛੋਟੀ ਜਿਹੀ ਡਾਇਰੀ ਤੇ ਉਹ ਆਰਡਰ ਨੋਟ ਕਰਕੇ ਲੈ ਗਿਆ। ਪਰ ਸੁਪਲਾਈ ਵੇਲੇ ਉਸਨੇ ਗੜਬੜ ਕਰ ਦਿੱਤੀ। ਇੱਕ ਦਾਲ ਤੇ ਸਲਾਦ ਤੋੰ ਬਾਦ ਰੋਟੀਆਂ ਲੈ ਆਇਆ ਤੇ ਫਿਰ ਸਬਜ਼ੀ ਲਿਆਇਆ। ਤਿੰਨ ਜਣਿਆ ਲਈ ਉਹ ਚਾਰ ਰੋਟੀਆਂ ਰੱਖ ਗਿਆ। ਦੂਸਰੀ ਵਾਰੀ ਵੀ ਉਹ ਚਾਰ ਰੋਟੀਆਂ ਲਿਆਇਆ ਜੋ ਇਸਦੇ ਨਵੇਂ ਹੋਣ ਦਾ ਸਬੂਤ ਸੀ। ਸਰ ਸਰ ਕਰਦਾ ਉਹ ਨਵੀ ਜਿਹੀ ਉਮਰ ਦਾ ਮੁੰਡੂ ਗੱਲ ਬਾਤ ਵਿੱਚ ਪਿਆਰਾ ਲੱਗਦਾ ਸੀ। ਦਾਲ ਰੋਟੀਆਂ ਦੇ ਚੱਕਰ ਵਿੱਚ ਉਹ ਸਰਵਿਸ ਸਪੂਨ ਦੇਣਾ ਵੀ ਭੁੱਲ ਗਿਆ। ਅਸੀਂ ਆਮ ਚਮਚ ਨਾਲ ਹੀ ਬੁੱਤਾ ਸਾਰ ਲਿਆ। ਮੈਂ ਉਸਦੀ ਹਰ ਗਲਤੀ ਨੂੰ ਹੱਸ ਕੇ ਟਾਲਦਾ ਰਿਹਾ। ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਨੂੰ ? ਮੈਂ ਰੋਟੀ ਤੋੰ ਬਾਦ ਮਿਠਾ ਪੁੱਛਣ ਆਏ ਨੂੰ ਸਵਾਲ ਕੀਤਾ। ਜੀ ਮਹੀਨਾ ਹੋਜੂਗਾ ਇਸ ਗਿਆਰਾਂ ਤਰੀਕ ਨੂੰ। ਉਸ ਦਾ ਹੌਸਲੇ ਭਰਿਆ ਜਬਾਬ ਸੁਣ ਕੇ ਮੈਂ ਹੱਸ ਪਿਆ। ਝਿੜਕਾਂ ਤੇ ਓਏ ਤੂੰ ਦੀ ਬਜਾਇ ਮੇਰੇ ਪਿਆਰ ਭਰੇ ਸ਼ਬਦਾਂ ਨੇ ਉਸਨੂੰ ਹੋਰ ਹੌਸਲਾ ਦਿੱਤਾ। ਕੋਈ ਨਾ ਹੋਲੀ ਹੋਲੀ ਸਭ ਸਿੱਖ ਜਾਵੇਂਗਾ। ਮੈਂ ਕਿਹਾ। ਬਿੱਲ ਭੁਗਤਾਨ ਤੇ ਉਹ ਪੈਸੇ ਵਾਪਿਸ ਕਰਨ ਵੇਲੇ ਉਹ ਇੱਕ ਪੰਜ ਰੁਪਏ ਵਾਲੀ ਚੋਕਲੇਟ ਪੰਜਾਂ ਦੇ ਸਿੱਕੇ ਬਦਲੇ ਲਿਆਇਆ। ਜੋ ਮੈਂ ਉਸਨੂੰ ਹੀ ਦੇ ਦਿੱਤੀ। ਖਾਣਾ ਖਵਾਉਣ ਵਾਲੇ ਛੋਟੂ ਦੇ ਸਿਰ ਪਤਾ ਨਹੀਂ ਕਿੰਨੀਆਂ ਕੁ ਪਰਵਾਰਿਕ ਜਿੰਮੇਦਾਰੀਆਂ ਹੁੰਦੀਆਂ ਹਨ।ਇਹ ਛੋਟੂ ਘਰ ਵਿਚ ਵੱਡਾ ਹੁੰਦਾ ਹੈ। ਪਿਆਰ ਨਾਲ ਬੋਲੇ ਸ਼ਬਦ ਇਹਨਾਂ ਦੇ ਅਗਾਂਹ ਵਧਣ ਵਿਚ ਸਹਾਈ ਹੁੰਦੇ ਹਨ।
#ਰਮੇਸ਼ਸੇਠੀਬਾਦਲ