#ਚੌਥੀ_ਰੋਟੀ_ਦਾ_ਸਵਾਦ।
ਕਹਿੰਦੇ ਇਨਸਾਨ ਦੀਆਂ ਚਾਰ ਰੋਟੀਆਂ ਹੁੰਦੀਆਂ ਹਨ। ਪਹਿਲੀ ਰੋਟੀ ਉਸਦੀ ਮਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ। ਜੋ ਅਨਮੋਲ ਹੁੰਦੀ ਹੈ। ਮਾਂ ਦੀ ਪਕਾਈ ਰੋਟੀ ਦਾ ਸੁਆਦ ਨਿਰਾਲਾ ਹੁੰਦਾ ਹੈ। ਇਹ ਰੋਟੀ ਨਾੜੂਏ ਦੇ ਸਬੰਧਾਂ ਨਾਲ ਜੁੜੀ ਹੁੰਦੀ ਹੈ। ਇਸ ਵਿੱਚ ਮਮਤਾ ਦਾ ਰਸ ਹੁੰਦਾ ਹੈ। ਮਾਂ ਦੀ ਰੋਟੀ ਤਾਉਮਰ ਨਹੀਂ ਮਿਲਦੀ। ਇਹ ਆਟੋਮੈਟਿਕ ਹੀ ਦੂਜੀ ਰੋਟੀ ਚ ਬਦਲ ਜਾਂਦੀ ਹੈ।
ਇਨਸਾਨ ਦੀ ਦੂਜੀ ਰੋਟੀ ਉਸਦੀ ਪਤਨੀ ਦੇ ਹੱਥਾਂ ਦੀ ਪੱਕੀ ਹੁੰਦੀ ਹੈ। ਜਿਸ ਦੇ ਸੁਆਦ ਵਿੱਚ ਪਤਨੀ ਦਾ ਪਿਆਰ ਘੁਲਿਆ ਹੁੰਦਾ ਹੈ। ਇਹ ਰੋਟੀ ਰੂਹਾਂ ਦੇ ਰਿਸ਼ਤੇ ਨਾਲ ਜੁੜੀ ਹੁੰਦੀ ਹੈ। ਇਸ ਦਾ ਸੁਆਦ ਲਾਜਵਾਬ ਹੁੰਦਾ ਹੈ। ਫਰਜ਼ਾਂ ਦੇ ਆਟੇ ਨਾਲ ਗੁੰਨਿ ਇਹ ਰੋਟੀ ਉਮਰ ਭਰ ਦੀ ਰੋਟੀ ਹੁੰਦੀ ਹੈ। ਇਨਸਾਨ ਦੀ ਤੀਜੀ ਰੋਟੀ ਉਸ ਦੀਆਂ ਨੂੰਹਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ। ਜੋ ਬੁਢਾਪੇ ਵਿੱਚ ਨਸੀਬ ਹੁੰਦੀ ਹੈ। ਸਾਡੇ ਸੰਸਕਾਰਾਂ ਮੁਤਾਬਿਕ ਰਿਸ਼ਤੇ ਅਤੇ ਮੋਂਹ ਨਾਲ ਚੋਪੜੀ ਇਹ ਰੋਟੀ ਵੀ ਸੁਆਦ ਹੁੰਦੀ ਹੈ। ਫਰਜ਼ ਸਮਝਕੇ ਪਕਾਈ ਵੀ ਚੰਗੀ ਲੱਗਦੀ ਹੈ ਪਰ ਕਈ ਵਾਰੀ ਇਹ ਫਰਜ਼ ਬੋਝ ਬਣ ਜਾਂਦੇ ਹਨ। ਇਸੇ ਲਈ ਤੀਜੀ ਰੋਟੀ ਚੰਗੀ ਹੋਵੇ ਦੀ ਦੂਆ ਮੰਗੀ ਜਾਂਦੀ ਹੈ। ਇਸ ਰੋਟੀ ਦੇ ਚੰਗੀ ਹੋਣ ਨਾਲ ਬੁਢਾਪਾ ਸੌਖਾ ਕੱਟਿਆ ਜਾਂਦਾ ਹੈ। ਤੀਜੀ ਰੋਟੀ ਤੋਂ ਬਾਅਦ ਚੌਥੀ ਰੋਟੀ ਦੀ ਵਾਰੀ ਓਦੋਂ ਆਉਂਦੀ ਹੈ ਜਦੋਂ ਘਰ ਦੀ ਰਸੋਈ ਮਾਂ ਪਤਨੀ ਤੇ ਨੂੰਹ ਤੋਂ ਬਾਅਦ ਕੁੱਕ ਨੂੰ ਸੰਭਾਲ ਦਿੱਤੀ ਜਾਂਦੀ ਹੈ। ਇਹ ਰੋਟੀ ਮੋਂਹ, ਮਮਤਾ, ਅਧਿਕਾਰ ਫਰਜ਼ ਤੋਂ ਬਿਨਾਂ ਹੁੰਦੀ ਹੈ। ਮੁੱਲ ਦੀ ਰੋਟੀ। ਚਾਹੇ ਇਸ ਵਿੱਚ ਆਟਾ ਤੇਲ ਘਿਓ ਮਿਰਚ ਮਸਾਲੇ ਸਭ ਓਹੀ ਹੁੰਦੇ ਹਨ। ਪਰ ਪਕਾਉਣ ਦੀ ਭਾਵਨਾ ਵਿੱਚ ਫਰਕ ਹੁੰਦਾ ਹੈ। ਇਹ ਰੋਟੀ ਬੱਝਵੇ ਪੈਸਿਆਂ ਦੇ ਬਦਲੇ ਪਕਾਈ, ਬਣਾਈ ਤੇ ਵਰਤਾਈ ਜਾਂਦੀ ਹੈ। ਇਸ ਵਿਚ ਮੋਂਹ ਦੀ ਚਾਸ਼ਨੀ ਨਹੀਂ ਹੁੰਦੀ ਤੇ ਇਸਨੂੰ ਨਾ ਅਪਣੱਤ ਦਾ ਤੜਕਾ ਲੱਗਿਆ ਹੁੰਦਾ ਹੈ। ਅੱਜ ਕੱਲ੍ਹ ਮੈਂ ਚੌਥੀ ਰੋਟੀ ਦਾ ਸ਼ਿਕਾਰ ਹਾਂ। ਪਹਿਲੀ ਤੇ ਦੂਜੀ ਰੋਟੀ ਤੋਂ ਬਾਅਦ ਛਾਲ ਸਿੱਧੀ ਚੌਥੀ ਰੋਟੀ ਤੇ ਵੱਜ ਗਈ। ਮੇਰੀ ਮਾਂ ਨੇ ਆਪਣੀ ਨੂੰਹ ਨੂੰ ਪੂਰੀ ਟ੍ਰੇਨਿੰਗ ਦਿੱਤੀ ਤੇ ਪਹਿਲੇ ਤੋਂ ਦੂਜਾ ਗੇਅਰ ਬਦਲਣ ਦਾ ਪਤਾ ਨਹੀਂ ਚੱਲਿਆ। ਕੋਈਂ ਝਟਕਾ ਨਹੀਂ ਲੱਗਿਆ। ਫਿਰ ਮੈਡਮ ਦੇ ਗੋਢੇ ਗਿੱਟਿਆ ਦੀ ਤਕਲੀਫ ਕਰਕੇ ਦੂਜੇ ਤੋਂ ਸਿੱਧਾ ਚੌਥਾ ਗੇਅਰ ਪਾ ਲਿਆ। ਤੀਜੀ ਰੋਟੀ ਪਕਾਉਣ ਵਾਲੀਆਂ ਦੇ ਕੰਮਕਾਜ਼ੀ ਹੋਣ ਤੇ ਸਖਤ ਡਿਊਟੀ ਹੋਣ ਕਰਕੇ ਮਜਬੂਰੀ ਵੱਸ ਉਹਨਾਂ ਨੂੰ ਰਸੋਈ ਤੋਂ ਦੂਰ ਹੀ ਰੱਖਿਆ ਗਿਆ। ਇਸ ਤਰ੍ਹਾਂ ਤੀਜੀ ਰੋਟੀ ਦਾ ਸੁਆਦ ਚੱਖੇ ਬਿਨਾਂ ਅਸੀਂ ਚੌਥੀ ਰੋਟੀ ਤੇ ਆ ਗਏ। ਹੁਣ ਵੀ ਜਦੋਂ ਦੂਜੀ ਰੋਟੀ ਵਾਲ਼ੀ ਦੀ ਤਬੀਅਤ ਠੀਕ ਹੋਵੇ ਤਾਂ ਢੋਲੇ ਦੀਆਂ ਲਾਈ ਦੀਆਂ ਹਨ। ਮਨ ਭਾਉਂਦਾ ਖਾਈਦਾ ਹੈ। ਤਕਰੀਬਨ 80ਪ੍ਰਤੀਸ਼ਤ ਰੀਝਾਂ ਪੂਰੀਆਂ ਤਾਂ ਹੁੰਦੀਆਂ ਹੀ ਹਨ। ਫਿਰ ਵੀ ਗੁਆਰੇ ਦੀਆਂ ਫਲੀਆਂ, ਰਸੇ ਵਾਲੀ ਗੋਭੀ, ਪਤਲੀ ਜਿਹੀ ਕੜ੍ਹੀ ਤੇ ਝਾੜ ਕਰੇਲਿਆਂ ਨੂੰ ਤਰਸ ਗਏ ਹਾਂ।
ਐਵੇਂ ਤਾਂ ਣੀ ਕਹਿੰਦੇ ਅਖੇ ਉਹ ਮਾਂ ਮਰ ਗ਼ੀ ਜਿਹੜੀ ਦਹੀਂ ਨਾਲ ਟੁੱਕ ਖਵਾਉਂਦੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ