ਜਿਉਣ ਦਾ ਸਹਾਰਾ | jiun da sahara

ਤਾਈ ਬਿਸ਼ਨ ਕੌਰ ਪੂਰੇ ਪਿੰਡ ਵਿੱਚੋਂ ਸਿਆਣੀ ਤੇ ਸਮਝਦਾਰ ਮੰਨੀ ਜਾਣ ਵਾਲੀ ਔਰਤ।ਹਰ ਕੋਈ ਪੁੱਛ ਕੇ ਕੰਮ ਕਰਦਾ।ਉਹ ਸਾਰਿਆਂ ਦੇ ਕੰਮ ਸਵਾਰਦੀ।
ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਜਿਵੇਂ ਜਿਵੇਂ ਧੀਆਂ ਪੁੱਤ ਜਵਾਨ ਹੋਏ। ਉਵੇਂ ਉਵੇਂ ਤਾਈਂ ਬਿਸ਼ਨ ਕੌਰ ਦਾ ਨਾਂ ਬਿਸ਼ਨੋ ਬਿਸ਼ਨੋ ਵੱਜਣ ਲੱਗ ਗਿਆ। ਜਿਹੜੇ ਲੋਕ ਪਹਿਲਾਂ ਪੁੱਛ ਪੁੱਛ ਕੇ ਗੱਲਾਂ ਕਰਦੇ ਸੀ । “ਉਹ ਹੁਣ ਮੂੰਹ ਜੋੜ ਜੋੜ ਗੱਲਾਂ ਕਰਦੇ” । ਕਿਉਂਕਿ ਹਰ ਥਾਈਂ ਬਿਸ਼ਨ ਕੌਰ ਦੇ ਮੁੰਡੇ ਨੇ ਉਹਦੀ ਇੱਜ਼ਤ ਮਿੱਟੀ ਵਿੱਚ ਰੁਲਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ।
ਬਿਸ਼ਨ ਕੌਰ ਦਾ ਮੁੰਡਾ ਚਿੱਟਾ ਲਾਉਂਦਾ ਤੇ ਸ਼ਰੇਆਮ ਵੇਚਦਾ ।
ਪਰ ਰਾਤ ਦੀ ਉਹਦੀ ਧੀ ਪਤਾ ਨਹੀਂ ਕਿੱਥੇ ਚਲੀ ਗਈ।
ਅੱਧੀ ਰਾਤ ਦੀ ਗਈ ਦਾ ਹਲੇ ਤੱਕ ਕੋਈ ਅਤਾ ਪਤਾ ਨਹੀਂ ਸੀ।
ਤਾਈ ਬਿਸ਼ਨ ਕੌਰ ਨੇ ਚੋਰੀ ਚੋਰੀ ਸਾਰੇ ਥਾਂ ਛਾਣ ਮਾਰੇ ।ਪਰ ਕੁੜੀ ਦਾ ਕੁਝ ਪਤਾ ਨਹੀਂ ਚੱਲਿਆ।ਗੱਲ ਛੁਪਾਇਆਂ ਨੀ ਛੁਪਦੀ‌। ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ।
ਲੋਕੀਂ ਆਨੀ ਬਹਾਨੀ ਤਾਈ ਕੋਲ ਆਉਂਦੇ।
ਤੇ ਬੋਲਦੇ…..
“ਕੀ ਗੱਲ ਤਾਈ ਕੁੜੀ ਨੂੰ ਝਿੜਕਿਆ ਸੀ ਤੂੰ, ਜਿਹੜਾ ਬਿਨਾਂ ਦੱਸੇ ਤੁਰ ਗਈ।”ਤਾਈ ਹਾਲੋਂ ਬੇਹਾਲ ਹੋਈ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ।
ਲੋਕ ਮੂੰਹ ਤੇ ਹਮਦਰਦੀ ਦਿਖਾਉਂਦੇ ਤੇ ਆਸੇ-ਪਾਸੇ ਹੋ ਕੇ ਇਕ-ਦੂਜੇ ਨਾਲ ਹੋਰ ਕਹਾਣੀਆਂ ਜੋੜ ਜੋੜ ਕੇ ਗੱਲਾਂ ਕਰਦੇ….
ਤੈਨੂੰ ਪਤਾ …..ਬਿਸ਼ਨੋ ਦੀ ਕੁੜੀ ਰਾਤ ਮੂੰਹ ਹਨੇਰੇ ਕਿਸੇ ਨਾਲ ਭੱਜ ਗਈ।
ਅਗਲੇ ਬੰਦੇ ਦਾ ਜਵਾਬ ਹੁੰਦਾ ਪਹਿਲਾਂ ਵੀ ਜਾਂਦੀ ਹੋਊਗੀ ਕਿ ਪਹਿਲੀ ਵਾਰ ਗਈ।ਕੋਈ ਇਹ ਨਹੀਂ ਸੀ ਸਮਝਦਾ ਕਿ ਬਿਸ਼ਨੋ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਉਹਦੇ ਜਵਾਨ ਪੁੱਤ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਕੁੜੀ ਬਿਨ੍ਹਾਂ ਪੁੱਛੇ-ਦੱਸੇ ਚਲੀ ਗਈ।
ਸਾਰੇ ਪਿੰਡ ਵਿੱਚ ਕੋਈ ਨਹੀਂ ਸੀ ਜੋ ਬਿਸ਼ਨ ਕੌਰ ਦੇ ਜੀਣ ਦਾ ਸਹਾਰਾ ਬਣਦਾ।
ਅੱਜ ਬਿਸ਼ਨੋ ਆਪਣੇ ਮਰੇ ਹੋਏ ਪਤੀ ਨੂੰ ਯਾਦ ਕਰਕੇ ਰੋ ਰਹੀ ਸੀ ਤੇ ਆਖ ਰਹੀ ਸੀ। ਮੇਰੇ ਤੋਂ ਕਿੱਥੇ ਕਮੀਂ ਰਹਿ ਗਈ ਜਵਾਕਾਂ ਦੀ ਸਾਂਭ ਸੰਭਾਲ ਚ। ਉਹ ਕਿਉਂ ਮਾੜੇ ਨਿੱਕਲ ਗਏ।
ਫਿਰ ਉਹਨੂੰ ਅੰਦਰੋਂ ਆਵਾਜ਼ ਆਈ “ਕਿ ਜਦੋਂ ਤੂੰ ਪਿੰਡ ਵਾਲਿਆਂ ਦੇ ਕੰਮ ਸੰਵਾਰ ਰਹੀ ਸੀ ਤਾਂ ਉਹ ਕਿੱਥੇ ਸੀ।
ਨਹੀਂ ਨਹੀਂ ਮੈਂ ਚੰਗਾ ਨਹੀਂ ਕੀਤਾ। ਮੈਂ ਆਵਦੇ ਕੰਮਾਂ ਨੂੰ ਪਹਿਲ ਦਿੱਤੀ ਤੇ ਆਵਦੇ ਜਵਾਕ ਹੋਸਟਲਾ ਵਿੱਚ ਘੱਲ ਦਿੱਤੇ ਜਿੱਥੇ ਉਹ ਬੁਰੀਆਂ ਆਦਤਾਂ ਸਿੱਖ ਗਏ।
ਉਹ ਸਮਝ ਗਈ ਸੀ ਕਿ ਸੱਚੀਂ ਗਲਤੀ ਉਸੇ ਤੋਂ ਹੋਈ। ਜਿੰਨ੍ਹਾਂ ਲੋਕਾਂ ਲਈ ਉਹਨੇ ਐਨਾ ਕੁਝ ਕੀਤਾ ਕੋਈ ਚਾਰ ਦਿਨ ਵੀ ਨਾਲ ਨਹੀਂ ਖੜਾ। ਜਿੰਨਾ ਦੇ ਕੰਮਾਂ ਕਾਰਾਂ ਵਿੱਚ ਉਹ ਰਾਤਾਂ ਨੂੰ ਵੀ ਤੁਰ ਪੈਂਦੀ ਸੂ ਅੱਜ ਉਹਦੇ ਨਾਲ ਉਹਦਾ ਸਹਾਰਾ ਬਣ ਕੇ ਖੜਨ ਲਈ ਕੋਈ ਵੀ ਤਿਆਰ ਨਹੀਂ ਸੀ। ਉਹ ਆਖ ਰਹੀ ਸੀ…
ਕਾਸ਼!! ਮੈਂ ਜਵਾਕਾਂ ਲਈ ਵੀ ਟਾਈਮ ਕੱਢਿਆ ਹੁੰਦਾ।ਤਾਂ ਅੱਜ ਉਹ ਮੇਰੇ ਨਾਲ ਹੁੰਦੇ।
ਰਮਨਜੋਤ ਕੌਰ ਬਰਾੜ

Leave a Reply

Your email address will not be published. Required fields are marked *