ਖੁਦ ਨਾਲ ਗੱਲਾਂ | khud diya gallan

ਮੈਂ ਪੜ੍ਹਾਈ ਪੂਰੀ ਕਰਨ ਮਗਰੋਂ ਹੋਸਟਲ ਤੋਂ ਘਰ ਜਾ ਰਹਿਣ ਲੱਗਾ ।ਮੈਨੂੰ ਕਦੀ ਕਦੀ ਕਿਸੇ ਦੇ ਉੱਚੀ ਉੱਚੀ ਰੋਣ ਜਾ ਹੱਸਣ ਦੀ  ਆਵਾਜ਼ ਸੁਣਦੀ ।ਮੈਂ ਇਹ ਅਵਾਜ਼ ਅਣਸੁਣੀ ਕਰ ਦਿੰਦਾ ਜਾਂ ਕਦੇ ਇਧਰ ਉਧਰ ਦੇਖ ਕੇ ਜਾਣਨ ਦੀ ਕੋਸ਼ਿਸ਼ ਕਰਦੲ ਕਿ ਅਵਾਜ਼ ਕਿਥੋਂ ਆ ਰਹੀ ।ਹੁਣ ਛੇ ਮਹੀਨੇ ਹੋ ਚੱਲੇ ਸੀ ਮੈਨੂੰ ਇਹ ਅਵਾਜ਼ ਸੁਣਦੇ ।ਮੈਂ ਹੈਰਾਨ ਸੀ ਕਿ ਕੁੱਝ ਕ ਦਿਨਾਂ ਬਾਅਦ ਰੋਣ  ਦੀ ਅਵਾਜ਼ ਕਿਉਂ  ਆਉਦੀ ਹੈ ।ਮੇਰੇ ਮਨ ਵਿਚ ਇਸ ਦਾ ਕਾਰਨ ਜਾਣਨ ਦੀ ਇੱਛਾ ਜਾਗੀ ।

ਫਿਰ ਜਦ ਰੋਣ ਦੀ ਅਵਾਜ਼ ਆਈ ਤਾਂ ਮੈਂ ਮੰਮੀ ਕੋਲ ਜਾ ਕੇ ਪੁੱਛਿਆ, ਕਿ ਇਹ  ਦਰਦ ਭਰੀ ਅਵਾਜ਼  ਕਿਥੋਂ ਆਉਦੀ ਹੈ ।ਮੈਂ ਪਹਿਲਾਂ ਵੀ ਕਈ ਵਾਰ ਸੁਣੀ ਹੈ ।ਮੰਮੀ ਦੱਸਦੇ ,ਪੁੱਤ ਇਹ ਅਵਾਜ਼ ਆਪਣੇ ਨਾਲ ਵਾਲਾ ਘਰ ਛੱਡ ਕੇ ਉਸ ਤੋਂ ਅਗਲੇ ਘਰੋਂ ਆਉਦੀ ਹੈ ।

ਮੈਂ ਪੁੱਛਿਆ ,ਕਿਉਂ ? ਮੰਮੀ ਕਹਿੰਦੇ ਲੰਮੀ ਕਹਾਣੀ ਏ ਫਿਰ ਕਦੀ ਦੱਸੂ ।ਪਰ ਮੈਂ ਜਿੱਦ ਕੀਤੀ ਕਿ ਦੱਸੋ ਹੁਣੇ ਮੈਨੂੰ ।ਮੰਮੀ ਕਹਿੰਦੇ ਚੱਲ ਬਹਿ ,ਮੈਂ ਦੱਸਦੀ ਹਾਂ ।ਇਸ ਘਰ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸ ਦੀ 20 ਕ ਸਾਲ ਦੀ ਪੋਤਰੀ ਰਹਿੰਦੀ । ਬਜ਼ੁਰਗ ਔਰਤ ਨੂੰ ਸਾਰੇ ਬੇਬੇ ਕਹਿ ਕੇ ਬੁਲਾਉਦੇ ।

ਕਦੇ ਇਹ ਵੀ ਹੱਸਦਾ ਵੱਸਦਾ ਪਰਿਵਾਰ ਹੁੰਦਾ ਸੀ । ਬੇਬੇ ਦਾ ਘਰ ਵਾਲਾ ਜਿਆਦਾ ਸ਼ਰਾਬ ਪੀਣ ਕਰਕੇ ਮਰ ਗਿਆ । ਬੇਬੇ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਸੀ ।ਸਭ ਨੂੰ ਇਕੱਲੀ ਨੇ ਪਾਲਿਆ ।ਸਾਰੇ ਧੀਆਂ ਪੁੱਤਾਂ ਨੂੰ ਪੜਾਇਆ ਲਿਖਾਇਆ ਅਤੇ ਫਿਰ ਸਭ ਦੇ ਵਿਆਹ ਕੀਤੇ  ਪਰ ਸਭ ਤੋਂ ਛੋਟਾ ਨਹੀਂ ਵਿਆਹਿਆ ਸੀ  ਅਜੇ।। ਬੇਬੇ ਦੇ ਵੱਡੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲ ਗਈ।ਘਰ ਦੀ ਗਰੀਬ ਦੂਰ ਕਰਨ ਲਈ ਦੂਜੇ ਦੋਵੇਂ ਪੁੱਤ ਟਰੱਕ ਡਰਾਈਵਰ ਲੱਗ ਗਏ।

ਸੁੱਖ ਨਾਲ ਵੱਡੇ ਪੁੱਤਰ ਦੇ ਘਰ ਵੀ  ਦੋ ਮੁੰਡਿਆ ਨੇ ਵਾਰੀ ਵਾਰੀ ਜਨਮ ਲਿਆ  ।ਫਿਰ ਵਿਚਕਾਰਲੇ ਪੁੱਤ ਦੇ ਘਰ ਵੀ ਰੰਗ ਭਾਗ ਲੱਗ ਗਏ ਵਿਚਕਾਰਲੇ ਪੁੱਤ ਦੇ ਘਰ ਇਕ ਮੁੰਡੇ ਅਤੇ ਇਕ ਕੁੜੀ ਦਾ ਜਨਮ ਹੋਇਆ  । ਬੇਬੇ ਦੇ ਦਿਨ ਫਿਰਨ ਲੱਗੇ ,ਵਿਹੜੇ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ  ਨਾਲ ਰੌਣਕ ਲੱਗੀ ਰਹਿੰਦੀ ।ਹੁਣ ਬੇਬੇ  ਨਾਲ ਤਿਉਹਾਰਾਂ ਨੇ ਕੋਈ ਪੁਰਾਣਾ ਵੈਰ ਕੱਢਣਾ ਆਰੰਭ ਕਰਤਾ ।

ਦੀਵਾਲੀ ਤੋਂ ਦੋ ਦਿਨ ਪਹਿਲਾਂ ਬੇਬੇ ਦੇ ਸਭ ਤੋਂ ਛੋਟੇ ਜਵਾਈ ਦੀ ਇਕ ਸੜਕ  ਹਾਦਸੇ ਵਿੱਚ ਮੌਤ ਹੋਗੀ ।ਮੈਂ ਵੀ ਗਈ ਸੀ ਬੇਬੇ ਦੇ ਜਵਾਈ ਦਾ ਸੰਸਕਾਰ ਕਰਾਉਣ ।ਚੰਦਰੀ ਦੀਵਾਲੀ ਬੇਬੇ ਨੂੰ ਕਦੀ ਨਹੀਂ ਭੁੱਲਣੀ ,ਦੀਵਾਲੀ ਵਾਲੇ  ਦਿਨ ਬੇਬੇ ਆਪਣੇ  ਜਵਾਈ ਦਾ  ਹੱਥੀ ਸੰਸਕਾਰ  ਕਰ ਕੇ ਘਰ ਆਈ  । ਉਸ ਦਿਨ ਬੇਬੇ ਦੇ ਕੀਰਨਿਆਂ ਨੇ ਹਰ ਅੱਖ ਨੂੰ ਰਵਾ ਦਿੱਤਾ ਸੀ ।

ਫਿਰ ਕੁਝ ਸਮਾਂ ਵੀ ਨਹੀਂ ਨਿਕਲਿਆ ਜਦ ਪਤਾ ਲੱਗਾ ਕਿ ਬੇਬੇ ਦੇ ਵਿਚਕਾਰਲੇ ਪੁੱਤਰ ਨੂੰ ਏਡਜ਼ ਦੀ ਨਾਮੁਰਾਦ ਲੱਗ ਗਈ। ਉਹ ਜਿਆਦਾਤਰ ਬਿਮਾਰ ਰਹਿਣ ਲੱਗਿਆ ।ਬਹੁਤ ਇਲਾਜ ਕਰਵਾਇਆ ਪਰ ਲੋਹੜੀ ਵਾਲੇ ਦਿਨ ਬੇਬੇ ਨੇ ਉਸ ਪੁੱਤਰ ਨੂੰ ਸਦਾ ਲਈ ਖੋਹ ਦਿੱਤਾ ।ਫਿਰ ਟੈਸਟ ਕਰਾਉਣ ਉੱਤੇ ਪਤਾ ਲੱਗਿਆਂ ਕਿ ਪੁੱਤ ਦਾ ਸਾਰਾ ਪਰਿਵਾਰ ਹੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੈ ਸਿਰਫ ਕੁੜੀ ਇਸ ਬਿਮਾਰੀ ਤੋਂ ਮੁਕਤ ਹੈ ।ਸਵਾ ਕ ਸਾਲ ਬਾਅਦ ਵਿਸਾਖੀ ਤੇ ਨੂੰਹ ਦੀ ਏਡਜ਼  ਕਰਕੇ ਹੀ  ਮੌਤ ਹੋ ਗਈ,ਉਸ ਦੇ ਬੱਚਿਆਂ ਦੀ ਜਿੰਮੇਵਾਰੀ ਬੁੱਢੀ ਦਾਦੀ (ਬੇਬੇ) ਦੇ ਮੋਢਿਆਂ ਤੇ ਆ ਗਈ।
  ਫਿਰ ਬੇਬੇ ਦੇ ਵਿਚਕਾਰਲੇ ਜਵਾਈ ਮੌਤ ਹੋਈ।ਕੁਝ ਕ ਦਿਨਾਂ ਮਗਰੋਂ ਵੱਡੇ ਪੁੱਤਰ ਦੀ ਮੌਤ ਹੋਲੀ ਦੇ ਨੇੜੇ ਹੋਈ।ਉਹ ਜਾਂਦੇ ਜਾਂਦੇ ਬੇਬੇ ਦੀ ਜਿੰਦਗੀ ਨੂੰ ਬਿਲਕੁੱਲ ਹੀ ਬੇਰੰਗੀ ਕਰ ਗਏ।
ਹੁਣ ਬੇਬੇ ਕੋਲ ਵਿਚਕਾਰਲੇ ਪੁੱਤਰ ਦੀ ਨਿਸ਼ਾਨੀ ਵਿੱਚ ਉਸਦਾ ਪੁੱਤ ਅਤੇ ਧੀ ਸੀ । ਜਦ ਉਹ ਪੋਤਾ ਵੀ ਜਿਆਦਾ ਬਿਮਾਰ ਰਹਿਣ ਲੱਗਿਆ ਤਾਂ ਬੇਬੇ ਨੇ ਜ਼ਮੀਨ ਦੇ ਜਿਹੜੇ ਚਾਰ ਸਿਆੜ ਸੀ ਉਹ ਵੇਚ ਦਿੱਤੇ।ਬੇਬੇ ਦੇ ਛੋਟੇ ਪੁੱਤ ਨੇ ਇਹਨਾਂ ਬੱਚਿਆਂ ਨੂੰ ਸਾਂਭਣ ਖਾਤਰ ਵਿਆਹ ਨਹੀਂ ਕਰਵਾਇਆ ।ਉਹ ਮਹੀਨਾ ਭਰ  ਭਰਾ ਦੀ ਨਿਸ਼ਾਨੀ  ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਰਿਹਾ ।ਪਰ ਅੰਤ ਉਸ ਨਿਸ਼ਾਨੀ ਦੀ ਲਾਸ਼ ਲੈ  ਕੇ ਘਰ ਪਰਤਿਆ । ਉਸ ਦੁੱਖ ਵਿਚੋਂ ਬੇਬੇ ਨਿਕਲੀ ਨਹੀਂ ਸੀ ਕਿ  31 ਦਸੰਬਰ ਨੂੰ ਬੇਬੇ ਦੇ ਇਕੋ ਇਕ ਸਹਾਰੇ, ਛੋਟੇ ਪੁੱਤਰ ਦੀ ਮੌਤ ਹੋ ਗਈ। ਜਦ ਸਾਰੀ ਦੁਨੀਆਂ ਨਵੇਂ ਸਾਲ ਦੀ  ਖੁਸ਼ੀ ਮਨਾ ਰਹੀ ਸੀ ਉਸ ਦਿਨ ਬੇਬੇ ਆਪਣੇ ਪੁੱਤ ਦੀ ਲਾਸ਼ ਨੂੰ ਸੀਨੇ ਨਾਲ ਲਾ ਕੇ ਰੋ ਰਹੀ ਸੀ । ਸਾਲ ਦੇ ਪਹਿਲੇ ਦਿਨ ਹੀ ਬੇਬੇ  ਨੇ ਆਪਣੇ ਪੁੱਤ ਨੂੰ ਖੋ ਗਵਾ ਦਿੱਤਾ । ਬੇਬੇ ਨੇ ਆਪਣੇ ਸਾਰੇ ਪਰਿਵਾਰ ਨੂੰ ਹੱਥੀ  ਵਿਦਾ ਕੀਤਾ ਸੀ  ਜੋ ਕਦੀ ਵਾਪਸ ਮੁੜ ਕੇ ਨਹੀਂ ਆਉਣੇ ।ਸਾਰਾ ਪਰਿਵਾਰ ਇਕ ਇਕ ਕਰਕੇ  ਖਾਸ ਤਿਓਹਾਰਾਂ ਵਾਲੇ ਦਿਨ ਤੋਰਿਆ ਬੇਬੇ ਨੇ  ਜਿਨ੍ਹਾਂ  ਤਿਓਹਾਰਾਂ ਨੂੰ ਅਸੀਂ  ਨੱਚ ਟੱਪ ਅਤੇ ਹੱਸ ਗਾ ਕੇ ਯਾਦਗਾਰ ਬਣਾ ਕੇ ਮਨਾਉਦੇ ਹਾਂ ।
ਮੰਮੀ ਬੋਲਦੇ ਬੋਲਦੇ ਰੁਕ ਗਏ,ਮੰਮੀ ਦਾ ਗਲ ਭਰ ਆਇਆ ਤੇ ਅਵਾਜ਼ ਵੀ ਭਾਰੀ ਹੋ ਗਈ ਸੀ ।  ਮੰਮੀ ਦੱਸਦੇ ਕੇ ਬੇਬੇ ਦੇ ਪੇਕੇ ਬਹੁਤ ਚੰਗੇ ਸੀ ।ਉਹ ਹਰ ਖੁਸ਼ੀ ਗਮੀ ਮੌਕੇ ਬੇਬੇ ਨੂੰ ਖਾਸ ਮਹੱਤਵ ਦਿੰਦੇ ਸੀ ਪਰ ਪੋਤੀ ਦੀ ਪੜਾਈ ਕਰ ਕੇ ਬੇਬੇ ਉੱਥੇ ਜਿਆਦਾ ਸਮਾਂ ਨਹੀਂ ਰਹਿੰਦੀ ਸੀ ।ਬੇਬੇ ਦੇ ਚਾਰ ਭਰਾਵਾਂ ਅਤੇ ਭਰਜਾਈਆਂ ਵਿਚੋਂ ਸਿਰਫ ਇਕ ਭਰਾ ਹੀ ਜਿੰਦਾ ਸੀ ਜਿਸ ਨਾਲ ਮਿਲ ਕੇ ਬੇਬੇ ਆਪਣੇ ਦਿਲ ਦੇ ਦਰਦ  ਫਰੋਲ ਆਉਦੀ ਸੀ ।ਪਿੱਛੇ ਜਿਹੇ ਸਤੰਬਰ 2016  ਵਿੱਚ ਬੇਬੇ ਦੇ ਉਸ ਭਰਾ ਦੀ ਵੀ ਮੌਤ ਹੋ ਗਈ ।ਬੇਬੇ ਪੇਕਿਆਂ ਅਤੇ ਸਹੁਰਿਆਂ ਦੇ ਪਰਿਵਾਰ ਵਿੱਚ ਆਪਣੇ ਸਾਥੀਆਂ ਚੋ  ਇਕੱਲੀ ਜਿੰਦ ਹੀ ਬਚੀ ਸੀ।ਉਸ ਤੋਂ ਮਗਰੋਂ ਬੇਬੇ ਦਾ ਆਹ ਹਾਲ ਹੋ ਗਿਆ ।

ਬੇਬੇ ਦੀ ਹੱਡਬੀਤੀ ਸੁਣ ਮੇਰੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਹਿ ਰਹੇ ਸੀ ।ਮੰਮੀ ਦੱਸਦੇ ਕਿ ਭਰਾ ਦੀ ਮੌਤ ਨੇ ਬੇਬੇ ਦੀ ਹਿੰਮਤ ਨੂੰ ਵੀ ਤੋੜ ਦਿੱਤਾ ।ਹੁਣ ਜਦ ਵੀ ਬੇਬੇ ਨੂੰ ਅਪਣਿਆਂ ਦੀ ਯਾਦ ਆਉਦੀ ਹੈ ਤਾਂ ਬੇਬੇ ਖ਼ੁਦ ਨਾਲ ਗੱਲਾਂ ਕਰਦੀ ਤਾਂ ਆਪਣਿਆਂ ਦੀ ਹੋਂਦ ਨੂੰ ਮਹਿਸੂਸ ਕਰਦੀ ।ਪਰ ਜਦ ਹੀ ਬੇਬੇ ਨੂੰ ਉਹਨਾਂ ਦੇ ਛੱਡ ਕੇ ਜਾਣ ਦੀ ਯਾਦ ਆਉਦੀ ਤਾਂ ਬੇਬੇ ਆਵਦੇ ਅੰਮਾ ਜਾਇਆ ਨੂੰ ਅਵਾਜ਼ਾਂ ਮਾਰਦੀ , ਵੇ ਵੀਰੋ ਆਪ ਚੱਲ ਗਏ  ਮੈਨੂੰ ਵੀ ਬੁਲਾ ਲਓ ਵੇ,ਰੱਬ ਮੇਰੀ ਮੌਤ ਦੀ ਚਿੱਠੀ ਭੇਜਣੀ ਭੁੱਲ ਗਿਆ ,ਤੁਸੀਂ ਰੱਬ ਨੂੰ ਮੇਰੇ ਬਾਰੇ ਯਾਦ ਕਰਾ ਦੋ ਵੇ ,ਕਿ ਤੁਸੀਂ ਵੀ ਭੁੱਲ ਗਏ ਓ ਮੈਨੂੰ  ।

ਫਿਰ ਰੋਦੀ ਬੇਬੇ , ਪੁੱਤ ,ਪੋਤਿਆਂ ਨੂੰ ਅਵਾਜ਼ਾਂ ਮਾਰਦੀ ਕਿ ਤੁਸੀਂ ਮੇਰੀ ਅਰਥੀ ਨੂੰ ਮੋਢਾ ਦੇਣਾ ਸੀ ਪਰ ਮੈਂ ਤਾਂ ਤੁਹਾਨੂੰ ਸਭ ਨੂੰ ਹੀ ਤੋਰ ਦਿੱਤਾ । ਬੇਬੇ ਦੇ ਦਰਦ ਸੁਣ ਕੇ ਆਂਢ ਗੁਆਂਢ ਹੌਸਲਾ ਦੇਣ ਤਾਂ ਜਾਂਦਾ ਹੈ ਪੁੱਤ ,ਪਰ ਸੱਚੀ  ਬੇਬੇ ਨੂੰ ਚੁੱਪ ਕਰਾਉਦੇ ਖੁਦ ਦੀ ਹਿੰਮਤ ਜਵਾਬ ਦੇ ਜਾਂਦੀ । ਅਚਾਨਕ ਦੇਖਣ ਵਾਲੇ ਨੂੰ ਕੀਰਨੇ ਸੁਣ ਲੱਗਦਾ ਕਿ ਉਦੋਂ ਹੀ ਕਿਸੇ ਘਰ ਮੌਤ ਹੋਈ ਹੋਣੀ  ਪਰ ਕਿਸੇ ਨੂੰ ਕੀ ਪਤਾ ਬੇਬੇ ਜਦ ਖ਼ੁਦ ਨਾਲ ਗੱਲਾਂ ਕਰ ਕੇ ਉਹਨਾਂ ਦੇ ਹੁੰਗਾਰੇ ਦਾ ਇੰਤਜਾਰ ਕਰਦੀ ਥੱਕ ਜਾਂਦੀ ਤਾਂ ਚੀਕ ਚੀਕ ਅਵਾਜ਼ਾ ਮਾਰ ਕੇ ਗੱਲਾਂ ਕਰਨ ਨੂੰ ਬੁਲਾਉਦੀ ।

ਬੇਬੇ ਦਾ ਹਾਲ ਸੁਣ ਮੈਨੂੰ ਗੁਰਬਾਣੀ ਦੀਆਂ ਪੰਕਤੀਆਂ ਯਾਦ ਆ ਗਈਆ,

‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ’’

ਮੈਂ ਮੰਮੀ ਨੂੰ ਕਿਹਾ ,ਸੱਚੀ ਰੱਬ ਨੂੰ ਭੋਰਾ ਦਰਦ ਨੀ ਆਇਆ ਇਨ੍ਹਾਂ ਦਰਦ ਸਹਿਣ ਕਰਨਾ ਮੁਸ਼ਕਿਲ ਨਹੀਂ ਨਾਮੁਮਕਿਨ ਹੈ ।ਇਨਸਾਨ ਇੰਨਾ ਕੁਝ ਖੋਹ ਕੇ ਟੁੱਟ ਜਾਂਦਾ ਹੈ । ਕਿਤੇ ਬੇਬੇ ਨੂੰ  ਇਹ ਸਦਮੇ ਲੱਗਣ ਕਰਕੇ ਮਾਨਸਿਕ ਬਿਮਾਰੀ ਨਾ ਲੱਗੀ ਹੋਵੇ ਜੋ ਉਹ ਖ਼ੁਦ ਨਾਲ ਗੱਲਾਂ ਕਰਕੇ ਰੋਦੇ  ਹਨ ।ਮਾਂ ਨੇ ਮੈਨੂੰ ਸਮਝਾਉਦੇ ਕਿਹਾ ,ਕਿ ਕਈ ਵਾਰ ਖ਼ੁਦ ਨਾਲ ਗੱਲਾਂ ਕਰਨਾ ਕੋਈ ਬਿਮਾਰੀ ਨਹੀਂ ਹੁੰਦੀ । ਕਈ ਵਾਰ ਇਦਾਂ ਦਾ ਇਨਸਾਨ ਖ਼ੁਦ ਨਾਲ ਗੱਲਾਂ ਕਰਦਾ  ਉੱਚੀ ਉੱਚੀ ਬੋਲਣ ਜਾਂ ਇਕੱਲਾ ਹੱਥ ਮਾਰਨੇ ਸ਼ੁਰੂ ਕਰ ਦਿੰਦਾ ।ਅਸੀਂ ਉਸ ਨੂੰ ਪਾਗਲ ਵੀ ਕਹਿ ਦਿੰਦੇ ਪਰ ਉਹ ਪਾਗਲ ਨਹੀਂ ਹੁੰਦਾ ਉਹ ਖ਼ੁਦ ਨਾਲ ਗੱਲ ਕਰ ਰਿਹਾ ਹੁੰਦਾ ।

ਮੰਮੀ ਦੱਸਦੇ ਕਿ ਬਹੁਤ ਵਾਰ  ” ਖ਼ਦ ਨਾਲ ਗੱਲਾਂ ਕਰਨਾ ਜਰੂਰੀ ਹੁੰਦਾ ਐ ,ਘੁੱਟ ਸਮਿਆਂ ਦਾ ਭਰਨਾ ਜਰੂਰੀ ਹੁੰਦਾ ਐ।”
ਇਸ ਤਰ੍ਹਾਂ ਕਰਨ ਨਾਲ ਰੋ ਕੇ ਮਨ ਹਲਕਾ ਹੋ ਜਾਂਦਾ ਹੈ ।ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਕਿਸੇ ਆਪਣੇ ਨਾਲ ਗੱਲ ਕਰਕੇ ਦਰਦ ਜਾ ਖੁਸ਼ੀ ਨੂੰ ਵੰਡਾ ਲਿਆ ਹੈ। ਹੁਣ ਮੈਨੂੰ ਸਮਝ ਆ ਗਈ ਸੀ ਕਿ ਖ਼ਦ ਨਾਲ ਗੱਲ ਕਰਨਾ ਕੋਈ ਬਿਮਾਰੀ ਨਹੀਂ ਹੈ ।ਇਸ ਨਾਲ ਤਨਾਅ ਤੋਂ ਮੁਕਤੀ ਮਿਲਦੀ ਹੈ ।

     

Leave a Reply

Your email address will not be published. Required fields are marked *