ਹੁਨਰ | hunar

ਸ਼ਾਮ ਦਾ ਵੇਲਾ ਸੀ ।ਗੁਰਮੁੱਖ ਸਿਓ ਆਪਣੀ ਬੈਠਕ ਵਿੱਚ ਪਿਆ ਪਾਣੀ ਲਈ  ਤਰਸ ਰਿਹਾ ਸੀ ।ਪਾਣੀ ਦੇ ਜਾਹ ,ਪੁੱਤ ਹਰਨਾਮ ,ਪਿਆਸ ਲੱਗੀ ,ਪਾਣੀ ਦੀ ਘੁੱਟ ਹੀ ਪਿਲਾ ਦੇਹ ।ਹਰਨਾਮ ਗੁੱਸੇ ਚ ਲਾਲ ਹੋਇਆ ਆਉਂਦਾ ਤੇ ਪਾਣੀ ਫੜਾਉਦਾ ਕਹਿੰਦਾ ਕਿ ਬਾਪੂ ਕਿਉਂ ਐਵੇ ਰੌਲਾ ਪਾਈ ਰੱਖਦਾ ,ਮੈਨੂੰ ਹੋਰ ਬਥੇਰੇ ਕੰਮ ਹਨ ।ਪਾਣੀ ਬਿਨਾਂ ਤੇਰੀ ਜਾਨ ਨਹੀਂ ਨਿਕਲ ਚੱਲੀ ਸੀ ਜੋ ਜਵਾਕਾਂ ਤੋਂ ਵੀ ਜਿਆਦਾ ਕਾਹਲਾ ਪੈ ਜਾਂਦਾ ।ਗੁਰਮੁੱਖ ਸਿਓ ਤਰਲੇ ਭਰੀ ਅਵਾਜ਼ ਵਿੱਚ ਕਹਿੰਦਾ ,ਪੁੱਤ ,ਖਾਸੀ ਖੰਘ ਆ ਰਹੀ ਤਾਂ ਗਲ ਸੁੱਕ ਜਾਂਦਾ ।ਦਵਾਈ ਵੀ ਮੁੱਕੀ ਪਈ ,ਲਿਆ ਹੀ ਦੇਹ ਦਵਾਈ ।ਹਰਨਾਮ ਖਿੱਝ ਕੇ ਕਹਿੰਦਾ ਤੁਸੀਂ ਕੀ ਕੀਤਾ ਮੇਰੇ ਲਈ  ਜੋ ਮੈਂ ਬਹਿ ਕੇ ਖ਼ੁਦ ਖਾ ਸਕਾ ਤੇ ਤੇਰੀ ਸੇਵਾ ਕਰ ਸਕਾ ।ਉਦੋਂ ਤਾਂ ਸਾਰੀ ਉਮਰ ਲੱਕੜ ਦਾ ਕੰਮ ਛੱਡ ਕੋਈ ਹੋਰ ਕਿੱਤਾ ਨਹੀਂ ਕੀਤਾ ।ਲੋਕ ਆਪਣੇ ਧੀਆਂ ਪੁੱਤਾਂ ਲਈ  ਕੀ ਕੀ ਨਹੀਂ ਕਰਦੇ ।ਪਰ ਤੁਸੀਂ ਤਾਂ ਇਕੋ ਗਲ ਉੱਪਰ ਹੀ ਅੜੇ ਰਹੇ ਸੀ ਕਿ ਮੈਂ ਆਪਣੇ ਹੁਨਰ ਨਾਲ ਧੋਖਾ ਨੀ ਕਰਨਾ। ਉਸੇ ਹੁਨਰ ਤੋਂ ਖਾਹ ਲਾ ਪਰੌਂਠੇ ।

ਹਰਨਾਮ ਬੁੜ ਬੁੜ ਕਰਦਾ ਬਾਹਰ ਨਿਕਲ ਗਿਆ ।ਗੁਰਮੁਖ ਸਿਓ ਪਿਆ ਸੋਚ ਰਿਹਾ ਸੀ ਕਿ ਇਹ ਹੁਨਰ ਮੈਨੂੰ ਮੇਰੇ ਪਿਤਾ ਜੀ ਨੇ ਦਿੱਤਾ ਸੀ ।ਇਸ ਹੁਨਰ ਸਦਕਾ ਹੀ ਮੇਰਾ ਨਾਮ ਨਾਲਦੇ ਪੰਜਾਹ ਪਿੰਡ  ਵਿੱਚ ਬੋਲਦਾ ਸੀ ।ਲੋਕ ਕਿਸੇ ਵੀ ਵਿਆਹ ਸ਼ਾਦੀ ਦੇ ਸਮੇਂ ਮੇਰੇ ਬਿਨਾਂ ਕਿਸੇ ਹੋਰ ਤੋਂ ਕੰਮ ਕਰਵਾਉਣ ਦਾ ਸੋਚਦੇ ਵਿਚ ਵੀ ਨਹੀਂ ਸੀ ।ਧੀਆਂ ਦੇ ਦਹੇਜ ਦੇ ਬੈਡ ,ਸੋਫੇ ,ਮੇਜ਼ ,ਕੁਰਸੀਆਂ ਅਤੇ ਪੇਟੀਆਂ ਉੱਪਰ ਮੈਂ ਪੂਰੀ ਰੀਝ ਲਗਾਉਦਾ ਸੀ ।ਉਹਨਾਂ ਧੀਆਂ ਦੇ ਸਹੁਰੇ ਵੀ ਮੇਰੇ ਬਣਾਏ ਸਮਾਨ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦੇ ਸੀ ।ਮੇਰੇ ਬਣਾਏ ਬੁੱਤ ਵਿੱਚ ਮੈਂ ਆਪਣੀ ਹੀ ਜਾਨ ਪਾ ਦਿੰਦਾ ਸੀ ਜਿਸ ਕਰਕੇ ਉਹ ਮੂੰਹੋਂ ਬੋਲਦੇ ਪ੍ਰਤੀਤ ਹੁੰਦੇ ਸੀ ।

ਕਮਲਿਆਂ ਪੁੱਤਾਂ ਤੈਨੂੰ ਯਾਦ ਭੁੱਲ ਗਿਆ ਹੋਣਾ ।ਜਦ ਤੇਰੀ ਪੜ੍ਹਾਈ ਪੂਰੀ ਹੋਈ ਸੀ ਤਾਂ ਤੇਰਾ ਇਕ ਦੋਸਤ ਮੇਰੇ ਕੋਲ ਕੰਮ ਸਿੱਖਣ ਆਇਆ ਸੀ ।ਉਦੋਂ ਹੀ ਮੈਂ ਤੈਨੂੰ ਵੀ ਕੰਮ ਦੀਆਂ ਬਰੀਕੀਆਂ ਸਿੱਖਣ ਨੂੰ ਕਿਹਾ ਸੀ ਪਰ ਤੇਰਾ ਜਵਾਬ ਸੀ ਕਿ ਮੇਰੇ ਤੋਂ ਨਹੀਂ ਇੰਨੀ ਸਿਰ ਖਪਾਈ ਹੁੰਦੀ ।ਮੈਂ ਤਾਂ ਕੋਈ ਵਧੀਆ ਕੰਮ ਕਰੂਗਾ ਕੋਈ ਟੌਹਰ ਵਾਲਾ ।ਉਸ ਸਮੇਂ ਕਰਮੇ ਅਤੇ ਦੋ ਹੋਰ ਮੁੰਡਿਆਂ ਨੇ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ।ਉਹਨਾਂ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਸਿੱਖਿਆ ।ਉਹਨਾਂ ਮੁੰਡਿਆਂ ਨੇ ਕੋਈ ਦਸ ਸਾਲ ਮੇਰੇ ਨਾਲ ਕੰਮ ਕੀਤਾ ਜਿਸ ਕਰਕੇ ਉਹਨਾਂ ਨੇ ਮੇਰੇ ਹੁਨਰ ਨੂੰ ਆਪਣੀ ਰੂਹ ਵਿੱਚ ਵਸਾ ਲਿਆ ।

ਉਹਨਾਂ ਮੁੰਡਿਆਂ ਨੇ ਮਿਲ ਕੇ ਇਕ ਹੋਰ ਦੁਕਾਨ ਖੋਲੀ ਕਿਉਂਕਿ ਉਹਨਾਂ ਦੀ ਪ੍ਰਸਿੱਧੀ ਤੇਰੇ ਅੰਦਰ ਜਲਣ ਪੈਂਦਾ ਕਰਦੀ ਸੀ ।ਉਹਨਾਂ ਦੇ ਜਾਣ ਮਗਰੋਂ ਮੇਰੇ ਤੋਂ ਪਹਿਲਾਂ ਵਾਂਗੂੰ ਕੰਮ ਨਹੀਂ ਹੁੰਦਾ ਸੀ ਕਿਉਂਕਿ ਮੇਰਾ ਸਰੀਰ ਬਿਰਧ ਹੋ ਚੁਕਿਆ ਸੀ ।ਹਰਨਾਮ  ਇਸ ਕੰਮ ਵਿੱਚ ਬਿਲਕੁੱਲ ਹੱਥ ਨਹੀਂ ਵਟਾਉਦਾ ਸੀ ਜਿਸ ਕਰਕੇ ਕੰਮ ਘੱਟ ਗਿਆ ਸੀ ।ਹਰਨਾਮ ਨੇ ਜਿੱਦ ਕੀਤੀ ਕਿ ਉਹਨਾਂ ਮੁੰਡਿਆਂ ਦੀ ਚੜ੍ਹਾਈ ਹੋ ਗਈ  ।ਉਹਨਾਂ ਤੋਂ ਗੁਰੂ ਦਕਸ਼ਣਾ ਦੇ ਤੌਰ ਤੇ ਮੂੰਹੋ ਮੰਗੀ ਰਕਮ ਮੰਗ ।ਪਰ ਮੈਂ ਆਪਣਾ ਹੁਨਰ ਕਿਵੇਂ ਵੇਚ ਦਿੰਦਾ  ।ਜਿਸ ਹੁਨਰ ਨੇ ਮੈਨੂੰ ਸਾਰੀ ਉਮਰ ਰੋਟੀ ਦਿੱਤੀ ,ਉਸ ਨਾਲ ਧੋਖਾ ਕਿਵੇਂ ਕਰ ਜਾਂਦਾ ।

ਗੁਰਮੁਖ ਸਿਓ ਨੂੰ ਜੋਰਦਾਰ ਖੰਘ ਛਿੜਦੀ ਤੇ ਉਸ ਦਾ ਸਰੀਰ ਭੱਠੀ ਵਾਂਗ ਤਪ ਰਿਹਾ ਸੀ ।ਫਿਰ ਵੀ ਉਹ ਮੂੰਹ ਵਿੱਚ ਬੁੜਬੁੜਾਈ ਜਾਂਦਾ ਸੀ ।ਪੋਤਾ ਖੇਡਦਾ ਖੇਡਦਾ ਕੋਲ ਆ ਕੇ ਪੁੱਛਦਾ ਕਿ ਬਾਪੂ ਜੀ ਕੀ ਕਹਿ ਰਹੇ ਹੋ ।ਪਰ ਉਸ ਨੂੰ ਗੁਰਮੁੱਖ ਸਿਓ ਦੀ ਅਵਾਜ਼ ਦੀ ਸਮਝ ਨਹੀਂ ਆ ਰਹੀ ਸੀ ।ਗੁਰਮੁਖ ਦੀਆਂ ਅੱਖਾਂ ਦੇ ਕੋਇਆਂ ਵਿੱਚੋ ਪਾਣੀ ਵਗ ਰਿਹਾ ਸੀ ਅਤੇ ਉਹ  ਔਖਾ ਹੋ ਕੇ ਸਾਹਲੈ ਰਿਹਾ ਸੀ ।ਗੁਰਮੁਖ ਸਿਓ ਦੀ ਸੁਰਤੀ ਵਿੱਚ ਪਿੱਛੇ ਵੱਲ ਜਾਂਦੀ ਤਾਂ ਉਹ ਸੋਚਦਾ ਕਿ ਪੁੱਤ ਹਰਨਾਮ  ਨੇ ਜੇ ਇਹ ਹੁਨਰ ਸਿਖ ਲਿਆ ਹੁੰਦਾ ਤਾਂ ਅੱਜ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਨਾ ਖਾਂਦਾ ਫਿਰਦਾ ।ਸਗੋਂ ਮਾਣ ਨਾਲ ਵਿਰਸੇ ਵਿਚ ਮਿਲੇ ਹੁਨਰ   ਨੂੰ ਅੱਗੇ ਤੋਰਦਾ ।ਇਹ ਭੁੱਲ ਗਿਆ ਸੀ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ।ਕਿਸੇ ਵੀ ਕੰਮ ਨੂੰ ਕਰਨ ਲਈ  ਉਸ ਕੰਮ ਦੀਆਂ ਬਰੀਕੀਆਂ ਨੂੰ ਬਹੁਤ ਕਰੀਬ ਤੋਂ ਸਮਝਣ ਦਾ ਹੁਨਰ ਹਰ ਕਿਸੇ ਵਿਚ ਨਹੀਂ ਹੁੰਦਾ ।ਕੰਮ ਦੀ ਸਫਾਈ ਅਤੇ ਢੰਗ ਹੀ ਕੰਮ ਕਰਨ ਵਾਲੇ ਦੇ ਹੁਨਰ ਨੂੰ ਉਜਾਗਰ ਕਰਦੇ ਹਨ ।ਗੁਰਮੁਖ ਸਿਓ ਆਪਣੇ ਹੁਨਰ ਨੂੰ ਆਖਰੀ ਸਮੇਂ ਵੀ ਆਪਣੀ ਗਲਵੱਕੜੀ ਵਿਚ ਮਹਿਸੂਸ ਕਰਦਾ ਹੋਇਆ ਸਦਾ ਲਈ  ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ।

Leave a Reply

Your email address will not be published. Required fields are marked *