ਅੱਜ ਦੀ ਪੀੜ੍ਹੀ ਨੇ ਬਕਸੂਆ ਨਾਮ ਨਹੀਂ ਸੁਣਿਆ ਹੋਣਾ। ਬਕਸੂਆ ਇੱਕ ਜਰੂਰੀ ਵਸਤੂ ਸੀ ਜੋ ਪਿੰਡਾਂ ਦੀਆਂ ਦੁਕਾਨਾਂ ਤੇ ਬਹੁਤ ਵਿਕਦੀ ਸੀ। ਇਹ ਤਾਰ ਦਾ ਬਣਿਆ ਇੱਕ ਲੌਕ ਹੁੰਦਾ ਹੈ ਜੋ ਦੋ ਕੱਪੜਿਆਂ ਦੇ ਜੋੜਨ ਦੇ ਕੰਮ ਆਉਂਦਾ ਹੈ। ਪਹਿਲਾਂ ਜਦੋ ਕਿਸੇ ਦੇ ਪਹਿਣੇ ਕਪੜੇ ਦੇ ਬੀੜੇ ਟੁੱਟ ਜਾਂਦੇ ਯ ਕੋਈ ਗਦਾਮ (ਜਿਸ ਲਈ ਬਾਅਦ ਵਿੱਚ ਬੱਟਣ ਸ਼ਬਦ ਵਰਤੋਂ ਵਿੱਚ ਆਇਆ) ਟੁੱਟ ਜਾਂਦਾ ਤਾਂ ਉਥੇ ਬਕਸੂਆ ਲਗਾਕੇ ਕੰਮ ਚਲਾਇਆ ਜਾਂਦਾ ਸੀ। ਔਰਤਾਂ ਆਪਣੇ ਕਮੀਜ਼ ਨਾਲ ਇੱਕ ਬਕਸੂਆ ਜਰੂਰ ਰੱਖਦੀਆਂ ਤਾਂਕਿ ਕਿਸੇ ਐਮਰਜੰਸੀ ਵੇਲੇ ਬਕਸੂਆ ਵਰਤਿਆ ਜਾ ਸਕੇ। ਬਕਸੂਆ ਇਜ਼ੱਤ ਰੱਖਣ ਦਾ ਕੰਮ ਕਰਦਾ ਸੀ। ਆਮਤੌਰ ਤੇ ਲੋਕ ਜਦੋ ਵਿਉਪਾਰ ਯ ਕਿਸੇ ਵਿਆਹ ਸ਼ਾਦੀ ਤੇ ਬਾਹਰ ਜਾਂਦੇ ਤਾਂ ਜੇਬ ਵਿੱਚ ਪਾਏ ਪੈਸਿਆਂ ਦੀ ਹਿਫਾਜਤ ਲਈ ਉਹ ਜੇਬ ਉਪਰ ਬਕਸੂਆ ਲਗਾ ਲੈਂਦੇ। ਕੁਝ ਚੀਜ਼ਾਂ ਵੀ ਬਕਸੂਏ ਨਾਲ ਟੰਗੀਆਂ ਵੀ ਜਾਂਦੀਆਂ। ਵੈਸੇ ਲੋਕ ਓਹਨਾ ਵੇਲਿਆਂ ਵਿੱਚ ਕਪੜੇ ਦੇ ਲੰਮੀ ਥੈਲੀ ਵਿੱਚ ਪੈਸੇ ਪਾਕੇ ਥੈਲੀ ਆਪਣੇ ਲੱਕ ਦੁਆਲੇ ਵੀ ਬੰਨ ਲੈਂਦੇ ਸਨ। ਖੈਰ ਸਮੇ ਦੇ ਨਾਲ ਨਾਲ ਬਕਸੂਆ ਅਲੋਪ ਹੋ ਗਿਆ। ਲੋਕ ਬੱਟਣ ਦੀ ਜਗ੍ਹਾ ਬਕਸੂਆ ਲਾਉਣ ਨੂੰ ਬੇਜਿੱਤੀ ਸਮਝਣ ਲੱਗ ਪਏ। ਅੰਗਰੇਜ਼ੀ ਸਕੂਲਾਂ ਵਿੱਚ ਜਾਂਦੇ ਛੋਟੇ ਬੱਚਿਆਂ ਦੇ ਰੁਮਾਲ ਨਹੀਂ ਸੱਚ ਹੈਂਕੀ,ਇਸੇ ਬਕਸੂਏ ਦੀ ਸਹਾਇਤਾ ਨਾਲ ਟੰਗਣ ਲੱਗੇ। ਪਰ ਹੁਣ ਉਹ ਬਕਸੂਏ ਲਈ ਸੇਫਟੀ ਪਿੰਨ ਸ਼ਬਦ ਦਾ ਇਸਤੇਮਾਲ ਕਰਨ ਲੱਗ ਪਏ। ਮੈਨੂੰ ਇਹ ਸੇਫਟੀ ਪਿੰਨ ਸ਼ਬਦ ਵੀ ਸਹੀ ਨਹੀਂ ਲਗਦਾ। ਕਿਉਂਕਿ ਅਕਸਰ ਹੀ ਇਹ ਅਖੌਤੀ ਸੇਫਟੀ ਪਿੰਨ ਖੋਲ੍ਹਣ ਯ ਬੰਦ ਕਰਨ ਸਮੇਂ ਬੱਚੇ ਦੀ ਨਾਜ਼ੁਕ ਉਂਗਲੀ ਤੇ ਵੱਜ ਜਾਂਦਾ ਹੈ। ਹਾਂ ਸਕੂਲਾਂ ਦੇ ਬੈਜ ਯ ਹੋਰ ਕਿਸਮ ਦੇ ਬੈਜ ਵੀ ਇਸੇ ਸੇਫਟੀ ਪਿੰਨ ਦੀ ਸਹਾਇਤਾ ਨਾਲ ਲਗਾਏ ਜਾਂਦੇ ਹਨ। ਸੇਫਟੀ ਪਿੰਨ ਆਖਣ ਨਾਲ ਸ਼ਾਇਦ ਬੇਜਿੱਤੀ ਵੀ ਘੱਟ ਮਹਿਸੂਸ ਹੁੰਦੀ ਹੈ। ਮੁਕਦੀ ਗੱਲ ਇਹ ਹੈ ਕਿ ਗੁਸਲਖਾਨੇ ਵਾਂਗ ਬਕਸੂਆ ਸ਼ਬਦ ਵੀ ਦਮ ਤੋੜ ਗਿਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ