ਕਪੂਰਥਲਾ ਰਿਆਸਤ ਦਾ ਇਤਿਹਾਸ :
ਤਪੋਂ ਰਾਜ ਤੇ ਰਾਜੋਂ ਨਰਕ!
ਕਪੂਰਥਲਾ ਰਿਆਸਤ ਦਾ ਬਾਨੀ- ਪਹਿਲਾ ਰਾਜਾ ਜੱਸਾ ਸਿੰਘ ਆਹਲੂਵਾਲੀਆ (1718-1783) ਦਾ ਬਚਪਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ ਦੀ ਹਿਫਾਜ਼ਤ ਦਿੱਲੀ ਵਿੱਚ ਗੁਜਰਿਆ । ਉਹ ਰਬਾਬ ਵਜਾਉਣ ਦਾ ਮਾਹਿਰ ਅਤੇ ਸੁਰੀਲੀ ਅਵਾਜ਼ ਵਾਲਾ ਸੀ। ਜੱਸਾ ਸਿੰਘ ਦਾ ਜੱਦੀ ਪਿੰਡ ਆਹਲੂ ,ਜ਼ਿਲਾ ਲਾਹੌਰ ਸੀ। 4 ਸਾਲ ਦੀ ਆਯੂ ਪਿਤਾ ਦੇ ਗੁਜ਼ਰ ਜਾਣ ਤੇ ਇਹ ਮਾਤਾ ਨਾਲ ਦਿੱਲੀ ਆਇਆ ਅਤੇ ਮਾਤਾ ਸੁੰਦਰ ਕੌਰ ਦੇ ਦਰਬਾਰ ਕੀਰਤਨ ਕਰਨ ਲੱਗਾ।
ਇਤਿਹਾਸਕਾਰ ਰਤਨ ਸਿੰਘ ਭੰਗੂ ਮੁਤਾਬਕ ਮਾਤਾ ਸੁੰਦਰ ਕੌਰ 13 ਸਾਲ ਦੇ ਜੱਸਾ ਸਿੰਘ ਨਾਲ ਅਮ੍ਰਿਤਸਰ ਆਈ ਸੀ ਤੇ ਉਹ ਜੱਸਾ ਸਿੰਘ ਨੂੰ ਆਪ ਕਪੂਰ ਸਿੰਘ (ਨਵਾਬ)ਨੂੰ ਸੌਂਪ ਗਈ ਸੀ।ਇਸ ਮੌਕੇ ਤੇ ਮਾਤਾ ਸੁੰਦਰ ਕੌਰ ਨੇ ਆਪ ਵੀ ਦਰਬਾਰ ਸਾਹਿਬ ਕੀਰਤਨ ਕੀਤਾ ਸੀ।(ਰਤਨ ਸਿੰਘ ਭੰਗੂ ,1939 ਦੀ ਐਡੀਸਨ,ਸਫ਼ਾ 204).(ਹੁਣ ਨਕਲੀ ਟਕਸਾਲਾਂ ਦੀ ਆੜ ਜਨਾਨਾ ਕੀਰਤਨ ਤੇ ਪਬੰਦੀ ਹੈ)
ਨਵਾਬ ਕਪੂਰ ਸਿੰਘ ਦੇ ਘੋੜ ਜਥੇ ਨਾਲ ਕੁਝ ਸਾਲ ਰਹਿਣ
ਬਾਅਦ ਜੱਸਾ ਸਿੰਘ ਨੇ ਆਪਣਾ ਜੱਥਾ ਬਣਾ ਲਿਆ ਤੇ ਮੁਗਲਾਂ ਨਾਲ ਗੁਰੀਲਾ ਲੜਾਈਆਂ ਵਿੱਚ ਹਿੱਸਾ ਲੈਣ ਲੱਗਾ। ਰਾਵੀ ਦਰਿਆ ਦੇ ਕੰਢੇ ਡੱਲੇਵਾਲ 1740 ਇਕ ਕਿਲ੍ਹਾ ਬਣਾਇਆ।1743 ਵਿੱਚ ਉਸਨੇ ਐਮਨਾਬਾਦ ਤੋਂ ਲਾਹੌਰ ਜਾਂਦੇ ਸ਼ਾਹੀ ਖਜ਼ਾਨੇ ਨੂੰ ਲੁੱਟਕੇ ਘੋੜੇ ਤੇ ਹਥਿਆਰਾਂ ਦਾ ਭੰਡਾਰ ਜਵਾਂ ਕਰ ਲਿਆ। 29 ਮਾਰਚ 1748 ਨੂੰ ਸਾਰੇ ਸਿੱਖ ਜੱਥਿਆਂ ਨੂੰ ਦਲ ਖਾਲਸਾ ਦੇ ਨਾਂ ਹੇਠ 11 ਮਿਸਲਾਂ ਵਿੱਚ ਜਥੇਬੰਦ ਕੀਤਾ ਗਿਆ ਤਾਂ ਜੱਸਾ ਸਿੰਘ ਨੂੰ ਆਹਲੂਵਾਲੀਆ ਮਿਸਲ ਦਾ ਮੁੱਖੀ ਬਣਾਇਆ ਗਿਆ।
1753 ਨਵਾਬ ਕਪੂਰ ਸਿੰਘ ਦੇ ਇੰਤਕਾਲ ਤੋਂ ਬਾਅਦ ਜੱਸਾ ਸਿੰਘ ਸਾਰੇ ਦਲ ਖਾਲਸਾ ਦਾ ਮੁੱਖੀ ਚੁਣਿਆ ਗਿਆ ਅਤੇ ਨਵਾਬ ਦੀ ਉਪਾਧੀ ਦਿੱਤੀ ਗਈ। 1758 ਇਸਨੇ ਪਹਿਲੀ ਵਾਰ ਲਾਹੌਰ ਤੇ ਕਬਜ਼ਾ ਕੀਤਾ ਪਰ ਉੱਥੇ ਟਿਕਿਆ ਨਹੀਂ ,ਮਗਰੋਂ ਇਹ ਐਕਸ਼ਨ 1761 ਵਿੱਚ ਵੀ ਦੁਹਰਾਇਆ ।
1757 ਵਿੱਚ ਉਸਨੇ ਜਲੰਧਰ ਦੇ ਅਫਗਾਨ ਹਾਕਮ ਨੂੰ ਹਰਾਇਆ ਤੇ ਬਾਅਦ ਗੋਇੰਦਵਾਲ, ਬੁਤਾਲਾ,ਤਰਨਤਾਰਨ ਤੇ ਖਡੂਰ ਵੀ ਜਿੱਤ ਲਏ।
1762 ਵੱਡੇ ਘੱਲੂਘਾਰੇ ਵਿੱਚ ਉਸਨੇ ਕੌਮ ਨੂੰ ਸ਼ਾਨਦਾਰ ਅਗਵਾਈ ਦਿੱਤੀ, ਇਸ ਦਿਨ ਉਸਨੂੰ 22 ਜ਼ਖਮ ਲੱਗੇ। ਵਾਪਿਸ ਜਾਂਦਾ ਅਬਦਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬਰੂਦ ਨਾਲ ਉਡਾ ਗਿਆ ਤਾਂ ਜੱਸਾ ਸਿੰਘ ਨੇ ਅੰਮ੍ਰਿਤਸਰ ਤੇ ਰਾਜ ਕਰ ਰਹੀ ਭੰਗੀ ਮਿਸਲ ਨਾਲ਼ ਮੇਲ ਕਰ ਦਰਬਾਰ ਸਾਹਿਬ ਦੀ ਮੁੜ ਉਸਾਰੀ ਕੀਤੀ।
1772 ਉਸਨੇ ਸੁਲਤਾਨਪੁਰ ਅਤੇ ਕਪੂਰਥਲਾ ਜਿੱਤ ਕੇ 1780 ਕਪੂਰਥਲਾ ਨੂੰ ਆਹਲੂਵਾਲੀਆ ਮਿਸਲ ਦਾ ਹੈੱਡਕੁਆਰਟਰ ਬਣਾ ਲਿਆ।
ਉਸਦਾ ਆਖਰੀ ਐਕਸ਼ਨ 11 ਮਾਰਚ 1783 ਦੇ ਦਿਨ ਦਿੱਲੀ ਦੇ ਲਾਲ ਕਿਲ੍ਹੇ ਤੇ ਨੀਲਾ ਨਿਸ਼ਾਨ ਸਾਹਿਬ ਝੁਲਾਉਣਾ ਸੀ।(ਸਿੱਖਾਂ ਦਾ ਰੰਗ ਨੀਲਾ ਹੈ ,ਨਾਂ ਭਗਵਾਂ ਨਾਂ ਕੇਸਰੀ ,ਨਾਂ ਪੀਲਾ, ਇਸਨੂੰ ਬਾਅਦ ਰਣਜੀਤ ਸਿੰਘ ਨੇ ਬਾਹਮਣਾਂ ਦੇ ਜੋਰ ਦੇਣ ਤੇ ਬਦਲਿਆ ਸੀ ਤੇ ਗੁਰਦਵਾਰਿਆਂ ਤੇ ਮਹੰਤ ਕਾਬਜ਼ ਸਨ,1699 ਵਿਸਾਖੀ , ਪੰਜ ਪਿਆਰੇ ਤੇ ਗੁਰੂ ਨੇ ਆਪ ਨੀਲੇ ਬਸਤਰ ਪਾਏ ਸਨ ਤੇ ਬਾਅਦ ਵੀ ਖਾਲਸੇ ਦਾ ਨਿਸ਼ਾਨ ਨੀਲਾ ਹੀ ਰਖਿਆ , ਸਾਰੇ ਸੋਮੇ ਨੀਲੇ ਰੰਗ ਦਾ ਹੀ ਜ਼ਿਕਰ ਕਰਦੇ ਹਨ)
22 ਅਕਤੂਬਰ 1783 ਜੱਸਾ ਸਿੰਘ ਦੀ ਮੌਤ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇ ਤੋਂ ਬਾਅਦ 300ਸਾਲ ਦੇ ਜੇ ਚੋਟੀ ਦੇ 5 ਸਿੱਖ ਜਰਨੈਲ ਗਿਣੇ ਜਾਣ ਤਾਂ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਦੂਜਾ ਨੰਬਰ ਜੱਸਾ ਸਿੰਘ ਦਾ ਹੈ।
ਉਸ ਦੀਆਂ ਦੋ ਧੀਆਂ ਸਨ, ਜੱਸਾ ਸਿੰਘ ਬਾਅਦ ਉਸਦਾ ਭਤੀਜਾ ਭਾਗ ਸਿੰਘ (1735-1801) ਕਪੂਰਥਲਾ ਰਿਆਸਤ ਦਾ ਮੁੱਖੀ ਬਣਿਆ।
1801 ਭਾਗ ਸਿੰਘ ਦੀ ਮੌਤ ਬਾਅਦ ਫਤਿਹ ਸਿੰਘ (1789-1837) ਇਸ ਰਿਆਸਤ ਦਾ ਮੁੱਖੀ ਬਣਿਆ ਤੇ ਰਣਜੀਤ ਸਿੰਘ ਦੀਆਂ ਜੰਗੀ ਮੁਹਿੰਮਾਂ ਵਿੱਚ ਪੂਰਾ ਸਾਥ ਦਿੱਤਾ।
1825 ਵਿੱਚ ਫਤਿਹ ਸਿੰਘ ਦੇ ਵਜ਼ੀਰ ਕਾਦਰ ਬਖਸ਼ ਨੇ ਉਸ ਅਤੇ ਮਹਾਰਾਜਾ ਰਣਜੀਤ ਸਿੰਘ ਵਿੱਚ ਅਣਬਣ ਕਰਵਾ ਦਿੱਤੀ । 27 ਦਸੰਬਰ 1825 ਫਤਿਹ ਸਿੰਘ ਸਤਲੁਜ ਦਰਿਆ ਪਾਰ ਕਰਕੇ ਆਪਣੇ ਦੂਜੇ ਇਲਾਕੇ ਵਲ ਚਲਾ ਗਿਆ ਤੇ ਅੰਗਰੇਜ਼ਾਂ ਤੋਂ ਹਿਫਾਜ਼ਤ ਮੰਗ ਲਈ( ਸਤਲੁਜ ਪਾਰ ਉਸ ਕੋਲ 454 ਪਿੰਡ ਸਨ)। ਉਸ ਪਿੱਛੋਂ ਰਣਜੀਤ ਸਿੰਘ ਨੇ ਉਸਦੇ ਸਤਲੁਜ ਦੇ ਇਸ ਪਾਰ ਦੇ ਇਲਾਕੇ ਤੇ ਕਬਜ਼ਾ ਕਰ ਲਿਆ।1827 ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਸੱਚੀ ਦੋਸਤੀ ਦਾ ਯਕੀਨ ਦੁਆਇਆ ਤੇ ਵਾਪਿਸ ਬੁਲਾ ਲਿਆ। 1837 ਫਤਹਿ ਸਿੰਘ ਦੀ ਮੌਤ ਹੋ ਗਈ।
ਉਸ ਮਗਰੋਂ ਨਿਹਾਲ ਸਿੰਘ (1817-1852) ਕਪੂਰਥਲਾ ਰਿਆਸਤ ਦਾ ਮੁੱਖੀ ਬਣਿਆ, ਇਹ ਇੱਕ ਅਯਾਸ਼ੀ ਰਾਜਾ ਸੀ। ਨਿਹਾਲ ਸਿੰਘ ਨੇ ਅੰਗਰੇਜ਼ ਅਤੇ ਲਹੌਰ ਸਰਕਾਰ ਦੀ ਦੂਜੀ ਲੜਾਈ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ।
ਨਿਹਾਲ ਸਿੰਘ ਨੇ ਆਪਣੀ ਵਸੀਹਤ ਵਿੱਚ ਰਾਜ ਤਿੰਨ ਪੁੱਤਰਾਂ ਵਿੱਚ ਵੰਡਿਆ ਸੀ ਤੇ ਈਸਟ ਇੰਡੀਆ ਕੰਪਨੀ ਦੇ ਵਾਇਸਰਾਏ ਨੇ ਇਸਨੂੰ ਮਨਜੂਰ ਕੀਤਾ ਸੀ ।ਵੱਡੇ ਪੁੱਤਰ ਰਣਧੀਰ ਸਿੰਘ ਦਾ ਜਨਮ ਰਖੇਲ੍ਹ ਦੀ ਕੁੱਖੋਂ ਹੋਇਆ ਸੀ ,ਰਾਣੀ ਦੀ ਕੁੱਖੋਂ ਦੋ ਛੋਟੇ ਪੁੱਤਰ ਸਨ। ਰਣਧੀਰ ਸਿੰਘ ਨੇ ਵਾਇਸਰਾਏ ਨੂੰ ਅਪੀਲ ਕੀਤੀ ਕਿ ਰਾਜ ਸਿਰਫ ਉਸਦਾ ਹੈ,ਪਰ ਉਸਨੇ ਨਾਂਹ ਕਰ ਦਿੱਤੀ।ਰਣਧੀਰ ਸਿੰਘ ਨੇ ਅਪੀਲ ਮਲਕਾ ਵਿਕਟੋਰੀਆ ਨੂੰ ਕੀਤੀ ਤੇ ਉਸਨੇ ਬਰਤਾਨਵੀ ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਨਿਹਾਲ ਸਿੰਘ ਦੀ ਵਸੀਹਤ ਨੂੰ ਰੱਦ ਕਰ ਰਾਜ ਇਕੱਲੇ ਰਣਧੀਰ ਸਿੰਘ ਨੂੰ ਦਿੱਤਾ ਤੇ ਰਾਣੀ ਦੇ ਦੋ ਪੁੱਤਰਾਂ ਨੂੰ ਪੈਨਸ਼ਨ।
1852 ਨਿਹਾਲ ਸਿੰਘ ਦੀ ਮੌਤ ਬਾਅਦ ਸਰ (sir)ਰਣਧੀਰ ਸਿੰਘ (1831-1870) ਕਪੂਰਥਲਾ ਦਾ ਰਾਜਾ ਬਣਿਆ। 1857 ਦੇ ਗਦਰ ਵਿੱਚ ਉਸਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅੰਗਰੇਜ਼ਾਂ ਦਾ ਪੂਰਾ ਵਫ਼ਾਦਾਰ ਹੋਣ ਤੇ 1864 ” ਸਟਾਰ ਆਫ ਇੰਡੀਆ” ਦਾ ਖਿਤਾਬ ਮਿਲਿਆ। 1870 ਉਹ ਬਰਤਾਨੀਆ ਜਾਣ ਲਈ ਬੰਬਈ ਤੋਂ ਸਮੁੰਦਰੀ ਜਹਾਜ਼ ਵਿੱਚ ਰਵਾਨਾ ਹੋਇਆ ਪਰ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਰਸਤੇ ਵਿੱਚ ਮੌਤ ਹੋ ਗਈ।
ਉਸ ਦੀ ਮੌਤ ਮਗਰੋਂ ਖੜਕ ਸਿੰਘ (1850-1877) ਨੇ 7 ਸਾਲ ਕਪੂਰਥਲੇ ਰਿਆਸਤ ਦੀ ਹਕੂਮਤ ਸੰਭਾਲੀ।
1877 ਵਿੱਚ ਸਰ(Sir) ਜਗਤਜੀਤ ਸਿੰਘ (1872-1949) ਰਾਜਾ ਬਣਿਆ । ਇਹ ਇਕ ਰੰਗੀਲਾ ਰਾਜਾ ਸੀ, ਜੇ ਜੱਸਾ ਸਿੰਘ ਮਿਹਨਤੀ ,ਬਹਾਦੁਰ, ਕਿਰਦਾਰ ਵਾਲਾ ਬੰਦਾ ਸੀ ਤਾਂ ਜਗਤਜੀਤ ਇਸਦੇ ਬਿਲਕੁਲ ਉਲਟ । ਪਟਿਆਲਾ ਰਾਜਿਆਂ ਵਾਂਗ ਇਸਦੀ ਐਬੀ ਦੇ ਕਿੱਸੇ ਪੰਜਾਬ ਵਿੱਚ ਤਾਂ ਮਸ਼ਹੂਰ ਨਹੀਂ ਪਰ ਸਪੈਨਿਸ਼, ਫਰੈਂਚ ਲੋਕਾਂ ਇਸ ਰੰਗੀਲੇ ਦੇ ਮੁਹਾਵਰੇ ਬਣਾਏ ਹੋਏ ਹਨ, ਕਈ ਦਰਜਣਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਸ ਨੇ ਪਟਿਆਲਾ ਰਾਜਿਆਂ ਦੀ ਤਰਾਂ ਕੰਜਰਖ਼ਾਨੇ ,ਸ਼ਿਮਲਾ,ਪੰਜਾਬ ਨਹੀਂ ਬਲਕਿ ਫਰਾਂਸ ,ਸਪੇਨ ਅਤੇ ਕਈ ਯੂਰਪੀ ਦੇਸ਼ਾਂ ਵਿੱਚ ਬਣਾਏ। ਇਹ ਕਈ ਬਦੇਸ਼ੀ ਬੋਲੀਆਂ ਦਾ ਮਾਹਿਰ ਸੀ । ਆਲਸੀ ਇਤਨਾਂ ਕਿ ਇਸਨੇ ਨਾਲਾ ਬੰਨ੍ਹਣ ਲਈ ਵੀ ਗਜ਼ਟਿਡ ਆਰਮੀ ਰੈਂਕ ਦੇ ਨੌਕਰ ਰੱਖੇ ਹੋਏ ਸਨ। ਬਰਤਾਨੀਆ ਦਾ ਸ਼ਾਹੀ ਮਹਿਲ ਇਕ ਵੇਰਾਂ ਭਾਰਤੀ ਰਾਜਿਆਂ (500 ਤੋਂ ਵੀ ਜ਼ਿਆਦਾ)ਦੀ ਪ੍ਰਾਹੁਣਾਚਾਰੀ ਕਰ ਰਿਹਾ ਸੀ, ਨੌਕਰਾਂ ਦੀ ਸ਼ਾਹੀ ਮਹਿਲ ਅੰਦਰ ਐਂਟਰੀ ਤੇ ਪਬੰਦੀ ਲਗੀ ਹੋਈ ਸੀ,ਜਗਤਜੀਤ ਨੇ ਸਕੋਰਟੀ ਵਾਲੇ ਅੰਗਰੇਜ ਨੂੰ ਕਿਹਾ ਕਿ ਉਸਨੇ ਬਾਥਰੂਮ ਜਾਣਾ ਹੈ ਉਸਦੇ ਪਰਸਨਲ ਨੌਕਰ ਬਾਹਰੋਂ ਬੁਲਾਏ ਜਾਣ।
1905 ਜਗਤਜੀਤ ਨੂੰ ਸਪੇਨ ਦੇ ਬਾਦਸ਼ਾਹ ਅਲਫਨਸੋ 14ਵੇ ਨੇ ਆਪਣੀ ਸ਼ਾਦੀ ਤੇ ਬੁਲਾਇਆ,ਸ਼ਾਦੀ ਤੋਂ ਬਾਅਦ ਜਗਤਜੀਤ ਮਦਰੀਦ ਦੇ ਮਸ਼ਹੂਰ ਨਾਈਟ ਕਲੱਬ ਗਿਆ ਤੇ ਉੱਥੇ 16 ਸਾਲਾਂ ਦੀ ਨਾਚੀ ਅਨੀਤਾ ਡੇਲਗਾੜੋ ਤੇ ਮਸਤ ਹੋ ਗਿਆ । ਅਗਲੇ ਦਿਨ ਮਹਾਰਾਜੇ ਨੇ ਨਿੱਕੇ ਜਿਹੇ ਪਿੰਡ ਵਸਣ ਵਾਲੀ ਅਨੀਤਾ ਨਾਚੀ ਦਾ ਬੂਹਾ ਜਾ ਖੜਕਾਇਆ ਤੇ ਦੱਸਿਆ ਕਿ ਉਸ ਨਾਲ ਇਸ਼ਕ ਹੋ ਗਿਆ ਹੈ,ਹਫਤੇ ਦੇ ਅੰਦਰ ਮਹਾਰਾਜੇ ਦਾ ਸੈਕਟਰੀ ਵਿਆਹ ਦਾ ਪ੍ਰਸਤਾਵ ਲੈਕੇ ਆ ਗਿਆ, ਅਨੀਤਾ ਦੇ ਮਾਪੇ ਇਸ ਵਿਆਹ ਖਿਲਾਫ ਸਨ ਪਰ ਇੱਕ ਲੱਖ ਪੌਂਡ ਦੀ ਪੇਸ਼ਕਸ਼ ਤੇ ਰਾਜੀ ਹੋ ਗਏ। ਉਸਨੂੰ ਪ੍ਰੇਮ ਕੌਰ ਦਾ ਨਾਂ ਦੇ ਪੰਜਵੀਂ ਸਰਕਾਰੀ ਰਾਣੀ ਬਣਾ ਲਿਆ। ਇਸਨੂੰ ਬਾਕੀ ਰਾਣੀਆਂ ਨਾਲ ਜਨਾਨਖਾਨੇ ਨਹੀਂ ਰੱਖਿਆ ਸਗੋਂ ਇਸ ਲਈ ਕਪੂਰਥਲੇ ਇੱਕ ਨਵਾਂ ਮਹੱਲ ਬਣਾਇਆ।
ਅਨੀਤਾ ਤੋਂ ਕੁਝ ਸਮੇਂ ਬਾਅਦ ਜਗਤਜੀਤ ਦੀ ਸਾਥਣ ਬਰਤਾਨਵੀ ਆਰਲੇਟ ਸ਼ੈਰੀ ਬਣੀ ,ਕੁਝ ਚਿਰ ਬਾਅਦ ਹੀਰੇ ਜਵਾਰਹਤ ਲੈ ਕੇ ਨੱਠ ਗਈ।
ਰਿਜਨਲਡ ਫੋਰਡ (ਫੋਰਡ ਮੋਟਰ ਕੰਪਨੀ ਦਾ ਵਾਰਿਸ,) ਦੀ ਮੰਗੇਤਰ ਜਰਮੀਨ ਪੈਲਗਰੀਨੋ ਉਸ ਨਾਲ ਕਪੂਰਥਲੇ ਰਹਿਣ ਲੱਗ ਪਈ।
1942, 70 ਸਾਲ ਦੇ ਜਗਤਜੀਤ ਨੇ 6ਵੀ ਰਾਣੀ ਚੈਕੋਸਲਵਾਕਿਆ ਦੀ ਅਭਿਨੇਤਰੀ ਏਵਜਨੀਆ ਗ੍ਰੁਸਪੋਵਾ(ਤਾਰਾ ਦੇਵੀ) ਨੂੰ ਬਣਾਇਆ ਜਿਸਨੇ ਦਿੱਲੀ ਦੀ ਕੁਤਬਮੀਨਾਰ ਤੋਂ ਆਪਣੇ ਦੋ ਕਤੂਰੇ ਬਾਹਾਂ ਹੇਠ ਲੈ ਛਾਲ ਮਾਰ ਦਿੱਤੀ।
ਪਾਕਿਸਤਾਨੀ ਮੂਲ ਦੀ ਬਰਤਾਨਵੀ ਸ਼ਹਿਰੀ ਮੁਸਲਿਮ ਲੜਕੀ ਮਹਾਂ ਅਖਤਰ ਨੇ ਪਾਸਪੋਰਟ ਲਈ ਜਨਮ ਸਰਟੀਫਿਕੇਟ ਬਣਵਾਇਆ ਤਾਂ ਉਸਨੂੰ ਹੈਰਾਨੀ ਹੋਈ ਕਿ ਉਸਦਾ ਪਿਤਾ ਪਾਕਿਸਤਾਨੀ ਨਹੀਂ ਬਲਕਿ ਮਹਾਰਾਜੇ ਕਪੂਰਥਲਾ ਜਗਤਜੀਤ ਦਾ ਪੁੱਤਰ ਅਜੀਤ ਸਿੰਘ ਸੀ। ਹੋਇਆ ਇੰਜ ਕਿ ਜਗਤਜੀਤ ਨਾਲ ਵਿਆਹੀ ਸਪੈਨਿਸ਼ ਮੂਲ ਦੀ ਅਨੀਤਾ ਪ੍ਰੇਮ ਕੌਰ ਦਾ ਜਗਤਜੀਤ ਦੇ ਰਾਣੀ ਕਨਾੜੀ ਤੋਂ ਹੋਏ ਪੁੱਤਰ ਕਰਮਜੀਤ ਨਾਲ ਸਬੰਧ ਦਾ ਪਤਾ ਲੱਗਣ ਤੇ ਜਗਤਜੀਤ ਨੇ ਭੜਥੂ ਮਚਾ ਦਿੱਤਾ ਸੀ । ਜਗਤਜੀਤ ,ਅਨੀਤਾ,ਮੁਹੰਮਦ ਅਲੀ ਜਿਨਾਹ ਲੰਡਨ ਦੇ ਸਵੋਈ ਹੋਟਲ ਵਿੱਚ ਠਹਿਰੇ ਹੋਏ ਸਨ ਕਿ ਜਗਤਜੀਤ ਨੇ ਅਨੀਤਾ ਨੂੰ ਤਲਾਕ ਦੀ ਖਬਰ ਦਿੱਤੀ। ਤਲਾਕਨਾਮੇ ਦਾ ਵਿੱਤੀ ਸਮਝੌਤਾ ਜ਼ਿਨਾਹ ਨੇ ਦਲਾਲ ਬਣਕੇ ਕਰਵਾ ਦਿੱਤਾ।
ਜਗਤਜੀਤ/ ਅਨੀਤਾ ਪ੍ਰੇਮ ਕੌਰ ਦੇ ਪੁੱਤਰ ਅਜੀਤ ਸਿੰਘ ਦੇ 1960ਵਿਆਂ ਲੇਬਨਾਨ/ਬੇਰੂਤ ਦੀ ਮੁਸਲਿਮ ਔਰਤ ਜ਼ਾਹਰਾ ਆਜ਼ਮੀ ਨਾਲ ਸਬੰਧ ਸਨ। ਬੱਚੀ ਮਹਾਂ ਅਖਤਰ ਦੇ ਪੈਦਾ ਹੋਣ ਤੋਂ ਬਾਅਦ ਅਜੀਤ ਸਿੰਘ ਨੇ ਆਪਣੇ ਇਕ ਪਾਕਿਸਤਾਨੀ ਦੋਸਤ ਨੂੰ ਪੈਸੇ ਦੇ ਕੇ ਬੇਟੀ ਅਤੇ ਰਖੇਲ੍ਹ ਨਾਲ ਆਸਟ੍ਰੇਲੀਆ ਭੇਜ ਦਿੱਤਾ ।
ਸੁਲਤਾਨਪੁਰ/ਕਪੂਰਥਲੇ ਦੇ ਇਲਾਕੇ ਵਿੱਚ ਭਾਵੇਂ ਜਗਤਜੀਤ ਬੇਰ ਸਾਹਿਬ ਗੁਰਦਵਾਰਾ ਬਣਾਉਣ ਵਾਲਾ ਧਰਮਾਤਮਾ ਜਾਣਿਆ ਜਾਂਦਾ ਹੈ ਪਰ ਯੂਰਪੀ ਦੇਸ਼ਾਂ ਵਿੱਚ ਹਾਲੇ ਵੀ ਇਹ ਕੰਜਰਖ਼ਾਨੇ ਵਾਲਾ ਰਾਜਾ-ਰਾਂਗਲਾ ਵਜੋਂ ਮਸ਼ਹੂਰ ਹੈ।
1922 ਜਗਤਜੀਤ ਦਾ ਲੜਕਾ ਪਰਮਜੀਤ ਸਿੰਘ ਪੈਰਿਸ ਸ਼ੋ ਦੇਖਣ ਬਾਅਦ 18 ਸਾਲਾਂ ਦੀ ਬਰਤਾਨਵੀ ਨਾਚੀ ਸਟੈਲਾ ਮੁਜ ਨੂੰ ਸਟੇਜ਼ ਪਿੱਛੇ ਮਿਲਣ ਗਿਆ ਤੇ ਬਾਅਦ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਇਸ ਸਮੇਂ ਉਹ ਬ੍ਰਿੰਦਾ ਦੇਵੀ ਨਾਲ ਵਿਆਹਿਆ ਹੋਇਆ ਸੀ ,ਤੇ ਉਹਨਾਂ ਦੀਆਂ 3 ਲੜਕੀਆਂ ਸਨ।ਪਰਮਜੀਤ ਸਟੈਲਾ ਨੂੰ ਕਪੂਰਥਲੇ ਲੈ ਆਇਆ ,ਜਗਤਜੀਤ ਨਹੀਂ ਸੀ ਚਾਹੁੰਦਾ ਕਿ ਉਸਨੂੰ ਪੈਲਸ ਵਿੱਚ ਲਿਆਂਦਾ ਜਾਵੇ,ਪਰਮਜੀਤ ਨੇ ਉਸ ਲਈ ਪੈਲਸ ਤੋਂ ਬਾਹਰ ” ਸਟੈਲਾ ਕਾਟੇਜ” ਬਣਾ ਦਿੱਤੀ। 1932 ਜਗਤਜੀਤ ਨੇ ਪਰਮਜੀਤ ਦੀ ਕਾਂਗੜੇ ਦੀ ਲਿਲਾਵਤੀ ਦੇਵੀ ਨਾਲ ਨਵੀਂ ਸ਼ਾਦੀ ਕਰ ਦਿੱਤੀ ਕਿਓਂਕਿ ਪਹਿਲੀ ਬ੍ਰਿੰਦਾ ਦੇਵੀ ਦੇ ਪੁੱਤਰ ਦੀ ਬਜਾਏ ਲੜਕੀਆਂ ਸਨ।ਪਰਮਜੀਤ ਲਿਲਾਵਤੀ ਨੂੰ ਜੰਗਲੀ ਕਹਿੰਦਾ ਸੀ । ਜਨਾਨਖਾਨੇ ਨਾਂ ਜਾਣ ਕਾਰਣ ਜਗਤਜੀਤ ਨੇ ਸਟੈਲਾ ਨੂੰ ਕਿਹਾ ਕਿ ਉਹ ਪਰਮਜੀਤ ਨੂੰ ਸਮਝਾਵੇ ਤੇ ਸਟੈਲਾ ਨੇ ਇਸ ਕੰਮ ਦਾ 10 ਲੱਖ ਰੁਪਈਆ ਲਿਆ।ਸਟੈਲਾ ਨੇ ਪਰਮਜੀਤ ਨੂੰ ਧੱਕੇ ਨਾਲ ਜਨਾਨਖਾਨੇ ਭੇਜਿਆ,ਇਸ ਰਾਤ ਸੁਖਜੀਤ ਸਿੰਘ (1934) ਦਾ ਗਰਭਧਾਰਨ ਹੋਇਆ । ਇਸਤੋਂ ਬਾਅਦ ਪਰਮਜੀਤ ਕਦੇ ਜਨਾਨਖਾਨੇ ਨਾ ਗਿਆ ।ਅਗਲੇ ਦਿਨ ਪਰਮਜੀਤ ਤੇ ਸਟੈਲਾ ਭਾਰਤ ਛੱਡ ਇੰਗਲੈਂਡ ਚਲੇ ਗਏ।
1937 ਸਟੈਲਾ ਅਤੇ ਪਰਮਜੀਤ ਨੇ ਇੰਗਲੈਂਡ ਦੇ ਇਕ ਗੁਰਦਵਾਰੇ ਵਿੱਚ ਵਿਆਹ ਕਰਵਾ ਲਿਆ ਅਤੇ ਨਵਾਂ ਨਾਂ ਨਰਿੰਦਰ ਕੌਰ ਰੱਖਿਆ।
ਪਰਮਜੀਤ 1948 ਕਪੂਰਥੱਲਾ ਰਿਆਸਤ ਦਾ ਮਹਾਰਾਜਾ ਬਣਿਆ ਪਰ ਬਿਮਾਰ ਰਹਿਣ ਲੱਗਾ। ਬ੍ਰਿੰਦਾ ਦੇਵੀ ਦੇ ਪਰਿਵਾਰ ਨੇ ਸਟੈਲਾ ਨੂੰ ਪਰਮਜੀਤ ਦੇ ਮਰਨ ਬਿਸਤਰੇ ਤੋਂ ਦੂਰ ਰੱਖਿਆ ਕਿਓਂਕਿ ਉਹ ਪਹਿਲਾਂ ਰਿਆਸਤ ਦੇ ਹੀਰੇ,ਸੋਨਾ,ਪੈਸਾ ਆਦਿ ਚੋਰੀ ਕਰ ਚੁੱਕੀ ਸੀ। 1955 ਪਰਮਜੀਤ ਦੇ ਦਾਗਾਂ ਤੋਂ ਬਾਅਦ ਸਟੈਲਾ ਨੂੰ ਪੈਲਸ ਤੋਂ ਧੱਕੇ ਮਾਰਕੇ ਬਾਹਰ ਕੱਡ ਦਿੱਤਾ ਗਿਆ।
ਸਟੈਲਾ ਇੰਗਲੈਂਡ ਵਾਪਿਸ ਆਈ ਪਰ ਜਲਦੀ ਹੀ ਬੋਰ ਹੋ ਭਾਰਤ ਵਾਪਿਸ ਆ ਦਿੱਲੀ ਤੇ ਫਿਰ ਸ਼ਿਮਲਾ ਰਹਿ 1984 ਨੂੰ ਮਰੀ।
1997 ਬਰਤਾਨਵੀ ਟੀਵੀ ਤੇ ਸਟੈਲਾ ਦੀ ਜੀਵਨੀ ਦਿਖਾਈ ਗਈ ਤੇ ਦੇਖਣ ਵਾਲਿਆਂ ਨੂੰ ਸਵਾਲ ਮੁਕਾਬਲਾ ਦਿੱਤਾ ਗਿਆ ” ਕੀ ਤੁਹਾਨੂੰ ਪਤਾ ਹੈ ਕਿ ਸਟੈਲਾ ਮੁਜ ਨੇ ਖਜ਼ਾਨਾ ਕਿੱਥੇ ਛੁਪਾਇਆ ਹੈ ” .
ਸਪੈਨਿਸ਼ ਲਿਖਾਰੀ ਜ਼ੋਰੋ ਦੀ ਕਿਤਾਬ ਪੈਸ਼ਨ ਇੰਡੀਆ ਦਾ ਕਾਪੀਰਾਈਟ ਹਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਪਨਾਲਪੀ ਕਰੂਜ਼ ਨੇ ਕਈ ਸਾਲ ਪਹਿਲਾਂ ਖਰੀਦਿਆ ਸੀ, ਇਸਦੀਆਂ ਸਪੈਨਿਸ਼ ਬੋਲੀ ਵਿੱਚ 5 ਲੱਖ ਕਾਪੀਆਂ ਵਿਕ ਚੁੱਕੀਆਂ ਹਨ । ਭਾਰਤੀ ਐਕਟਰ ਇਸ ਫਿਲਮ ਵਿੱਚ ਕੰਮ ਕਰਨ ਲਈ ਅਰਜ਼ੀਆਂ ਦੇ ਰਹੇ ਹਨ।ਕਪੂਰਥੱਲਾ ਰਿਆਸਤ ਉਸ ਕਿਤਾਬ ਤੇ ਫਿਲਮ ਬਣਾਉਣ ਦੀ ਕਨੂੰਨੀ ਖਿਲਾਫਵਰਜ਼ੀ ਕਰ ਰਹੀ ਹੈ।
ਇਸਦੇ ਇਲਾਵਾ ਰਿਆਸਤ ਦੀ ਜਾਇਦਾਤ ਦੇ ਕਈ ਦਾਵੇਦਾਰ ਹਨ ,DNA ਟੈਸਟਾਂ ਦੀ ਵੀ ਗੱਲ ਚੱਲ ਰਹੀ ਹੈ।1852 ਮਰੇ ਮਹਾਰਾਜੇ ਨਿਹਾਲ ਸਿੰਘ ਦੀ ਤਿੰਨ ਪੁੱਤਰਾਂ ਨੂੰ ਕੀਤੀ ਵਸੀਹਤ ਵੀ ਚਰਚਾ ਵਿੱਚ ਹੈ
——ਸੁੱਖਵੀਰ ਸਿੰਘ ਖੈਹਿਰਾ ✍🏻✍🏻