” ਨੀ ਗਰਦੇਬੋ, ਹੈਂ ਕੁੜੇ ਗਰਦੇਬੋ ਨੀ ਮੈਂ ਆਹ ਕੀ ਸੁਣਦੀ ਪਈ ਆ?” ਫਿਤਰੋ ਮਾਸੀ ਨੇ ਬੜੀ ਕਾਹਲੀ ਨਾਲ ਮੰਮੀ ਨੂੰ ਪੁੱਛਿਆ।
“ਗਰਦੇਬੋ ਮੈਂ ਸੁਣਿਆ ਤੂੰ ਕੁੜੀ ਆਪਣੀ ਮਾਣੂੰ ਬਾਹਰੇ ਪੜਨ ਭੇਜ’ਤੀ”
“ਨਾ ਮਾਸੀ ਬਾਹਰੇ ਤਾਂ ਕਿੱਥੇ ਆਹ ਆਪਣੇ ਪਟਿਆਲੇ ਤੋਂ ਯੁਨੀਵਰਸਿਟੀ ਚ ਪੜਨ ਲਾਈ ਐ।”
” ਨੀ ਆਹੋ ਨੀ ਓਹ ਵੀ ਬਾਹਰ ਈ ਐ ਕੁੜੇ ਦੋ ਬੱਸਾਂ ਬਦਲਣੀਆਂ ਪੈਂਦੀਆਂ ਨੇ ਪਟਿਆਲੇ ਜਾਣ ਖ਼ਾਤਰ ਵੀ।”
“ਹਾਂ ਮਾਸੀ ਹੈਗਾ ਤਾਂ ਦੂਰ ਹੀ ਚੱਲ ਮੈਂ ਤੇ ਇਹਦੇ ਬਾਪੂ ਨੇ ਸੋਚਿਆ ਬੀ ਕੁੜੀ ਪੜ ਲਿਖ ਕੋਈ ਅਫਸਰ ਬਣ ਜੂ ਤਾਂ ਚੰਗੇ ਕਾਲਜ ਚ ਹੀ ਪੜਾਈਏ। ਬਾਕੀ ਜਵਾਕੜੀ ਕਹਿੰਦੀ ਮੰਮੀ ਮੈਂ ਪਟਿਆਲੇ ਪੜਨੈ, ਮਖਿਆ ਚੱਲ ਤੂੰ ਖ਼ੁਸ਼ ਰਹਿ।”
” ਨੀ ਗਰਦੇਬੋ ਗੱਲ ਤਾਂ ਕੁੜੇ ਤੇਰੀ ਠੀਕੈ ਪਰ ਆਹ ਜਵਾਕ ਜੇ ਬਾਹਰ ਜਾ ਕੇ ਵਿਗੜ ਜਾਂਦੇ ਨੇ ਇਹਨਾਂ ਨੂੰ ਹੁੰਦਾ ਬੀ ਏਥੇ ਕਿਹੜਾ ਕੋਈ ਰੋਕਣ ਟੋਕਣ ਆਲਾ ਐ। ਨਾਲੇ ਕੁੜੀਆਂ ਨੂੰ ਤਾਂ ਆਹ ਮੁੰਡੇ ਜੇਹ ਜੂਨੀਵਰੱਸਟੀਆਂ ਆਲੇ ਊਈ ਫਸਾ ਲੈਂਦੇ ਨੇ।”
“ਨਾ ਨਾ ਨੀ ਮਾਸੀ ਐਵੇਂ ਨਾ ਬੋਲੀ ਜਾ ਆਪਣੀ ਮਨਪ੍ਰੀਤ ਤਾਂ ਤੈਨੂੰ ਪਤਾ ਹੀ ਐ ਕਿੰਨੀ ਸਾਊ ਹੈ। ਨਾਲੇ ਜਾਣ ਤੋਂ ਪਹਿਲਾਂ ਇਹਦੇ ਬਾਪੂ ਨੇ ਕਿਹਾ ਸੀ ਪੁੱਤਰਾ ਜੀਅ ਲਾ ਕੇ ਪੜੀ ਤੇ ਕਿਸੇ ਦੀਆਂ ਗੱਲਾਂ ਚ ਨਾ ਆ ਜੀਂ ਤੂੰ ਇੱਜਤ ਹੈ ਸਾਡੀ। , ਨਾਲੇ ਮਾਸੀ ਤੈਨੂੰ ਤਾਂ ਪਤਾ ਹੀ ਐ ਇਹਦੇ ਬਾਪੂ ਦਾ ਸੁਭਾਅ ਉਹ ਕਹਿੰਦਾ ਹੁੰਦਾ ਬੀ ਖਾਣ ਲਾਡ ਹੈ ਹੰਢਾਣ ਦਾ ਲਾਡ ਇਹੋ ਜਿਹਾ ਲਾਢ ਨਹੀਂ ਉਹਨੇ ਵੱਢ ਕੇ ਸੁੱਟ ਦੇਣੀ ਐ ਕੁੜੀ।”
ਇਹ ਸਾਰਾ ਬਿਰਤਾਂਤ ਮਨਪ੍ਰੀਤ ਆਪਣੇ ਪ੍ਰੇਮੀ ਜਸਕਰਨ ਨੂੰ ਦੱਸ ਰਹੀ ਸੀ ਜੋ ਕਿ ਮਨਪ੍ਰੀਤ ਨੂੰ ਵੀਡੀਓ ਕਾਲ ਤੇ ਟੀ ਸ਼ਰਟ ਉਤਾਰਨ ਲਈ ਕਹਿ ਰਿਹਾ ਸੀ।
Hamdard Singh