ਪਿਓ ਪੁੱਤ ਨੂੰ ਝਿੜਕਾਂ ਮਾਰ ਰਿਹਾ ਸੀ..ਨਲਾਇਕ ਕਿਸੇ ਪਾਸੇ ਜੋਗਾ ਨੀ..ਪੁਦੀਨਾ ਲਿਆਉਣ ਲਈ ਕਿਹਾ ਸੀ..ਧਨੀਆ ਚੁੱਕ ਲਿਆਇਆ..ਮੇਰਾ ਵੱਸ ਚੱਲੇ ਤਾਂ ਹੁਣੇ ਘਰੋਂ ਕੱਢ ਦਿਆਂ..!
ਅੱਗੋਂ ਆਖਣ ਲੱਗਾ ਡੈਡੀ ਜੀ ਅਗਲੀ ਵੇਰ ਪੂਦੀਨਾ ਲੈਣ ਅਸੀਂ ਦੋਵੇਂ ਇਕੱਠੇ ਹੀ ਜਾਵਾਂਗੇ..ਮੰਮੀ ਆਖਦੀ ਏ ਇਹ ਧਨੀਆ ਨਹੀਂ ਮੇਥੀ ਏ!
ਅੱਜ ਇੱਕ ਨੇ ਟਿੱਚਰ ਕੀਤੀ..ਤੁਸੀ ਤੇ ਆਖਦੇ ਸੋ ਉਹ ਪੁਲਸ ਕੋਲ ਏ ਪਰ ਉਹ ਤੇ ਲਾਈਵ ਹੋਇਆ ਫਿਰਦਾ..!
ਮੈਂ ਆਖਿਆ ਤੁਸੀਂ ਵੀ ਤੇ ਉਸਨੂੰ ਨੇਪਾਲ ਤੱਕ ਪਹੁੰਚਾ ਦਿੱਤਾ ਸੀ..ਬਾਕੀ ਘੇਰਿਆਂ ਵਿੱਚੋਂ ਤੇ ਕੌਂਮ ਸਦੀਆਂ ਤੋਂ ਹੀ ਨਿੱਕਲਦੀ ਆਈ ਏ..ਬਹੁਤੀਆਂ ਗਿਣਤੀਆਂ ਮਿਣਤੀਆਂ ਵਿਚ ਨਹੀਂ ਪਈਦਾ!
ਹਾਂ ਸੱਚ ਮੇਥੀ ਤੋਂ ਕਸੂਰ ਸ਼ਹਿਰ ਚੇਤੇ ਆ ਗਿਆ..ਕਨੇਡਾ ਵਿਚ ਕਸੂਰੀ ਮੇਥੀ ਬਹੁਤ ਵਿਕਦੀ..ਬਾਬਾ ਬੁੱਲੇ ਸ਼ਾਹ ਦਾ ਸ਼ਹਿਰ..ਸੂਫੀ ਰੰਗ ਵਿਚ ਰੰਗਿਆ..ਕਦੀ ਫਿਰੋਜਪੁਰੋਂ ਸਿੱਧੀ ਰੇਲ ਗੱਡੀ ਜਾਇਆ ਕਰਦੀ ਸੀ..ਬਾਬੇ ਬੁੱਲੇ ਸ਼ਾਹ ਦੀਆਂ ਕਾਫੀਆਂ..ਸੱਚ ਦੇ ਕਾਫਲੇ..ਸਮੇਂ ਦੇ ਹਾਕਮਾਂ ਨੂੰ ਕਿਥੇ ਮਨਜੂਰ ਸਨ..ਕੁਝ ਹਵਾਲੇ ਦੱਸਦੇ ਦਸਮ ਪਾਤਸਾਹ ਨਾਲ ਵੀ ਮੁਲਾਕਾਤ ਹੋਈ..!
ਅਖੀਰ ਸਮੇਂ ਦੇ ਹਾਕਮਾਂ ਸ਼ਹਿਰੋਂ ਬਾਹਰ ਕਢਵਾ ਦਿੱਤਾ..ਫੌਤ ਹੋਏ ਤਾਂ ਕਬਰ ਵੀ ਸ਼ਹਿਰ ਤੋਂ ਬਾਹਰ ਹੀ ਬਣਨ ਦਿੱਤੀ..ਫੇਰ ਕੁਦਰਤ ਦੀ ਕਰਾਮਾਤ ਹੋਈ..ਸਾਰਾ ਕਸੂਰ ਸ਼ਹਿਰ ਹੀ ਓਧਰ ਨੂੰ ਹੋ ਤੁਰਿਆ ਜਿੱਧਰ ਬਾਬੇ ਬੁੱਲੇ ਸ਼ਾਹ ਨੂੰ ਦਫ਼ਨਾਇਆ ਸੀ..ਕਬਰ ਦਵਾਲੇ ਰੌਣਕਾਂ ਲੱਗ ਗਈਆਂ..ਅੱਜ ਕਸੂਰ ਸ਼ਹਿਰ ਦੇ ਐਨ ਵਿਚਕਾਰ ਬਣੀ ਬਾਬੇ ਬੁੱਲੇ ਸ਼ਾਹ ਦੀ ਮਜਾਰ..ਮੇਲੇ ਰੌਣਕਾਂ ਲੱਗਦੀਆਂ..ਅਣਗਿਣਤ ਚਾਦਰਾਂ ਚੜ੍ਹਦੀਆਂ..ਹਜਾਰਾਂ ਦੁਆਵਾਂ ਕਲਮਾਂ ਪੜੀਆਂ ਜਾਂਦੀਆਂ..ਬੇਸ਼ੁਮਾਰ ਮੰਨਤਾਂ ਮੰਗੀਆਂ ਜਾਂਦੀਆਂ..ਕਲਾਮ ਦੁਰਹਾਏ ਜਾਂਦੇ..!
ਮੁੱਕਦੀ ਗੱਲ ਹੁਕੁਮਤਾਂ ਜਿੰਨਾ ਮਰਜੀ ਜ਼ੋਰ ਲਾ ਲੈਣ..ਵੱਡੀਆਂ ਰੌਣਕਾਂ ਸੱਚ ਦੀ ਮਜਾਰ ਤੇ ਹੀ ਲੱਗਦੀਆਂ!
ਅਖੀਰ ਵਿਚ ਅਰਦਾਸ ਏ..ਊੜਾ..ਜੂੜਾ ਅਤੇ ਦਸਤਾਰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ..!
ਹਰਪ੍ਰੀਤ ਸਿੰਘ ਜਵੰਦਾ