ਮੇਰਾ ਬਚਪਨ ਪਿੰਡ ਘੁਮਿਆਰੇ ਬੀਤਿਆ ਹੈ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬਲਬੀਰ ਸਿੰਘ ਨਾਮਕ ਆਦਮੀ ਗ੍ਰੰਥੀ ਵਜੋਂ ਸੇਵਾ ਕਰਦਾ ਸੀ। ਅਸੀਂ ਉਸਨੂੰ ਬਲਬੀਰ ਭਾਈਜੀ ਆਖਦੇ ਸੀ। ਗ੍ਰੰਥੀ ਦੀ ਸੇਵਾ ਦੇ ਨਾਲ ਨਾਲ ਉਹ ਵੈਦਗੀਰੀ ਵੀ ਕਰਦਾ ਸੀ। ਬਹੁਤ ਵਧੀਆ ਤੇ ਸ਼ਰੀਫ ਬੰਦਾ ਸੀ। ਉਹ ਦਾ ਛੋਟਾ ਭਰਾ ਮੇਰੇ ਨਾਲ ਪੰਜਵੀ ਛੇਵੀਂ ਤੱਕ ਪੜ੍ਹਦਾ ਰਿਹਾ ਹੈ। ਮੇਰਾ ਹਮ ਜਮਾਤੀ ਹੋਣ ਕਰਕੇ ਉਹ ਮੇਰਾ ਬੇਲੀ ਵੀ ਸੀ। ਉਹ ਅਕਸਰ ਸ਼ਾਮੀ ਸੱਤ ਕ਼ੁ ਵਜੇ ਗਜਾ ਕਰਨ ਆਉਂਦਾ। ਕਿਉਂਕਿ ਜਿਮੀਦਾਰਾਂ ਦੇ ਸ਼ਾਮੀ ਰੋਟੀ ਜਲਦੀ ਪੱਕ ਜਾਂਦੀ ਸੀ। ਹਰ ਘਰ ਇੱਕ ਫੁਲਕਾ ਅਤੇ ਕੜਛੀ ਦਾਲ ਸਬਜ਼ੀ ਉਸਨੂੰ ਜਰੂਰ ਦਿੰਦਾ। ਪ੍ਰਸ਼ਾਦੇ ਉਹ ਖੱਦਰ ਦੇ ਪੋਣੇ ਤੋਂ ਬਣੀ ਝੋਲੀ ਵਿੱਚ ਪਵਾ ਲੈਂਦਾ ਤੇ ਦਾਲ ਸਬਜ਼ੀ ਹੱਥ ਵਿਚ ਫੜੇ ਡੋਲੂ ਵਿੱਚ। ਭਾਂਤ ਭਾਂਤ ਦੇ ਪ੍ਰਸ਼ਾਦੇ ਅਤੇ ਸਾਰੀਆਂ ਸਬਜ਼ੀਆਂ ਨੂੰ ਰਲਾ ਮਲਾ ਕੇ ਬਣੀ ਸਬਜ਼ੀ ਦੇ ਸਵਾਦ ਬਾਰੇ ਸੋਚਕੇ ਮੇਰਾ ਮਨ ਲਾਲਚਾ ਉੱਠਦਾ। ਮੈਂ ਉਸਨੂੰ ਆਪਣੇ ਘਰੋਂ ਵੀ ਗਜਾ ਲਿਜਾਣ ਲਈ ਆਖਿਆ ਪਰ ਸਾਡੇ ਰੋਟੀ ਲੇਟ ਪਕਦੀ ਸੀ। ਫਿਰ ਮੈਂ ਮੇਰੀ ਮਾਂ ਨੂੰ ਜਲਦੀ ਰੋਟੀ ਪਕਾਉਣ ਲਈ ਮਣਾ ਹੀ ਲਿਆ। ਇੱਕ ਦਿਨ ਉਸਨੂੰ ਗਜਾ ਦੇ ਕੇ ਅਗਲੇ ਦਿਨ ਪ੍ਰਸ਼ਾਦੇ ਅਤੇ ਦਾਲ ਉਸਨਾਲ ਬਦਲਵਾਉਣ ਦੀ ਇੱਛਾ ਜਾਹਿਰ ਕੀਤੀ। ਉਸਨੇ ਥੋੜੀ ਆਨਾਕਾਨੀ ਕੀਤੀ ਪਰ ਜਲਦੀ ਹੀ ਮੰਨ ਗਿਆ। ਫਿਰ ਮੈਂ ਮੁਸ਼ਕਿਲ ਨਾਲ ਮੇਰੀ ਮਾਂ ਨੂੰ ਇਸ ਐਕਚੇਂਜ ਆਫ਼ਰ ਲਈ ਰਾਜ਼ੀ ਕੀਤਾ। ਛੇ ਸੱਤ ਘਰ ਦੇ ਫੁਲਕੇ ਅਤੇ ਵਾਹਵਾ ਸਾਰੀ ਸਬਜ਼ੀ ਦੇ ਕੇ ਉਸਦਾ ਮਿਕਸ ਸਬਜ਼ੀ ਵਾਲਾ ਡੋਲੂ ਬਦਲ ਲਿਆ। ਸੱਚੀ ਉਹ ਪ੍ਰਸ਼ਾਦੇ ਅਤੇ ਕਈ ਸਬਜ਼ੀਆਂ ਨੂੰ ਮਿਲਾ ਕੇ ਬਣੀ ਸਬਜ਼ੀ ਖਾਕੇ ਮਨ ਨੂੰ ਸਕੂਨ ਮਿਲਿਆ। ਸਵਾਦ ਦੀ ਵਿਆਖਿਆ ਕਰਨਾ ਅੱਜ ਵੀ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ।
#ਰਮੇਸ਼ਸੇਠੀਬਾਦਲ