#ਉਹ_ਰਾਤ।
ਸਾਡੇ ਪਿੰਡ ਵਾਲੇ ਦੋ ਕਮਰਿਆਂ ਮੂਹਰੇ ਪੱਕਾ ਵੇਹੜਾ ਸੀ। ਜਿਸ ਦੇ ਇੱਕ ਪਾਸੇ ਕੰਧੋਲੀ ਸੀ ਯਾਨੀ ਚੁੱਲ੍ਹਾ ਚੌਂਕਾ ਸੀ। ਉਸੇ ਵੇਹੜੇ ਵਿੱਚ ਅਸੀਂ ਗਰਮੀਆਂ ਵਿੱਚ ਰਾਤ ਨੂੰ ਮੰਜੀਆਂ ਡਾਹਕੇ ਸੌਂਦੇ ਸੀ। ਉਸ ਦਿਨ ਰੋਟੀ ਟੁੱਕ ਤੋਂ ਵੇਹਲੀ ਹੋਕੇ ਮੇਰੀ ਮਾਂ ਕਮਰੇ ਵਿੱਚ ਲਾਲਟੈਨ ਦੀ ਰੋਸ਼ਨੀ ਵਿੱਚ ਕੋਈਂ ਕੰਮ ਕਰਨ ਲੱਗ ਪਈ। ਸ਼ਾਇਦ ਚਰਖਾ ਕੱਤਦੀ ਸੀ ਯ ਕਪੜੇ ਤਹਿ ਕਰਦੀ ਸੀ ਮੇਰੇ ਯਾਦ ਨਹੀਂ। ਕਿਉਂਕਿ ਮੈਂ ਓਦੋਂ ਬਹੁਤ ਛੋਟਾ ਸੀ। ਤੀਜੀ ਚੌਥੀ ਚ ਪੜ੍ਹਦਾ ਹੋਵਾਂਗਾ। ਅਸੀਂ ਤਿੰਨੇ ਭੈਣ ਭਰਾ ਬਾਹਰ ਮੰਜੀਆਂ ਤੇ ਸੌਣ ਦੀ ਕੋਸ਼ਿਸ਼ ਕਰ ਰਹੇ ਸੀ। ਜੰਗਲੇ ਵਿੱਚ ਦੀ ਲਾਲਟੈਨ ਦੀ ਥੋਡ਼ੀ ਥੋਡ਼ੀ ਰੋਸ਼ਨੀ ਬਾਹਰ ਆਉਂਦੀ ਸੀ। ਅੱਧ ਹਨੇਰੇ ਕਾਰਨ ਸਾਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਮੇਰੀ ਮਾਂ ਨੂੰ ਅੰਦਰੋਂ ਬੁਲਾਉਣ ਗਿਆ ਕਿ ਉਹ ਬਾਹਰ ਆਕੇ ਸਾਡੇ ਕੋਲ੍ਹ ਸੌ ਜਾਵੇ। ਪਰ ਉਸਦਾ ਇਰਾਦਾ ਕੰਮ ਮੁਕਾਕੇ ਹੀ ਆਉਣ ਦਾ ਸੀ। ਉਸਨੂੰ ਬੁਲਾਉਣ ਗਿਆ ਉਹ ਬੱਸ ਪੰਜ ਮਿੰਟ ਪੰਜ ਮਿੰਟ ਕਰਦੀ ਰਹੀ। ਕੰਮ ਮੁਕਾਕੇ ਮੇਰੀ ਮਾਂ ਨੇ ਕਮਰਾ ਦੀ ਅਰਲ ਲਾਈ ਲਾਲਟੈਨ ਦੀ ਬੱਤੀ ਨੀਵੀਂ ਕਰਕੇ ਸਾਡੇ ਕੋਲ੍ਹ ਸੌਣ ਹੀ ਲੱਗੀ ਸੀ ਪਰ ਮੰਜੇ ਤੇ ਮੈਨੂੰ ਨਾ ਦੇਖਕੇ ਉਹ ਘਬਰਾ ਗਈ। ਉਸਨੇ ਇੱਧਰ ਉੱਧਰ ਵੇਖਿਆ। ਫਿਰ ਉਸਨੇ ਲਾਲਟੈਨ ਦੀ ਬੱਤੀ ਉੱਚੀ ਕੀਤੀ। ਮੈਨੂੰ ਆਸੇ ਪਾਸੇ ਦੇਖਿਆ। ਨਾਲ ਹੀ ਬਣੀ ਖੂਹੀ ਵੱਲੀ ਲਾਟਰੀਨ ਚ ਵੀ ਨਿਗ੍ਹਾ ਮਾਰੀ। ਇੱਕ ਅੱਧੀ ਆਵਾਜ਼ ਵੀ ਮਾਰੀ ਪਰ ਕੋਈਂ ਹੁੰਗਾਰਾ ਨਾ ਵੇਖਕੇ ਉਹ ਹੋਰ ਵੀ ਘਬਰਾ ਗਈ। ਉਸਨੇ ਵੇਖਿਆ ਕਿ ਘਰ ਦੇ ਮੇਨ ਗੇਟ ਨੂੰ ਵੀ ਅੰਦਰੋਂ ਤਾਲਾ ਲੱਗਿਆ ਹੋਇਆ ਸੀ। ਫਿਰ ਅਚਾਨਕ ਉਸਨੇ ਕਮਰੇ ਦਾ ਦਰਵਾਜਾ ਖੋਲ੍ਹਿਆ ਤੇ ਮੈਂ ਖੜ੍ਹਾ ਖੜ੍ਹਾ ਹੀ ਪਲੰਘ ਤੇ ਸਿਰ ਸੁੱਟੀ ਸੌਂ ਰਿਹਾ ਸੀ। ਉਸਦੇ ਸਾਂਹ ਵਿੱਚ ਸਾਂਹ ਆਇਆ। ਉਸਨੇ ਮੈਨੂੰ ਚੁੱਕ ਕੇ ਬਾਹਰ ਮੰਜੇ ਤੇ ਪਾ ਦਿੱਤਾ।
ਅਗਲੇ ਦਿਨ ਉਸਨੇ ਮੈਨੂੰ ਸਾਰੀ ਗੱਲ ਦੱਸੀ। ਮੇਰੇ ਮਾਂ ਨੂੰ ਅੰਦਰੋਂ ਬੁਲਾਉਣ ਜਾਣਾ ਤਾਂ ਯਾਦ ਸੀ ਬਾਕੀ ਦੀ ਵਾਰਦਾਤ ਬਾਰੇ ਕੋਈਂ ਜਾਣਕਾਰੀ ਨਹੀਂ ਸੀ।
ਉਹ ਰਾਤ ਮੇਰੀ ਮਾਂ ਕਦੇ ਨਾ ਭੁੱਲੀ। ਕਿਉਂਕਿ ਉਹ ਇੱਕ ਮਾਂ ਸੀ ਨਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ