ਕਹਾਣੀ ਓਹੀ ਚਾਰ ਦਹਾਕੇ ਪੂਰਾਣੀ..ਸਿਰਫ ਪਾਤਰਾਂ ਦੇ ਨਾਮ ਵੱਖੋ ਵੱਖ..ਤਰਨਤਾਰਨ ਦਾ ਗੁਲਸ਼ਨ ਕੁਮਾਰ..ਸਬਜੀ ਦੀ ਰੇਹੜੀ ਕੋਲ ਕੋਈ ਕਿਸੇ ਧੀ ਨਾਲ ਛੇੜਖਾਨੀ ਕਰ ਰਿਹਾ ਸੀ..ਇਸਨੇ ਇੰਝ ਕਰਨੋ ਵਰਜਿਆ..ਵਕੀਲ ਦਾ ਮੁੰਡਾ ਨਿੱਕਲਿਆ..ਵਕੀਲ ਸਾਬ ਨੇ ਇੱਕ ਹਮਜਮਾਤੀ ਡੀ.ਐੱਸ.ਪੀ ਰਾਹੀਂ ਗੁਲਸ਼ਨ ਚੁਕਵਾ ਦਿੱਤਾ..!
ਮਗਰੋਂ ਤਸ਼ੱਦਤ..ਤਸੀਹੇ..ਧਮਕੀਆਂ..ਘਰਦਿਆਂ ਨੇ ਖਾਕੀ ਤੀਕਰ ਪਹੁੰਚ ਕੀਤੀ..ਅੱਗਿਓਂ ਓਹਨਾ ਹਜਾਰਾਂ ਮੰਗ ਲਏ..ਹਮਾਤੜ ਪਿਓ ਚਮਨ ਲਾਲ..ਏਨੇ ਪੈਸੇ ਕਿਥੋਂ ਦਿੰਦਾ..ਅਖੀਰ ਕੁੱਟਮਾਰ ਕਰਕੇ ਗੁਲਸ਼ਨ ਦੀ ਹਾਲਤ ਵਿਗੜ ਗਈ..
ਪੰਝੀ ਜੂਨ 1993 ਨੂੰ ਸਵਾਸ ਤਿਆਗ ਦਿੱਤੇ..ਜਿਸ ਲੇਡੀ ਡਾਕਟਰ ਨੇ ਪੋਸਟ ਮਾਰਟਮ ਕੀਤਾ ਉਹ ਇਸਤੋਂ ਸਬਜੀ ਖਰੀਦਿਆ ਕਰਦੀ ਸੀ..ਉਸਨੇ ਚਮਨ ਲਾਲ ਨੂੰ ਦੱਸਿਆ ਤੁਹਾਡਾ ਪੁੱਤਰ ਹੈਨੀ..!
ਇਹ ਭੱਜੇ ਭਜੇ ਸ਼ੀਤਲਾ ਮੰਦਿਰ ਸ਼ਮਸ਼ਾਨ ਘਾਟ ਅੱਪੜੇ..ਓਥੇ ਕਿਧਰੋਂ ਹੋਰ ਥਾਓਂ ਲਿਆਂਦੇ ਮਾਵਾਂ ਦੇ ਤਿੰਨ ਹੋਰ ਪੁੱਤਰ ਵੀ ਸੜ ਰਹੇ ਸਨ..ਇਹਨਾਂ ਪਿਓ ਨੂੰ ਵੇਖ ਕਾਹਲੀ ਵਿਚ ਗੁਲਸ਼ਨ ਨੂੰ ਵੀ ਓਹਨਾ ਉੱਪਰ ਸੁੱਟਿਆ ਤੇ ਫੂਕ ਦਿੱਤਾ..ਪੁੱਤ ਗੁਲਸ਼ਨ ਕੁਮਾਰ ਚਮਨ ਲਾਲ ਦੀਆਂ ਅੱਖਾਂ ਸਾਹਵੇਂ ਧੂੰਆਂ ਹੋ ਗਿਆ..ਫੇਰ ਬੇਬਸ ਚਮਨ ਲਾਲ ਨੇ ਏਧਰੋਂ ਓਧਰੋਂ ਫੜ-ਫੜਾ ਰਿੱਟ ਪਾ ਦਿੱਤੀ..ਇਨਸਾਫ ਖਾਤਿਰ ਘਰ ਫੂਕ ਤਮਾਸ਼ਾ ਬਣਿਆ..
ਇੱਕ ਦਿਨ ਇਨਸਾਫ ਉਡੀਕਦਾ ਚਮਨ ਲਾਲ ਮੁੱਕ ਗਿਆ..ਭਰਾ ਪ੍ਰਵੀਨ ਕੁਮਾਰ ਨੇ ਵਾਗਡੋਰ ਸੰਭਾਲੀ..ਉਹ ਵੀ ਧੱਕੇ ਧੋੜੇ ਖਾ ਚੜਾਈ ਕਰ ਗਿਆ..ਫੇਰ ਇੱਕ ਹੋਰ ਪੁੱਤਰ ਨੇ ਅੱਗੋਂ ਪੈਰਵਾਈ ਜਾਰੀ ਰੱਖੀ..
ਦੂਜੇ ਪਾਸੇ ਸਿਸਟਮ ਦਿਲਬਾਗ ਸਿੰਘ ਨੂੰ ਤਰੱਕੀ ਦਿੰਦਾ ਰਿਹਾ ਤੇ ਉਹ ਡੀ.ਆਈ.ਜੀ ਦੇ ਅਹੁਦੇ ਤੋਂ ਰਿਟਾਇਰ ਹੋਇਆ..ਇੱਕ ਹੋਰ ਨਾਲਦਾ ਵੀ ਡੀ.ਐੱਸ.ਪੀ ਦੇ ਅਹੁਦੇ ਤੀਕਰ ਜਾ ਅਪੜਿਆਂ..ਬਾਕੀ ਦੇ ਤਿੰਨ ਮੁਲਜਮਾਂ ਦਾ ਮੌਤ ਹੋ ਚੁਕੀ..ਅੱਜ ਸੀ.ਬੀ.ਆਈ ਅਦਾਲਤ ਨੇ ਦੋਹਾਂ ਨੂੰ ਦੋਸ਼ੀ ਪਾਇਆ ਤੇ ਉਮਰ ਕੈਦ ਸੁਣਾਈ..!
ਬਾਪ ਚਮਨ ਲਾਲ ਕਾਗਜ ਦੀ ਹਿੱਕ ਤੇ ਉਕਰੀ ਉਸਦੀ ਫੋਟੋ ਨੂੰ ਹੱਥ ਨਾਲ ਟੋਹ ਕੇ ਸ਼ਾਇਦ ਏਨੀਂ ਗੱਲ ਆਖਣ ਦੀ ਕੋਸ਼ਿਸ਼ ਕਰ ਰਿਹਾ ਕੇ ਪੁੱਤਰਾ ਤੀਹਾਂ ਸਾਲਾਂ ਦੇ ਇਸ ਸਫ਼ਰ ਵਿਚ ਮੇਰੇ ਪੈਰ ਨਹੀਂ ਸਗੋਂ ਮੇਰੀ ਰੂਹ ਥੱਕ ਗਈ..ਹਮਾਤੜ ਦੀ ਏਨੀ ਸੇਵਾ ਪ੍ਰਵਾਨ ਕਰੀਂ..!
ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ..ਤੂੰ ਲੱਭਦੀ ਫਿਰੇਂ ਬਜਾਰ ਕੁੜੇ..ਇਹ ਸੌਦਾ ਨਕਦ ਵੀ ਨਹੀਂ ਮਿਲਦਾ..ਤੂੰ ਲੱਭਦੀਂ ਫਿਰੇ ਉਧਾਰ ਕੁੜੇ..”
ਹਰਪ੍ਰੀਤ ਸਿੰਘ ਜਵੰਦਾ