ਮੇਰੀ ਅਕਸਰ ਆਦਤ ਸੀ ਕਿ ਕੁਝ ਵੀ ਲਿਖਣਾ ਤਾਂ ਆਪਣੇ ਖਾਸ ਖਾਸ ਦੋਸਤਾਂ ਨੂੰ ਪਾ ਦੇਣਾ । ਉਹਨਾਂ ਪੜ੍ਹ ਕੇ ਹੱਲਾਸ਼ੇਰੀ ਦੇਣੀ ਤਾਂ ਮਨ ਖੁਸ਼ ਹੋ ਜਾਣਾ ।
ਕਲ੍ਹ ਰਾਤ ਵੀ ਮੈਂ ਦੋਸਤਾਂ ਨੂੰ ਰਚਨਾ ਭੇਜੀ
ਮੈਂ ਸੁਣਿਆ
ਔਖ ਕੱਟੇ ਬਿਨ
ਸੌਖ ਨਹੀਂ ਮਿਲਦੀ
ਪਰ ਮੈਂ ਤਾਂ
ਬਥੇਰੀ ਔਖ ਕੱਟ ਲਈ
ਪਰ ਸੌਖ ਨਹੀਂ ਮਿਲੀ
ਹੁਣ ਕਦੇ ਕਦੇ ਲੱਗਦਾ
ਮੇਰੇ ਹਿੱਸੇ ਸੌਖ
ਆਈ ਹੀ ਨਹੀਂ
ਮਨਦੀਪ ਨੇ ਰਚਨਾ ਪੜ੍ਹਦੇ ਹੀ ਮੈਸੇਜ ਕੀਤਾ ਕੁਝ ਹੋਰ ਰਚਨਾ ਹੈ ਏਦਾਂ ਦੀ, ਤੇ ਭੇਜੀ ਉਦਾਸ ਜਿਹੀ । ਮੈਂ ਕਿਹਾ ਕੀ ਗੱਲ ਹੋਗੀ ਅੱਜ ਉਦਾਸ ਪੜ੍ਹਨ ਦਾ ਦਿਲ ਕਿਥੋਂ ਕਰ ਆਇਆ ਤੁਹਾਡਾ , ਤਾਂ ਜਵਾਬ ਆਇਆ ਬਸ ਭੇਜ ਜਲਦੀ ਕੁਝ ਨਵਾਂ ਲਿਖ ਕੇ , ਮੇਰੇ ਕੋਲ ਕੁਝ ਲਿਖਤਾਂ ਸੀ ਜੋ ਅਜੇ ਨਹੀਂ ਭੇਜੀਆਂ ਸੀ ਕਿਸੇ ਨੂੰ , ਮੈਂ ਉਹ ਭੇਜ ਦਿੱਤੀਆ
ਜੋ ਦਰਦ ਕਿਸੇ ਨਾਲ
ਸਾਂਝੇ ਨਹੀਂ ਹੁੰਦੇ
ਉਹ ਅੰਦਰੋਂ ਅੰਦਰ
ਦੱਬਦੇ ਘੁੱਟਦੇ
ਵੱਧਦੇ ਫੁੱਲਦੇ
ਕਦ ਰੋਗ ਬਣ ਜਾਣ
ਪਤਾ ਨਹੀਂ ਲੱਗਦਾ
ਜਾਂ
ਵਕਤ ਦੇ ਮਾਰੇ ਧੱਕੇ ਖਾਧੇ ਦਰ ਬ ਦਰ
ਜਦ ਮੰਜਿਲ ਤੋਂ ਸੀ ਵੱਖਰੇ ਰਾਹ ਹੋ ਗਏ
ਭਰ ਗਈ ਸੀ ਝੋਲੀ ਮੇਰੀ ਗਮਾਂ ਦੇ ਨਾਲ
ਦਿਲਾਂ ਉਦੋਂ ਉਮੀਦੋ ਸੱਖਣੇ ਚਾਅ ਹੋ ਗਏ
ਜਿੰਦਗੀ ਨੂੰ ਗਮ ਹੀ ਗਮ ਮਿਲ ਰਹੇ ਨੇ
ਲੱਗਦਾ ਇਨ੍ਹਾਂ ਦੇ ਸਸਤੇ ਭਾਅ ਹੋ ਗਏ
ਤੇ ਨਾਲ ਹੀ ਦੋ ਕ ਸਤਰਾਂ ਭੇਜ ਦਿੱਤੀਆ
ਗਵਾਚੀਆਂ ਚੀਜ਼ਾਂ ਤਾਂ ਲੱਭ ਜਾਂਦੀਆਂ
ਪਰ ਸਦਾ ਲਈ ਗਵਾਚੇ ਆਪਣੇ ਨਹੀਂ
ਪੜ੍ਹ ਕੇ ਮਨ ਜਿਹਾ ਭਰ ਕੇ ਕਹਿੰਦੇ ਸੋਹਣਾ ਲਿਖਿਆ , ਮੈਨੂੰ ਲੱਗਦਾ ਜਿਦਾਂ ਮੇਰੇ ਮਨ ਦੇ ਭਾਵ ਲਿਖੇ ਹੋਣ ,
ਏਦਾਂ ਗੱਲਾਂ ਕਰਦੇ ਕਰਦੇ ਕਹਿਣ ਲੱਗੇ ਤੁਸੀਂ ਕਿਤਾਬ ਛਪਵਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤਾਂ ਮੈਂ ਹੱਸ ਕੇ ਕਹਿ ਦਿੱਤਾ ਕਿ ਮੇਰੇ ਕੋਲ ਕੋਈ ਦੁਖ ਸੁਖ ਕਰਨ ਦਾ ਸਾਥ ਨਹੀਂ ਤਾਂ ਲਿਖ ਕੇ ਸ਼ੌਕ ਪੂਰੇ ਕਰ ਲੈਦੀਂ , ਮੈਨੂੰ ਨਹੀਂ ਲੱਗਦਾ ਕਿ ਮੈਂ ਐਨਾ ਵਧੀਆ ਲਿਖਦੀ ਕਿ ਕਿਤਾਬ ਛਪਵਾਉਣ ਦੀ ਸੋਚਾਂ ।
ਚੁਪ ਜਿਹੇ ਕਰਕੇ ਕਹਿੰਦੇ ਲਿਖਦੇ ਸੋਹਣਾ ਹੋ ਜੋ ਬਸ ਦਿਲ ਨੂੰ ਛੂਹ ਜਾਂਦਾ ਏ । ਨਾਲ ਹੀ ਕਿਹਾ ਇਕ ਗੱਲ ਕਹਾਂ ਗੁੱਸਾ ਤਾਂ ਨੀ ਕਰਦੇ , ਮੈਂ ਤੇਰੀ ਰਚਨਾ ਅੱਗੇ ਵੀ ਦੋਸਤ ਨੂੰ ਭੇਜ ਦਿੰਦਾ ਕਲ ਉਸਦੇ ਪਾਪਾ ਦੀ ਡੈਥ ਨੂੰ ਸਾਲ ਹੋ ਗਿਆ ਉਹਨੇ ਤੁਹਾਡੀ ਰਚਨਾ ਸੁਪਨੇ ਚ ਪਾਪਾ (ਬਾਪੂ )ਮਿਲਿਆ
ਨੂੰ ਆਪਣੇ ਪਾਪਾ ਦੀ ਤਸਵੀਰ ਨਾਲ ਲਗਾਇਆ ਸੀ ਸੋਚ ਉਸਨੂੰ ਰਚਨਾ ਚੰਗੀ ਲੱਗੀ ਤਾਂ ਹੀ ਲਾਈ । ਗੱਲਬਾਤ ਚ ਹੀ ਮੈਂ ਮਨਦੀਪ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਨ ਭਰ ਕੇ ਪਹਿਲਾਂ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਫੇਰ ਮੇਰੇ ਜ਼ੋਰ ਦੇਣ ਤੇ ਦੱਸਣ ਲੱਗਾ ।
ਤੁਹਾਨੂੰ ਵੀ ਪਤਾ ਹੀ ਆ ਆਪਾਂ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਚੋ ਗੁਜ਼ਰ ਰਹੇ ਹਾਂ , ਟੈਨਸ਼ਨ ਹੁੰਦੀ ਹੁਣ , ਜੀਊਣ ਦਾ ਦਿਲ ਨਹੀਂ ਕਰਦਾ , ਕਦੇ ਕਦੇ ਦਿਲ ਕਰਦਾ ਕਿ ਮੈਂ ਖੁਦਕੁਸ਼ੀ ਕਰ ਲਵਾਂ । ਖੁਦਕੁਸ਼ੀ ਵਰਗੇ ਸ਼ਬਦ ਉਸਦੇ ਮੂੰਹੋਂ ਸੁਣ ਕੇ ਮਨ ਨੂੰ ਧੱਕਾ ਲੱਗਾ ਕਿ ਜੋ ਇਨਸਾਨ ਹਰ ਪੜ੍ਹਾਈ ਚ ਮਸਤ ਰਹਿੰਦਾ , ਜਿਸਨੇ ਟੈਟ , ਮਾਸਟਰ ਕੇਡਰ ਵਰਗੇ ਇਮਤਿਹਾਨ ਪਹਿਲੀ ਵਾਰ ਚ ਵਧੀਆ ਨੰਬਰ ਲੈ ਕੇ ਪਾਸ ਕੀਤੇ ਹੋਣ , ਉਹ ਏਦਾਂ ਸੋਚ ਰਿਹਾ ਕਿਉਂ ?
ਮੈਂ ਬਹੁਤ ਵਾਰ ਉਸਤੋਂ ਇਮਤਿਹਾਨਾਂ ਸਮੇਂ ਮਦਦ ਲੈਦੀ ਰਹੀ ਆ ਤਾਂ ਮੈਨੂੰ ਪਤਾ ਉਸ ਬਾਰੇ ਕਿ ਉਹ ਕਿੰਨਾ ਮਿਹਨਤੀ ਇਨਸਾਨ ਏ । ਮੈਂ ਗੱਲ ਹਾਸੇ ਪਾ ਕੇ ਕਿਹਾ , ਮੈਨੂੰ ਪੌਜਟਿਵ ਰਹਿਣ ਦੀਆਂ ਸਲਾਹਾਂ ਦੇਣ ਵਾਲੇ ,ਅੱਜ ਖੁਦ ਨੈਗੇਟਿਵ ਕਿਉਂ ਨੇ ?
ਮਨ ਭਰ ਕਹਿੰਦੇ ਬਸ ਯਾਰ ,ਹੁਣ ਲੱਗਦਾ ਕੁਝ ਨਹੀਂ ਹੋਣਾ । ਆਪਣੀ ਤੇ ਉਮਰ ਵੀ ਓਵਰਏਜ਼ ਹੋਣ ਕਿਨਾਰੇ ਆ , ਤੇ ਘਰਦੇ ਉਮੀਦ ਰੱਖਦੇ ਕਿ ਮੈਨੂੰ ਜੌਬ ਮਿਲ ਜਾਊਗੀ ਪਰ ਸਰਕਾਰ ਤੋਂ ਹੁਣ ਉਮੀਦ ਟੁੱਟਦੀ ਜਾਂ ਰਹੀ । ਮੈਂ ਹਾਰ ਗਿਆ ਏ , ਬਸ ਮਾਂ ਵੱਲ ਦੇਖ ਕੇ ,ਮੇਰਾ ਖੁਦਕੁਸ਼ੀ ਕਰਨ ਦਾ ਹੌਸਲਾ ਨਹੀਂ ਪੈਂਦਾ , ਊਹ ਜਿਊਂਦੇ ਜੀਅ ਮਰ ਜਾਊਗੀ । ਪਰ ਜਦ ਆਪਣੇ ਭਵਿੱਖ ਵੱਲ ਦੇਖਦਾ ਤਾਂ ਦੂਰ ਤੱਕ ਕੁਝ ਨਜ਼ਰ ਨਹੀਂ ਆਉਂਦਾ , ਸਿਵਾਏ ਟੁੱਟ ਰਹੇ ਸੁਪਨਿਆਂ ਦੇ ।
ਬੇਸ਼ੱਕ ਇਹੀ ਦਰਦ ਖੁਦ ਹੰਢਾਅ ਰਹੀ ਹਾਂ ਪਰ ਉਸਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਕਿ ਖੁਦਕੁਸ਼ੀ ਹਰ ਮੁਸ਼ਕਿਲ ਦਾ ਹੱਲ ਨਹੀਂ , ਦੇਖ ਪਾਪਾ ਦੀ ਮੌਤ ਬਾਅਦ ਅਸੀਂ ਕਿੰਨਾ ਹਲਾਤਾਂ ਚੋ ਗੁਜ਼ਰੇ ਹਾਂ ਤੁਹਾਨੂੰ ਸਭ ਪਤਾ । ਸਮੇਂ ਨਾਲ ਸਭ ਕੁਝ ਸਹੀ ਹੋ ਜਾਣਾ ਏ ਬਸ ਤੁਸੀਂ ਸਬਰ ਤੇ ਰੱਖੋ । ਹਮ ਇਹ ਤਾਂ ਹੈ , ਸਮੇਂ ਨਾਲ ਸਭ ਸਹੀ ਹੋ ਜਾਂਦਾ।ਮੈਂ ਗੱਲਬਾਤ ਚ ਬੇਸ਼ੱਕ ਉਸਨੂੰ ਹੌਂਸਲਾ ਦੇ ਕੇ ਉਸਦੀ ਸੋਚ ਨੂੰ ਕੁਝ ਪਲ ਲਈ ਨੈਗੇਟਿਵ ਤੋਂ ਪੌਜ਼ਟਿਵ ਕਰ ਦਿੱਤਾ ।
ਨਾਲ ਹੀ ਮੇਰੇ ਮਨ ਚ ਵਿਚਾਰ ਚਲ ਰਹੇ ਸੀ ਆਖਰ ਕਦ ਤੱਕ ਨੌਜਵਾਨ ਬੇਰੁਜ਼ਗਾਰੀ ਦਾ ਦਰਦ ਹੰਢਾਉਣਗੇ । ਪਤਾ ਨਹੀਂ ਕਿੰਨੇ ਕ ਇਸ ਚੰਦਰੀ ਬੇਰੁਜ਼ਗਾਰੀ ਦੀ ਭੇਟ ਚੜ੍ਹ ਗਏ ਹੋਣੇ ,ਜਿਨ੍ਹਾਂ ਨੇ ਮਿਹਨਤ ਕਰਕੇ ਡਿਗਰੀਆਂ ਲਈਆ ਤੇ ਅੱਜ ਉਹਨਾਂ ਦੀ ਕੀਮਤ ਰੱਦੀ ਤੋਂ ਸਿਵਾਏ ਕੁਝ ਨਹੀਂ ।