ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ..
ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ..
ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ..ਆਖਣ ਲੱਗਾ “ਜੇ ਠੀਕ ਸਮਝੋਂ ਤਾਂ ਅੱਗੋਂ ਵੀ ਆਪਣੇ ਬਾਰੇ ਦਸਦੇ ਰਿਹਾ ਕਰਾਂਗੇ”
ਨਾਲ ਹੀ ਰੁੱਕੇ ਵਿਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਗਿਆ..!
ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਤੁੱਛ ਜਿਹੀਆਂ ਲਗੀਆਂ..
ਮੈਂ ਰੁੱਕਾ ਪਾੜਿਆ ਨਾ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁਝ ਨੇ ਟਿੱਚਰ ਵੀ ਕੀਤੀ..ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ..ਸੂਰਤ ਅਤੇ ਸੀਰਤ ਦਾ ਤੇ ਮਾੜਾ ਨਹੀਂ..ਪਰ ਓਹਨੀ ਦਿਨੀਂ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਪਤਾ ਨੀ ਮੈਂ ਉਹ ਰੁੱਕਾ ਕਦੋਂ ਤੇ ਕਿਥੇ ਪਾੜ ਕੇ ਸਿੱਟ ਦਿੱਤਾ..!
ਤਾਇਆਂ ਮਾਮਿਆਂ ਦੀਆਂ ਜਿਆਦਾਤਰ ਕੁੜੀਆਂ ਬਾਹਰ ਹੀ ਸਨ..
ਓਹਨਾ ਦਾ ਰਹਿਣ ਸਹਿਣ..ਵਿੱਚਰਨ ਦਾ ਸਲੀਕਾ..ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਓਹਨਾ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਓਹਨਾ ਦੇ ਵਾਲਾਂ ਕੱਪੜਿਆਂ ਵਿਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿਤੱਰ ਜਿਹੀ ਖੁਸ਼ਬੋਂ ਮੈਨੂੰ ਹਮੇਸ਼ਾਂ ਹੀ ਆਕਰਸ਼ਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਮਾਹੌਲ,ਰਹਿਣੀ ਸਹਿਣੀ,ਉਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..
ਫੇਰ ਛਿਆਸੀ ਵਿਚ ਆਈ “ਲੌਂਗ ਦੇ ਲਿਸ਼ਕਾਰੇ” ਵਾਲਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿਚ ਆਈ ਇੱਕ ਹੋਰ ਪੰਜਾਬੀ ਫਿਲਮ “ਯਾਰੀ ਜੱਟ ਦੀ” ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..
ਮੈਂ ਘਰੇ ਬਿਨਾ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੀ ਤਾਂ ਅੱਗੋਂ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿਚ ਬਿਠਾ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ ਤੇ ਬਾਹਰ ਈ ਏ..
ਫੇਰ ਮੰਗਣਾ ਕਨੇਡਾ ਹੋ ਗਿਆ..ਵਿਆਹ,ਜੰਝ,ਮੈਰਿਜ ਪੈਲੇਸ,ਦਾਜ ਦਹੇਜ,ਕਾਰਾਂ ਬੱਸਾਂ ਤੇ ਹੋਰ ਵੀ ਕਿੰਨਾ ਕੁਝ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..
ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜਿਆਦਾ ਦਿੱਸੀਆਂ..
ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿਚ ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ…
ਦੀ ਚਾਹ ਹੁੰਦੀ ਏ..ਜੀ ਕਰਦਾ ਏ ਕੇ ਕੋਈ ਹੱਥ ਫੜ ਕੇ ਪੁੱਛੇ ਕੇ ਤੇਰਾ ਜਹਾਜ ਅਤੇ ਹੁਣ ਤੱਕ ਦਾ ਜਿੰਦਗੀ ਦਾ ਸਫ਼ਰ ਕਿੱਦਾਂ ਰਿਹਾ?
ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਤੇ ਆਪਣੇ ਨਾਲ ਸਾਰੇ ਸੁਫ਼ਨੇ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕੇ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਨੂੰ ਡਾਲਰਾਂ ਦੀ ਤੱਕੜੀ ਵਿਚ ਤੋਲਦਾ ਹੋਇਆ..ਹਮੇਸ਼ਾਂ ਇਹੋ ਸਲਾਹਾਂ ਕੇ ਵੱਧ ਡਾਲਰ ਕਿਦਾਂ ਬਣਾਉਣੇ..ਕਈ ਵਾਰ ਆਪੋ ਵਿਚ ਲੜ ਵੀ ਪੈਂਦੇ..
ਮੁਸ਼ਕ ਮਾਰਦੀ ਫੈਕਟਰੀ ਵਿਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਹੀ ਰਹਿੰਦਾ..ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਬੜੀ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਰਹਿੰਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕੇ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਤੇ ਨਾ ਹੀ ਮੈਂ ਅਸਲ ਜਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ..
ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ..ਪਸੰਦ ਨਹੀਂ ਸੀ ਤਾਂ ਕੀ ਹੋਇਆ..ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜਾਕ ਨਹੀਂ ਸੀ ਉਡਾਉਣਾ ਚਾਹੀਦਾ..
ਹੁਣ ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੇ ਓਸੇ ਪੜਾਅ ਵਿਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕੇ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿਚ ਨਾ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਐਸਾ ਜਹਿਰ ਪੀਣਾ ਪੈਂਦਾ ਜਿਹੜਾ ਨਾ ਤੇ ਚੰਗੀ ਤਰਾਂ ਜਿਊਣ ਹੀ ਦਿੰਦਾ ਤੇ ਨਾ ਹੀ ਪੂਰੀ ਤਰਾਂ ਮਰਨ!
ਹਰਪ੍ਰੀਤ ਸਿੰਘ ਜਵੰਦਾ