ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ ਰਹੇ ਤੇ ਉਨੀ ਸੋ ਛਿਆਹਟ ਵਿੱਚ ਸਾਨੂੰ ਅਲੱਗ ਘਰ ਲੈ ਦਿੱਤਾ। ਜੋ ਉਹਨਾ ਨੇ ਤਿੰਨ ਜਣਿਆ ਤੋ ਖਰੀਦਿਆ ਸੀ ਮਤਲਬ ਤਿੰਨ ਘਰਾਂ ਨੂੰ ਮਿਲਾ ਕੇ ਖਹੀਦਿਆ ਇਹ ਘਰ ਮਸਾ ਤੀਹ ਗੁਣਾ ਛੱਤੀ ਫੁੱਟ ਦਾ ਸੀ। ਤੇ ਸਾਡਾ ਪੁਰਾਣਾ ਘਰ ਸਿਰਫ ਦੱਸ ਗੁਣਾ ਤੀਹ ਫੁੱਟ ਦਾ ਹੀ ਸੀ। ਪੁਰਾਣੇ ਘਰ ਵਿੱਚ ਇੱਕ ਛੋਟੀ ਜਿਹੀ ਹੱਟੀ , ਇੱਕ ਕੱਚੀ ਸਵਾਤ ਦੇ ਇੱਕ ਛੋਟਾ ਜਿਹਾ ਦਰਵਾਜਾ ਸੀ। ਘਰ ਦਾ ਵਿਹੜਾ ਮਸਾਂ ਦਸ ਗੁਣਾ ਦਸ ਦਾ ਹੀ ਸੀ। ਪੁਰਾਣੇ ਘਰ ਦੇ ਮੁਕਾਬਲੇ ਸਾਡਾ ਇਹ ਨਵਾਂ ਘਰ ਬਹੁਤ ਵੱਡਾ ਸੀ।
ਪੁਰਾਣੇ ਘਰ ਵਿੱਚ ਕੋਈ ਗੁਸਲਖਾਨਾ ਜਾ ਪਖਾਨਾ ਨਹੀ ਸੀ। ਰਫਾ ਹਾਜਤ ਲਈ ਬਾਹਰ ਹੀ ਜਾਣਾ ਪੈਂਦਾ ਸੀ। ਸਾਰੀਆਂ ਛੱਤਾਂ ਕੱਚੀਆਂ ਸਨ ਤੇ ਕੋਈ ਪੋੜੀ ਵੀ ਨਹੀ ਸੀ। ਹੋਰ ਤਾਂ ਹੋਰ ਘਰੇ ਲੱਕੜ ਦੀ ਪੋੜੀ ਵੀ ਨਹੀ ਸੀ। ਕੰਧਾਂ ਕੋਲਿਆਂ ਤੋ ਹੀ ਛੱਤ ਤੇ ਚੜ੍ਹਿਆ ਜਾਂਦਾ ਸੀ। ਮੇਰੀ ਮਾਂ ਚੁਲ੍ਹੇ ਉੱਪਰ ਬੱਠਲ ਮੂਧਾ ਮਾਰ ਕੇ ਆਪਣਾ ਮੰਜਾ ਡਾਹੁੰਦੀ ਹੁੰਦੀ ਸੀ। ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ ਤੇ ਮੇਰੀਆਂ ਦੋ ਭੂਆ ਸਨ। ਘਰ ਆਏ ਮਹਿਮਾਨਾ ਦੇ ਮੰਜੇ ਅਕਸਰ ਛੱਤ ਤੇ ਹੀ ਡਾਹੇ ਜਾਂਦੇ ਸਨ। ਮੇਰੇ ਦਾਦਾ ਜੀ ਗਰਮੀਆਂ ਵਿੱਚ ਹੱਟੀ ਮੂਹਰੇ ਥੜੇ ਤੇ ਹੀ ਸੋਦੇ ਅਤੇ ਸਰਦੀਆਂ ਵਿਚ ਹੱਟੀ ‘ਚ ਹੀ ਥੱਲੇ ਹੀ ਸੋ ਜਾਂਦੇ ।ਉਹ ਅਕਸਰ ਹੱਟੀ ਦੇ ਮੂਹਰੇ ਬਣੇ ਥੜ੍ਹੇ ਤੇ ਲੱਕੜ ਦਾ ਪਟੜਾ ਰੱਖ ਕੇ ਨਹਾਉਂਦੇ ।ਤੇ ਕਈ ਵਾਰੀ ਨਹਾਉਣ ਲੱਗਿਆ ਕੋਈ ਗ੍ਰਾਹਕ ਆ ਜਾਂਦਾ ਤਾਂ ਸਾਨੂੰ ਉਹ ਪਾਣੀ ਦੀ ਰਾਖੀ ਲਈ ਬਿਠਾ ਦਿੰਦੇ ਕਿ ਕੋਈ ਕੁੱਤਾ ਪਾਣੀ ੂਂਠਾ ਨਾ ਕਰ ਦੇਵੇ ਤੇ ਆਪ ਉਹ ਸੋਦਾ ਦੇਣ ਹੱਟੀ ‘ਚ ਚਲੇ ਜਾਂਦੇ। ਘਰ ਦੀਆਂ ਅੋਰਤਾਂ ਅਕਸਰ ਮੰਜਾ ਟੇਢਾ ਕਰਕੇ ਹੀ ਨਹਾਉਂਦੀਆਂ। ਇਹ ਇੱਕਲੇ ਸਾਡੇ ਘਰ ਦੀ ਕਹਾਣੀ ਨਹੀ ਸੀ ਹਰ ਘਰ ਵਿੱਚ ਐਦਾ ਹੀ ਹੁੰਦਾ ਸੀ।
ਸਾਡੇ ਨਵੇ ਘਰ ਵਿੱਚ ਦਾਦਾ ਜੀ ਨੇ ਸਾਨੂੰ ਇੱਕ ਪੱਕਾ ਕਮਰਾ ਬਣਵਾ ਕੇ ਦਿੱਤਾ। ਬਾਕੀ ਦੋ ਕਮਰੇ ਕੱਚੇ ਹੀ ਸਨ ਜੋ ਅਸੀ ਬਾਦ ਵਿੱਚ ਪੱਕੇ ਬਣਵਾਏ। ਪੱਕੇ ਵੀ ਕਾਹਦੇ ਸਿਰਫ ਪੱਕੀਆਂ ਇੱਟਾ ਨਾਲ ਬਣੇ ਕਮਰਿਆਂ ਦੀਆਂ ਛੱਤਾਂ ਵੱਡੇ ਸ਼ਤੀਰ ਪਾਕੇ ਬੱਤਿਆਂ ਉਪਰ ਟਾਇਲਾਂ ਦੀ ਛੱਤ। ਡਾਟ ਜਾਂ ਲੈਂਟਰ ਦੀ ਤਕਨੀਕ ਨਹੀ ਸੀ ਆਈ ਉਸ ਸਮੇ ਤੱਕ। ਸਾਡੇ ਨਵੇਂ ਘਰ ਵਿੱਚ ਖੂਹ ਵਾਲੀ ਟੱਟੀ ਤੇ ਪੱਕੇ ਫਰਸ਼ ਵਾਲਾ ਗੁਸਲਖਾਨਾ ਸੀ। ਤੇ ਸਾਡੇ ਘਰੇ ਇੱਕ ਹੋਦ ਵੀ ਸੀ ਜਿਸਦੇ ਟੂਟੀ ਲੱਗੀ ਹੋਈ ਸੀ। ਬਾਦ ਵਿੱਚ ਅਸੀ ਫਰਸ਼ ਵੀ ਇੱਟਾਂ ਦਾ ਲਗਵਾ ਲਿਆ ਅਤੇ ਪੱਕੇ ਹਾਰੇ ਵੀ ਬਣਵਾ ਲਏ। ਪੱਕੇ ਹਾਰਿਆਂ ਨੂੰ ਦੇਖਣ ਲਈ ਕਈ ਲੋਕ ਸਾਡੇ ਘਰ ਆਉਂਦੇ। ਟੱਟੀ ਅਤੇ ਗੁਸਲਖਾਨੇ ਦੀ ਸਹੂਲੀਅਤ ਹੋਣ ਕਰਕੇ ਹਰ ਆਸ਼ਇਆ ਗਿਆ ਮਹਿਮਾਨ ਸਾਡੇ ਹੀ ਘਰ ਠਹਿਰਦਾ।
ਬਜੁਰਗ ਰਿਸ਼ ਤੇਦਾਰਾ ਲਈ ਸਾਡਾ ਇਹ ਘਰ ਕਿਸੇ ਰੈਸਟ ਹਾਊਸ ਤੋ ਘੱਟ ਨਹੀ ਸੀ। ਦੂਸਰਾ ਸਾਡੇ ਘਰ ਸਾਡੇ ਦੂਜੇ ਘਰ ਦੇ ਮੁਕਾਬਲੇ ਖਾਣ ਪੀਣ ਦਾ ਸਿਸਟਮ ਆਧੁਨਿਕ ਸੀ। ਅਸੀ ਕੱਪਾਂ ਵਿੱਚ ਚਾਹ ਪੀਂਦੇ ਸੀ । ਅਸੀ ਕੋਲੀ ਗਿਲਾਸ ਜਾ ਬਾਟੀ ਵਿੱਚ ਚਾਹ ਨਹੀ ਸੀ ਪੀਤੀ ਕਦੇ । ਮੇਰੇ ਯਾਦ ਹੈ ਦੂਰੋਂ ਰਿਸ਼ਤੇਦਾਰੀ ‘ਚ ਲੱਗਦੇ ਮੇਰੇ ਇੱਕ ਡਾਕਟਰ ਚਾਚੇ ਦੀ ਬੈਡ ਟੀ ਦੀ ਮੰਗ ਵੀ ਸਾਡੇ ਹੀ ਘਰੇ ਪੂਰੀ ਹੋਈ ਸੀ। ਚਾਹੇ ਮੇਰੇ ਦਾਦਾ ਜੀ ਦੇ ਕਰਕੇ ਬਹੁਤੇ ਰਿਸ਼ਤੇਦਾਰ ਸਾਡੇ ਦੂਸਰੇ ਘਰੇ ਹੀ ਆਉਂਦੇ ਪਰ ਉਹਨਾ ਦਾ ਰੈਣ ਬਸੇਰਾ ਸਾਡਾ ਘਰ ਹੀ ਹੁੰਦਾ । ਹੋਰ ਸਰੂਲਤਾਂ ਤੋਂ ਇਲਾਵਾ ਸਾਡੇ ਘਰੇ ਆਪਣਾ ਪੱਠੇ ਕੁਤਰਣ ਵਾਲਾ ਟੋਕਾ, ਆਪਣਾ ਸਾਈਕਲ ਹੁੰਦਾ ਸੀ। ਰੇਡੀਓ ਵੀ ਸੀ ਸਾਡੇ ਘਰ।
ਜਦੋ ਪਿੰਡ ਵਿੱਚ ਬਿਜਲੀ ਆਈ ਤਾਂ ਪਹਿਲਾ ਮੀਟਰ ਸਾਡੇ ਹੀ ਘਰ ਲੱਗਿਆ ਤੇ ਵਾਟਰ ਵਰਕਸ ਦੇ ਪਾਣੀ ਦੀ ਪਹਿਲੀ ਟੂਟੀ ਵੀ ਸਾਡੇ ਘਰ। ਉਸ ਸਮੇ ਅਨੁਸਾਰ ਸਾਰੀਆਂ ਸਹੂਲਤਾਂ ਸਨ। ਟੇਟੂਏ ਵਾਲੇ ਕਿਕੱਰ ਦੇ ਫੱਟਾਂ ਆਲੇ ਦਰਵਾਜੇ ਦੀ ਥਾਂ ਤੇ ਅਸੀ ਲੋਹੇ ਦੀਆ ਚਾਦਰਾਂ ਵਾਲਾ ਗੇਟ ਲਗਵਾ ਲਿਆ। ਹੁਣ ਸਾਰੇ ਦਰਵਾਜਿਆਂ ਤੇ ਸੰਗਲੀ ਆਲੇ ਕੁੰਡੇ ਨਹੀ ਲੋਹੇ ਦੀਆਂ ਅਰਲਾਂ ਸਨ।
ਘਰ ਚਾਹੇ ਉਸ ਸਮੇ ਛੋਟੇ ਸਨ ਕੱਚੇ ਸਨ। ਪਰ ਦਿਲ ਵੱਡੇ ਸਨ ਤੇ ਰਿ±ਤਿਆਂ ਦੀ ਕਦਰ ਸੀ। ਨਜਦੀਕੀ ਰਿਸ਼ਤੇਦਾਰਾ ਤੋਂ ਇਲਾਵਾ ਦੂਰ ਦੇ ਰਿਸ਼ਤੇਦਾਰ ਵੀ ਕਈ ਕਈ ਦਿਨ ਰਹਿ ਜਾਂਦੇ ਸਨ। ਚਾਹੇ ਘਰੇ ਅਮੀਰੀ ਨਹੀ ਸੀ ਪਰ ਫਿਰ ਵੀ ਆਏ ਮਹਿਮਾਨ ਦੀ ਪੂਰੀ ਖਾਤਿਰਦਾਰੀ ਕਰੀਦੀ ਸੀ। ਖੀਰ ਸਵਈਆਂ, ਕੜਾਹ ਤੇ ਦੇਸੀ ਘਿਉ ਦੀ ਚੂਰੀ ਆਮ ਹੀ ਬਣਾ ਕੇ ਖਿਵਾਈ ਜਾਂਦੀ ਸੀ। ਜੇ ਸਮਾਂ ਘੱਟ ਹੁੰਦਾ ਤਾਂ ਖੰਡ ਘਿਉ ਪਾਕੇ ਮਹਿਮਾਨ ਦੀ ਸੇਵਾ ਕੀਤੀ ਜਾਂਦੀ ਸੀ। ਆਏ ਗਏ ਰਿਸ਼ਤੇਦਾਰ ਆਪਣੇ ਆਪ ਨੂੰ ਮਹਿਮਾਨ ਅਖਵਾ ਕੇ ਖੁੱਸ਼ ਨਹੀ ਸੀ ਹੁੰਦੇ। ਉਹਨਾਂ ਨੂੰ ਚੋਕੇ ਵਿੱਚ ਬੋਰੀ, ਚਟਾਈ ਜਾ ਪੀੜੀ੍ਹ ਤੇ ਬਿਠਾ ਕੇ ਖਾਣਾ ਖਿਲਾਇਆ ਜਾਂਦਾ। ਕਿਸੇ ਖਾਸ ਨੂੰ ਹੀ ਸਾਹਮਣੇ ਮੰਜੇ ਤੇ ਬਿਨਾ ਕੇ ਰੋਟੀ ਪਰੋਸੀ ਜਾਂਦੀ।
ਪਰ ਹੁਣ ਅਸੀ ਤਰੱਕੀ ਕਰ ਗਏ ਹਾਂ। ਘਰੇ ਚਾਰ ਪੰਜ ਕਮਰਿਆਂ ਤੋ ਇਲਾਵਾ ਤਿੰਨ ਚਾਰ ਬਾਥਰੂਮ, ਟਾਇਲਟ, ਪੋੜੀਆਂ, ਲਾਬੀ , ਡਰਾਇਗ ਰੂਮ ਤੇ ਪੂਜਾ ਰੂਮ ਵੀ ਹੈ। ਹਰ ਕਮਰੇ ਵਿੱਚ ਇੱਕ ਹੀ ਡਬਲ ਬੈਡ ਹੈ ਸਿਰਫ ਦੋ ਜਣਿਆ ਦੇ ਸੋਣ ਲਈ। ਘਰ ਵਿੱਚ ਪੱਖਾ, ਕੂਲਰ ਏ ਸੀ ਹੀਟਰ ਗੀਜਰ ਸਭ ਕੁਝ ਹੈ ਪਰ ਕੋਈ ਰਿਸ਼ਤੇਦਾਰ ਕਦੇ ਵੀ ਰਾਤ ਨਹੀ ਰੁੱਕਦਾ। ਰਾਤੀ ਦਸ ਗਿਆਰਾਂ ਵਜੇ ਵੀ ਆਪਣੇ ਘਰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਹਰ ਆਇਆ ਗਿਆ ਰਿਸ਼ਤੇਦਾਰ ਘੱਟ ਤੇ ਮਹਿਮਾਨ ਬਨਣ ਦੀ ਕੋਸ਼ਿਸ਼ ਕਰਦਾ ਹੈ। ਅਸੀ ਵੀ ਬੱਸ ਇੱਕ ਡੰਗ ਰੋਟੀ ਖੁਆ ਕੇ ਅੱਕ ਜਾਂਦੇ ਹਾਂ। ਹਲਾਂਕਿ ਖਾਣ ਪੀਣ ਦਾ ਸਾਰਾ ਸਮਾਨ ਬਣਿਆ ਬਣਾਸ਼ਇਆ ਬਜਾਰ ਤੋ ਲਿਆਈ ਦਾ ਹੈ ਪਰ ਫਿਰ ਵੀ ਜੂਠੇ ਭਾਂਡਿਆ ਤੇ ਕਰਾਕਰੀ ਦੇ ਧੋਣ ਦਾ ਕੰਮ ਏਨਾ ਵੱਧ ਜਾਂਦਾ ਹੈ ਕਿ ਕੰਮ ਆਲੀ ਤੇ ਵੀ ਤਰਸ ਆਉਣ ਲੱਗ ਜਾਂਦਾ ਹੈ। ਤੇ ਆਪਣੀ ਵੀ ਥਕਾਵਟ ਕਈ ਦਿਨ ਨਹੀ ਉੱਤਰਦੀ।
ਉਹ ਸਮਾਂ ਵਧੀਆ ਸੀ ਜਦੋ ਘਰ ਛੋਟੇ ਤੇ ਕੱਚੇ ਸਨ ਪਰ ਰਿਸ਼ਤੇ ਪੱਕੇ ਤੇ ਦਿਲ ਸੱਚੇ ਸਨ। ਹੁਣ ਘਰ ਵੱਡੇ ਤੇ ਪੱਕੇ ਹਨ ਪਰ ਰਿਸ਼ਤੇ ਕੱਚੇ ਤੇ ਦਿਲ ਛੋਟੇ ਹਨ।