ਵਾਹਵਾ ਪੁਰਾਣੀ ਗੱਲ ਹੈ ਸ਼ਾਇਦ ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੰਡੀ ਡੱਬਵਾਲੀ ਦੇ ਨਾਲ ਲਗਦੇ ਡੱਬਵਾਲੀ ਪਿੰਡ ਵਿਚ ਕੋਈ ਧਾਰਮਿਕ ਸਮਾਗਮ ਸੀ। ਅਸੀਂ ਸ਼ਹਿਰ ਦੇ ਪੰਜ ਸੱਤ ਮੁੰਡੇ ਸੇਵਾ ਲਈ ਪਹੁੰਚੇ ਸੀ ।ਉਹ ਸਾਰੇ ਮੈਥੋਂ ਉਮਰ ਵਿੱਚ ਛੋਟੇ ਸਨ।ਪਰ ਸਨ ਤੇਜ਼। ਸਵੇਰੇ ਪਰੌਂਠੇ ਛੱਕ ਕੇ ਗਏ ਸੀ ਅਸੀਂ।ਸੇਵਾ ਵਿਚ ਮਸਤ ਸਾਨੂੰ ਪਤਾ ਹੀ ਨਾ ਲੱਗਿਆ ਕਦੋ ਦੁਪਹਿਰ ਹੋ ਗਈ। ਧਾਰਮਿਕ ਸਮਾਗਮ ਸੀ ਜਲਦੀ ਹੀ ਅਸੀਂ ਲੰਗਰ ਸੇਵਾ ਚ ਲੱਗ ਗਏ। ਓਥੇ ਹੀ ਲੰਗਰ ਛਕ ਲਿਆ। ਸਮਾਗਮ ਦੀ ਸਮਾਪਤੀ ਤੇ ਸਾਨੂੰ ਪ੍ਰਬੰਧਕਾਂ ਨੇ ਕਿਸੇ ਜਿੰਮੇਵਾਰ ਦੇ ਘਰੇ ਸੇਵਾ ਲਈ ਸ਼ਿਫਟ ਕਰ ਦਿੱਤਾ। ਓਥੇ ਕੰਮ ਕਰਦਿਆਂ ਨੂੰ ਸ਼ਾਮ ਹੋ ਗਈ। ਓਹਨਾ ਘਰੇ ਆਏ ਰਿਸ਼ਤੇਦਾਰ ਤੇ ਕਰੀਬੀ ਰੋਟੀਆਂ ਨੂੰ ਜੁੱਟ ਗਏ। ਘਰੇ ਲੱਗੀ ਤਵੀ ਤੇ ਪੱਕੀਆਂ ਲੱਕੜਾਂ ਦੀ ਅੱਗ ਤੇ ਫੁੱਲੀਆਂ ਰੋਟੀਆਂ ਅਤੇ ਪੁਰਾਣੀ ਚਾਟੀ ਚ ਪਾਇਆ ਹੋਇਆ ਅੰਬ ਦਾ ਆਚਾਰ ਜੋ ਪੁਰਾਣਾ ਹੋਣ ਕਰਕੇ ਕਾਲਾ ਪੈ ਚੁੱਕਿਆ ਸੀ ਤੇ ਵੇਖਣ ਚ ਸਵਾਦੀ ਨਜ਼ਰ ਆਉਂਦਾ ਸੀ।ਵੇਖ ਕੇ ਮੇਰੇ ਨਾਲ ਗਏ ਜੁਆਕਾਂ ਦੀਆਂ ਲਾਲਾਂ ਟਪਕ ਪਈਆਂ। ਵੇਖਕੇ ਹਾਲ ਤਾਂ ਮੇਰਾ ਵੀ ਬੁਰਾ ਸੀ ਪਰ ਥੋੜਾ ਜਿਹਾ ਉਮਰ ਦਾ ਤਕਾਜ਼ਾ ਸੀ।ਕਿ ਬੋਲ ਨਹੀਂ ਸੀ ਸਕਦਾ। ਕਾਫੀ ਦੇਰ ਕਸ਼ਮਕਸ਼ ਪਿੱਛੋਂ ਦੋ ਜੁਆਕ ਜਿਹੇ ਇੱਕ ਅਧਖੜ ਜਿਹੀ ਉਮਰ ਦੀ ਔਰਤ ਦੇ ਨੇੜੇ ਹੋ ਗਏ। ਅੰਬੋ ਅਸੀਂ ਰੋਟੀ ਖਾਣੀ ਹੈ ਚਾਰ ਪੰਜ ਜਣੇ ਹਾਂ ਅਸੀਂ। ਲਓ ਪੁੱਤ ਤੁਸੀਂ ਵੀ ਰੋਟੀ ਖਾਓ।ਮਾਂ ਸਦਕੇ ਰੋਟੀ ਦਾ ਕੀ ਘਾਟਾ।
ਣੀ ਸ਼ਿੰਦਰੇ ਆਹ ਜੁਆਕਾਂ ਨੂੰ ਵੀ ਰੋਟੀ ਪਾ ਦੇ। ਉਸ ਨੇ ਚੌਂਕੇ ਚ ਪ੍ਰਧਾਨ ਬਣੀ ਕਿਸੇ ਹੋਰ ਔਰਤ ਨੂੰ ਵਾਜ਼ ਮਾਰਕੇ ਕਿਹਾ। ਸਾਨੂੰ ਕੁਝ ਮਿਲਣ ਦੀ ਉਮੀਦ ਬੱਝੀ। ਉਸ ਔਰਤ ਨੇ ਇੱਕ ਪਿੱਤਲ ਦੀ ਵੱਡੀ ਸਾਰੀ ਥਾਲੀ ਵਿਚ ਪੰਦਰਾਂ ਵੀਹ ਰੋਟੀਆਂ ਰੱਖ ਕੇ ਦੋ ਤਿੰਨ ਕੜਛੀਆਂ ਉਸੇ ਅੰਬ ਦੇ ਆਚਾਰ ਦੀਆਂ ਰੱਖ ਦਿੱਤੀਆਂ। ਪਰਾਂ ਪਏ ਮੰਜੇ ਤੇ ਬੈਠਕੇ ਅਸੀਂ ਮਿੰਟਾਂ ਵਿੱਚ ਉਹ ਰੋਟੀਆਂ ਨਿਬੇੜ ਦਿੱਤੀਆਂ। ਇੱਕ ਭੁੱਖੇ ਇੱਕ ਰਲੇ ਮਿਲੇ ਤੇ ਬਾਕੀ ਸਵਾਦ ਭੋਜਨ ਨੇ ਨਜ਼ਾਰੇ ਬੰਨ੍ਹ ਦਿੱਤੇ।
ਫਿਰ ਅਸੀਂ ਜਦੋ ਵੀ ਮਿਲਦੇ ਡੱਬਵਾਲੀ ਪਿੰਡ ਖਾਧੀਆਂ ਰੋਟੀਆਂ ਦੀ ਚਰਚਾ ਜਰੂਰ ਕਰਦੇ।
#ਰਮੇਸ਼ਸੇਠੀਬਾਦਲ