ਕਈ ਸਾਲ ਹੋਗੇ ਉਮਰ ਦੇ ਨਾਲ ਨਾਲ ਸਰੀਰ ਦਾ ਖੇਤਰਫਲ ਅਤੇ ਜ਼ਮੀਨ ਤੇ ਵਜ਼ਨ ਵੱਧ ਗਿਆ ਹੈ। ਲੋਕੀ ਬੁੱਲੇ ਨੂੰ ਮੱਤੀ ਦਿੰਦੇ ਹਨ। ਹਰ ਐਰਾ ਗ਼ੈਰਾ ਨੱਥੂ ਖੈਰਾ ਲੈਕਚਰ ਝਾੜਦਾ ਹੈ। ਜਿਸ ਨੂੰ ਮੋਬਾਇਲ ਤੇ ਨੰਬਰ ਸੇਵ ਕਰਨ ਦਾ ਵੱਲ ਨਹੀਂ ਉਹ ਵੀ ਡਾਕਟਰ ਤ੍ਰੇਹਨ ਤੋਂ ਵੱਡਾ ਭਾਸ਼ਣ ਝਾੜਨ ਲੱਗ ਜਾਂਦਾ ਹੈ। ਲੱਲੀ ਛੱਲੀ ਡਾਈਟੀਸ਼ੀਅਨ ਬਣਿਆ ਫਿਰਦਾ ਹੈ। ਪੈਂਟਾ ਸ਼ਰਟਾਂ ਵੀ ਹੱਸਣ ਲੱਗ ਪਈਆਂ। ਸ਼ਰਟ ਦੇ ਬਟਨਾਂ ਵਿੱਚ ਦੀ ਢਿੱਡ ਬਾਹਰ ਨਿਕਲਕੇ ਭੱਜਣ ਨੂੰ ਸਦਾ ਉਤਾਵਲਾ ਰਹਿੰਦਾ ਹੈ। ਧੰਨ ਬੱਟਨਾਂI ਦੇ।
“ਪਾਪਾ ਤੁਸੀਂ ਟੀ ਸ਼ਰਟ ਪਾਇਆ ਕਰੋ।” ਸਾਡੇ ਨਿੱਕੇ ਨੇ ਆਖਿਆ।
“ਯਾਰ ਕਿਹੜੀ ਕੰਪਨੀ ਹੈ ਜਿਹੜੀ ਇੰਨਾ ਓਵਰ ਸਾਈਜ਼ ਮਾਲ ਬਣਾਉਂਦੀ ਹੋਵੇ।”
“ਡੈਡੀ ਜੀ ਤੁਹਾਡਾ ਕੀ ਖਿਆਲ ਹੈ ਅਦਨਾਦ ਸਾਮੀ ਕਪੜੇ ਟੇਲਰ ਕੋਲੋ ਸਵਾਉਂਦਾ ਹੋਵੇਗਾ?” ਚਲੋ ਜੀ ਲੈ ਗਿਆ ਪੈਂਟਾਲੂਮ ਵਾਲਿਆ ਦੇ। ਟੀ ਸ਼ਰਟ ਫਿੱਟ ਕਰਵਾ ਦਿੱਤੀ। ਫਿਰ ਨੋਇਡਾ ਦੇ ਜੀਆਈਪੀ ਮਾਲ ਵਿੱਚ ਵੱਡੀ ਬੇਟੀ ਵੀ ਟੀ ਸ਼ਰਟਾਂ ਦਿਵਾਉਣ ਦੀ ਜਿੱਦ ਕਰਨ ਲੱਗੀ। “ਚਲ ਭਾਈ ਹੁਣ ਧੀ ਦੀ ਵੀ ਮੰਨਣੀ ਪਊ।”
ਅਗਲਾ ਕਹਿੰਦਾ ਬੁਢਾਪੇ ਵਿੱਚ ਫੈਸ਼ਨ ਚੇਤੇ ਆ ਗਿਆ। ਭਾਈ ਮੋਟੇ ਬੰਦਿਆ ਦੇ ਵੀ ਦਿਲ ਹੁੰਦਾ ਹੈ। ਜੀ ਤਾਂ ਬਥੇਰਾ ਕਰਦਾ ਹੈ। ਪੇਂਟ ਵਿੱਚ ਸ਼ਰਟ ਪਾਕੇ ਬੈਲਟ ਲਾਕੇ ਘੁੰਮੀਏ। ਜੀਨਜ਼ ਦਾ ਕਪੜਾ ਲੈਕੇ ਦਰਜ਼ੀ ਕੋਲੋ ਪੇਂਟ ਵਰਗੀ ਜੀਨਜ਼ ਬਣਵਾ ਲਈਦੀ ਹੈ।
“ਅੰਕਲ ਜੀ ਕਮਰ ਕਿੰਨੀ ਹੈ?”
“ਯਾਰ ਜਨਾਨੀ ਕੋਲੋ ਉਮਰ ਤੇ ਮੋਟੇ ਆਦਮੀ ਕੋਲੋ ਕਮਰ ਨਹੀਂ ਪੁੱਛੀ ਦੀ।” ਪਰ ਫਿਰ ਵੀ ਲੋਅਰ ਟੀਂ ਸ਼ਰਟਾਂ ਸਵੈਟ ਸ਼ਰਟਾਂ ਨਾਲ ਬੰਦਾ ਸੌਖਾ ਤਾਂ ਰਹਿੰਦਾ ਹੀ ਹੈ। ਦਰਜ਼ੀ ਕੋਲੋ ਸੁਆਏ ਪਜਾਮੇ ਕੁੜਤੇ ਸਭ ਖੁੱਡੇ ਲਾਈਨ ਲਾ ਦਿੱਤੇ। ਨਕਦ ਪੈਸੇ ਦੇਣ ਵੇਲੇ ਤਾਂ ਦਿਲ ਨੂੰ ਹੌਲ ਜਿਹਾ ਪੈਂਦਾ ਹੈ। ਪਰ ਆਹ ਕਾਰਡ ਜਿਹਾ ਸਵਾਈਪ ਕਰਕੇ ਭੋਰਾ ਪਤਾ ਨਹੀਂ ਚਲਦਾ। ਉਂਜ ਬੰਦਾ ਰਹਿੰਦਾ ਵੀ ਸੌਖਾ ਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ