ਪਤੀਂ ਪਤਨੀ ਦਾ ਰਿਸ਼ਤਾ ਵੀ ਉਮਰ ਦੇ ਤਕਾਜ਼ੇ ਨਾਲ ਬਦਲਦਾ ਰਹਿੰਦਾ ਹੈ। ਇਹ ਰੂਹਾਂ ਦਾ ਸਾਥ ਹੁੰਦਾ ਹੈ। ਦੋ ਅਜਨਬੀਆਂ ਦਾ ਮੇਲ ਹੁੰਦਾ ਹੈ ਜੋ ਉਮਰਾਂ ਦਾ ਸਾਥ ਨਿਭਾਉਣ ਦੀ ਕੋਸ਼ਿਸ਼ ਵਿੱਚ ਤਾਅ ਜਿੰਦਗੀ ਜੁੜਿਆ ਰਹਿੰਦਾ ਹੈ। ਬੁਢਾਪੇ ਵਿੱਚ ਆ ਕੇ ਇਸ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਇਥੇ ਇਹ ਦੋਹੇਂ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ ਤੇ ਇੱਕ ਦੂਜੇ ਦਾ ਖਿਆਲ ਰੱਖਦੇ ਹਨ।
ਮੈਨੂੰ ਯਾਦ ਹੈ ਮੇਰੀ ਸ਼ਾਦੀ ਤੋਂ ਕੁਝ ਕ਼ੁ ਸਾਲ ਬਾਅਦ ਤੱਕ ਵੀ ਮੇਰੇ ਪਾਪਾ ਜੀ ਮੈਨੂੰ ਝਿੜਕ ਦਿੰਦੇ। ਗੁੱਸੇ ਹੋ ਜਾਂਦੇ। ਆਦਤਨ ਗਰਮ ਵੀ ਬੋਲ ਦਿੰਦੇ ਤੇ ਮੈਂ ਹਰ ਆਗਿਆਕਾਰੀ ਪੁੱਤਰ ਵਾਂਗੂ ਚੁੱਪ ਕਰ ਜਾਂਦਾ ਤੇ ਕੱਦੇ ਕੱਦੇ ਅੱਗੋਂ ਬੋਲਕੇ ਆਪਣਾ ਸਪਸ਼ਟੀਕਰਨ ਵੀ ਦਿੰਦਾ। ਮੇਰੀ ਸ਼ਰੀਕ ਏ ਹਯਾਤ ਤੋਂ ਇਹ ਬਰਦਾਸ਼ਤ ਨਾ ਹੁੰਦਾ ਤੇ ਉਹ ਇਤਰਾਜ਼ ਕਰਦੀ। ਮੇਰੀ ਮਾਂ ਕੋਲ ਵੀ ਇਸਦਾ ਰੋਸ ਜਾਹਿਰ ਕਰਦੀ ਗੁੱਸੇ ਹੁੰਦੀ ਕਿ ਪਾਪਾ ਜੀ ਨੇ ਇਹਨਾਂ ਨੂੰ ਇਉਂ ਕਿਉਂ ਕਿਹਾ।
ਬੇਟਾ ਉਹ ਇਸਦਾ ਪਿਓ ਹੈ । ਜੇ ਇਹ ਤੇਰਾ ਪਤੀ ਹੈ ਤਾਂ ਉਸਦਾ ਵੀ ਤਾਂ ਪੁੱਤ ਹੈ। ਪੁੱਤ ਨੂੰ ਲੜ੍ਹਨ ਅਤੇ ਝਿੜਕਣ ਦਾ ਇੱਕ ਪਿਓ ਨੂੰ ਪੂਰਾ ਹੱਕ ਹੈ। ਪੁੱਤ ਤੇਰੇ ਪਾਪਾ ਦਾ ਗੁੱਸਾ ਨਾ ਕਰਿਆ ਕਰ। ਮੇਰੀ ਮਾਂ ਉਸਨੂੰ ਸਮਝਾਉਂਦੀ। ਤੇ ਇਹ ਚੁੱਪ ਕਰ ਜਾਂਦੀ। ਗੱਲ ਮੇਰੀ ਮਾਂ ਦੀ ਵੀ ਸਹੀ ਹੁੰਦੀ ਸੀ ਤੇ ਗੁੱਸਾ ਮੇਰੀ ਸ਼ਰੀਕ ਏ ਹਯਾਤ ਦਾ ਵੀ ਸਹੀ ਹੁੰਦਾ ਸੀ।
ਸਮੇ ਦੇ ਬੀਤਣ ਨਾਲ ਉਹ ਹਾਲਾਤ ਨਾ ਰਹੇ। ਮਾਂ ਪਿਓ ਤੁਰ ਗਏ। ਸਾਡੇ ਬੱਚੇ ਜਵਾਨ ਹੋ ਗਏ। ਆਪਣੇ ਕੰਮਾਂ ਕਾਰਾਂ ਵਿੱਚ ਮਸਤ ਹੋ ਗਏ। ਘਰੇ ਅਸੀਂ ਦੋਹੇ ਜੀਅ ਇੱਕ ਦੂਜੇ ਦੇ ਪੂਰਕ ਹੋ ਗਏ। ਇੱਕ ਦੂਜੇ ਦਾ ਖਿਆਲ ਰੱਖਣਾ ਰੋਟੀ ਪਾਣੀ ਦਵਾ ਦਾਰੂ ਬਾਰੇ ਚਿੰਤਾ ਕਰਨਾ ਹੀ ਮੁੱਖ ਕੰਮ ਬਣ ਗਿਆ।
ਹੁਣ ਬੱਚੇ ਆਪਣਾ ਕੰਮ ਕਰਦੇ ਹਨ। ਤੇ ਅਸੀਂ ਸੱਠ ਸਾਲਾਂ ਨੇੜ ਨੂੰ ਢੁੱਕ ਚੁੱਕੇ ਹਾਂ। ਬੱਚੇ ਸਮਝਦੇ ਹਨ ਕਿ ਪਾਪਾ ਤੁਸੀਂ ਆ ਨਹੀਂ ਕਰ ਸਕਦੇ। ਉਹ ਨਹੀਂ ਕਰ ਸਕਦੇ। ਚਾਹੇ ਉਹ ਕੋਈ ਘਰ ਦਾ ਛੋਟਾ ਮੋਟਾ ਕੰਮ ਹੋਵੇ ਯ ਕੋਈ ਮੁਰੰਮਤ ਦਾ ਕੰਮ। ਸ਼ਰੀਕ ਏ ਹਯਾਤ ਵੀ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ। ਹੁਣ ਉਸਨੂੰ ਬੱਚਿਆਂ ਦੀ ਗੱਲ ਸੋ ਪ੍ਰਤੀਸ਼ਤ ਸਹੀ ਲਗਦੀ ਹੈ। ਚਾਹੇ ਸਰੀਰ ਭਾਰਾ ਹੈ ਕੰਮ ਕੋਈ ਹੁੰਦਾ ਨਹੀਂ ਪਰ ਦਿਮਾਗ ਕੰਮ ਕਰਦਾ ਹੈ। ਰਾਇ ਦੇਣਾ ਉਮਰ ਦੇ ਤਕਾਜ਼ੇ ਨਾਲ ਜਰੂਰੀ ਹੁੰਦਾ ਹੈ ਰਾਇ ਮੰਨਣੀ ਬੱਚਿਆਂ ਨੂੰ ਗੁਆਰਾ ਨਹੀਂ ਹੁੰਦੀ। ਹਰ ਗੱਲ ਵਿੱਚ ਬੋਲਣਾ ਮਜਬੂਰੀ ਹੁੰਦਾ ਹੈ ਤੇ ਉਮਰ ਦੇ ਇਸ ਪੜਾਅ ਤੇ ਚੁੱਪ ਵੀ ਨਹੀਂ ਰਿਹਾ ਜ਼ਾ ਸਕਦਾ। ਫਿਰ ਅਗਲਾ ਸੱਤਰੇ ਬਹੁੱਤਰੇ ਦਾ ਖਿਤਾਬ ਦੇਣ ਲੱਗਿਆ ਦੇਰੀ ਨਹੀਂ ਲਾਉਂਦਾ। ਇਹ ਸਿਰਫ ਮੇਰੀ ਹੀ ਕਹਾਣੀ ਨਹੀਂ। ਹਰ ਘਰ ਦੀ ਕਹਾਣੀ ਹੈ। ਵਿਚਾਰਾਂ ਦਾ ਸੁਮੇਲ ਨਹੀਂ ਰਹਿੰਦਾ। ਭਿੰਨਤਾ ਕਰਕੇ ਵਿਚਾਰ ਮੇਲ ਨਹੀਂ ਖਾਂਦੇ।
ਬਹੁਤ ਵੀਰਾਂ ਨੇ ਦੱਸਿਆ ਕਿ ਪਤਨੀਆਂ ਵੀ ਬੱਚਿਆਂ ਦੀ ਹਾਂ ਵਿਚ ਹਾਂ ਮਿਲਾਉਂਦੀਆਂ ਹਨ। ਚਾਹੇ ਨੂੰਹਾਂ ਨਾਲ ਉਹਨਾਂ ਦੀਆਂ ਕੁੰਡਲੀਆਂ ਨਾ ਮਿਲਣ। ਪੁੱਤਰਾਂ ਦੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਹੋਣ ਵਾਲੀਆਂ ਮਾਵਾਂ ਪਤੀਆਂ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਛੱਡ ਦਿੰਦਿਆਂ ਹਨ।
ਪਤੀਆਂ ਨੂੰ ਵੀ ਚਾਹੀਦਾ ਹੈ ਉਹ ਬੱਚਿਆਂ ਦੀ ਰਾਇ ਅਤੇ ਓਹਨਾ ਦੀ ਯੋਗਤਾ ਪਹਿਚਾਣਦੇ ਹੋਏ ਆਪਣੀ ਹਿੜ ਛੱਡ ਦੇਣ। ਓਹਨਾ ਦੀ ਕਾਬਲੀਅਤ ਤੇ ਭਰੋਸਾ ਕਰਨ। ਇਹੀ ਸਲੂਕ ਆਪਣੀਆਂ ਪਤਨੀਆਂ ਨਾਲ ਕਰਨ। ਓਹਨਾ ਦੀਆਂ ਲੋੜਾਂ ਰੀਝਾਂ ਅਤੇ ਭਾਵਨਾਵਾਂ ਵੱਲ ਤਵੱਜੋ ਦੇਣ ਤਾਂ ਕਿ ਜ਼ਿੰਦਗੀ ਦਾ ਇਹ ਅੰਤਿਮ ਪੜਾਅ ਸੁੱਖ ਸ਼ਾਂਤੀ ਅਤੇ ਚੈਨ ਨਾਲ ਗੁਜ਼ਰ ਜਾਵੇ।
#ਰਮੇਸ਼ਸੇਠੀਬਾਦਲ