ਮੇਰੀ ਸ਼ਾਦੀ ਤੋਂ ਕੋਈਂ ਤੇਰਾਂ ਕੁ ਸਾਲਾਂ ਬਾਅਦ ਮੈ ਜੋਇੰਟ ਫੈਮਿਲੀ ਦੇ ਸੁੱਖ ਤੋਂ ਵਾਂਝਾ ਹੋ ਗਿਆ। ਮੈਂ ਆਪਣੇ ਤੱਕੜੀ ਵੱਟੇ ਚੁੱਕਕੇ ਮੇਰੇ ਲਈ ਬਣਵਾਈ ਨਵੀ ਕੋਠੀ ਵਿੱਚ ਆ ਗਿਆ। ਚਾਹੇ ਇਹ ਸਾਰਾ ਭਾਣਾ ਆਪਸੀ ਸਹਿਮਤੀ ਨਾਲ ਵਾਪਰਿਆ। ਪਰ ਜਨਰੇਸ਼ਨ ਗੈਪ ਅਤੇ ਗਰਮ ਖੂਨ ਕਾਰਨ ਮੈਂ ਮੇਰੇ ਪਾਪਾ ਜੀ ਨਾਲ ਗੁੱਸੇ ਹੋ ਗਿਆ। ਮੈਂ ਆਪਣੀ ਜਗ੍ਹਾ ਸਹੀ ਸੀ ਤੇ ਪਾਪਾ ਜੀ ਦਾ ਆਪਣਾ ਤਜ਼ੁਰਬਾ ਬੋਲਦਾ ਸੀ ਉਹ ਸੁਭਾਅ ਦੇ ਵੀ ਕੜਕ ਸਨ। ਗੁੱਸੇ ਵਿੱਚ ਮੈਂ ਪਾਪਾ ਜੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਦੋ ਦਿਨਾਂ ਬਾਅਦ ਮੇਰੀ ਬੇਗਮ ਨੂੰ ਇਸ ਗੱਲ ਦਾ ਪਤਾ ਲੱਗਿਆ। ਉਹ ਬਹੁਤ ਚਿੰਤਿਤ ਹੋਈ। ਉਸਨੂੰ ਲੱਗਿਆ ਕਿ ਜੇ ਇਹ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਪਿਓ ਪੁੱਤਰ ਵਿੱਚ ਗੰਢ ਪੈ ਜਾਵੇਗੀ। ਉਸਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ। ਜੇ ਗੱਲ ਵੱਧ ਗਈ ਤਾਂ ਉਸ ਲਈ ਵੀ ਧਰਮ ਸੰਕਟ ਖੜਾ ਹੋ ਜਾਵੇਗਾ। ਤੀਸਰੇ ਦਿਨ ਉਸਨੇ ਮੈਨੂੰ ਆਪਣੇ ਤਰਕਾਂ ਨਾਲ ਸਮਝਾਇਆ। ਮੈਨੂੰ ਆਪਣਾ ਸਟੈਂਡ ਬਦਲਣ ਲਈ ਕਿਹਾ ਅਤੇ ਪਾਪਾ ਜੀ ਨੂੰ ਬਲਾਉਣ ਲਈ ਰਾਜ਼ੀ ਕੀਤਾ। ਮੈਂ ਬਹੁਤ ਜਿਗਰਾ ਕਰਕੇ ਪਾਪਾ ਜੀ ਨੂੰ ਫਿਰ ਤੋਂ ਬੁਲਾਉਣ ਲੱਗ ਪਿਆ। ਜੇ ਉਸ ਸਮੇਂ ਮੇਰੀ ਬੇਗਮ ਇਹ ਸਿਆਣਪ ਨਾ ਕਰਦੀ ਯ ਮੈਂਨੂੰ ਹੋਰ ਭੜਕਾ ਦਿੰਦੀ ਤਾਂ ਇਹ ਮਸਲਾ ਕਦੇ ਨਾ ਸੁਲਝਦਾ। ਉਹ ਕਹਿੰਦੀ “ਔਰਤ ਦਾ ਫਰਜ਼ ਮੱਚਦੀ ਤੇ ਤੇਲ ਪਾਉਣਾ ਨਹੀਂ ਮਿੱਟੀ ਪਾਉਣਾ ਹੁੰਦਾ ਹੈ।”
ਬਾਪ ਬੇਟੇ ਵਿੱਚ ਜਨਰੇਸ਼ਨ ਗੈਪ ਕਰਕੇ ਬਹੁਤੇ ਵਾਰੀ ਮਤਭੇਦ ਹੋ ਸਕਦੇ ਹਨ। ਕਈ ਵਾਰੀ ਨਵਾਂ ਖੂਨ ਅਤੇ ਸਫੈਦ ਵਾਲ ਆਪਸ ਵਿੱਚ ਟਕਰਾ ਜਾਂਦੇ ਹਨ ਉਹ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ। ਪਰ ਇਸ ਟਕਰਾ ਨੂੰ ਵਧਾਉਣ ਜਾ ਠੰਡ ਕਰਨ ਵਾਲੀ ਔਰਤ ਹੀ ਹੁੰਦੀ ਹੈ। ਘਰੇਲੂ ਰਿਸ਼ਤਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਈ ਵਾਰੀ ਇੱਕ ਮਾਂ ਵੀ ਪਿਓ ਪੁੱਤ ਦੇ ਦੁਫੇੜ ਵਿੱਚ ਫਸ ਜਾਂਦੀ ਹੈ। ਪਰਿਵਾਰਿਕ ਸੰਤੁਲਨ ਬਨਾਉਣ ਵਿੱਚ ਔਰਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਔਰਤ ਉਹ ਨਰਮ ਮਿੱਟੀ ਹੈ ਜੋ ਵੱਡੀਆਂ ਵੱਡੀਆਂ ਦਰਾਰਾਂ ਨੂੰ ਭਰ ਸਕਦੀ ਹੈ ਤੇ ਕਈ ਵਾਰੀ ਦ੍ਰੋਪਤੀ ਬਣਕੇ ਦਰਾਰ ਪੈਦਾ ਵੀ ਕਰ ਸਕਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ