ਜਦ ਉਸ ਦਾ ਜਨਮ ਹੋਇਆ ਤਾਂ ਸਾਰਾ ਹੀ ਘਰ ਬਹੁਤ ਖੁਸ਼ ਸੀ, ਪਹਿਲਾ ਬੱਚਾ ਜੋ ਸੀ ਘਰ ਦਾ।ਹਰ ਕਿਸੇ ਨੂੰ ਉਸ ਦੇ ਆਉਣ ਦਾ ਚਾਅ ਚੜ੍ਹਿਆ ਪਿਆ ਸੀ।ਉਸਦੇ ਪਾਪਾ ਦੇ ਤਾਂ ਅੱਜ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ।ਉਨ੍ਹਾਂ ਨੇ ਤਾਂ ਸੋਚ ਲਿਆ ਸੀ ਕਿ ਉਹ ਆਪਣੀ ਧੀ ਰਾਣੀ ਦਾ ਨਾਮ ਨੂਰ ਰੱਖਣਗੇ, ਕਿਉਂਕਿ ਜਦੋ ਉਨ੍ਹਾਂ ਨੇ ਨੂਰ ਨੂੰ ਹੱਥਾਂ ਵਿੱਚ ਲਿਆ ਸੀ ਤਾਂ ਉਸਦਾ ਨੂਰਾਨੀ ਚਿਹਰਾ ਉਨ੍ਹਾਂ ਦੀ ਸਾਰੀ ਚਿੰਤਾ ਦੂਰ ਕਰ ਗਿਆ ਸੀ।ਦਾਦਾ ਜੀ ਕਹਿ ਰਹੇ ਸਨ ਅੱਜ ਭਾਗਾ ਵਾਲਾ ਦਿਨ ਹੈ ਤੇ ਦਾਦੀ ਨੂੰ ਮਠਿਆਈ ਜਲਦੀ ਲੈ ਕੇ ਆਉਣ ਲਈ ਕਹਿ ਰਹੇ ਸਨ।ਪਰ ਇਸ ਸਭ ਦੌਰਾਨ ਇੱਕ ਇਨਸਾਨ ਸੀ ਜੋ ਨਾਖੁਸ਼ ਨਜ਼ਰ ਆ ਰਿਹਾ ਸੀ,ਉਹ ਸੀ ਨੂਰ ਦੀ ਦਾਦੀ।ਜਦੋ ਦਾ ਸੁਣਿਆ ਸੀ ਕਿ ਲੱਛਮੀ ਆਈ ਹੈ, ਓਦੋਂ ਦਾ ਉਨ੍ਹਾਂ ਦਾ ਚਿਹਰਾ ਉਤਰਿਆ ਹੋਇਆ ਸੀ।ਨੂਰ ਦੇ ਦਾਦਾ ਜੀ ਸਭ ਭਾਂਪ ਗਏ ਸਨ, ਪਰ ਓਹ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੁੰਦੇ ਸਨ,ਇਸ ਲਈ ਚੁੱਪ ਸਨ।ਜਦੋਂ ਕਾਫ਼ੀ ਇੰਤਜ਼ਾਰ ਤੋਂ ਬਾਅਦ ਵੀ ਮਠਿਆਈ ਨਾ ਆਈ ਤਾਂ ਦਾਦਾ ਜੀ ਨੇ ਦਾਦੀ ਜੀ ਨੂੰ ਕਿਹਾ,” ਇੰਨਾ ਸਮਾਂ ਕਿਉਂ ਲਗਾਂਦੀ ਪਈ ਏ ਭਾਗਵਾਨੇ ਖੁਸ਼ੀ ਦਾ ਦਿਨ ਮਸਾਂ-ਮਸਾਂ ਤੇ ਆਇਆ ਏ”।ਪਰ ਨੂਰ ਦੀ ਦਾਦੀ ਓਸੇ ਤਰ੍ਹਾਂ ਜਿਥੇ ਸੀ ਉੱਥੇ ਹੀ ਖੜੀ ਰਹੀ ਤੇ ਬੋਲਣ ਲੱਗੀ,”ਵੇਖਿਆ ਰੱਬ ਨੇ ਪਹਿਲੀ ਵਾਰੀ ਹੀ ਪੱਥਰ ਚੁੱਕ ਕੇ ਮਾਰਿਆ ਮੂੰਹ ਤੇ।ਮੈਂ ਤਾਂ ਪਹਿਲਾਂ ਹੀ ਕਿਹਾ ਸੀ ਟੈਸਟ ਕਰਵਾਉਣ ਨੂੰ ਤੁਸੀਂ ਆਵਦੀ ਪੜ੍ਹੀ-ਲਿਖੀ ਨੂੰਹ ਤੇ ਪੁੱਤ ਦੇ ਮਗਰ ਲੱਗੇ ਰਹੇ, ਅਖੇ ਟੈਸਟ ਕਰਵਾਉਣਾ ਜੁਰਮ ਆ।ਓਦੋਂ ਟੈਸਟ ਕਰਵਾਉਣ ਦਿੱਤਾ ਹੁੰਦਾ ਨਾ, ਤਾਂ ਮੈਂ ਨਾਲੇ ਫਾਹਾ ਨਬੇੜ ਦੇਣਾ ਸੀ।ਹੁਣ ਦੇਖੋ ਹੋ ਗਿਆ ਨਾ ਓਹੀ ਜਿਥੋਂ ਡਰਦੇ ਸੀ।”ਦਾਦੀ ਦੀ ਗੱਲ ਸੁਣ ਕੇ ਦਾਦਾ ਜੀ ਬੜੇ ਗੁੱਸੇ ਵਿੱਚ ਆ ਕੇ ਬੋਲੇ,”ਡਰਦੀ ਤੂੰ ਸੀ, ਅਸੀਂ ਨੀ ਸੀ।ਸਾਨੂੰ ਤਾਂ ਧੀ-ਪੁੱਤ ਦੋਵੇਂ ਮਨਜ਼ੂਰ ਨੇ।ਆਖਿਰ ਹੁੰਦੇ ਤਾਂ ਦੋਵੇਂ ਰੱਬ ਦੇ ਦੇਣ ਨੇ ਨਾ।”ਦਾਦੀ ਗੁੱਸੇ ਵਿੱਚ ਓਥੋਂ ਚਲੀ ਗਈ।ਦਾਦੀ ਤੋਂ ਇਲਾਵਾ ਘਰ ਦੇ ਸਾਰੇ ਮੈਂਬਰ ਬਹੁਤ ਖੁਸ਼ ਸਨ।ਨੂਰ ਦਾ ਸਵਾਗਤ ਘਰ ਵਿੱਚ ਫੁੱਲਾਂ ਨਾਲ ਕੀਤਾ ਗਿਆ। ਸਮਾਂ ਆਪਣੀ ਚਾਲ ਚਲਦਾ ਗਿਆ।ਨੂਰ ਵੱਡੀ ਹੋ ਰਹੀ ਸੀ, ਉਹ ਘਰ ਵਿੱਚ ਸਭ ਦੀ ਲਾਡਲੀ ਸੀ, ਬਸ ਇੱਕ ਦਾਦੀ ਤੋਂ ਛੁੱਟ।ਦਾਦੀ ਤਾਂ ਨੂਰ ਦਾ ਚਿਹਰਾ ਦੇਖ ਕੇ ਹੀ ਚਿੜ ਜਾਂਦੀ ਸੀ।ਨੂਰ2 ਸਾਲ ਦੀ ਹੋ ਚੁੱਕੀ ਸੀ ਪਰ ਉਸ ਨੇ ਅਜੇ ਤਕ ਤੁਰਨਾ ਸ਼ੁਰੂ ਨਹੀਂ ਸੀ ਕੀਤਾ। ਸਾਰੇ ਘਰ ਵਾਲੇ ਚਿੰਤਾ ਵਿੱਚ ਸਨ ਕਿ ਨੂਰ ਨੇ ਅਜੇ ਤੱਕ ਤੁਰਨਾ ਕਿਉਂ ਨਹੀਂ ਸ਼ੁਰੂ ਕੀਤਾ।ਅਖ਼ੀਰ ਨੂਰ ਦੇ ਮੰਮੀ-ਪਾਪਾ ਨੇ ਨੂਰ ਨੂੰ ਡਾਕਟਰ ਕੋਲ ਦਿਖਾਉਣ ਦਾ ਫ਼ੈਸਲਾ ਕੀਤਾ।ਡਾਕਟਰ ਨੂੰ ਦਿਖਾਉਣ ਤੋਂ ਬਾਅਦ ਪਤਾ ਲੱਗਾ ਕਿ ਪੈਦਾਇਸ਼ੀ ਨੂਰ ਦੀਆਂ ਲੱਤਾਂ ਬਹੁਤ ਕਮਜ਼ੋਰ ਨੇ ਇਸ ਕਰਕੇ ਉਹ ਆਪਣੇ ਪੈਰਾਂ ਭਾਰ ਖੜੀ ਨਹੀਂ ਹੋ ਸਕਦੀ।ਫਿਜਿਓਥੈਰੇਪੀ ਦੀ ਮਦਦ ਨਾਲ ਇਸਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਕਾਫੀ ਸਮਾਂ ਲੱਗ ਸਕਦਾ ਹੈ।ਸਾਰੇ ਰਾਜ਼ੀ ਸਨ ਤੇ ਨੂਰ ਦੀ ਫਿਜਿਓਥੈਰੇਪੀ ਸ਼ੁਰੂ ਹੋ ਗਈ।ਨੂਰ ਦੀ ਦਾਦੀ ਅਜੇ ਵੀ ਉਸਦੇ ਦਾਦਾ ਜੀ ਨੂੰ ਤਾਨੇ ਮਾਰਦੀ ਕਿ ਜੇ ਤੁਸੀ ਉਸ ਵੇਲੇ ਮੇਰੀ ਸੁਣੀ ਹੁੰਦੀ ਤਾਂ ਅੱਜ ਆਹ ਦਿਨ ਨਾ ਦੇਖਣਾ ਪੈਂਦਾ।ਇੱਕ ਤਾਂ ਰੱਬ ਨੇ ਕੁੜੀ ਦੇਦਿੱਤੀ ਉਤੋਂ ਉਹ ਵੀ ਅਪੰਗ।ਨੂਰ ਦੇ ਦਾਦਾ ਜੀ ਇਸ ਗੱਲ ਤੋਂ ਬੜਾ ਗੁੱਸਾ ਕਰਦੇ ਪਰ ਹੁਣ ਤਾਂ ਇਹ ਰੋਜ ਦਾ ਹੋ ਗਿਆ ਸੀ।ਸਮਾਂ ਗੁਜਰਦਾ ਗਿਆ ਨੂਰ ਨੂੰ ਸਕੂਲ ਦਾਖ਼ਿਲ ਕਰਵਾਇਆ ਗਿਆ।ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ।ਇੱਕ ਦਿਨ ਸਕੂਲ ਦੀ ਗਰਾਊਂਡ ਵਿੱਚ ਨੂਰ ਨੇ ਬੱਚਿਆਂ ਨੂੰ ਬੈਡਮਿੰਟਨ ਖੇਡਦੇ ਹੋਏ ਦੇਖਿਆ ਤਾਂ ਉਸ ਦਾ ਬੜਾ ਮਨ ਕੀਤਾ, ਪਰ ਲੱਤਾਂ ਕਮਜ਼ੋਰ ਹੋਣ ਕਰਕੇ ਉਹ ਤਾਂ ਚੰਗੀ ਤਰਾਂ ਖੜੀ ਵੀ ਨਹੀਂ ਸੀ ਹੋ ਸਕਦੀ।ਉਸਦੇ ਪੀ’:ਟੀ ਟੀਚਰ ਸਬਕੁਝ ਦੇਖ ਰਹੇ ਸਨ।ਉਨ੍ਹਾਂ ਨੇ ਨੂਰ ਨੂੰ ਪੁੱਛਿਆ ਕਿ ਗੱਲ ਕੀ ਹੈ?ਪਰ ਨੂਰ ਚੁੱਪਚਾਪ ਉਦਾਸ ਜਹੀ ਬੈਠੀ ਰਹੀ।ਅਗਲੇ ਦਿਨ ਫਿਰ ਨੂਰ ਬੱਚਿਆਂ ਨੂੰ ਬੈਡਮਿੰਟਨ ਖੇਡਦੇ ਦੇਖ ਕੇ ਉਦਾਸ ਹੋ ਗਈ।ਹੁਣ ਉਸਦੇ ਟੀਚਰ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ।ਉਨ੍ਹਾਂ ਨੇ ਨੂਰ ਨਾਲ ਗੱਲ ਕੀਤੀ ਤੇ ਸਮਝਾਇਆ ਕਿ ਉਹ ਵੀ ਖੇਡ ਸਕਦੀ ਹੈ।ਨੂਰ ਇਹ ਸੁਣਕੇ ਬਹੁਤ ਖੁਸ਼ ਹੋਈ।ਅਗਲੇ ਦਿਨ ਉਸਦੇ ਘਰਦਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਨੂਰ ਦੇ ਟੀਚਰ ਨੇ ਨੂਰ ਨੂੰ ਸਮਝਾਇਆ ਕਿ ਕਿਸੇ ਵੀ ਤਰਾਂ ਦੀ ਸਰੀਰਕ ਕਮਜ਼ੋਰੀ ਉਸਦੇ ਸੁਪਨਿਆਂ ਵਿੱਚ ਰੁਕਾਵਟ ਨਹੀਂ ਬਣ ਸਕੇਗੀ।ਹੁਣ ਉਹ ਵੀ ਖੇਡ ਸਕੇਗੀ।ਤੇ ਉਨ੍ਹਾਂ ਨੇ ਨੂਰ ਨੂੰ ਦਸਿਆ ਕਿ ਤੇਰੇ ਵਰਗੇ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਕਿਸਮ ਦੀਆਂ kheda ਹੁੰਦੀਆਂ ਨੇ।ਇਹ ਸੁਣ ਕੇ noor ਬਹੁਤ ਖੁਸ਼ ਹੋਈ।ਉਸਨੂੰ ਇੰਝ ਲੱਗਦਾ ਸੀ ਜਿਵੇਂ ਉਹ ਸੁਪਨੇ ਦੇ ਅਸਮਾਨ ਵਿੱਚ ਉਡਾਰੀਆਂ ਭਰ ਰਹੀ ਹੋਵੇ।ਨੂਰ ਨੂੰ ਖੁਸ਼ ਦੇਖ ਕੇ ਸਾਰੇ ਘਰ ਵਾਲੇ ਬਹੁਤ ਖੁਸ਼ ਸਨ।ਪਰ ਨੂਰ ਦੀ ਦਾਦੀ ਬੋਲੀ ਜਾ ਰਹੀ ਸੀ ਕਿ ਨੂਰ ਦੀਆਂ ਲੱਤਾਂ ਪਹਿਲਾਂ ਹੀ ਕਮਜ਼ੋਰ ਨੇ ਉੱਤੇ ਖੇਡੇਗੀ ਇਹ ਕਿਵੇਂ ਹੋ ਸਕਦਾ ਹੈ।ਨੂਰ ਇਹ ਸੁਣ ਕੇ ਬਹੁਤ ਉਦਾਸ ਹੋ ਗਈ, ਫਿਰ ਉਸਦੇ ਮੰਮੀ ਨੇ ਉਸਨੂੰ ਸਮਝਾਇਆ,”ਦੇਖ ਨੂਰ ਬੇਟਾ, ਕੰਮ ਕੋਈ ਵੀ ਨਾਮੁਨਕਿਨ ਨਹੀਂ ਹੁੰਦਾ, ਹਾਂ ਥੋੜ੍ਹਾ ਮੁਸ਼ਕਿਲ ਜਰੂਰ ਹੋ ਸਕਦਾ ਹੈ।ਅਸੀਂ ਸਾਰੇ ਹਮੇਸ਼ਾ ਤੇਰੇ ਨਾਲ ਹਾਂ।ਬਸ ਤੂੰ ਸਿਰਫ਼ ਤੇ ਸਿਰਫ਼ ਆਪਣੀ ਮੰਜ਼ਿਲ ਵੱਲ ਜਾਣ ਬਾਰੇ ਸੋਚਣਾ ਹੈ।”ਨੂਰ ਨੇ ਮੰਮੀ ਦੀ ਸਮਝਾਈ ਗੱਲ ਪੱਲੇ ਬੰਨ੍ਹ ਲਈ ਅਤੇ ਪੀ:ਟੀ ਟੀਚਰ ਦੀ ਮਦਦ ਨਾਲ ਆਪਣਾ ਅਭਿਆਸ ਸ਼ੁਰੂ ਕੀਤਾ।2 ਸਾਲ ਦੀ ਮਿਹਨਤ ਤੋਂ ਬਾਅਦ ਨੂਰ ਨੇ ਪੈਰਾ ਇੰਟਰ-ਸਕੂਲ ਖੇਡਾਂ ਦੇ ਵਿੱਚ ਸੋਨ ਤਗਮਾ ਜਿਤਿਆ।ਹੁਣ ਨੂਰ ਦੀ ਚੋਣ ਸਟੇਟ ਲੈਵਲ ਲਈ ਹੋ ਗਈ ਸੀ।ਨੂਰ ਅਤੇ ਉਸਦੇ ਪੀ:ਟੀ ਟੀਚਰ ਦੀ ਸਖ਼ਤ ਮਿਹਨਤ ਅਤੇ ਨੂਰ ਦੇ ਘਰਦਿਆਂ ਦੀ ਹੋਂਸਲਾ ਅਫ਼ਜ਼ਾਈ ਸਦਕਾ ਨੂਰ ਨੂੰ ਨੈਸ਼ਨਲ ਲੈਵਲ ਤੇ ਭੇਜਣ ਤੋਂ ਬਾਅਦ ਉਸਦਾ ਹੁਣ ਪੈਰਾ ਓਲੰਪਿਕ ਖੇਡਾਂ ਵਾਸਤੇ ਟਰਾਇਲ ਸੀ।ਨੂਰ ਬਹੁਤ ਚਿੰਤਿਤ ਸੀ, ਉਹ ਡਰੀ ਹੋਈ ਸੀ ਕਿ ਬਸ ਉਸਦਾ ਟਰਾਇਲ ਵਧੀਆ ਹੋ ਜਾਵੇ ਤਾਂ ਉਸਦਾ ਸੁਪਨਾ ਪੂਰਾ ਹੋ ਜਾਵੇ ਤੇ ਉਹ ਆਪਣੀ ਦਾਦੀ ਜੀ ਨੂੰ ਇਹ ਸਾਬਿਤ ਕਰ ਸਕੇ ਕਿ ਕੁੜੀਆਂ ਬੋਝ ਨਹੀਂ ਹੁੰਦੀਆਂ।ਉਸਦੀਆਂ ਬੇਸ਼ੱਕ ਲੱਤਾਂ ਕਮਜ਼ੋਰ ਨੇ ਪਰ ਹੋਂਸਲੇ ਮਜ਼ਬੂਤ ਨੇ।ਉਹ ਅਜੇ ਸੋਚਾਂ ਦੇ ਤਾਣੇ-ਬਾਣੇ ਵਿੱਚ ਉਲਝੀ ਬੈਠੀ ਸੀ ਕਿ ਟਰਾਇਲ ਰੂਮ ਵਿੱਚ ਕੋਈ ਆਇਆ, ਉਸਨੇ ਨਜ਼ਰ ਮਾਰੀ ਤਾਂ ਉਸਦੇ ਦਾਦੀਜੀ ਸਨ,ਜੋ ਭਿੱਜੀਆਂ ਹੋਈਆਂ ਅੱਖਾਂ ਲੈ ਕੇ ਨੂਰ ਦੇ ਸਾਹਮਣੇ ਖੜੇ ਸਨ।ਉਨ੍ਹਾਂ ਨੂੰ ਰੋਂਦੇ ਹੋਏ ਦੇਖ ਕੇ ਨੂਰ ਨੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਨੂਰ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ ਤੇ ਬੋਲਣ ਲੱਗੇ,”ਨੂਰ ਪੁੱਤ, ਮੈਨੂੰ ਮਾਫ ਕਰਦੇ।ਮੈਂ ਸ਼ੁਰੂ ਤੋਂ ਹੀ ਤੇਰੇ ਨਾਲ ਬਹੁਤ ਮਾੜੀ ਕੀਤੀ ਆ।ਮੈਂ ਹਮੇਸ਼ਾ ਤੈਨੂੰ ਤਾਨੇ ਮਾਰਦੀ ਰਹੀ, ਅਪੰਗ ਕਹਿੰਦੀ ਰਹੀ।ਅੱਜ ਜਦੋਂ ਮੈਂ ਟੇਲੀਵਿਜਨ ਤੇ ਤੈਨੂੰ ਦੇਖਿਆ ਤੇ ਸੁਣਿਆ, ਮੇਰੇ ਕੋਲੋ ਰਿਹਾ ਨਾ ਗਿਆ।ਮੈਂ ਹਮੇਸ਼ਾ ਤੇਰੇ ਨਾਲ ਧੱਕਾ ਕੀਤਾ,ਤੈਨੂੰ ਮਾਰਨ ਤੱਕ ਦੀਆਂ ਗੱਲਾਂ ਕੀਤੀਆਂ, ਪਰ ਤੂੰ ਟੈਲੀਵਿਜ਼ਨ ਤੇ ਕਿਹਾ ਕਿ ਮੈਂ ਜੋ ਵੀ ਹਾਂ ਆਪਣੇ ਦਾਦਾ-ਦਾਦੀ ਦੇ ਕਾਰਨ ਹਾਂ।ਉਨ੍ਹਾਂ ਨੇ ਹਮੇਸ਼ਾ ਮੈਨੂੰ ਪੁੱਤਰਾਂ ਤੋਂ ਵੱਧ ਕੇ ਪਿਆਰ ਕੀਤਾ ।ਪਰ ਪੁੱਤ ਤੇਰੇ ਦਾਦਾ ਜੀ ਨੇ ਹਮੇਸ਼ਾ ਤੈਨੂੰ ਪਿਆਰ ਕੀਤਾ ਮੈਂ ਤਾਂ ਤੈਨੂੰ ਤਾਨੇ ਹੀ ਮਾਰਦੀ ਰਹੀ।”ਨੂਰ ਨੇ ਕਿਹਾ,”ਨਹੀਂ ਦਾਦੀ ਜੀ ਤੁਸੀਂ ਵੀ ਤਾਂ ਮੈਨੂੰ ਬਹੁਤ ਪਿਆਰ ਕਰਦੇ ਹੋ,ਮੈਨੂੰ ਪਤਾ ਹੈ।ਮੰਮੀ ਕਹਿੰਦੇ ਸੀ ਕਿ ਤੁਸੀਂ ਮੈਨੂੰ ਉਨ੍ਹਾਂ ਸਾਰਿਆਂ ਤੋਂ ਵੀ ਜ਼ਿਆਦਾ ਪਿਆਰ ਕਰਦੇ ਹੋ, ਬੱਸ ਤੁਹਾਡਾ ਜਤਾਉਣ ਦਾ ਤਰੀਕਾ ਥੋੜ੍ਹਾ ਵੱਖਰਾ ਆ।”ਇਹ ਸਭ ਸੁਣਨ ਤੋਂ ਬਾਅਦ ਨੂਰ ਦੀ ਦਾਦੀ ਦੇ ਹੰਝੂ ਰੁਕ ਹੀ ਨਹੀਂ ਰਹੇ ਸਨ। ਹੁਣ ਉਹ ਸਮਝ ਚੁੱਕੀ ਸੀ ਕਿ ਧੀਆਂ ਬੋਝ ਜਾਂ ਪੱਥਰ ਨਹੀਂ ਹੁੰਦੀਆਂ ਤੇ ਕਿਸੇ ਦੀ ਵੀ ਸਰੀਰਕ ਕਮਜ਼ੋਰੀ ਉਸਦੇ ਸੁਪਨਿਆਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕਦੀ।ਬਸ ਸਮਾਜ ਵਿੱਚ ਫੈਲੀ ਹੋਈ ਮਾਨਸਿਕ ਅਪੰਗਤਾ ਹੀ ਸਮਾਜ ਨੂੰ ਖੋਖਲਾ ਕਰ ਰਹੀ ਹੈ।