3ਕਹਾਣੀ/ਟਿਫਨ
ਜਿਵੇਂ ਜਿਵੇਂ ਦਿਨ ਉਤਾਂਹ ਹੁੰਦਾ, ਗਰਮੀ ਦੀ ਚਿੱਟੀ ਧੁੱਪ , ਜੱਗੂ ਦੇ ਮਟਮੈਲੇ ਜਿਹੇ ਕੁੜਤੇ ਨੂੰ ਚੀਰਦੀ ਜਾਂਦੀ।
ਗੁਮਨਾਮ ਜਹੀ ਜਿੰਦਗੀ ਤੇ ਕਿੰਨੇ ਸਾਰੇ ਅਨਭੋਲ ਜਿਹੇ ਜਿਹਨ ਵਿੱਚ ਸਵਾਲ ਚੱਕੀ ਅਕਸਰ ਪਤਾ ਨਹੀਂ ਕਿੰਨੇ ਵਰਿਆਂ ਤੋਂ ਜੱਗੂ ਸ਼ਹੀਦੀ ਚੌਂਕ ਵਿੱਚ ਫੜੀ ਵਾਲੇ ਕੋਲ ਆ ਸਾਈਕਲ ਦਾ ਸਟੈਂਡ ਮਾਰ ਹੈਂਡਲ ਨਾਲ ਬੰਨੇ ਰੋਟੀ ਵਾਲੇ ਲਿਫਾਫੇ ਨੂੰ ਦੋ ਗੰਢਾਂ ਹੋਰ ਮਾਰ ਦਿੰਦਾ।
ਬਿੱਲੂ ਠੇਕੇਦਾਰ ਦੇ ਕਾਮੇ ਕਦੇ ਵੀ ਸ਼ਹੀਦੀ ਚੌਂਕ ਵਿੱਚ ਨਹੀਂ ਸੀ ਬੈਠਦੇ। ਵਾਹਵਾ ਕੰਮ ਸੀ ਬਿੱਲੂ ਠੇਕੇਦਾਰ ਕੋਲ, ਬਾਕੀ ਜੱਟਾਂ ਦਾ ਮੁੰਡਾ ਸੀ ,ਲਾਣਾ ਵੱਡਾ, ਤੇ ਉੱਤੋਂ ਬਾਰਾਂ ਸਾਲ ਦੁਬਈ ਵਿੱਚ ਰਾਜਗਿਰੀ ਕੀਤੀ। ਤਾਂ ਹੀ ਸਾਰਾ ਸਾਲ ਪਿੰਡ ਤੇ ਸ਼ਹਿਰ ਵਿੱਚ ਬਿੱਲੂ ਠੇਕੇਦਾਰ ਦਾ ਕੰਮ ਚਲਦਾ ਰਹਿੰਦਾ। ਕਦੀ ਕਦਾਈ ਆਹ ਸਾਡੇ ਆਲੇ ਵਿਹੜੇ ਪਾਸੇ ਆਉਂਦਾ। ਜਿਸ ਦਿਨ ਜਿਆਦਾ ਕਾਮਿਆਂ ਦੀ ਲੋੜ ਹੁੰਦੀ। ਊ ਇਹੋ ਆਖਦਾ, ਕਿ ਵੇਹੜੇ ਆਲੇ ਕੰਮ ਨੀ ਕਰਕੇ ਰਾਜੀ। ਸਵੱਖਤੇ ਹੀ ਬਿੱਲੂ ਠੇਕੇਦਾਰ ਨੇ ਆ ਜੱਗੂ ਦਾ ਬੂਹਾ ਖੜਕਾਇਆ।
ਚਾਹ ਦੀ ਦੂਜੀ ਬਾਟੀ ਨੇਪੜੇ ਚੜ ਗਈ ਸੀ।
ਸਾਲਾ ਸਰੀਰ ਹੀ ਨੀ ਖੁੱਲਦਾ,
ਹਾਂ ਬਈ ਆਉਣਾ।
ਉਹ ਦੂਜੀ ਗਾਂ ਵੀ ਦੁੱਧੋਂ ਸੁੱਕ ਗਈ ਸੀ।
ਤਾਹੀਂ ਕੱਚੇ ਜਿਹੇ ਢਾਰੇ ਮੂਹਰੋਂ ਗਾਵਾਂ ਲਈ ਬਣਾਏ ਜੁਬੜ ਨੂੰ ਚੱਕ ਨਿੱਕੀ ਨਿੱਕੀ ਕੰਧ ਤੇ ਦੂਜੇ ਪਾਸੇ ਇੱਟਾਂ ਦਾ ਕੌਲਾ ਕੱਢ ਬਾਰ ਦਾ ਕੰਮ ਲੈ ਲਿਆ।
ਜੁਬੜ ਨੂੰ ਇੱਕ ਪਾਸਿਓਂ ਘੜੀਸ ਛੋਟੀ ਕੰਧ ਨਾਲ ਲਾ ਦਿੱਤਾ।
ਆਓ ਬਾਈ ਜੀ ਕਿਵੇਂ ਆਉਣਾ ਹੋਇਆ। ਮੂਹੋਂ ਬੋਲ ਜੱਗੂ ਨੇ ਅੰਦਰ ਕਚੀਚੀ ਜਿਹੀ ਵੱਟੀ ਲਈ। ਲੈ ਵੱਡਾ ਠੇਕੇਦਾਰ, ਅੱਜ ਲੋੜ ਹੋਣੀ ਆ, ਤਾਂਹੀ ਆ ਗਿਆ।
ਉਏ ਕਿਵੇਂ ਭੱਜਿਆ ਟੁੱਟਿਆ ਪਿਆ। ਆਜਾ ਸ਼ਹਿਰ ਲੈਂਟਰ ਪੈਣਾ, ਨਾਲੇ ਫੱਕੀ ਮਾਰ ਲਈ। ਹੱਡ ਦੁਖਣੋ ਹਟ ਜਾਣਗੇ। ਗੱਡੀ ਤੇ ਜਾਣਾ ਤੇ ਗੱਡੀ ਤੇ ਆਉਣਾ ਤੇ ਦਿਹਾੜੀ ਨਾਗਦ।
ਓਏ ਨਾ ਬਾਈ। ਪਹਿਲਾਂ ਆ ਤੁਹਾਡੇ ਨਰੇਣੇ ਕਿਆ ਨੇ ਸਾਨੂੰ ਲੱਸੀ ਵਾਲਾ ਲਾਣਾ ਬਣਾਤਾ ਤੇ ਕੱਲ ਨੂੰ ਤੁਸੀਂ ਫੱਕੀ ਆਲਾ ਕਹਿਣ ਲੱਗ ਜੋਗੇ। ਨਾਲੇ ਆ ਗਰੀਬ ਬੰਦਿਆਂ ਨੂੰ ਇਹੋ ਜਿਹੇ ਨਸ਼ਿਆਂ ਤੇ ਨਾ ਲਾਇਆ ਕਰੋ।ਜੱਗੂ ਦੇ ਜਿਵੇਂ ਅੰਦਰ ਸਾੜਾ ਜਿਹਾ ਪੈ ਗਿਆ ਹੋਵੇ। ਆ ਬਿੱਲੂ ਠੇਕੇਦਾਰ ਨੇ ਜਿੰਨੇ ਕਾਮੇ ਸੀ ਸਾਰੇ ਫੱਕੀ ਤੇ ਲਾ ਦਿੱਤੇ।
ਆਥਣ ਨੂੰ ਦਿਹਾੜੀ ਭਾਵੇਂ ਸੌ ਘੱਟ ਮਿਲਜੇ, ਪਰ ਜਾਂਦੇ ਬਿੱਲੂ ਠੇਕੇਦਾਰ ਨਾਲ ਹੀ ਆ। ਤਾਂਹੀ ਤਾਂ ਬਿੱਲੂ ਠੇਕੇਦਾਰ ਦੇ ਬੰਦੇ ਸ਼ਹੀਦੀ ਚੌਂਕ ਵਿੱਚ ਕਦੇ ਨੀ ਦਿਸਦੇ।
ਮੱਲਕ ਦੇਣੇ ਜੱਗੂ ਨੇ ਜੁਬੜ ਘੜੀਸ ਫੇਰ ਕੌਲੇ ਨਾਲ ਲਾ ਦਿੱਤਾ।
ਦੁਪਹਿਰਾ ਸਿਰ ਤੇ ਚੜਿਆ ਆਉਂਦਾ ਸੀ।
ਫੜੀ ਵਾਲੇ ਨੇ ਵੀ ਕਿਧਰੇ ਹੋਰ ਟਿਕਾਣੇ ਜਾ ਮੱਲੇ।
ਧੁੱਪ ਪਿੰਡਾ ਚੀਰਦੀ ਜਾ ਰਹੀ ਸੀ। ਉਹ ਸ਼ਹੀਦੀ ਚੌਂਕ ਦੇ ਵਿਚਾਲੇ ਲੱਗੇ ਬੁੱਤ ਦੀ ਛਾਵੇਂ ਹੋ ਬੈਠਾ।
ਸ਼ਹਿਰ ਵਿੱਚ ਜੇ ਕਿਸੇ ਨੂੰ ਘਰੇ ਨਿੱਕੇ ਮੋਟੇ ਕੰਮ ਲਈ ਕਾਮੇ ਦੀ ਲੋੜ ਹੁੰਦੀ ਤਾਂ ਉਹ ਸਿੱਧਾ ਸ਼ਹੀਦੀ ਚੌਂਕ ਹੀ ਆਉਂਦਾ। ਇਸੇ ਕਰਕੇ ਜੱਗੂ ਉੱਥੇ ਹੀ ਧੁੱਪ ਵਿੱਚ ਦੜਿਆ ਰਿਹਾ। ਜੱਗੂ ਦੂਰ ਤੱਕ ਅੱਖਾਂ ਦੇ ਭਰਭੱਟੇ ਬਾਰ ਬਾਰ ਉਹਤਾਹ ਚੱਕ ਵੇਖਦਾ।
ਖਬਰੇ ਕੋਈ ਮਾਲਕ ਦਿਹਾੜੀ ਲਵਾ ਦੇਵੇ। ਤੜਕੇ ਦਾ ਚੜਿਆ ਸੂਰਜ ਝਾਤੀਆਂ ਮਾਰਦਾ ਦੂਜੇ ਪਾਸੇ ਹੋ ਗਿਆ ਸੀ। ਪਰ ਜੱਗੂ ਦੀ ਅੱਜ ਦਿਹਾੜੀ ਨਾ ਲੱਗੀ।
ਸਾਈਕਲ ਦੇ ਹੈਂਡਲ ਨਾਲ ਬੰਨੇ ਲਿਫਾਫੇ ਵਿਚਲੀਆਂ ਰੋਟੀਆਂ ਵੀ ਆਕੜ ਕੇ ਲੱਕੜਾਂ ਬਣ ਗਈਆਂ।
ਢਲਦੀ ਸ਼ਾਮੇ ਜੱਗੂ ਨੇ ਟੁੱਟੇ ਭੱਜੇ ਸਰੀਰ ਨੂੰ ਲੈ ਘਰ ਵੱਲ ਚਾਲੇ ਪਾ ਦਿੱਤੇ।
ਲਿਫਾਫੇ ਵਿਚਲੀਆਂ ਰੋਟੀਆਂ ਵੀ ਸੰਘੋ ਥੱਲੇ ਨਾ ਹੋਈਆਂ। ਢਿੱਡ ਵਿਚਲੀਆਂ ਆਦਰਾਂ ਭੁੱਖ ਕਾਰਨ ,ਕਿਸੇ ਜਵਾਕ ਵਾਂਗ ਵਿਲਕ ਰਹੀਆਂ ਸੀ।
ਜਿਉ ਸੁਰਤ ਜਹੀ ਸੰਭਲੀ ਪਿੰਡ ਵਿੱਚ ਲੱਸੀ ਵਾਲਿਆਂ ਦਾ ਟੱਬਰ ਵੱਜਦਾ।
ਮੁੱਢ ਕਦੀਮ ਤੋਂ ਹੀ ਜੱਗੂ ਦਾ ਬਾਪੂ ਨਰੇਣੇ ਕੇ ਸੀਰ ਲੈਂਦਾ। ਘਰ ਦੀ ਕੱਢੀ ਪੀਣ ਦਾ ਆਦੀ ਤੇ ਸਵੇਰੇ ਅੰਦਰ ਸਾੜਾ ਪੈਂਦਾ ਤਾਂ ਨਰੇਣੇ ਕੀ ਕੰਧੋਲੀ ਕੋਲ ਦੁੱਧ ਰਿੜਕਦੀ ਸਰਦਾਰਨੀ ਦੇ ਸਰਾਣੇ ਜਾ ਬਾਟਾ ਲੈ ਬੇਹਦਾ।
ਬਸ ਫੇਰ ਕੀ ਸੀ ਨਰੈਣੇ ਕਿਆ ਨੇ ਓਏ ਲੱਸੀ ਓਏ ਲੱਸੀ ਹੀ ਆਖੀ ਜਾਣਾ ਤੇ ਪਿੱਛੇ ਹੀ ਸਾਰਾ ਪਿੰਡ ਕਹਿਣ ਲੱਗ ਪਿਆ।
ਕਦੇ ਕਦੇ ਬਾਪੂ ਨਾਲ ਜਦ ਨਰੈਣੇ ਕੇ ਖੇਤ ਜਾਣਾ ਤਾਂ ਉਹਨਾਂ ਨੇ ਬਾਪੂ ਨੂੰ ਲੱਸੀ ਕਹਿ ਕੇ ਬੁਲਾਉਣਾ ਤਾਂ ਅੰਦਰ ਭਾਂਬੜ ਮੱਚਦਾ ।ਕਚੀਚੀ ਜਿਹੀ ਵੱਟਦਾ। ਆਏ ਵੱਡੇ ਮੇਰੇ ਸਾਲੇ ਸਰਦਾਰ ਤੇ ਅੰਦਰੋਂ ਕੱਢੀ ਗਾਲ ਨੂੰ ਅੰਦਰੇ ਹੀ ਮੋੜ ਲੈਂਦਾ।
ਬਾਈ ਬਾਪੂ ਦਾ ਨਾਂ ਲੱਸੀ ਨਹੀਂ ਹੈਗਾ। ਪੱਕਾ ਨਾਂ ਲਿਆ ਕਰੋ।
ਇਨਾ ਸੁਣ ਉਹ ਹੱਸ ਪੈਂਦੇ।
ਪਰ ਮੇਰੀ ਗੱਲ ਦਾ ਅਸਰ ਉਨਾ ਕੁ ਹੀ ਸੀ ਜਿੰਨਾ ਸੁੱਕ ਚੁੱਕੇ ਪੱਤੇ ਦਾ ਟਾਹਣੀ ਨਾਲੋਂ ਟੁੱਟ ਕੇ ਥੱਲੇ ਆ ਡਿੱਗਣਾ। ਜਿਸ ਦਾ ਸ਼ਾਇਦ ਕੋਈ ਵਜੂਦ ਹੀ ਨਹੀਂ ਰਹਿ ਗਿਆ ਹੁੰਦਾ।
ਬੇਬੇ ਤਾਂ ਨਿੱਕੇ ਹੁੰਦਿਆਂ ਹੀ ਜਹਾਨੋਂ ਤੁਰ ਗਈ ਸੀ। ਤੇ ਬਾਪੂ ਨੇ ਦਾਰੂ ਪੀ ਪੀ ਗੁਰਦੇ ਚੱਕ ਲਏ। ਤੇ ਉਹ ਵੀ ਬੇਬੇ ਮਗਰ ਹੀ ਤੁਰ ਗਿਆ।
ਪਰ ਪਿੰਡ ਵਿੱਚ ਅੱਜ ਵੀ ਲੱਸੀ ਆਲਿਆਂ ਦਾ ਲਾਣਾ ਹੀ ਵੱਜਦਾ। ਗੁਰਬਤ ਹਡਾਉਂਦੇ ਚਾਚੇ ਤਾਏ ਸੀਗੇ। ਪਰ ਉਹ ਆਪਣਾ ਚੁੱਲਾ ਮਸਾ ਬਾਲਦੇ। ਉਹਨਾਂ ਜੱਗੂ ਦਾ ਪਾਸਾ ਕੀ ਥੱਲਣਾ ਸੀ।
ਆਥਣੇ ਘਰ ਆ ਸਵੇਰ ਵਾਲੀਆਂ ਰੋਟੀਆਂ ਨੂੰ ਚੁੱਲੇ ਤੇ ਗਰਮ ਕਰ ਢਿੱਡ ਦੀਆਂ ਆਦਰਾਂ ਨੂੰ ਸ਼ਾਂਤ ਕਰ ਦਿੱਤਾ। ਵੇਹੜੇ ਵਿੱਚ ਮੰਜਾ ਘੜੀਸ। ਕਿੰਨਾ ਚਿਰ ਤਾਰਿਆਂ ਦੀ ਲੋਏ ਪਿਆ ਰਹਿੰਦਾ।
ਕੁਝ ਯਾਦ ਆਇਆ ਤਾਂ ਮੱਲੋ ਜੋਰੀ ਹਾਸਾ ਨਿਕਲ ਪਿਆ।
ਲੈ ਦੱਸ ਕਰਮੂ ਰੋਜ ਸ਼ਹੀਦੀ ਚੌਂਕ ਵਿੱਚ ਐ ਆਉਂਦਾ। ਜਿਵੇਂ ਸੌਹਰੀ ਜਾਣਾ ਹੁੰਦਾ। ਓਏ ਭਲਾ ਕਰਨੀ ਤਾ ਦਿਹਾੜੀ ਆ, ਕਿਵੇਂ ਕੁੜਤੇ ਪਜਾਮੇ ਦੀਆਂ ਕਰੀਜਾਂ ਖੜਾ ਖੜਾ ਆਉਂਦਾ।
ਤੇ ਫਿਰ ਵਿਹੜੇ ਵਿੱਚ ਧੋਕੇ ਤਾਰ ਤੇ ਟੰਗੇ ਆਪਣੇ ਮਟ ਮੈਲੇ ਜਿਹੇ ਕੁੜਤੇ ਪਜਾਮੇ ਨੂੰ ਵੇਖਦਾ। ਮਹਿਸੂਸ ਹੁੰਦਾ ਜਿਵੇਂ ਉਹ ਆਖ ਰਿਹਾ ਹੋਵੇ। ਉਹ ਭਾਈ ਜੱਗੂ ਛੱਡ ਦੇ ਖਹਿੜਾ ਬਾਈ ਮੇਰਾ। ਹੈ ਨੀ ਮੇਰੇ ਵਿੱਚ ਹੋਰ ਜਾਨ ਪ੍ਰਾਣ।
ਤੇ ਜੱਗੂ ਫੇਰ ਹੱਸਦਾ ਤੇ ਪਤਾ ਨਹੀਂ ਕਦੋਂ ਸਵੇਰ ਹੋ ਗਈ।
ਵੇ ਜੱਗੂ, ਵੇ ਉਠ ਖੜਾ ਹੋ ਮਰ ਜਾਣਿਆ। ਕਿੱਡਾ ਦਿਨ ਚੜ ਆਇਆ।
ਜੁਬੜ ਦੀਆਂ ਵਿਰਲਾ ਥਾਣੀ ਤਾਈ ਸਵੇਰੇ ਸਵੇਰੇ ਆਵਾਜ਼ਾਂ ਮਾਰ ਰਹੀ ਸੀ।
ਆ ਗਿਆ ਤਾਈ। ਜੱਗੂ ਨੇ ਆਖਦੇ ਆਖਦੇ ਮੰਜਾ ਨਿੰਮ ਨਾਲ ਖੜਾ ਕਰ, ਦਰੀ ਤੇ ਖੇਸ ਲਪੇਟ ਮੰਜੇ ਦੇ ਪਾਵੇ ਨਾਲ ਢੰਗ ਦਿੱਤੇ।
ਆਜਾ ਤਾਈ ਕੀ ਹੋਇਆ ਸਵੇਰੇ ਸਵੇਰੇ।
ਵੇ ਕੰਧਾਂ ਦੇ ਵੀ ਕੰਨ ਹੁੰਦੇ ਆ। ਚੱਲ ਅੰਦਰ, ਗੱਲ ਕਰਨੀ ਆ ਤੇਰੇ ਨਾਲ।
ਤਾਈ ਕੀ ਗੱਲ ਆ। ਸਿਰ ਤੇ ਪਰਨਾ ਬੰਨ ਟਿਕ ਟਿਕੀ ਲਾ ਜੱਗੂ ਤਾਈ ਵੱਲ ਵੇਖਣ ਲੱਗਾ।
ਵੇ ਜੱਗੂ, ਜੇ ਅੱਜ ਤੇਰੀ ਮਾਂ ਜਿਉਂਦੀ ਹੁੰਦੀ ਤਾਂ ਉਹ ਆਪੇ ਸਾਰਾ ਕੁਝ ਮੂਹਰੇ ਹੋ ਕਰਦੀ। ਭਾਵੇਂ ਤਾਈਆ ਚਾਚੀਆਂ ਮਾਵਾਂ ਨੀ ਬਣ ਸਕਦੀਆਂ ,ਪਰ ਭਾਈ ਅਸੀਂ ਆਪਣਾ ਫਰਜ਼ ਪੂਰਾ ਕਰਨਾ।
ਚਲ ਤੈਨੂੰ ਸਾਫ ਸਾਫ ਦੱਸਦੀ ਆਂ, ਉਹ ਆਪਣੇ ਨਿੱਕੇ ਕੀ ਨੂਹ ਦੇ ਰਿਸ਼ਤੇ ਦਾਰੀ ਵਿੱਚ ਕੁੜੀ ਆ। ਪਿਓ ਮੁੱਕਿਆ ਹੋਇਆ ਘਰੋਂ ਗਰੀਬ ਆ। ਤਾਇਆ ਚਾਚਿਆਂ ਨੇ ਹੀ ਰਲ ਮਿਲ ਕਾਰਜ ਕਰਨਾ। ਤੈਨੂੰ ਤਾਂ ਉਹਨਾਂ ਨੇ ਉੱਥੇ ਸ਼ਹੀਦੀ ਚੌਂਕ ਵਿੱਚ ਬੈਠੇ ਨੂੰ ਹੀ ਨਿਗਹਾ ਥਾਣੀ ਕੱਢ ਲਿਆ ਸੀ।
ਬਾਕੀ ਉਹ ਕਹਿੰਦੇ ਭਾਈ ਅਮੀਰੀ ਗਰੀਬੀ ਤਾ ਕਰਮਾਂ ਦੀ ਖੇਡ ਆ। ਵੱਡੀ ਗੱਲ ਆ ਕਿ ਮੁੰਡਾ ਕੋਈ ਨਸ਼ਾ ਪੱਤਾ ਨੀ ਕਰਦਾ। ਕੁੜੀ ਦਾ ਨਾਂ ਰਾਣੋ ਏ।
ਉਨਾਂ ਵੱਲੋਂ ਤਾਂ ਹਾਂ ਏ, ਤੂੰ ਦੱਸ ਜੱਗੂ ਤੇਰੀ ਕੀ ਮਰਜ਼ੀ।
ਚੜਦੇ ਸੂਰਜ ਦੀ ਉਹ ਚਿੱਟੀ ਧੁੱਪ ਅੱਜ ਜੱਗੂ ਨੂੰ ਪਿੰਡਾਂ ਚੀਰਦੀ ਮਹਿਸੂਸ ਨਹੀਂ ਸੀ ਹੋ ਰਹੀ। ਵੇਹੜੇ ਵਿਚਲੀ ਤਾਰ ਤੇ ਟੰਗਿਆ ਮਟਮੈਲਾ ਜਿਹਾ ਕੁੜਤਾ ਪਜਾਮਾ ਵੀ ਏਨੀ ਗੱਲ ਸੁਣ ਜਿਵੇਂ ਸ਼ਗਨਾਂ ਦੀਆਂ ਬੋਲੀਆਂ ਪਾਉਣ ਲੱਗ ਪਿਆ ਹੋਵੇ।
ਚਿਹਰੇ ਦੇ ਬਦਲੇ ਹਾਵ ਭਾਵ ਵੇਖ ਤਾਈ ਵੀ ਸਮਝ ਗਈ।
ਚੱਲ ਮਰ ਜਾਣਾ ਨਾ ਹੋਵੇ, ਮੂੰਹੋਂ ਵੀ ਕੁਝ ਫੁੱਟ। ਐਵੇਂ ਮੁਸ਼ਕਰੀਆਂ ਜਿਹੀਆਂ ਕਰੀ ਜਾਨਾ।
ਤਾਈ ਜਿਵੇਂ ਥੋਡੀ ਮਰਜ਼ੀ ਤੇ ਫਿਰ ਕੁਝ ਦਿਨਾਂ ਵਿੱਚ ਸੁੰਨੇ ਜਿਹੇ ਵਿਹੜੇ ਵਿੱਚ ਰੌਣਕਾਂ ਲੱਗ ਗਈਆਂ।
ਰਾਣੋ ਨੇ ਆਉਂਦਿਆਂ ਹੀ ਘਰ ਦਾ ਤੇ ਜੱਗੂ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ। ਬੜੀ ਸੁਚੱਜੀ ਸੀ ਰਾਣੋਂ।
ਕੁਝ ਹੀ ਦਿਨਾਂ ਵਿੱਚ ਜੱਗੂ ਨੇ ਬਾਹਰਲੀ ਕੰਧ ਉੱਚੀ ਕਰ ਲੱਕੜ ਦਾ ਦਰਵਾਜ਼ਾ ਲਾ ਲਿਆ। ਘਰ ਮੂਹਰਲੀ ਉਬੜ ਖੁਬੜ ਗਲੀ ਵਿੱਚ ਖੜੌਂਚਾ ਬੰਨਣ ਲਈ ਰੋਜ਼ ਸਰਪੰਚ ਕੋਲ ਜਾਂਦਾ।
ਇਉ ਕਰ ਤੂੰ। ਇਕ ਕਾਗਜ਼ ਤੇ ਸਾਰੇ ਥੋਡੇ ਲੱਸੀ ਕੇ ਲਾਣੇ ਦੇ ਦਸਖਤ ਕਰਵਾ ਕੇ ਲਿਆ, ਫਿਰ ਕਰਦਾ ਮੈਂ ਬਾਕੀ ਮੈਂਬਰਾਂ ਨਾਲ ਗੱਲ ਜੇ ਕੋਈ ਗਰਾਂਟ ਆਈ ਤਾਂ ਲਾ ਦਾਂਗੇ।
ਜੱਗੂ ਨੇ ਫਿਰ ਰਟੀ ਰਟਾਈ ਉਹੀ ਗਾਲ ਸਰਪੰਚ ਨੂੰ ਵੀ ਅੰਦਰੋਂ ਅੰਦਰੀ ਕੱਢ ਦਿੱਤੀ।
ਉਹ ਮਟਮੈਲਾ ਜਿਹਾ ਕੁੜਤਾ ਪਜਾਮਾ ਅੱਜ ਕਿਧਰੇ ਦਿਸ ਨਹੀਂ ਸੀ ਰਿਹਾ। ਨਵਾਂ ਚਿੱਟਾ ਕੁੜਤਾ ਪਜਾਮਾ ਪਿਤਲ ਦੇ ਕੌਲੇ ਵਿਚ ਅੱਗ ਪਾ ਕਰੀਜਾਂ ਖੜਾ। ਰਾਣੋ ਨੇ ਜੱਗੂ ਦੇ ਮੂਹਰੇ ਕਰ ਦਿੱਤਾ।
ਸੰਗਦੇ ਜਿਹੇ ਜੱਗੂ ਨੇ ਕੁੜਤਾ ਪਜਾਮਾ ਪਾ ਕੰਧ ਵਿਚਾਲੇ ਵੱਡੀ ਸਾਰੀ ਮੋਰੀ ਵਿੱਚੋਂ ਲਿਫਾਫਾ ਕੱਢ ਰਾਣੋ ਵੱਲ ਕਰਦਿਆਂ ਰੋਟੀ ਪਾਉਣ ਲਈ ਕਿਹਾ।
ਰਾਣੋ ਥੋੜਾ ਹੱਸੀ ਤੇ ਨਿੰਮ ਨਾਲ ਲੱਗੇ ਸਾਈਕਲ ਵੱਲ ਇਸ਼ਾਰਾ ਕਰ ਦਿੱਤਾ।
ਜਦ ਜੱਗੂ ਨੇ ਪਲਟ ਕੇ ਵੇਖਿਆ ਤਾਂ ਮਹਿਸੂਸ ਹੋਇਆ ਜਿਵੇਂ ਕੋਈ ਸੁਪਨਾ ਵੇਖ ਰਿਹਾ ਹੋਵੇ। ਪਰ ਉਹ ਸੱਚਾਈ ਸੀ।
ਅੱਜ ਇੰਝ ਲੱਗ ਰਿਹਾ ਸੀ ਜਿਵੇਂ ਦਿਹਾੜੀ ਨਹੀਂ ਕਿਤੇ ਨੌਕਰੀ ਕਰਨ ਜਾ ਰਿਹਾ ਹੋਵਾਂ।
ਜਿਉ ਸੁਰਤ ਸੰਭਲੀ ਇਨਾ ਮਾਣ ਸਨਮਾਨ ਤਾਂ ਕਿਧਰੋਂ ਮਿਲਿਆ ਹੀ ਨਹੀਂ। ਪੂਰਾ ਹੁਬ ਕੇ ਜੱਗੂ ਸ਼ਹੀਦੀ ਚੌਂਕ ਵਿੱਚ ਜਾ ਪਹੁੰਚਿਆ।
ਅੱਜ ਜਾਂਦਿਆਂ ਹੀ ਦਿਹਾੜੀ ਵੀ ਲੱਗ ਗਈ ਤੇ ਸਾਰਾ ਦਿਨ ਡਰਦਾ ਵੀ ਰਿਹਾ ਕਿਧਰੇ ਕਰੀਜ ਹੀ ਨਾ ਖਰਾਬ ਹੋ ਜਾਵੇ।
ਓਏ ਹਾਂ ਸੱਚ।
ਉਹ ਕਰਮੂ ਐਵੇਂ ਨੀ ਨਿਤ ਕਰੀਜਾਂ ਖੜਾ ਦਿਹਾੜੀ ਕਰਨ ਆਉਂਦਾ ਸੀ।
ਆਹ ਰਾਣੋ ਵਰਗੀ ਹੀ ਹੋਣੀ ਆ। ਉਹਦੇ ਘਰੇ ਵੀ।
ਬਸ ਬਹੁਤ ਹੋ ਗਿਆ।
ਹੁਣ ਨੀ ਕਿਸੇ ਤੋਂ ਗਲਤ ਫਲਤ ਅਖਵਾਉਣਾ।
ਨਾਲੇ ਜੇ ਰਾਣੋ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਲੱਸੀ ਵਾਲੇ ਕਹਿੰਦੇ ਆ ਤਾਂ ਮੇਰੀ ਕੀ ਇੱਜਤ ਰਹਿਗੀ।
ਨਾਲੇ ਆਹ ਹੁਣ ਜੱਗੂ ਜੱਗੂ ਵੀ ਨੀ ਅਖਵਾਉਣਾ। ਮੈਂ ਦੱਸੂ ਸਾਰਿਆਂ ਨੂੰ ਆਵਦਾ ਪੱਕਾ ਨਾ।
ਆਹ ਗਾਲ ਜੀ ਨੀ ਹੁਣ ਮੈਂ ਅੰਦਰੇ ਮੋੜਨੀ, ਅਗਲੇ ਨੂੰ ਮੂੰਹ ਤੇ ਹੀ ਕੱਢੂ।
ਦੁਪਹਿਰ ਦੀ ਰੋਟੀ ਖਾਣ ਲੱਗਿਆਂ ਤਾਂ ਮਹਿਸੂਸ ਹੋਇਆ ।ਪਤਾ ਨਹੀਂ ਕਿੰਨੇ ਵਰਿਆਂ ਬਾਅਦ ਅੱਜ ਤਾਜੀ ਤੇ ਗਰਮ ਰੋਟੀ ਖਾਣ ਨੂੰ ਨਸੀਬ ਹੋਈ।
ਸ਼ਾਮ ਢਲੀ ਤਾਂ ਜੱਗੂ ਨੇ ਘਰ ਵੱਲ ਚਾਲੇ ਪਾ ਦਿੱਤੇ। ਸਾਈਕਲ ਦੇ ਹੈਂਡਲ ਵੱਲ ਦੇਖਦਾ ਤਾਂ ਸੋਚਦਾ। ਕਿੰਨੀ ਵਧੀਆ ਜ਼ਿੰਦਗੀ ਆ ਵਿਆਹੇ ਵਰੇ ਬੰਦੇ ਦੀ ਚਲੋ ਘੱਟੋ ਘੱਟ ਕਿਸੇ ਨੂੰ ਤਾਂ ਪਤਾ ਏ ਜੱਗੂ ਦੇ ਪੱਕੇ ਨਾਮ ਦਾ।
ਕਿਸੇ ਉਤਸ਼ਾਹ ਜਿਹੇ ਨਾਲ ਸਾਈਕਲ ਦਾ ਪੈਡਲ ਜੋਰ ਦੇਣੀ ਮਾਰਦਾ ਤੇ ਕਿਧਰੇ ਹੋਰ ਹੀ ਖਿਆਲਾਂ ਵਿੱਚ ਗਵਾਚ ਜਾਂਦਾ।
ਹਲੇ ਸ਼ਹੀਦੀ ਚੌਂਕ ਤੋਂ ਇਕ ਕਿਲੋਮੀਟਰ ਦੂਰ ਕਚਹਿਰੀਆਂ ਕੋਲ ਹੀ ਪਹੁੰਚਿਆ ਸੀ ਜੱਗੂ ਕਿ ਅੱਗਿਓਂ ਆਉਂਦੀ ਗੱਡੀ ਨੇ ਜੱਗੂ ਨੂੰ ਸਣੇ ਸਾਈਕਲ ਕੁਚਲ ਦਿੱਤਾ।
ਗੱਡੀ ਕਚਹਿਰੀਆਂ ਦੀ ਕੰਧ ਨਾਲ ਜਾ ਵੱਜੀ। ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਗੱਡੀ ਇਨੀ ਤੇਜ਼ ਰਫਤਾਰ ਨਾਲ ਵੱਜੀ ਕਿ ਗੱਡੀ ਦਾ ਇੰਜਨ ਤੱਕ ਬਾਹਰ ਨਿਕਲ ਗਿਆ।
ਗੱਡੀ ਵਿਚਲੇ ਬੰਦੇ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਸੀ ਤੇ ਬਾਹਰ ਨਿਕਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਆਸੇ ਪਾਸੇ ਲੋਕਾਂ ਨੇ ਫੜ ਲਏ। ਤੁਰੰਤ ਸ਼ਹਿਰ ਦੀ ਪੁਲਿਸ ਵੀ ਪਹੁੰਚ ਗਈ। ਪਹਿਚਾਣ ਕਰਨ ਲਈ ਜਦ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਕਿੰਨਾ ਸਾਰਾ ਗੋਲਾ ਬਰੂਦ ਤੇ ਰਫਲਾਂ ਨਾਲ ਗੱਡੀ ਭਰੀ ਪਈ ਸੀ।
ਪੁਲਿਸ ਨੂੰ ਸਮਝਦੇ ਦੇਰ ਨਾ ਲੱਗੀ ਤੇ ਉਹਨਾਂ ਨੇ ਝੱਟ ਉਹ ਸਾਰੇ ਹਿਰਾਸਤ ਵਿੱਚ
ਲੈ ਲਏ। ਸਾਰੇ ਸ਼ਹਿਰ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਏਨਾਂ ਅਸਲਾ ਸ਼ਹਿਰ ਵਿੱਚ ਕਿਵੇਂ ਆਇਆ।
ਪਰ ਦੂਜੇ ਪਾਸੇ ਤਾਂ ਸਭ ਕੁਝ ਉਜੜ ਗਿਆ ਸੀ।
ਜੱਗੂ ਦੇ ਚੀਥੜੇ ਉੱਡ ਗਏ।
ਸਰੀਰ ਵਿਚਲਾ ਭੌਰ ਉਡਾਰੀ ਮਾਰ ਗਿਆ ਸੀ। ਗੱਡੀ ਥੱਲਿਓਂ ਟੁੱਟਿਆ ਭੱਜਿਆ ਸਾਇਕਲ ਘੜੀਸ ਪੁਲਿਸ ਵਾਲਿਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਬਚੇ ਖੁਚੇ ਜੱਗੂ ਨੂੰ ਕੱਪੜੇ ਵਿੱਚ ਲਪੇਟ ਥਾਣੇ ਲੈ ਆਏ।
ਇਹ ਦਹਿਸ਼ਤਗਰਦੀ ਦੀ ਗੱਲ ਸਰਕਾਰਾਂ ਦੇ ਕੰਨੀ ਵੀ ਜਾ ਪਈ। ਵੇਖਦੇ ਵੇਖਦੇ ਥਾਣਾ ਵੱਡੇ ਅਫਸਰਾਂ ਨਾਲ ਛਾਉਣੀ ਵਿੱਚ ਤਬਦੀਲ ਹੋ ਗਿਆ। ਤਫਤੀਸ਼ ਕੀਤੀ ਤਾਂ ਉਹ ਕੋਈ ਵੱਡਾ ਅੱਤਵਾਦੀ ਗਰੋਹ ਸੀ ਜਿਨਾਂ ਦੇ ਨਿਸ਼ਾਨੇ ਤੇ ਪੰਜਾਬ ਦੇ ਨਿੱਕੇ ਮੋਟੇ ਸ਼ਹਿਰ ਤੇ ਪਿੰਡ ਸੀ।
ਥਾਣੇਦਾਰ ਨੇ ਜਾਣਕਾਰੀ ਦਿੰਦਿਆਂ ਆਪਣੇ ਅਫਸਰਾਂ ਨੂੰ ਦੱਸਿਆ ਕਿ ਆਹ ਕੋਈ ਦਿਹਾੜੀਦਾਰ ਬੰਦਾ ਸੀ, ਆਪਣੇ ਪਿੰਡ ਚਲਿਆ ਸੀ। ਜੇ ਇਹਦੇ ਵਿੱਚ ਉਹ ਗੱਡੀ ਨਾ ਵੱਜਦੀ ਤਾਂ ਸ਼ਾਇਦ ਉਹ ਅੱਤਵਾਦੀ ਕੋਈ ਨਾ ਕੋਈ ਕਾਰਵਾਈ ਕਰ ਜਾਂਦੇ। ਸਾਬ ਜੀ ਬਹੁਤ ਵੱਡੇ ਅੰਤਕਵਾਦੀ ਹਮਲੇ ਤੋਂ ਬਚਾਅ ਹੋ ਗਿਆ। ਕੋਲ ਖੜੇ ਸਿਪਾਈ ਨੇ ਡਰੇ ਜਿਹੇ ਮਨ ਨਾਲ ਥਾਣੇਦਾਰ ਨੂੰ ਕਿਹਾ।
ਇਹ ਭਲਾ ਬੰਦਾ ਕੌਣ ਸੀ, ਕੀ ਪਹਿਚਾਣ ਆ ਇਹਦੀ, ਕਿਹੜੇ ਪਿੰਡ ਦਾ, ਪਤਾ ਕਰੋ। ਅਫਸਰਾਂ ਦੇ ਇਹ ਸਵਾਲ ਥਾਣੇ ਅੰਦਰ ਤਾੜ ਤਾੜ ਗੋਲੀਆਂ ਵਾਂਗ ਵੱਜ ਰਹੇ ਸੀ।
ਆਹ ਸਾਬ ਜੀ। ਬੰਦੇ ਦਾ ਤਾਂ ਕੁਝ ਵੀ ਨਹੀਂ ਬਚਿਆ, ਪਰ ਆਹ ਸਾਈਕਲ ਦੇ ਹੈਂਡਲ ਨਾਲ ਇਕ ਟਿਫਨ ਬੰਨਿਆ ਤੇ ਸ਼ਾਇਦ ਇਸ ਉੱਤੇ ਕੋਈ ਨਾਮ ਉਕਰਿਆ ਹੋਇਆ। ਮੈਂ ਕਿਹਾ ਜੀ ਬਹੁਤ ਲਿਫਾਫਿਆਂ ਵਿੱਚ ਸੁੱਕੀਆਂ ਰੋਟੀਆਂ ਖਾ ਲਈਆਂ ।ਆਹ ਕੱਲ ਤਾਈ ਨਾਲ ਸ਼ਹਿਰ ਗਈ ਸੀ। ਤੁਹਾਡੇ ਲਈ ਟਿਫਨ ਲੈ ਕੇ ਆਈ ਆਂ ਤੇ ਉੱਤੇ ਤੁਹਾਡਾ ਨਾਮ ਵੀ ਲਿਖ ਦਿੱਤਾ ਏ। ਜੱਗੂ ਨੂੰ ਪਹਿਲੇ ਦਿਨ ਮਹਿਸੂਸ ਹੋਇਆ। ਜਿਵੇਂ ਉਹ ਅੱਜ ਜਿਉਂਦਿਆਂ ਵਿੱਚ ਹੋ ਗਿਆ ਹੋਵੇ। ਪਰ ਢਲਦੀ ਸ਼ਾਮ ਤੱਕ ਇਹ ਭਰਮ ਥਾਣੇ ਵਿਚ ਕਮਰੇ ਦੀ ਨੁਕਰੇ ਪਏ। ਚਿੱਟੇ ਕੱਪੜੇ ਵਿੱਚ ਲਪੇਟਿਆ ਗਿਆ ।
ਆ ਕੋਈ ਜਗਤਾਰ ਸਿੰਘ, ਸਵ.ਲਛਮਣ ਸਿੰਘ ਲਿਖਿਆ ਆ ਜੀ। ਸਿਪਾਹੀ ਬੋਲਿਆ।
ਉਏ ਵਾਹ ਬਈ ਵਾਹ। ਜਾਂਦਾ ਜਾਂਦਾ ਜੱਗ ਤਾਰ ਗਿਆ ਜਗਤਾਰ ਸਿੰਹਾਂ।
ਆਹ ਤੇਰੀ ਸ਼ਹੀਦੀ ਨੇ ਤਾਂ ਪਤਾ ਨਹੀਂ ਕਿੰਨੇ ਘਰ ਉੱਜੜਨੋ ਬਚਾ ਲਏ।
ਕਮਰੇ ਦੀ ਨੁਕਰੇ ਕੱਪੜੇ ਵਿੱਚ ਲਪੇਟੇ ਜੱਗੂ ਨੂੰ ਵੇਖ ਥਾਣੇਦਾਰ ਨੇ ਵੀ ਭਰੇ ਜਿਹੇ ਮਨ ਨਾਲ ਕਿਹਾ।
ਗੱਲ ਜੱਗੂ ਦੇ ਪਿੰਡ ਵੀ ਅੱਪੜ ਗਈ ਤੇ ਵੱਡੇ ਪੱਧਰ ਤੇ ਰਾਜਨੀਤੀ ਵੀ ਹੋਣ ਲੱਗ ਪਈ।
ਲੋਕ ਸੜਕਾਂ ਤੇ ਉਤਰ ਆਏ।
ਸ਼ਹੀਦ ਜਗਤਾਰ ਸਿੰਘ ਜਿੰਦਾਬਾਦ ਜਿੰਦਾਬਾਦ।
ਦੂਜੀ ਪਾਰਟੀ ਨੇ ਵੀ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ।
ਜਿਸ ਦਾ ਪਿੰਡ ਵਿੱਚ ਕੋਈ ਪੱਕਾ ਨਾਮ ਨਹੀਂ ਸੀ ਜਾਣਦਾ ।ਅੱਜ ਵੱਡੀਆ ਵੱਡੀਆਂ ਰਾਜਨੀਤਿਕ ਪਾਰਟੀਆਂ ਉਸ ਨੂੰ ਸਾਡੀ ਪਾਰਟੀ ਦਾ ਜਗਤਾਰ ਸਿੰਘ ਆਖਣ ਲੱਗੀਆ। ਵੋਟਾਂ ਨੇੜੇ ਸੀ ਤੇ ਪਿੰਡ ਦੇ ਸਰਪੰਚ ਨੇ ਵੀ ਸਮਾਂ ਸਾਂਭਦਿਆਂ ਜੱਗੂ ਦੇ ਦਰਵਾਜੇ ਅਗਲੀ ਬੀਹੀ ਵਿੱਚ ਖੜੌਂਚਾ ਬੰਨਣਾ ਸ਼ੁਰੂ ਕਰ ਦਿੱਤਾ। ਚੈਨਲਾਂ ਵਾਲਿਆਂ ਨੇ ਵੀ ਰਾਣੋ ਨੂੰ ਸ਼ਹੀਦ ਦੀ ਪਤਨੀ ਦਾ ਦਰਜਾ ਦੇ ਦਿੱਤਾ।
ਪਰ ਉਸ ਦਾ ਤਾਂ ਸਭ ਕੁਝ ਲੁੱਟ ਪੁੱਟ ਗਿਆ ਸੀ
ਸ਼ਹਿਰ ਦੇ ਵਿਚਕਾਰ ਇੱਕ ਨਵੇਂ ਚੌਂਕ ਨੇ ਜਨਮ ਲੈ ਲਿਆ ਤੇ ਉੱਥੇ ਇੱਕ ਹੋਰ ਬੁੱਤ ਲੱਗ ਗਿਆ। ਸਭ ਨੇ ਜੱਗੂ ਦੇ ਨਾਮ ਤੇ ਰੱਜ ਕੇ ਰਾਜਨੀਤੀ ਕੀਤੀ।
ਚੌਂਕ ਦੇ ਵਿਚਾਲੇ ਜੱਗੂ ਦਾ ਬੁੱਤ ਬਣਾ, ਉਵੇਂ ਹੀ ਹੱਥ ਵਿੱਚ ਟਿਫਨ ਫੜਾ ਦਿੱਤਾ।
ਕੁਝ ਦਿਨ ਵਾਹ ਵਾਹ ਹੋਈ। ਰਾਣੋ ਨੂੰ ਉਸ ਦੇ ਮਾਪੇ ਲੈ ਗਏ। ਤਾਇਆ ਚਾਚਿਆਂ ਨੇ ਜੱਗੂ ਦਾ ਘਰ ਵੰਡ ਲਿਆ।
ਹੁਣ ਰੋਜ਼ ਦਿਨ ਚੜਦਾ ਤੇ ਦੁਪਹਿਰ ਹੁੰਦੀ ਤੇ ਉਹ ਚਿੱਟੀ ਧੁੱਪ ਕਦੇ ਵੀ ਜੱਗੂ ਦੇ ਸਰੀਰ ਨੂੰ ਨਾ ਚੀਰਦੀ।
ਕਰਮੂ ਹੁਣੀ ਹੁਣ ਜੱਗੂ ਦੇ ਬੁੱਤ ਕੋਲ ਦਿਹਾੜੀ ਲਈ ਆ ਬੈਠਦੇ।
ਜੱਗੂ ਦੇ ਹੱਥ ਵਿੱਚ ਫੜੇ ਟਿਫਨ ਤੇ ਮੋਟੇ ਮੋਟੇ ਅੱਖਰਾਂ ਵਿੱਚ ਜਗਤਾਰ ਸਿੰਘ ਤੇ ਸਵਰਗੀ ਲਛਮਣ ਸਿੰਘ ਉਕਰਿਆ ਹੋਇਆ ਸੀ। ਉਹੀ ਲੱਸੀ ਕਿੰਨੇ ਵਰਿਆਂ ਬਾਅਦ ਅੱਜ ਲਛਮਣ ਸਿੰਘ ਅਖਵਾਉਣ ਲੱਗਿਆ।
ਰੋਜ਼ ਨਵੇਂ ਕਾਮੇ ਆਉਂਦੇ ਤਾਂ ਜੱਗੂ ਦੇ ਬੁੱਤ ਕੋਲ ਬੈਠਦੇ। ਜਦ ਕੋਈ ਪੁੱਛਦਾ, ਇਹ ਕੌਣ ਆ ਤਾਂ ਕਰਮੂ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ। ਇਹ ਉਹੀ ਆ ਲੱਸੀ ਕੇ ਲਾਣੇ ਵਿੱਚੋਂ।
ਜੱਗੂ ਜਿਹੜਾ ਹੁਣ ਲੋਕਾਂ ਦੇ ਮੂੰਹ ਤੇ ਇੰਨੀ ਗੱਲ ਕਹਿਣ ਤੇ ਗਾਲਾਂ ਕੱਢਣ ਨੂੰ ਤਿਆਰ ਸੀ। ਅੱਜ ਬੁੱਤ ਬਣਿਆ ਖੜਾ। ਫਿਰ ਉਹੀ ਗਾਲ ਨੂੰ ਆਪਣੇ ਅੰਦਰ ਹੀ ਮੋੜਾ ਦੇ ਗਿਆ। ਉਏ ਮੇਰੇ ਸਾਲਿਓ । ਆਹ ਟਿਫਨ ਤੇ ਉਕਰਿਆ ਨਾ ਜਗਤਾਰ ਸਿੰਘ ਮੇਰੀ ਰਾਣੋ ਦੀ ਹੀ ਦੇਣ ਆ, ਤੇ ਨਾਲੇ ਮੇਰੇ ਪਿਓ ਦਾ ਨਾ ਲੱਸੀ ਨੀ ਲਛਮਣ ਸਿੰਘ ਆ। ਜੱਗੂ ਜਿਵੇਂ ਚੀਕ ਚੀਕ ਆਪਣਾ ਨਾਮ ਦੱਸ ਰਿਹਾ ਹੋਵੇ।
ਸੂਰਜ ਨੇ ਵੀ ਉਵੇਂ ਹੀ ਝਾਤੀ ਜਿਹੀ ਮਾਰ, ਮੋੜਾ ਲੈ ਲਿਆ ਸੀ, ਤੇ ਕਾਮੇ ਘਰੋ ਘਰੀ ਪਰਤ ਗਏ।
ਕੁਲਵੰਤ ਘੋਲੀਆ
95172-9000